Saturday, December 25, 2010

ਗੁਰੂ ਗ੍ਰੰਥ ਸਾਹਿਬ ਦੀ ਸਿਰਮੌਰਤਾ ਕਾਇਮ ਰੱਖਣ ਲਈ ਅਖੌਤੀ ਦਸਮ ਗ੍ਰੰਥ ਦਾ ਵਿਰੋਧ ਜਰੂਰੀ ਪਰ ਇਸ ਤੋਂ ਪਹਿਲਾਂ ਜਰੂਰੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਬਚਾਉਣਾ


ਸ.ਕਿਰਪਾਲ ਸਿੰਘ ਜੀ ਬਠਿੰਡਾ

ਸਿੱਖਾਂ ਨੂੰ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜਨ ਲਈ ਬਹੁਤ ਸਾਰੇ ਹੱਥ ਕੰਡੇ ਵਰਤੇ ਜਾ ਰਹੇ ਹਨ। ਪੰਜਾਬ ਵਿੱਚ ਵੱਡੀ ਪੱਧਰ `ਤੇ ਦੇਹਧਾਰੀ ਗੁਰੂਡੰਮ ਅਤੇ ਸਾਧਾਂ ਦੇ ਟੋਲੇ ਪੈਦਾ ਕਰਨ ਤੋਂ ਇਲਾਵਾ ਸਾਧ ਪਿਆਰੇ ਭਨਿਆਰੇ ਵਲੋਂ ਭਵਸਾਗਰ ਗ੍ਰੰਥ, ਡੇਰਾ ਬੱਲਾਂ ਵਲੋਂ ਗੁਰੂ ਗ੍ਰੰਥ ਸਾਹਿਬ `ਚੋਂ ਭਗਤ ਰਵਿਦਾਸ ਜੀ ਦੀ ਬਾਣੀ ਕੱਢ ਕੇ ਅਤੇ ਉਨ੍ਹਾਂ ਦੇ ਨਾਮ `ਤੇ ਰਚੀ ਗਈ ਕੱਚੀ ਬਾਣੀ ਦਾ ਵੱਖਰਾ ਗ੍ਰੰਥ ਤਿਆਰ ਕਰਕੇ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ `ਤੇ ਪ੍ਰਕਾਸ਼ ਕਰਨਾ ਇਸੇ ਸਾਜਿਸ਼ ਦਾ ਇੱਕ ਹਿੱਸਾ ਹੈ। ਇਨ੍ਹਾਂ ਦੇਹਧਾਰੀ ਗੁਰੂਆਂ ਅਤੇ ਉਨ੍ਹਾਂ ਵਲੋਂ ਤਿਆਰ ਕੀਤੇ ਗ੍ਰੰਥਾਂ ਦਾ ਖ਼ਾਲਸਾ ਪੰਥ ਵਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਵੀਚਾਰਧਾਰਾ ਨੂੰ ਕੱਟਣ ਵਾਲਾ ਸਭ ਤੋਂ ਪੁਰਾਣਾ ਗ੍ਰੰਥ ਹੈ ਅਖੌਤੀ ਦਸਮ ਗ੍ਰੰਥ ਜਿਸ ਨੂੰ ਸਿੱਖ ਡੇਰੇਦਾਰਾਂ ਵਲੋਂ ਜਾਣੇ ਜਾਂ ਅਣਜਾਣੇ `ਚ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਾ ਗ੍ਰੰਥ ਦੱਸ ਕੇ ਉਸ ਨੂੰ ਦੋ ਤਖ਼ਤਾਂ ਸਮੇਤ ਹੋਰ ਕਈ ਡੇਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਅਤੇ ਸਿਰਮੌਰਤਾ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਅਤੇ ਬਾਕੀ ਥਾਵਾਂ `ਤੇ ਪ੍ਰਕਾਸ਼ ਕਰਨ ਲਈ ਯਤਨਸ਼ੀਲ ਹਨ। ਇਸ ਤੋਂ ਵੱਧ ਦੁੱਖ ਦੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੌਰਤਾ ਕਾਇਮ ਰੱਖਣ ਅਤੇ ਇਸ ਦਾ ਪ੍ਰਚਾਰ ਕਰਨ ਦੀ ਮੁੱਖ ਜਿੰਮੇਵਾਰੀ ਹੈ, ਉਹ ਵੀ ਕੁਰਸੀ `ਤੇ ਸਦਾ ਲਈ ਟਿਕੇ ਰਹਿਣ ਲਈ ਆਪਣੀ ਰਾਜਨੀਤਕ ਭਾਈਵਾਲ ਭਾਜਪਾ/ਆਰਐੱਸਐੱਸ ਨੂੰ ਖੁਸ਼ ਕਰਨ ਲਈ ਅਤੇ ਡੇਰੇਦਾਰਾਂ ਦੀਆਂ ਵੋਟਾਂ ਵਟੋਰਨ ਲਈ ਅਖੌਤੀ ਦਸਮ ਗ੍ਰੰਥ ਨੂੰ ਪ੍ਰਮੋਟ ਕਰਨ `ਤੇ ਲੱਗੀ ਹੋਈ ਹੈ ਜਾਂ ਇਹ ਕਹਿ ਲਵੋ ਕਿ ‘ਕੁੱਤੀ ਚੋਰ ਨਾਲ ਮਿਲ ਗਈ ਹੈ`। ਗਿਆਨੀ ਭਾਗ ਸਿੰਘ ਅੰਬਾਲਾ ਅਤੇ ਉਨ੍ਹਾਂ ਤੋਂ ਪਿੱਛੋਂ ਮਿਸ਼ਨਰੀ ਕਾਲਜਾਂ ਨੇ ਦਸਮ ਗ੍ਰੰਥ ਦੀ ਅਸਲੀਅਤ ਪ੍ਰਗਟ ਕਰਨ ਲਈ ਕਾਫੀ ਕੰਮ ਕੀਤਾ ਪਰ ਸ਼ੁਰੂਆਤੀ ਦਾ ਸਮਾਂ ਹੋਣ ਕਾਰਣ ਇਹ ਇੱਕ ਲਹਿਰ ਨਾ ਬਣ ਸਕੀ। ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਵਲੋਂ ਦਸਮਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ ਲਿਖਣ ਅਤੇ ਸਪੋਕਸਮੈਨ ਵਲੋਂ ਇਸ ਦਾ ਪ੍ਰਚਾਰ ਕਰਨ `ਤੇ ਦਸਮ ਗ੍ਰੰਥ ਵਿਰੋਧੀ ਲਹਿਰ ਤੇਜ ਹੋਈ ਤਾਂ ਬਹੁਤ ਸਾਰੇ ਜਾਗਰੂਕ ਸਿੱਖ ਇਸ ਨਾਲ ਜੁੜ ਗਏ। ਇਹ ਸੌਦਾ ਸੰਪਾਦਕ ਦੀ ਅਗਿਆਨਤਾ ਕਹੀਏ ਜਾਂ ਬੇਈਮਾਨੀ ਕਿ ਆਰਐੱਸਐੱਸ ਦੀਆਂ ਇਛਾਵਾਂ ਪੂਰ ਰਹੇ ਸਿੱਖ ਡੇਰੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋਏ ਜਾਗਰੂਕ ਸਿੱਖਾਂ ਨੇ ਵੱਡੀ ਪੱਧਰ `ਤੇ ਇਸ ਦਾ ਸਾਥ ਦਿੱਤੇ ਜਾਣ ਕਾਰਣ ਇਸ ਦਾ ਦਿਮਾਗ਼ ਖ਼ਰਾਬ ਹੋ ਗਿਆ ਤੇ ਉਹ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਤੋਂ ਬਾਅਦ ਪਹਿਲਾ ਅਜੇਹਾ ਵਿਅਕਤੀ ਸਮਝਣ ਦਾ ਭਰਮ ਪਾਲ ਬੈਠਾ ਕਿ ਸਿਰਫ ਉਹ ਹੀ ਬਾਬੇ ਨਾਨਕ ਦੇ ਅਸਲੀ ਸਿਧਾਂਤ ਨੂੰ ਸਮਝ ਸਕਿਆ ਹੈ। ਇਸ ਭਰਮ ਅਧੀਨ ਉਸ ਨੇ ਹੇਠ ਲਿਖੇ ਐਲਾਨ ਕੀਤੇ:-
1. ਗੁਰੂ ਨਾਨਕ ਨੇ ਸਰੀਰ ਨੂੰ ਗੁਰੂ ਨਹੀਂ ਮੰਨਿਆ। ਉਨ੍ਹਾਂ ਲਈ ਸ਼ਬਦ ਹੀ ਗੁਰੂ ਸੀ। ਇਸ ਲਈ ਉਨ੍ਹਾਂ ਵਲੋਂ ਕਿਸੇ ਵੀ ਸਰੀਰ ਵਾਲੇ ਮਨੁਖ ਨੂੰ ਗੁਰੂ ਮੰਨ ਕੇ ਮੱਥਾ ਟੇਕਣਾ, ਗੁਰਗੱਦੀ ਦੇਣਾ, ਸਹਿਜੇ ਕੀਤੇ ਸਵੀਕਾਰ ਨਹੀਂ ਹੁੰਦਾ। (ਰੋਜ਼ਾਨਾ ਸਪੋਕਸਮੈਨ ੧੮ ਅਪ੍ਰੈਲ ੨੦੦੭)
2. ਗੁਰਬਾਣੀ ਦੇ ਗ੍ਰੰਥ ਨੂੰ ਗੁਰੂ ਦਾ ਸਥਾਨ ਦੇਣਾ, ਅਤੇ ਉਸ ਦੀ ਵਿਆਖਿਆ ਲਈ ਗ੍ਰੰਥੀ ਨਿਯੁਕਤ ਕਰਨਾ ਤਾਂ ਸਦੀਆਂ ਤੋਂ ਚਲਿਆ ਆ ਰਿਹਾ ਬ੍ਰਹਮਣੀ ਕਰਮ ਹੀ ਹੋ ਸਕਦਾ ਹੈ। …. ਸੰਗਤਾਂ ਦੇ ਨੇਤਾ ਕਿਵੇਂ ਪ੍ਰਭਾਵਕਾਰੀ ਹੋ ਕੇ ਗੁਰੂ ਪਦ ਦੇ ਅਧਿਕਾਰੀ ਹੋਣ ਦੇ ਦਾਅਵੇਦਾਰ ਬਣੇ ਇਸ ਸਬੰਧੀ ਅਜੇ ਵਧੇਰੇ ਖੋਜ ਦੀ ਲੋੜ ਹੈ। (ਰੋਜ਼ਾਨਾ ਸਪੋਕਸਮੈਨ ੨ ਮਈ ੨੦੦੭)
3. ਇਸੇ ਗੱਲ ਨੂੰ ਵਿਦਵਾਨ ਤਨਜ਼ ਭਰੇ ਸ਼ਬਦਾਂ ਵਿੱਚ ਕਹਿੰਦੇ ਹਨ ਕਿ ਗੁਰੂ ਨਾਨਕ ਦੀ ਗੁਰਮਤਿ ਨੂੰ ‘ਗ੍ਰੰਥ` ਅਤੇ ‘ਪੰਥ` ਦੇ ਹਵਾਲੇ ਕਰ ਕੇ ਉਸ ਦਾ ਸਮੁੱਚਾ ਰੂਪ ਹੀ ਬਦਲ ਦਿੱਤਾ ਗਿਆ। (ਰੋਜ਼ਾਨਾ ਸਪੋਕਸਮੈਨ ੨੬ ਸਤੰਬਰ ੨੦੦੬)।
4. “ਗੁਰੂ ਗ੍ਰੰਥ ਸਾਹਿਬ ਜੀ ਅੰਦਰ ਲਗਭਗ ੫੮੦੦ ਸ਼ਬਦ ਹਨ ਪਰ ਇਹ ਸ਼ਬਦ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਪਹਿਲਾਂ ਤਾਂ ਨਹੀਂ ਸਨ ਹੁੰਦੇ। ਉਦੋਂ ਬਾਬਾ ਨਾਨਕ ਨੇ ਕਿਹੜੇ ‘ਸ਼ਬਦ` ਨੂੰ ‘ਗੁਰੂ` ਕਿਹਾ ਸੀ? ਗੁਰੂ ਨਾਨਕ ਨੇ ਕਦੇ ਵੀ ਆਪਣੀ ਬਾਣੀ ਨੂੰ ‘ਸ਼ਬਦ` ਨਹੀਂ ਕਿਹਾ। ਸਤਿਗੁਰੂ (ਅਕਾਲ ਪੁਰਖ ਦੇ ਸ਼ਬਦ ਨੂੰ ਹੀ ਗੁਰੂ ਕਿਹਾ। “ (ਰੋਜ਼ਾਨਾ ਸਪੋਕਸਮੈਨ ੨੩ ਜੂਨ ੨੦੧੦)।
5. “ਸ਼ਬਦ (ਜਿਸ ਨੂੰ ਗੁਰੂ ਕਿਹਾ ਗਿਆ ਹੈ) ਅਕਾਲ ਪੁਰਖ ਦਾ ਉਹ ਸ਼ਬਦ ਹੈ ਜੋ ਉਸ ਨੇ ਸ੍ਰਿਸ਼ਟੀ ਦੀ ਰਚਨਾ ਕਰਨ ਵੇਲੇ ਉਚਾਰਿਆ ਸੀ ਤੇ ਜਿਸ ਵਿੱਚੋਂ ਸਾਰੀ ਦੁਨੀਆਂ ਦੇ ਫ਼ਲਸਫ਼ੇ, ਸ੍ਰਿਸ਼ਟੀ, ਗਿਆਨ, ਆਕਾਰ, ਜੀਵ-ਜੰਤੂ, ਮੌਤ-ਜੀਵਨ ਆਦਿ ਨਿਕਲੇ ਸਨ। ਅਕਾਲ ਪੁਰਖ ਦੇ ਉਸ ਸ਼ਬਦ ਤੋਂ ਬਾਹਰ, ਕੁੱਝ ਵੀ ਨਹੀਂ ਉਪਜ ਸਕਦਾ ਤੇ ਉਹ ਕੇਵਲ ਅਕਾਲ ਪੁਰਖ ਦਾ ਹੀ ਉਚਾਰਿਆ ਹੋਇਆ ਸ਼ਬਦ ਹੈ ਜਿਸ ਨੂੰ ਮਨੁੱਖੀ ਭਾਸ਼ਾ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਮਨੁੱਖਾਂ ਦੀਆਂ ਬੋਲੀਆਂ ਵਿੱਚ ਵੀ, ਕਈ ਕਈ ਅੱਖਰਾਂ ਦੇ ਚਾਰ-ਚਾਰ, ਪੰਜ ਜਾਂ ਉਸ ਤੋਂ ਕੁੱਝ ਜ਼ਿਆਦਾ ਅਰਥ ਵੀ ਕੀਤੇ ਜਾ ਸਕਦੇ ਹਨ ਪਰ ਅਕਾਲ ਪੁਰਖ ਦੇ ਉਸ ‘ਸ਼ਬਦ` (ਜਿਸ ਨੂੰ ਬਾਬਾ ਨਾਨਕ ਨੇ ‘ਗੁਰੂ` ਆਖਿਆ ਹੈ, ਉਸ ਦੇ ਅਰਥਾਂ ਬਾਰੇ ਤਾਂ ਮਨੁੱਖ ਅੰਦਾਜ਼ਾ ਹੀ ਨਹੀਂ ਲਾ ਸਕਦਾ ਕਿਉਂਕਿ ਉਸ ਵਿਚੋਂ ਤਾਂ ਸਾਰੀ ਸ੍ਰਿਸ਼ਟੀ ਤੇ ਇਸ ਦਾ ਸਮੁੱਚਾ ਗਿਆਨ ਨਿਕਲਿਆ ਹੈ, ਤੇ ਇਸੇ ਲਈ ਉਹ ਸਾਡਾ ਗੁਰੂ ਹੈ। “ {ਰੋਜ਼ਾਨਾ ਸਪੋਕਸਮੈਨ (ਮੇਰੀ ਨਿਜੀ ਡਾਇਰੀ ਦੇ ਪੰਨੇ) ੬ ਜੂਨ ੨੦੧੦}
ਉਪਰੋਕਤ ਅਤੇ ਇਸੇ ਤਰ੍ਹਾਂ ਦੀਆਂ ਅਨੇਕਾਂ ਹੋਰ ਲਿਖਤਾਂ ਸਿੱਧ ਕਰਦੀਆਂ ਹਨ ਕਿ ਸੌਦਾ ਸੰਪਾਦਕ ਗੁਰੂ ਗ੍ਰੰਥ ਸਾਹਿਬ ਨੂੰ ਵੀ ਗੁਰੂ ਨਹੀਂ ਮੰਨਦਾ। ਸਮੇਂ ਸਮੇਂ `ਤੇ ਇਸ ਨਾਲ ਡਟ ਕੇ ਖੜ੍ਹੇ ਵਿਦਵਾਨਾਂ ਨਾਲ ਇਸ ਸਬੰਧੀ ਵੀਚਾਰਾਂ ਹੁੰਦੀਆਂ ਤਾਂ ਉਹ ਇਹ ਹੀ ਜਵਾਬ ਦਿੰਦੇ ਕਿ ‘ਉਹ ਮੰਨਦੇ ਹਨ ਕਿ ਇਸ ਦੀਆਂ ਇਹ ਲਿਖਤਾਂ ਪੰਥ ਲਈ ਘਾਤਕ ਹਨ ਪਰ ਦੂਸਰੇ ਪਾਸੇ ਸੋਚੋ ਕਿ ਆਰਐੱਸਐੱਸ, ਦੇਹਧਾਰੀ ਗੁਰੂਆਂ, ਸੰਪ੍ਰਦਾਈਆਂ ਤੇ ਪੁਜਾਰੀਵਾਦ ਨੇ ਪੰਥ `ਤੇ ਚਹੁੰ ਤਰਫਾ ਹਮਲਾ ਕੀਤਾ ਹੋਇਆ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਆਪਣਾ ਫ਼ਰਜ਼ ਭੁਲਾ ਕੇ ਉਨ੍ਹਾਂ ਦੀ ਪਿੱਠ `ਤੇ ਖੜ੍ਹੇ ਹਨ, ਤਖ਼ਤਾਂ ਦੇ ਜਥੇਦਾਰ ਸ਼੍ਰੋਮਣੀ ਕਮੇਟੀ `ਤੇ ਕਾਬਜ਼ ਧੜੇ ਦੀਆਂ ਕਠਪੁਤਲੀਆਂ ਬਣੀਆਂ ਹੋਈਆਂ ਹਨ, ਇਹ ਸਾਰੇ ਮਿਲ ਕੇ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕਾਬਲੇ `ਤੇ ਦੂਸਰਾ ਗੁਰੂ ਸਥਾਪਤ ਕਰਨ ਲਈ ਬਜ਼ਿਦ ਹਨ। ਪੰਜਾਬ `ਚ ਐਸਾ ਕੋਈ ਹੋਰ ਮੀਡੀਆ ਨਹੀਂ ਜਿਹੜਾ ਆਪਣੀ ਕੋਈ ਖ਼ਬਰ ਲਾਉਂਦਾ ਹੋਵੇ। ਇਸ ਹਾਲਤ `ਚ ਕਿਸੇ ਪਾਸੇ ਤੋਂ ਕੋਈ ਆਸ ਦੀ ਕਿਰਨ ਨਹੀਂ ਦਿਸਦੀ। ਆਪਣੇ ਕੋਲ ਇੱਕੋ ਇੱਕ ਮੀਡੀਆ ਹੈ ਸਪੋਕਸਮੈਨ ਜਿਸ ਨੇ ਕਾਫੀ ਹੱਦ ਤੱਕ ਪੁਜਾਰੀਵਾਦ ਅਤੇ ਡੇਰੇਦਾਰ ਸਾਧਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ। ਜੇ ਆਪਾਂ ਇਸ ਦਾ ਵਿਰੋਧ ਕਰਕੇ ਇਸ ਨੂੰ ਕਮਜੋਰ ਕਰ ਲਿਆ ਤਾਂ ਉਹ ਫਿਰ ਸਿਰ ਚੁੱਕ ਲੈਣਗੇ। ` ਉਹ ਸਿਆਸੀ ਨੁਕਤਾ ਸਮਝਾਉਂਦੇ ਹੋਏ ਇਹ ਵੀ ਕਹਿੰਦੇ ਹਨ ਕਿ ਪਹਿਲਾਂ ਇਸ ਤੋਂ ਕੰਮ ਲੈ ਲਈਏ ਅਸੀਂ ਇੰਨੇ ਭੋਲ਼ੇ ਨਹੀਂ ਕਿ ਅੱਖਾਂ ਮੀਚ ਕੇ ਇਸ ਦੇ ਮਗਰ ਹੀ ਤੁਰੇ ਜਾਵਾਂਗੇ। ਜਦੋਂ ਪਾਣੀ ਸਿਰ ਤੋਂ ਲੰਘਣ ਲੱਗਾ ਝੱਟ ਇਸ ਦਾ ਸਾਥ ਛੱਡ ਦੇਵਾਂਗੇ।
ਉਕਤ ਸਲਾਹਕਾਰਾਂ ਦੀ ਸਲਾਹ ਮੰਨ ਕੇ, ਮੈਂ ਵੀ ਕਾਫੀ ਸਮਾਂ ਸੌਦਾ ਸੰਪਾਦਕ ਦਾ ਸਾਥ ਦਿੱਤਾ। ਪਰ ਉਹ ਸਮਝ ਚੁੱਕਾ ਸੀ ਕਿ ਵਿੱਚ ਰਹਿੰਦੇ ਹੋਏ ਕਿਰਪਾਲ ਸਿੰਘ ਬਾਕੀ ਸਮਰਥਕਾਂ ਨੂੰ ਵੀ ਖ਼ਰਾਬ ਕਰ ਸਕਦਾ ਹੈ ਇਸ ਲਈ ਉਸ ਨੇ ਮੈਨੂੰ ਬਾਹਰ ਕੱਢਣਾ ਹੀ ਠੀਕ ਸਮਝਿਆ। ਕਾਫੀ ਸਮਾਂ ਤਾਂ ਮੈਂ ਚੁੱਪ ਰਿਹਾ ਪਰ ਜਦ ਵੇਖਿਆ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ `ਤੇ ਹਮਲੇ ਤੇਜ ਕਰ ਰਿਹਾ ਹੈ ਤਾਂ ਮੈਂ ਆਪਣਾ ਕੌਮੀ ਫ਼ਰਜ਼ ਸਮਝ ਕੇ ਸਿੱਖ ਸੰਗਤਾਂ ਨੂੰ ਜਾਗ੍ਰਿਤ ਕਰਨ ਲਈ ਇਸ ਦੇ ਅਖ਼ਬਾਰ `ਚੋਂ ਮਿਤੀਆਂ ਸਹਿਤ ਹਵਾਲੇ ਦੇ ਕੇ ਲੇਖ ਲਿਖਣੇ ਸ਼ੁਰੂ ਕਰ ਦਿੱਤੇ। ਸੌਦਾ ਸੰਪਾਦਕ ਨੇ ਉਨ੍ਹਾਂ ਲੇਖਾਂ ਦਾ ਜਵਾਬ ਦੇਣ ਦੀ ਥਾਂ ਮੇਰੇ `ਤੇ ਇਹ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਕਿ ਇਸ ਦੀਆਂ ਆਪਹੁਦਰੀਆਂ ਕਾਰਣ ਇਸ ਨੂੰ ਕੱਢ ਦਿੱਤਾ ਗਿਆ ਜਿਸ ਕਾਰਣ ਗੁੱਸੇ ਵਿੱਚ ਆਇਆ ਇਹ ਲਿਖ ਰਿਹਾ ਹੈ ਤੇ ਦੂਸਰੇ ਪਾਸੇ ਇਸ ਦੇ ਸਮਰਥਕ ਮੈਨੂੰ ਮਨਾਉਣ ਦਾ ਯਤਨ ਕਰਦੇ ਰਹੇ ਕਿ ਇਹ ਕੌਮ ਵਿੱਚ ਕਾਫੀ ਜਾਗ੍ਰਿਤੀ ਪੈਦਾ ਕਰ ਰਿਹਾ ਹੈ ਇਸ ਲਈ ਉਸ ਨਾਲ ਮਿਲ ਕੇ ਚੱਲਿਆ ਜਾਵੇ। ਇਸ ਦੀਆਂ ਉਕਤ ਲਿਖਤਾਂ ਵਲ ਧਿਆਨ ਦਿਵਾਉਣ `ਤੇ ਉਨ੍ਹਾਂ ਦਾ ਜਵਾਬ ਇਹੀ ਹੁੰਦਾ ਸੀ ਕਿ ਅਸੀਂ ਸੰਪਾਦਕ ਨਾਲ ਗੱਲ ਕੀਤੀ ਹੈ ਉਹ ਤਾਂ ੧੦ ਗੁਰੂਆਂ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਨ। ਇਥੋਂ ਤੱਕ ਮੈਂ ਇਨ੍ਹਾਂ ਵੀਰਾਂ ਦੀ ਸੁਹਿਰਦਤਾ `ਤੇ ਕੋਈ ਸ਼ੱਕ ਨਹੀਂ ਸੀ ਕਰਦਾ ਪਰ ਉਸ ਅਖ਼ਬਾਰ ਲਈ ਪੱਤਰਕਾਰੀ ਕਰਨ ਤੋਂ ਇਨਕਾਰ ਕਰਦਾ ਰਿਹਾ ਕਿ ਜਦ ਤੱਕ ਉਹ ਆਪਣੀ ਨਿਜੀ ਡਾਇਰੀ ਜਾਂ ਸੰਪਾਦਕੀ ਵਿੱਚ ਸਪੱਸ਼ਟ ਨਹੀਂ ਕਰਦੇ, ਉਸ ਸਮੇਂ ਤੱਕ ਮੇਰਾ ਉਸ ਨਾਲ ਮਿਲ ਕੇ ਚੱਲਣਾ ਅਸੰਭਵ ਹੈ। ਅਖੀਰ ੨੮ ਅਗੱਸਤ ੨੦੧੦ ਨੂੰ ਪ੍ਰੋ: ਇੰਦਰ ਸਿੰਘ ਘੱਗਾ ਅਤੇ ਸ: ਗੁਰਚਰਨ ਸਿੰਘ ਜਿਉਣਵਾਲਾ ਜੀ ਮੇਰੇ ਘਰ ਆਏ ਅਤੇ ਦੋ ਨੁਕਤਿਆਂ `ਤੇ ਗੱਲਬਾਤ ਹੋਈ। ਪਹਿਲਾ ਨੁਕਤਾ ਸੀ ‘ਉਹ ਕਿਹੜਾ ਸ਼ਬਦ ਹੈ ਜਿਸ ਨੂੰ ਗੁਰੂ ਨਾਨਕ ਨੇ ਆਪਣਾ ਗੁਰੂ ਕਿਹਾ ਸੀ` ਅਤੇ ਦੂਸਰਾ ਸੀ ‘ਜੇਕਰ ਸਪੋਕਸਮੈਨ ਨਾਲ ਮਿਲ ਕੇ ਨਹੀਂ ਚੱਲ ਸਕਦੇ ਤਾਂ ਉਸ ਦਾ ਵਿਰੋਧ ਨਾ ਕਰੋ`। ਮੈਂ ਆਪਣੇ ਕੋਲੋਂ ਕੋਈ ਗੱਲ ਵਧਾ ਚੜ੍ਹਾ ਕੇ ਨਹੀਂ ਲਿਖੀ ਬਲਕਿ ਉਨ੍ਹਾਂ ਵਲੋਂ ਪੁੱਛੇ ਗਏ ਸੁਆਲਾਂ ਦੇ ਹੀ ਉੱਤਰ ਦਿੱਤੇ ਜੋ ਇਨ੍ਹਾਂ ਨੇ ਕੀਤੇ ਸਨ। ਮੇਰੇ ਵਲੋਂ ‘ਗੁਰੂ ਨਾਨਕ ਦਾ ਗੁਰੂ ਕੌਣ` ਲੇਖ ਛਪ ਜਾਣ ਪਿੱਛੋਂ ਇੱਕ ਪਾਸੇ ਤਾਂ ਇਹ ਵੀਰ ਦੋਸ਼ ਲਾ ਰਹੇ ਹਨ ਕਿ ਜਿਹੜੀਆਂ ਗੱਲਾਂ ਹੋਈਆਂ ਹੀ ਨਹੀਂ ਉਨ੍ਹਾਂ ਨੂੰ ਉਛਾਲਣ ਵਿੱਚ ਇਹ ਪੱਤਰਕਾਰ ਬੜਾ ਮਾਹਰ ਹੈ ਅਤੇ ਦੂਸਰੇ ਪਾਸੇ ਸ: ਗੁਰਚਰਨ ਸਿੰਘ ਵਲੋਂ ਲਿਖਤੀ ਰੂਪ ਵਿੱਚ ਵੀ ਉਹ ਸਵਾਲ ਇੰਟਰਨੈੱਟ `ਤੇ ਪਾਏ ਅਤੇ ਕਿਹਾ ਕਿ ਅਸੀਂ ਤਾਂ ਆਹ ਸਵਾਲ ਹੀ ਕੀਤੇ ਸਨ। ਸ: ਗੁਰਚਰਨ ਸਿੰਘ ਦੇ ਪੱਤਰ ਵਿਚੋਂ ਵੀ ਪੜ੍ਹ ਕੇ ਵੇਖ ਲਵੋ ਉਹ ਸਪੋਕਸਮੈਨ ਦੀਆਂ ਹਵਾਲੇ ਅਧੀਨ ਉਕਤ ਲਿਖਤਾਂ ਨਾਲ ਹੀ ਮਿਲਦੇ ਹਨ ਤੇ ਇਨ੍ਹਾਂ ਸਵਾਲਾਂ ਦੇ ਜਵਾਬ ਹੀ ਦਿੱਤੇ ਗਏ ਸਨ। ਇਸ ਲੇਖ ਨੇ ਸੌਦਾ ਸੰਪਾਦਕ ਅਤੇ ਉਸ ਦੇ ਸਮਰਥਕਾਂ ਨੂੰ ਅਤਿਅੰਤ ਤਕਲੀਫ ਪਹੁਚਾਈ, ਉਸ ਸਮੇਂ ਤੋਂ ਇੰਡੀਆ ਅਵੇਰਨੈੱਸ ਅਤੇ ਸਿੱਖ ਮਾਰਗ `ਤੇ ਭਰਵੀਂ ਬਹਿਸ ਵੀ ਚੱਲ ਰਹੀ ਹੈ ਪਰ ਅੱਜ ਤੱਕ ਕਿਸੇ ਨੇ ਵੀ ਨਾ ਤਾਂ ਉਕਤ ਲਿਖਤਾਂ ਦਾ ਸਪੱਸ਼ਟੀਕਰਨ ਦਿੱਤਾ ਅਤੇ ਨਾ ਹੀ ਮੇਰੇ ਲੇਖ ਨਾਲ ਸਹਿਮਤੀ ਪ੍ਰਗਟ ਕੀਤੀ ਸਗੋਂ ਮੇਰੇ `ਤੇ ਘਟੀਆ ਊਝਾਂ ਲਾ ਕੇ ਆਪਣੀ ਜਾਗਰੂਕਤਾ ਦਾ ਜਲੂਸ ਕੱਢ ਰਹੇ ਹਨ। ਇੱਕ ਨੇ ਕਿਹਾ ਜੋਗਿੰਦਰ ਸਿੰਘ ਹਾਥੀ ਹੈ ਅਤੇ ਸਾਰੇ ਮਿਸ਼ਨਰੀ ਕੀੜੀ ਬਰਾਬਰ ਹਾਂ। ਦੂਜੇ ਨੇ ਕਿਹਾ ਕਿ ਘਰ ਵਿੱਚ ਬੈਠ ਕੇ ਹੋਈ ਗੱਲਬਾਤ ਨੂੰ ਮੀਡੀਏ ਵਿੱਚ ਲੈ ਜਾਣ ਦਾ ਤੁਹਾਡਾ ਕੀ ਮਤਲਬ ਹੋਇਆ। ਜੇ ਤਹਾਡਾ ਮਕਸਦ ਜੋਗਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਬਦਨਾਮ ਕਰਨ ਦਾ ਹੀ ਹੈ ਤਾਂ ਉਹ ਪੂਰਾ ਹੋ ਗਿਆ ਹੈ ਹੁਣ ਕੋਈ ਹੋਰ ਗੱਲ ਕਰੋ। ਤੀਜੇ ਨੇ ਕਿਹਾ ਸਿਆਣੇ ਸੰਪਾਦਕ ਨੇ ਗੁਰਨਾਮ ਸਿੰਘ ਅਕੀਦਾ ਅਤੇ ਕਿਰਪਾਲ ਸਿੰਘ ਨੂੰ ਉਨ੍ਹਾਂ ਦੀਆਂ ਆਪ ਹੁਦਰੀਆਂ ਕਾਰਨ ਕੱਢ ਦਿੱਤਾ ਤੇ ਹੁਣ ਉਹ ਕੱਢੇ ਹੋਏ ਪੱਤਰਕਾਰ ਉਸ ਨੂੰ ਬਦਨਾਮ ਕਰਨ `ਤੇ ਲੱਗੇ ਹੋਏ ਹਨ। ਚੌਥੇ ਨੇ ਕਿਹਾ, ਜਿਹੜੀਆਂ ਗੱਲਾਂ ਕਦੀ ਹੋਈਆਂ ਹੀ ਨਹੀਂ ਉਨ੍ਹਾਂ ਨੂੰ ਉਛਾਲਣ ਵਿੱਚ ਤਾਂ ਇਹ ਪੱਤਰਕਾਰ ਬੜਾ ਮਾਹਰ ਹੈ ਪਰ ਜਿਹੜੀ ਗਿਆਨੀ ਹਰਿੰਦਰ ਸਿੰਘ ਅਲਵਰ ਨੇ ਬਚਿੱਤਰ ਨਾਟਕ ਚੋਂ ਤੁਕਾਂ ਪੜ੍ਹੀਆਂ ਅਤੇ ਕਰੋੜਾਂ ਸੰਗਤਾਂ ਨੇ ਟੀਵੀ ਚੈਨਲ ਰਾਹੀਂ ਸੁਣੀਆਂ, ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਕੇ ਉਸ ਨੇ ਸੰਗਤਾਂ ਨਾਲ ਧੋਖਾ ਕੀਤਾ ਹੈ। ਉਹ ਦੱਸੇ ਕਿ ਗਿਆਨੀ ਅਲਵਰ ਵਲੋਂ ਕਹੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਲਈ ਉਸ ਨਾਲ ਕਿੰਨੇ ਵਿੱਚ ਸੌਦਾ ਹੋਇਆ ਹੈ। ਪੰਜਵੇਂ ਨੇ ਕਿਹਾ ਇਸ ਗੁਮਨਾਮ ਜਿਹੇ ਵਿਅਕਤੀ ਦੇ ਲੇਖ ਅਤੇ ਟਿਪਣੀਆਂ ਸਪੋਕਸਮੈਨ `ਚ ਛਪਣ ਕਰਕੇ ਇਸ ਦੀ ਪੰਥ ਵਿੱਚ ਪਹਿਚਾਣ ਬਣ ਗਈ ਤਾਂ ਇਸ ਦਾ ਦਿਮਾਗ਼ ਖ਼ਰਾਬ ਹੋ ਗਿਆ ਹੈ ਅਤੇ ਇਸ ਦੇ ਆਪ ਹੁਦਰੇਪਨ ਕਾਰਣ ਕੱਢੇ ਜਾਣ `ਤੇ ਸਪੋਕਸਮੈਨ ਵਿਰੁਧ ਜ਼ਹਿਰ ਉਗਲਣ ਲੱਗ ਪਿਆ ਹੈ। ਇਸੇ ਤਰ੍ਹਾਂ ਇਨ੍ਹਾਂ ਦੇ ਬਾਕੀ ਦੇ ਸਾਥੀ ਆਪ ਕਿਸੇ ਭੁਲੇਖੇ ਵਿੱਚ ਤਾਂ ਨਹੀਂ ਪਰ ਪਾਠਕਾਂ ਦਾ ਅਸਲੀ ਗੱਲ ਤੋਂ ਧਿਆਨ ਲਾਂਭੇ ਕਰਨ ਲਈ ਵੱਖ ਵੱਖ ਊਝਾਂ ਲਾਉਂਦੇ ਹੋਏ ਆਪਣੇ ਪਹਿਲਾਂ ਲਾਏ ਦੋਸ਼ਾਂ ਨੂੰ ਆਪ ਹੀ ਕੱਟ ਰਹੇ ਹਨ ਜਿਵੇਂ ਇੱਕ ਨੇ ਕਿਹਾ ਕਿ ਏਕਸ ਕੇ ਬਾਰਕ ਦੀਆਂ ਮੀਟਿੰਗਾਂ ਵਿੱਚ ਇਸ ਵਲੋਂ ਨਿਭਾਇਆ ਜਾਂਦਾ ਰੋਲ ਹੀ ਇਸ ਨੂੰ ਕੱਢਣ ਲਈ ਕਾਫੀ ਸੀ ਪਰ ਸਾਡੀ ਸਿਫ਼ਾਰਸ਼ `ਤੇ ਇਸ ਨੂੰ ਕੁੱਝ ਸਮਾਂ ਹੋਰ ਦਿੱਤਾ ਗਿਆ ਪਰ ਇਹ ਫਿਰ ਵੀ ਆਪਹੁਦਰੀਆਂ ਕਰਨ `ਤੇ ਨਾ ਰੁਕਿਆ ਤਾਂ ਇਸ ਨੂੰ ਕੱਢ ਦਿੱਤਾ ਗਿਆ। ਦੂਜੇ ਨੇ ਕਿਹਾ ਮੈਂ ਖ਼ੁਦ ਇਸ ਨੂੰ ਮੁੜ ਰੱਖਣ ਲਈ ਸ: ਜੋਗਿੰਦਰ ਸਿੰਘ ਕੋਲ ਲੈ ਕੇ ਜਾਂਦਾ ਰਿਹਾ ਹਾਂ ਪਰ ਉਹ ਨਹੀਂ ਮੰਨੇ। ਇਨ੍ਹਾਂ ਦਾ ਦੂਜਾ ਸਾਥੀ ਲਿਖਤੀ ਰੂਪ ਵਿੱਚ ਮੰਨ ਚੁੱਕਾ ਹੈ ਕਿ ਅਸੀਂ ਕਿਰਪਾਲ ਸਿੰਘ ਨੂੰ ਇਹ ਕਹਿਣ ਗਏ ਸੀ ਕਿ ਜੇ ਉਹ ਸਪੋਕਸਮੈਨ ਨਾਲ ਕੰਮ ਨਹੀਂ ਕਰ ਸਕਦੇ ਤਾਂ ਉਸ ਦਾ ਵਿਰੋਧ ਨਾ ਕਰਨ। ਇਹ ਕਥਨ ਇਨ੍ਹਾਂ ਦੇ ਪਹਿਲੇ ਕਥਨਾਂ ਨੂੰ ਕੱਟ ਰਿਹਾ ਹੈ ਕਿੳਂਕਿ ਇਨ੍ਹਾਂ ਅਨੁਸਾਰ ਮੈਂ ਤਾਂ ਮੁੜ ਸਪੋਕਸਮੈਨ `ਚ ਪੱਤਰਕਾਰ ਬਣਨ ਲਈ ਇਨ੍ਹਾਂ ਦੀਆਂ ਮਿਨਤਾਂ ਕਰਦਾ ਹੀ ਰਿਹਾ ਹਾਂ ਫਿਰ ਇਹ ਮੈਨੁੰ ਮਨਾਉਣ ਕੀ ਆਏ ਸਨ? ਜਿਸ ਵਿਸ਼ੇ `ਤੇ ਲੇਖ ਲਿਖਿਆ ਜਾ ਰਿਹਾ ਹੈ ਉਸ ਸਦੰਰਭ `ਚ ਅਜੇਹੇ ਸਪੱਸ਼ਟੀਕਰਨ ਦੇਣ ਦੀ ਕੋਈ ਲੋੜ ਨਹੀਂ ਪਰ ਟੂਕਮਾਤਰ ਦੇਣ ਦੀ ਲੋੜ ਇਸ ਲਈ ਪਈ ਕਿਉਂਕਿ ਇਹ ਸਾਰੇ ਠੱਗਾਂ ਦੇ ਉਸ ਗਰੋਹ ਵਾਂਗ ਕੰਮ ਕਰ ਰਹੇ ਹਨ ਜਿਨ੍ਹਾਂ ਨੇ ਬੱਕਰੀ ਦਾ ਬੱਚਾ ਚੁੱਕੀ ਜਾਂਦੇ ਇੱਕ ਭੋਲੇ ਭਾਲੇ ਕਿਸਾਨ ਨੂੰ ਠੱਗਣ ਲਈ ਵੱਖ ਵੱਖ ਥਾਂਈ ਇੱਕ ਤੋਂ ਬਆਦ ਦੂਜੇ ਨੇ ਕਿਹਾ ਕਿ ਇਸ ਕਾਲੇ ਕੁੱਤੇ ਨੂੰ ਮੋਢਿਆਂ `ਤੇ ਕਿਉਂ ਚੁੱਕੀ ਜਾਂਦਾ ਹੈਂ? ੪-੫ ਤੋਂ ਇੱਕੋ ਸਵਾਲ ਸੁਣ ਕੇ ਕਿਸਾਨ ਨੂੰ ਲੱਗਾ ਕਿ ਇਤਨੇ ਜਣੇ ਤਾਂ ਗਲਤ ਨਹੀਂ ਹੋਣਗੇ ਸ਼ਾਇਦ ਮੈਨੂੰ ਹੀ ਗਲਤੀ ਲੱਗੀ ਹੋਵੇ, ਇਸ ਲਈ ਉਸ ਨੇ ਉਹ ਪਠੋਰਾ ਸੁੱਟ ਦਿੱਤਾ ਜਿਸ ਨੂੰ ਪਿਛੇ ਆ ਰਹੇ ਠੱਗ ਨੇ ਚੁੱਕ ਲਿਆ। ਇਸੇ ਤਰ੍ਹਾਂ ਅਸਲੀ ਗੱਲ ਤੋਂ ਧਿਆਨ ਹਟਾਉਣ ਲਈ ਇਹ ਸਾਰੇ ਹਿਜ਼ ਮਾਸਟਰਜ਼ ਵੋਇਸ (His Master`s Voice) ਬਣ ਕੇ ਇੱਕ ਟੀਮ ਦੇ ਤੌਰ `ਤੇ ਕੰਮ ਕਰ ਰਹੇ ਹਨ। His Master`s Voice ਕੌਣ ਹੁੰਦੇ ਹਨ ਇਸ ਦੀ ਵਿਆਖਿਆ ਕਰਨ ਦੀ ਇੱਥੇ ਲੋੜ ਨਹੀਂ ਕਿਉਂਕਿ ਗਿਆਨੀ ਹਰਿੰਦਰ ਸਿੰਘ ਅਲਵਰ ਇਸ ਦੀ ਬੜੇ ਵਿਸਥਾਰ ਨਾਲ ਗੁਰਦੁਆਰਾ ਬੰਗਲਾ ਸਾਹਿਬ ਤੋਂ ਚੜ੍ਹਦੀਕਲਾ ਟੀਵੀ ਰਾਹੀਂ ਵਿਆਖਿਆ ਕਰ ਚੁੱਕੇ ਹਨ। ਭਾਵੇਂ ਕਿ ਉਸ ਵੇਲੇ ਉਨ੍ਹਾਂ ਦਾ ਇਸ਼ਾਰਾ ਅਖੌਤੀ ਜਥੇਦਾਰਾਂ ਵਲ ਸੀ ਪਰ ਹਾਲਾਤ ਇਥੇ ਵੀ ਅਜੇਹੇ ਹਨ ਕਿ ਜਿਹੜੇ ਕਿਸੇ ਵੇਲੇ ਮੇਰੀ ਸਿਫਤ ਕਰਦੇ ਸਨ ਉਹ ਹੀ ਅੱਜ ਮੇਰੇ `ਤੇ ਊਝਾਂ ਲਗਾਉਣ ਲੱਗ ਪਏ ਹਨ। ਆਪਣੇ ਮਿੱਤਰਾਂ ਦੀ ਅਜੇਹੀ ਹਾਲਤ ਵੇਖ ਕੇ ਜਿਥੇ ਦੁੱਖ ਹੋ ਰਿਹਾ ਹੈ ਉਥੇ ਇਨ੍ਹਾਂ `ਤੇ ਤਰਸ ਵੀ ਆ ਰਿਹਾ ਹੈ। ਇਨ੍ਹਾਂ ਦੇ ਇੱਕ ਟੀਮ ਵਜੋਂ ਕੰਮ ਕਰਨ ਦਾ ਸਬੂਤ ਇਨ੍ਹਾਂ ਆਪ ਹੀ ਦੇ ਦਿੱਤਾ ਹੈ ਕਿ ਪਹਿਲਾਂ ਤਾਂ ਜਿਸ ਗੁਰਨਾਮ ਸਿੰਘ ਅਕੀਦੇ ਦੀ ਇਸ ਤੋਂ ਪਹਿਲਾਂ ਕਦੀ ਕੋਈ ਰਚਨਾ ਸਿੱਖ ਮਾਰਗ `ਤੇ ਪਈ ਹੀ ਨਹੀਂ ਸੀ, ਉਸ ਦਾ ਨਾਮ ਇਨ੍ਹਾਂ ਦੇ ਇੱਕ ਸਾਥੀ ਨੇ ਖਾਹ ਮਖਾਹ ਹੀ ਘਸੀਟਿਆ ਅਤੇ ਫਿਰ ਉਨ੍ਹਾਂ ਵਲੋਂ ਕੀਤੀ ਇਸ ਪੁੱਛ ‘ਅਖੌਤੀ ਦਸ਼ਮ ਗਰੰਥ ਦੇ ਨਾਂ ਉਤੇ ਕੀ ਫਿਰ ਤੁਸੀਂ ਸਿਰੀ ਗੁਰੂ ਗਰੰਥ ਸਾਹਿਬ ਨੂੰ ਵੀ ਮੁੜ ਸੰਪਾਦਨ ਕਰਨ ਦੇ ਹਾਮੀ ਹੋ? ` ਨੂੰ ਤਾਂ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰ ਰਹੇ ਹਨ ਪਰ ਪੂਰੀ ਟੀਮ ਦੇ ਦਸਖ਼ਤਾਂ ਹੇਠ ਉਨ੍ਹਾਂ ਨੂੰ ਦੋ ਚਿਠੀਆਂ ਲਿਖੀਆਂ ਜਿਨ੍ਹਾਂ ਦਾ ਤੱਤਸਾਰ ਸੀ, ‘ਸਾਨੂੰ ਤੁਹਾਡਾ ਨਵੀਂ ਬਹਿਸ ਸ਼ੁਰੂ ਕਰਨ ਦਾ ਸੱਦਾ ਪ੍ਰਵਾਨ ਹੈ। ਬਹਿਸ ਲਈ ਜਿਸ ਵਿਸ਼ੇ ਦੀ ਤੁਸੀ ਚੋਣ ਕੀਤੀ ਹੈ ਉਹ ਹੈ `ਅਖੌਤੀ ਦਸਮ ਗ੍ਰੰਥ`। ਇਸ ਬਹਿਸ ਵਿੱਚ ਕਿਸੇ ਤੀਜੇ ਵਿਅਕਤੀ ਦਾ ਨਾਮ ਨਹੀਂ ਆਉਣਾ ਚਾਹੀਦਾ। ਜੇ ਕਿਸੇ ਨਾਲ ਤੁਹਡਾ ਕੋਈ ਨਿਜੀ ਮੱਤਭੇਦ ਹੈ ਤਾਂ ਉਸ ਨੂੰ ਆਪਣੀ ਵੈਬ ਸਾਈਟ `ਇੰਡੋ ਪੰਜਾਬ` ਤੇ ਨਜਿਠੋ। ` ਇਸ ਦਾ ਸਿੱਧਾ ਭਾਵ ਹੈ ਕਿ ਇਹ ਵੀਰ ਸੌਦਾ ਸੰਪਾਦਕ ਦੇ ਹੱਕ ਵਿੱਚ ਡਟ ਕੇ ਖੜ੍ਹੇ ਹਨ ਇਸੇ ਲਈ ਉਸ ਵਲੋਂ ਧਿਆਨ ਹਟਾ ਕੇ ਸਿਰਫ ਅਖੌਤੀ ਦਸਮ ਗ੍ਰੰਥ ਤੇ ਕੇਂਦਰਿਤ ਕਰਕੇ ਸੌਦਾ ਸੰਪਾਦਕ ਨੂੰ ਹੀਰੋ ਦੇ ਰੂਪ `ਚ ਉਭਾਰਨਾ ਚਾਹੁੰਦੇ ਹਨ ਕਿ ਸਿਰਫ ਇਸ ਦੀ ਅਗਵਾਈ `ਚ ਹੀ ਦਸਮ ਗ੍ਰੰਥ ਵਿਰੁਧ ਲੜਾਈ ਜਿਤੀ ਜਾ ਸਕਦੀ ਹੈ ਅਤੇ ਇਸ ਦਾ ਵਿਰੋਧ ਕਰਨ ਵਾਲੇ ਨਾਨਕ ਫ਼ਲਸਫ਼ੇ ਦੇ ਵਿਰੋਧੀ ਹਨ। ਜੇ ਇਨ੍ਹਾਂ ਦੀ ਭਾਵਨਾ ਸਹੀ ਹੁੰਦੀ ਤਾਂ ਇਨ੍ਹਾਂ ਦੇ ਨਾਲ ਦਸਤਖ਼ਤ ਕਰਨ ਵਾਲੇ ਇੱਕ ਸਾਥੀ ਨੂੰ ਪੁਛਦੇ ਕਿ ਕੀ ਤੇਰੀ ਤਸੱਲੀ ਹੋ ਗਈ ਹੈ ਕਿ ਗੁਰੂ ਨਾਨਕ ਨੇ ਕਿਹੜੇ ਸ਼ਬਦ ਨੂੰ ਗੁਰੂ ਆਖਿਆ ਸੀ? ਜੇ ਨਹੀਂ ਹੋਈ ਤਾਂ ਸਭ ਤੋਂ ਪਹਿਲਾਂ ਇਸ ਸਬੰਧੀ ਚੱਲ ਰਹੀ ਬਹਿਸ ਵਿੱਚ ਆਪਣਾ ਯੋਗਦਾਨ ਪਾਉਂਦੇ ਅਤੇ ਇਹ ਸਵਾਲ ਖੜ੍ਹਾ ਕਰਨ ਵਾਲੇ ਸੰਪਾਦਕ ਨੂੰ ਪੁਛਦੇ ਕਿ ਉਸ ਨੂੰ ਗੁਰੂ ਨਾਨਕ ਸਾਹਿਬ ਦੱਸ ਕੇ ਗਏ ਸਨ ਜਾਂ ਸਿੱਧਾ ਅਕਾਲ ਪੁਰਖ਼ ਨੇ ਆ ਕੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਕੋਈ ਸ਼ਬਦ ‘ਗੁਰੂ` ਨਹੀਂ ਹੈ, ਗੁਰੂ ਤਾਂ ਆਹ ‘ਸ਼ਬਦ` ਹੈ ਜਿਹੜਾ ਮੈਂ ਸ੍ਰਿਸਟੀ ਸਾਜਨ ਵੇਲੇ ਉਚਾਰਿਆ ਸੀ। ਕਿਉਂਕਿ ਸ੍ਰਿਸ਼ਟੀ ਸਾਜਨ ਵੇਲੇ ਹੋਰ ਕੋਈ ਦੂਜਾ ਮਨੁਖ ਤਾਂ ਉਸ ਵੇਲੇ ਹਾਜ਼ਰ ਹੀ ਨਹੀਂ ਸੀ ਫਿਰ ਤੀਜਾ ਕਿਹੜਾ ਮਨੁਖ ਇਸ ਦੇ ਕੰਨ ਵਿੱਚ ਫੁਕ ਮਾਰ ਗਿਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਕੋਈ ਸ਼ਬਦ ਗੁਰੂ ਨਹੀਂ ਹੈ। ਜਦ ਤੱਕ ਸਾਨੂੰ ਆਪਣੇ ਗੁਰੂ ਸਬੰਧੀ ਹੀ ਜਾਣਕਾਰੀ ਨਹੀਂ ਉਸ ਦੇ ਨਾਮ `ਤੇ ਬਹਿਸ ਕਰਨੀ ‘ਨਾਨਕ ਲੇਖੈ ਇੱਕ ਗਲ ਹੋਰੁ ਹਉਮੈ ਝਖਣਾ ਝਾਖ।। ` ਵਾਂਗ ਹੀ ਹੈ ਪਰ ਇਨ੍ਹਾਂ ਵੀਰਾਂ ਨੇ ਤਾਂ ਲੇਖੈ ਵਾਲੀ ਇੱਕ ਗੱਲ ਕਰਨ ਦੀ ਥਾਂ ਹਊਂਮੈ ਵਿੱਚ ਆ ਕੇ ਅਤੇHis Master`s Voice ਬਣਕੇ ਨਿਜੀ ਦੂਸ਼ਣਬਾਜ਼ੀ ਕਰ ਕੇ ਝਖਣਾ ਝਾਖਣ ਤੋਂ ਸਿਵਾਏ ਹੋਰ ਕੁੱਝ ਨਹੀਂ ਕੀਤਾ। ਸਿੱਖ ਮਾਰਗ ਦੇ ਸੰਪਾਦਕ ਸ: ਮੱਖਣ ਸਿੰਘ ਸਿੰਘ ਵਲੋਂ ਲਏ ਗਏ ਫੈਸਲੇ ਅਨੁਸਾਰ ਇਹ ਬਹਿਸ ੩੧ ਦਸੰਬਰ ਤਕ ਚੱਲਣੀ ਹੈ ਇਸ ਲਈ ਉਸ ਤੋਂ ਪਹਿਲਾਂ ਪਹਿਲਾਂ ਇਸ ਦਾ ਉੱਤਰ ਉਸ ਤੋਂ ਪੁੱਛ ਕੇ ਦੇਣ ਤਾ ਕਿ ਬਹਿਸ ਦਾ ਸੁਖਾਵਾਂ ਅੰਤ ਹੋ ਸਕੇ। ਨਹੀਂ ਤਾਂ ਇਹ ਸਮਝਿਆ ਜਾਵੇਗਾ ਕਿ ਇਸ ਬਹਿਸ `ਚ ਹਿੱਸਾ ਲੈਣ ਵਾਲੇ ਅਤੇ ਉਸ ਦਾ ਸਮਰਥਨ ਕਰਨ ਵਾਲੇ, ਮੌਜੂਦਾ ਗੁਰੂ ਗ੍ਰੰਥ ਸਾਹਿਬ ਨੂੰ ਰੱਦ ਕਰਨ ਲਈ ਸਾਰੇ ਉਸ ਦੇ ਸਹਾਇਕ ਵਜੋਂ ਕੰਮ ਕਰ ਰਹੇ ਹਨ। ਕਿਉਂਕਿ ਗੁਰੂ ਗ੍ਰੰਥ ਸਾਹਿਬ `ਚ ਬਾਕੀ ੫ ਗੁਰੂਆਂ, ਸਮੂਹ ਭਗਤਾਂ ਅਤੇ ਭੱਟਾਂ ਦੀ ਬਾਣੀ ਨੂੰ ਤਾਂ ਉਹ ਪਹਿਲਾਂ ਹੀ ਨਾਨਕ ਫ਼ਲਸਫ਼ੇ ਦੀ ਵਿਰੋਧੀ ਗਰਦਾਨ ਚੁੱਕਿਆ ਹੈ ਅਤੇ ਅਸਲੀ ਨਾਨਕ ਬਾਣੀ ਬਾਰੇ ਲਿਖ ਚੁੱਕਿਆ ਹੈ ਕਿ ਉਹ ਸ੍ਰੀ ਚੰਦੀਆਂ ਨੇ ਸਾੜ ਦਿੱਤੀ ਸੀ। ਬੇਸ਼ੱਕ ਉਹ ਇਸ ਸਬੰਧੀ ਅਖੌਤੀ ਮੁਆਫ਼ੀ ਮੰਗਣ ਦਾ ਢਕਵੰਜ ਰਚ ਚੁੱਕਿਆ ਹੈ ਪਰ ਆਪਣੇ ਇਸ ਸਟੈਂਡ `ਤੇ ਉਸੇ ਤਰ੍ਹਾਂ ਖੜ੍ਹਾ ਹੈ ਜਿਸ ਦੇ ਸਬੂਤ ਵਜੋਂ ੨੧ ਦਸੰਬਰ ਦੀ ਸੰਪਾਦਕੀ ਵਿੱਚ ਹੀ ਭਾਈ ਕਾਹਨ ਸਿੰਘ ਨਾਭਾ ਦੇ ਹਵਾਲੇ ਨਾਲ ਲਿਖ ਚੁਕਿਆ ਹੈ ਕਿ ‘ਰਾਗਮਾਲਾ ਇਤਨੀ ਦੁਖਦਾਇਕ ਵਸਤੂ ਨਹੀਂ ਉਸ ਤੋਂ ਵੀ ਵਧੀਕ ਬੁਰੇ ਲੇਖ ਕਈ ਗੁਰੂ ਗ੍ਰੰਥ ਸਾਹਿਬਾਂ ਵਿੱਚ ਪਾਏ ਜਾਂਦੇ ਹਨ। ` ਹੋ ਸਕਦਾ ਹੈ ਕਿ ਭਾਈ ਕਾਹਨ ਸਿੰਘ ਨਾਭਾ ਦਾ ਸੰਕੇਤ ਉਨ੍ਹਾਂ ਖਾਰੀਆਂ ਬੀੜਾਂ ਵੱਲ ਹੋਵੇ ਜਿਹੜੀਆਂ ਰੱਦ ਕੀਤੀਆਂ ਜਾ ਚੁਕੀਆਂ ਹਨ। ਪਰ ਇਸ ਨੇ ਤਾਂ ਆਪਣੀ ਗੱਲ ਸਿਧ ਕਰਨ ਲਈ ਵਰਤ ਲਈ। ਜਾਗਰੂਕ ਕਹਾਉਣ ਵਾਲੇ ਉਸ ਦੇ ਸਮਰਥਕ ਚੁੱਪ ਹਨ ਤੇ ਜੇ ਕਰ ਕੋਈ ਹੋਰ ਇਸ ਵਲ ਧਿਆਨ ਦਿਵਾਉਣ ਦਾ ਯਤਨ ਕਰਦਾ ਹੈ ਤਾਂ ਉਸ ਦਾ ਹਾਲ ਇਹ ਤਾਜ਼ਾ ਚੱਲ ਰਹੀ ਬਹਿਸ ਦਾ ਕਚੂੰਬਰ ਕੱਢਣ ਵਾਂਗ ਕਰਦੇ ਹਨ। ਵੀਰੋ ਯਾਦ ਰੱਖੋ ਗੁਰੂ ਗ੍ਰੰਥ ਸਾਹਿਬ ਦੀ ਸਿਰਮੌਰਤਾ ਕਾਇਮ ਰੱਖਣ ਲਈ ਅਖੌਤੀ ਦਸਮ ਗ੍ਰੰਥ ਦਾ ਵਿਰੋਧ ਜਰੂਰੀ ਹੈ, ਪਰ ਇਸ ਤੋਂ ਪਹਿਲਾਂ ਜਰੂਰੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਬਚਾਉਣਾ। ਦੱਸੋ ਇਸ ਦੀ ਹੋਂਦ ਬਚਾਉਣ ਲਈ ਤੁਸੀਂ ਕੀ ਕਰ ਰਹੇ ਹੋ? ਜੇ ਹੁਣ ਨਾ ਸੰਭਲੇ ਤਾਂ ਗੁਰੂ ਨਾਨਕ ਦਾ ਸਾਡੇ ਕੋਲ ਅਸਲੀ ਕੁੱਝ ਵੀ ਨਹੀਂ ਰਹਿਣਾ ਅਤੇ ਜਿਸ ਨੂੰ ਤੁਸੀਂ ਪੂਰਨ ਸੱਚ ਕਹਿ ਸਕੋਗੇ ਸ਼ਾਇਦ ਉਹ ਇਸ ਦੀਆਂ ਸੰਪਾਦਕੀਆਂ ਜਾਂ ਨਿਜੀ ਡਾਇਰੀਆਂ ਹੀ ਰਹਿ ਜਾਣ।
