Saturday, December 25, 2010

ਗੁਰੂ ਗ੍ਰੰਥ ਸਾਹਿਬ ਦੀ ਸਿਰਮੌਰਤਾ ਕਾਇਮ ਰੱਖਣ ਲਈ ਅਖੌਤੀ ਦਸਮ ਗ੍ਰੰਥ ਦਾ ਵਿਰੋਧ ਜਰੂਰੀ ਪਰ ਇਸ ਤੋਂ ਪਹਿਲਾਂ ਜਰੂਰੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਬਚਾਉਣਾ


ਸ.ਕਿਰਪਾਲ ਸਿੰਘ ਜੀ ਬਠਿੰਡਾ

ਸਿੱਖਾਂ ਨੂੰ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜਨ ਲਈ ਬਹੁਤ ਸਾਰੇ ਹੱਥ ਕੰਡੇ ਵਰਤੇ ਜਾ ਰਹੇ ਹਨ। ਪੰਜਾਬ ਵਿੱਚ ਵੱਡੀ ਪੱਧਰ `ਤੇ ਦੇਹਧਾਰੀ ਗੁਰੂਡੰਮ ਅਤੇ ਸਾਧਾਂ ਦੇ ਟੋਲੇ ਪੈਦਾ ਕਰਨ ਤੋਂ ਇਲਾਵਾ ਸਾਧ ਪਿਆਰੇ ਭਨਿਆਰੇ ਵਲੋਂ ਭਵਸਾਗਰ ਗ੍ਰੰਥ, ਡੇਰਾ ਬੱਲਾਂ ਵਲੋਂ ਗੁਰੂ ਗ੍ਰੰਥ ਸਾਹਿਬ `ਚੋਂ ਭਗਤ ਰਵਿਦਾਸ ਜੀ ਦੀ ਬਾਣੀ ਕੱਢ ਕੇ ਅਤੇ ਉਨ੍ਹਾਂ ਦੇ ਨਾਮ `ਤੇ ਰਚੀ ਗਈ ਕੱਚੀ ਬਾਣੀ ਦਾ ਵੱਖਰਾ ਗ੍ਰੰਥ ਤਿਆਰ ਕਰਕੇ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ `ਤੇ ਪ੍ਰਕਾਸ਼ ਕਰਨਾ ਇਸੇ ਸਾਜਿਸ਼ ਦਾ ਇੱਕ ਹਿੱਸਾ ਹੈ। ਇਨ੍ਹਾਂ ਦੇਹਧਾਰੀ ਗੁਰੂਆਂ ਅਤੇ ਉਨ੍ਹਾਂ ਵਲੋਂ ਤਿਆਰ ਕੀਤੇ ਗ੍ਰੰਥਾਂ ਦਾ ਖ਼ਾਲਸਾ ਪੰਥ ਵਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਵੀਚਾਰਧਾਰਾ ਨੂੰ ਕੱਟਣ ਵਾਲਾ ਸਭ ਤੋਂ ਪੁਰਾਣਾ ਗ੍ਰੰਥ ਹੈ ਅਖੌਤੀ ਦਸਮ ਗ੍ਰੰਥ ਜਿਸ ਨੂੰ ਸਿੱਖ ਡੇਰੇਦਾਰਾਂ ਵਲੋਂ ਜਾਣੇ ਜਾਂ ਅਣਜਾਣੇ `ਚ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਾ ਗ੍ਰੰਥ ਦੱਸ ਕੇ ਉਸ ਨੂੰ ਦੋ ਤਖ਼ਤਾਂ ਸਮੇਤ ਹੋਰ ਕਈ ਡੇਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਅਤੇ ਸਿਰਮੌਰਤਾ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਅਤੇ ਬਾਕੀ ਥਾਵਾਂ `ਤੇ ਪ੍ਰਕਾਸ਼ ਕਰਨ ਲਈ ਯਤਨਸ਼ੀਲ ਹਨ। ਇਸ ਤੋਂ ਵੱਧ ਦੁੱਖ ਦੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੌਰਤਾ ਕਾਇਮ ਰੱਖਣ ਅਤੇ ਇਸ ਦਾ ਪ੍ਰਚਾਰ ਕਰਨ ਦੀ ਮੁੱਖ ਜਿੰਮੇਵਾਰੀ ਹੈ, ਉਹ ਵੀ ਕੁਰਸੀ `ਤੇ ਸਦਾ ਲਈ ਟਿਕੇ ਰਹਿਣ ਲਈ ਆਪਣੀ ਰਾਜਨੀਤਕ ਭਾਈਵਾਲ ਭਾਜਪਾ/ਆਰਐੱਸਐੱਸ ਨੂੰ ਖੁਸ਼ ਕਰਨ ਲਈ ਅਤੇ ਡੇਰੇਦਾਰਾਂ ਦੀਆਂ ਵੋਟਾਂ ਵਟੋਰਨ ਲਈ ਅਖੌਤੀ ਦਸਮ ਗ੍ਰੰਥ ਨੂੰ ਪ੍ਰਮੋਟ ਕਰਨ `ਤੇ ਲੱਗੀ ਹੋਈ ਹੈ ਜਾਂ ਇਹ ਕਹਿ ਲਵੋ ਕਿ ‘ਕੁੱਤੀ ਚੋਰ ਨਾਲ ਮਿਲ ਗਈ ਹੈ`। ਗਿਆਨੀ ਭਾਗ ਸਿੰਘ ਅੰਬਾਲਾ ਅਤੇ ਉਨ੍ਹਾਂ ਤੋਂ ਪਿੱਛੋਂ ਮਿਸ਼ਨਰੀ ਕਾਲਜਾਂ ਨੇ ਦਸਮ ਗ੍ਰੰਥ ਦੀ ਅਸਲੀਅਤ ਪ੍ਰਗਟ ਕਰਨ ਲਈ ਕਾਫੀ ਕੰਮ ਕੀਤਾ ਪਰ ਸ਼ੁਰੂਆਤੀ ਦਾ ਸਮਾਂ ਹੋਣ ਕਾਰਣ ਇਹ ਇੱਕ ਲਹਿਰ ਨਾ ਬਣ ਸਕੀ। ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਵਲੋਂ ਦਸਮਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ ਲਿਖਣ ਅਤੇ ਸਪੋਕਸਮੈਨ ਵਲੋਂ ਇਸ ਦਾ ਪ੍ਰਚਾਰ ਕਰਨ `ਤੇ ਦਸਮ ਗ੍ਰੰਥ ਵਿਰੋਧੀ ਲਹਿਰ ਤੇਜ ਹੋਈ ਤਾਂ ਬਹੁਤ ਸਾਰੇ ਜਾਗਰੂਕ ਸਿੱਖ ਇਸ ਨਾਲ ਜੁੜ ਗਏ। ਇਹ ਸੌਦਾ ਸੰਪਾਦਕ ਦੀ ਅਗਿਆਨਤਾ ਕਹੀਏ ਜਾਂ ਬੇਈਮਾਨੀ ਕਿ ਆਰਐੱਸਐੱਸ ਦੀਆਂ ਇਛਾਵਾਂ ਪੂਰ ਰਹੇ ਸਿੱਖ ਡੇਰੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋਏ ਜਾਗਰੂਕ ਸਿੱਖਾਂ ਨੇ ਵੱਡੀ ਪੱਧਰ `ਤੇ ਇਸ ਦਾ ਸਾਥ ਦਿੱਤੇ ਜਾਣ ਕਾਰਣ ਇਸ ਦਾ ਦਿਮਾਗ਼ ਖ਼ਰਾਬ ਹੋ ਗਿਆ ਤੇ ਉਹ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਤੋਂ ਬਾਅਦ ਪਹਿਲਾ ਅਜੇਹਾ ਵਿਅਕਤੀ ਸਮਝਣ ਦਾ ਭਰਮ ਪਾਲ ਬੈਠਾ ਕਿ ਸਿਰਫ ਉਹ ਹੀ ਬਾਬੇ ਨਾਨਕ ਦੇ ਅਸਲੀ ਸਿਧਾਂਤ ਨੂੰ ਸਮਝ ਸਕਿਆ ਹੈ। ਇਸ ਭਰਮ ਅਧੀਨ ਉਸ ਨੇ ਹੇਠ ਲਿਖੇ ਐਲਾਨ ਕੀਤੇ:-
1. ਗੁਰੂ ਨਾਨਕ ਨੇ ਸਰੀਰ ਨੂੰ ਗੁਰੂ ਨਹੀਂ ਮੰਨਿਆ। ਉਨ੍ਹਾਂ ਲਈ ਸ਼ਬਦ ਹੀ ਗੁਰੂ ਸੀ। ਇਸ ਲਈ ਉਨ੍ਹਾਂ ਵਲੋਂ ਕਿਸੇ ਵੀ ਸਰੀਰ ਵਾਲੇ ਮਨੁਖ ਨੂੰ ਗੁਰੂ ਮੰਨ ਕੇ ਮੱਥਾ ਟੇਕਣਾ, ਗੁਰਗੱਦੀ ਦੇਣਾ, ਸਹਿਜੇ ਕੀਤੇ ਸਵੀਕਾਰ ਨਹੀਂ ਹੁੰਦਾ। (ਰੋਜ਼ਾਨਾ ਸਪੋਕਸਮੈਨ ੧੮ ਅਪ੍ਰੈਲ ੨੦੦੭)
2. ਗੁਰਬਾਣੀ ਦੇ ਗ੍ਰੰਥ ਨੂੰ ਗੁਰੂ ਦਾ ਸਥਾਨ ਦੇਣਾ, ਅਤੇ ਉਸ ਦੀ ਵਿਆਖਿਆ ਲਈ ਗ੍ਰੰਥੀ ਨਿਯੁਕਤ ਕਰਨਾ ਤਾਂ ਸਦੀਆਂ ਤੋਂ ਚਲਿਆ ਆ ਰਿਹਾ ਬ੍ਰਹਮਣੀ ਕਰਮ ਹੀ ਹੋ ਸਕਦਾ ਹੈ। …. ਸੰਗਤਾਂ ਦੇ ਨੇਤਾ ਕਿਵੇਂ ਪ੍ਰਭਾਵਕਾਰੀ ਹੋ ਕੇ ਗੁਰੂ ਪਦ ਦੇ ਅਧਿਕਾਰੀ ਹੋਣ ਦੇ ਦਾਅਵੇਦਾਰ ਬਣੇ ਇਸ ਸਬੰਧੀ ਅਜੇ ਵਧੇਰੇ ਖੋਜ ਦੀ ਲੋੜ ਹੈ। (ਰੋਜ਼ਾਨਾ ਸਪੋਕਸਮੈਨ ੨ ਮਈ ੨੦੦੭)
3. ਇਸੇ ਗੱਲ ਨੂੰ ਵਿਦਵਾਨ ਤਨਜ਼ ਭਰੇ ਸ਼ਬਦਾਂ ਵਿੱਚ ਕਹਿੰਦੇ ਹਨ ਕਿ ਗੁਰੂ ਨਾਨਕ ਦੀ ਗੁਰਮਤਿ ਨੂੰ ‘ਗ੍ਰੰਥ` ਅਤੇ ‘ਪੰਥ` ਦੇ ਹਵਾਲੇ ਕਰ ਕੇ ਉਸ ਦਾ ਸਮੁੱਚਾ ਰੂਪ ਹੀ ਬਦਲ ਦਿੱਤਾ ਗਿਆ। (ਰੋਜ਼ਾਨਾ ਸਪੋਕਸਮੈਨ ੨੬ ਸਤੰਬਰ ੨੦੦੬)।
4. “ਗੁਰੂ ਗ੍ਰੰਥ ਸਾਹਿਬ ਜੀ ਅੰਦਰ ਲਗਭਗ ੫੮੦੦ ਸ਼ਬਦ ਹਨ ਪਰ ਇਹ ਸ਼ਬਦ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਪਹਿਲਾਂ ਤਾਂ ਨਹੀਂ ਸਨ ਹੁੰਦੇ। ਉਦੋਂ ਬਾਬਾ ਨਾਨਕ ਨੇ ਕਿਹੜੇ ‘ਸ਼ਬਦ` ਨੂੰ ‘ਗੁਰੂ` ਕਿਹਾ ਸੀ? ਗੁਰੂ ਨਾਨਕ ਨੇ ਕਦੇ ਵੀ ਆਪਣੀ ਬਾਣੀ ਨੂੰ ‘ਸ਼ਬਦ` ਨਹੀਂ ਕਿਹਾ। ਸਤਿਗੁਰੂ (ਅਕਾਲ ਪੁਰਖ ਦੇ ਸ਼ਬਦ ਨੂੰ ਹੀ ਗੁਰੂ ਕਿਹਾ। “ (ਰੋਜ਼ਾਨਾ ਸਪੋਕਸਮੈਨ ੨੩ ਜੂਨ ੨੦੧੦)।
5. “ਸ਼ਬਦ (ਜਿਸ ਨੂੰ ਗੁਰੂ ਕਿਹਾ ਗਿਆ ਹੈ) ਅਕਾਲ ਪੁਰਖ ਦਾ ਉਹ ਸ਼ਬਦ ਹੈ ਜੋ ਉਸ ਨੇ ਸ੍ਰਿਸ਼ਟੀ ਦੀ ਰਚਨਾ ਕਰਨ ਵੇਲੇ ਉਚਾਰਿਆ ਸੀ ਤੇ ਜਿਸ ਵਿੱਚੋਂ ਸਾਰੀ ਦੁਨੀਆਂ ਦੇ ਫ਼ਲਸਫ਼ੇ, ਸ੍ਰਿਸ਼ਟੀ, ਗਿਆਨ, ਆਕਾਰ, ਜੀਵ-ਜੰਤੂ, ਮੌਤ-ਜੀਵਨ ਆਦਿ ਨਿਕਲੇ ਸਨ। ਅਕਾਲ ਪੁਰਖ ਦੇ ਉਸ ਸ਼ਬਦ ਤੋਂ ਬਾਹਰ, ਕੁੱਝ ਵੀ ਨਹੀਂ ਉਪਜ ਸਕਦਾ ਤੇ ਉਹ ਕੇਵਲ ਅਕਾਲ ਪੁਰਖ ਦਾ ਹੀ ਉਚਾਰਿਆ ਹੋਇਆ ਸ਼ਬਦ ਹੈ ਜਿਸ ਨੂੰ ਮਨੁੱਖੀ ਭਾਸ਼ਾ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਮਨੁੱਖਾਂ ਦੀਆਂ ਬੋਲੀਆਂ ਵਿੱਚ ਵੀ, ਕਈ ਕਈ ਅੱਖਰਾਂ ਦੇ ਚਾਰ-ਚਾਰ, ਪੰਜ ਜਾਂ ਉਸ ਤੋਂ ਕੁੱਝ ਜ਼ਿਆਦਾ ਅਰਥ ਵੀ ਕੀਤੇ ਜਾ ਸਕਦੇ ਹਨ ਪਰ ਅਕਾਲ ਪੁਰਖ ਦੇ ਉਸ ‘ਸ਼ਬਦ` (ਜਿਸ ਨੂੰ ਬਾਬਾ ਨਾਨਕ ਨੇ ‘ਗੁਰੂ` ਆਖਿਆ ਹੈ, ਉਸ ਦੇ ਅਰਥਾਂ ਬਾਰੇ ਤਾਂ ਮਨੁੱਖ ਅੰਦਾਜ਼ਾ ਹੀ ਨਹੀਂ ਲਾ ਸਕਦਾ ਕਿਉਂਕਿ ਉਸ ਵਿਚੋਂ ਤਾਂ ਸਾਰੀ ਸ੍ਰਿਸ਼ਟੀ ਤੇ ਇਸ ਦਾ ਸਮੁੱਚਾ ਗਿਆਨ ਨਿਕਲਿਆ ਹੈ, ਤੇ ਇਸੇ ਲਈ ਉਹ ਸਾਡਾ ਗੁਰੂ ਹੈ। “ {ਰੋਜ਼ਾਨਾ ਸਪੋਕਸਮੈਨ (ਮੇਰੀ ਨਿਜੀ ਡਾਇਰੀ ਦੇ ਪੰਨੇ) ੬ ਜੂਨ ੨੦੧੦}