ਬੇਸ਼ੱਕ ਲੇਖ ਪਹਿਲਾਂ ਹੀ ਕਾਫੀ ਲੰਬਾ ਹੋ ਗਿਆ ਹੈ ਪਰ ਇਹ ਦੱਸੋ ਕਿ ਤੁਸੀਂ ਦਸਮ ਗ੍ਰੰਥੀਆਂ ਨਾਲੋਂ ਕਿਵੇਂ ਭਿੰਨ ਹੋ? ਦਸਮ ਗ੍ਰੰਥ `ਚੋਂ ਕੁੱਝ ਤੁਕਾਂ ਦੇ ਹਵਾਲੇ ਦੇਣ ਵਾਲੇ ਨੂੰ ਉਹ ਕਹਿੰਦੇ ਹਨ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਨਿੰਦਾ ਕਰਦਾ ਹੈ। ਸੌਦਾ ਸੰਪਾਦਕ ਦੀ ਲਿਖਤਾਂ `ਚੋਂ ਹਵਾਲੇ ਦੇਣ ਵਾਲੇ ਨੂੰ ਤੁਸੀਂ ਵੀ ਕਹਿੰਦੇ ਹੋ ਕਿ ਇਹ ਸਿਆਣੇ ਸੰਪਾਦਕ ਦੀ ਨਿੰਦਾ ਕਰਦਾ ਹੈ। ਦਸਮ ਗ੍ਰੰਥੀ ਕਹਿੰਦੇ ਹਨ ਕਿ ਦਸਮ ਗ੍ਰੰਥ ਦਾ ਵਿਵਾਦ ਖੜ੍ਹਾ ਕਰਨ ਵਾਲੇ ਪੰਥ `ਚ ਫੁਟ ਪਾ ਰਹੇ ਹਨ। ਤੁਸੀਂ ਕਹਿ ਰਹੇ ਹੋ ਕਿ ਸੌਦਾ ਸੰਪਾਦਕ ਦਾ ਵਿਰੋਧ ਕਰਨ ਵਾਲੇ ਜਾਗਰੂਕ ਸਿੱਖਾਂ ਵਿੱਚ ਫੁਟ ਪਾ ਰਹੇ ਹਨ। ਦਸਮ ਗ੍ਰੰਥੀਏ ਕਹਿੰਦੇ ਹਨ ਕਿ ਦਸਮ ਗ੍ਰੰਥ ਦਾ ਵਿਰੋਧ ਕਰ ਰਹੇ ਅਖੌਤੀ ਵਿਦਵਾਨ ਜੇ ਪਿਆਰ ਨਾਲ ਸਮਝਾਇਆਂ ਨਾ ਸਮਝਣ ਤਾਂ ਉਨ੍ਹਾਂ ਨੂੰ ‘ਅਕਲਦਾਨ` ਭਾਵ ਸੋਟੇ ਨਾਲ ਹੀ ਸਮਝਾਇਆ ਜਾ ਸਕਦਾ ਹੈ। ਤੁਹਾਡਾ ਇੱਕ ਸਾਥੀ ਵੀ ‘ਪਿਛਲੇ ਅਗਲੇ ਕਰਮਾਂ ਦੇ ਲੇਖੇ ਜੋਖੇ` ਲੇਖ ਵਿੱਚ ਲਿਖ ਰਿਹਾ ਹੈ, ‘ਸਿਆਣਿਆਂ ਨੂੰ ਤਾਂ ਇਸ਼ਾਰਾ ਹੀ ਕਾਫੀ ਹੁੰਦਾ ਹੈ ਪਰ … … ਨੂੰ ਡੰਡੇ ਨਾਲ ਸਮਝਾਇਆ ਜਾ ਸਕਦਾ ਹੈ। ` ਦਸਮ ਗ੍ਰੰਥੀਏ ਕਹਿੰਦੇ ਹਨ ਕਿ ਦਸਮ ਗ੍ਰੰਥ ਦਾ ਵਿਰੋਧ ਕਰਨ ਵਾਲਿਆਂ ਨੂੰ ਹੋਰ ਸਾਰੇ ਪੰਥਕ ਮੁੱਦੇ ਭੁੱਲ ਗਏ ਹਨ ਸਿਰਫ ਦਸਮ ਗ੍ਰੰਥ ਦਾ ਵਿਰੋਧ ਵਿੱਚ ਹੀ ਕੌਮ ਨੂੰ ਵੰਡ ਕੇ ਸਾਰੀ ਪੰਥਕ ਸ਼ਕਤੀ ਜ਼ਾਇਆ ਕੀਤੀ ਜਾ ਰਹੀ ਹੈ। ਤੁਸੀਂ ਵੀ ਕਹਿ ਰਹੇ ਹੋ ਕਿ ਇੰਡੀਆ ਅਵੇਰਨੈੱਸ ਦੇ ਸੰਪਾਦਕੀ ਮੰਡਲ ਨੂੰ ਪੰਥ ਦੇ ਹੋਰ ਸਾਰੇ ਮਸਲੇ ਵਿਸਰ ਗਏ ਲਗਦੇ ਹਨ। ਬਸ ਇਕੋ ਫੋਬੀਆ ਸਿਰ ਨੂੰ ਚੜ੍ਹਿਆ ਹੋਹਿਆ ਹੈ, ਸਪੋਕਸਮੈਨ ਅਤੇ ਉਸ ਦੇ ਸਹਿਯੋਗੀ ‘ਪੰਥ ਦੇ ਗੱਦਾਰ` ਹਨ। ਲਗਦੈ ਇਹਨਾਂ ਕੋਲ ਪੰਥਕ ਮਸਲੇ ਵਿਚਾਰਨ ਦੀ ਸਮਰੱਥਾ ਖ਼ਤਮ ਹੋ ਗਈ ਹੈ। ਡੇਰੇਦਾਰ ਆਪਣੇ ਗੁਜਰ ਚੁਕੇ ਡੇਰੇਦਾਰਾਂ ਨੂੰ ਹੀ ਗੁਰੂ ਨਾਨਕ ਦਾ ਅਸਲੀ ਸਿਧਾਂਤ ਸਮਝਣ ਵਲਾ ਗਰਦਾਨ ਰਹੇ ਹਨ ਪਰ ਤੁਸੀਂ ਤਾਂ ਇੱਕ ਅਖ਼ਬਾਰ ਦਾ ਸੰਪਾਦਕ ਜਿਹੜਾ ੯ ਗੁਰੂਆਂ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਰੱਦ ਕਰ ਰਿਹਾ ਹੈ, ਦੇ ਕਥਨ ਨੂੰ ਹੀ ਅੰਤਮ ਸੱਚ ਮੰਨਣ ਲੱਗ ਪਏ ਹੋ। ਦਸਮ ਗ੍ਰੰਥੀਆਂ ਲਈ ਤੁਸੀਂ ਗੁਰਬਾਣੀ ਤੁਕ ਸੁਣਾਉਂਦੇ ਹੋ, ‘ਰੋਸੁ ਨ ਕੀਜੈ ਉਤਰੁ ਦੀਜੈ` ਤੁਹਾਥੋਂ ਸਵਾਲ ਪੁੱਛਣ ਵਾਲਿਆਂ ਲਈ ਤਾਂ ਤੁਹਾਡਾ ਰੋਸ ਤੁਹਾਡੇ ਚਿੱਠੀ ਪੱਤਰਾਂ ਵਿੱਚ ਹੀ ਨੱਕਾ ਨੱਕ ਭਰਿਆ ਪਿਆ ਹੈ। ਸੋ ਮੈਨੂੰ ਤਾਂ ਦੋਹਾਂ ਧਿਰਾਂ ਦੀ ਸੋਚਣੀ ਵਿੱਚ ਬਹੁਤਾ ਅੰਤਰ ਨਜ਼ਰ ਨਹੀਂ ਆਉਂਦਾ ਜੇ ਕਿਸੇ ਨੂੰ ਆਉਂਦਾ ਹੈ ਤਾਂ ਮੈਨੂੰ ਦੱਸਣ ਦੀ ਖੇਚਲ ਕਰਨੀ ਜੀ।
ਕਿਰਪਾਲ ਸਿੰਘ ਬਠਿੰਡਾ