ਉਪਰੋਕਤ ਅਤੇ ਇਸੇ ਤਰ੍ਹਾਂ ਦੀਆਂ ਅਨੇਕਾਂ ਹੋਰ ਲਿਖਤਾਂ ਸਿੱਧ ਕਰਦੀਆਂ ਹਨ ਕਿ ਸੌਦਾ ਸੰਪਾਦਕ ਗੁਰੂ ਗ੍ਰੰਥ ਸਾਹਿਬ ਨੂੰ ਵੀ ਗੁਰੂ ਨਹੀਂ ਮੰਨਦਾ। ਸਮੇਂ ਸਮੇਂ `ਤੇ ਇਸ ਨਾਲ ਡਟ ਕੇ ਖੜ੍ਹੇ ਵਿਦਵਾਨਾਂ ਨਾਲ ਇਸ ਸਬੰਧੀ ਵੀਚਾਰਾਂ ਹੁੰਦੀਆਂ ਤਾਂ ਉਹ ਇਹ ਹੀ ਜਵਾਬ ਦਿੰਦੇ ਕਿ ‘ਉਹ ਮੰਨਦੇ ਹਨ ਕਿ ਇਸ ਦੀਆਂ ਇਹ ਲਿਖਤਾਂ ਪੰਥ ਲਈ ਘਾਤਕ ਹਨ ਪਰ ਦੂਸਰੇ ਪਾਸੇ ਸੋਚੋ ਕਿ ਆਰਐੱਸਐੱਸ, ਦੇਹਧਾਰੀ ਗੁਰੂਆਂ, ਸੰਪ੍ਰਦਾਈਆਂ ਤੇ ਪੁਜਾਰੀਵਾਦ ਨੇ ਪੰਥ `ਤੇ ਚਹੁੰ ਤਰਫਾ ਹਮਲਾ ਕੀਤਾ ਹੋਇਆ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਆਪਣਾ ਫ਼ਰਜ਼ ਭੁਲਾ ਕੇ ਉਨ੍ਹਾਂ ਦੀ ਪਿੱਠ `ਤੇ ਖੜ੍ਹੇ ਹਨ, ਤਖ਼ਤਾਂ ਦੇ ਜਥੇਦਾਰ ਸ਼੍ਰੋਮਣੀ ਕਮੇਟੀ `ਤੇ ਕਾਬਜ਼ ਧੜੇ ਦੀਆਂ ਕਠਪੁਤਲੀਆਂ ਬਣੀਆਂ ਹੋਈਆਂ ਹਨ, ਇਹ ਸਾਰੇ ਮਿਲ ਕੇ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕਾਬਲੇ `ਤੇ ਦੂਸਰਾ ਗੁਰੂ ਸਥਾਪਤ ਕਰਨ ਲਈ ਬਜ਼ਿਦ ਹਨ। ਪੰਜਾਬ `ਚ ਐਸਾ ਕੋਈ ਹੋਰ ਮੀਡੀਆ ਨਹੀਂ ਜਿਹੜਾ ਆਪਣੀ ਕੋਈ ਖ਼ਬਰ ਲਾਉਂਦਾ ਹੋਵੇ। ਇਸ ਹਾਲਤ `ਚ ਕਿਸੇ ਪਾਸੇ ਤੋਂ ਕੋਈ ਆਸ ਦੀ ਕਿਰਨ ਨਹੀਂ ਦਿਸਦੀ। ਆਪਣੇ ਕੋਲ ਇੱਕੋ ਇੱਕ ਮੀਡੀਆ ਹੈ ਸਪੋਕਸਮੈਨ ਜਿਸ ਨੇ ਕਾਫੀ ਹੱਦ ਤੱਕ ਪੁਜਾਰੀਵਾਦ ਅਤੇ ਡੇਰੇਦਾਰ ਸਾਧਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ। ਜੇ ਆਪਾਂ ਇਸ ਦਾ ਵਿਰੋਧ ਕਰਕੇ ਇਸ ਨੂੰ ਕਮਜੋਰ ਕਰ ਲਿਆ ਤਾਂ ਉਹ ਫਿਰ ਸਿਰ ਚੁੱਕ ਲੈਣਗੇ। ` ਉਹ ਸਿਆਸੀ ਨੁਕਤਾ ਸਮਝਾਉਂਦੇ ਹੋਏ ਇਹ ਵੀ ਕਹਿੰਦੇ ਹਨ ਕਿ ਪਹਿਲਾਂ ਇਸ ਤੋਂ ਕੰਮ ਲੈ ਲਈਏ ਅਸੀਂ ਇੰਨੇ ਭੋਲ਼ੇ ਨਹੀਂ ਕਿ ਅੱਖਾਂ ਮੀਚ ਕੇ ਇਸ ਦੇ ਮਗਰ ਹੀ ਤੁਰੇ ਜਾਵਾਂਗੇ। ਜਦੋਂ ਪਾਣੀ ਸਿਰ ਤੋਂ ਲੰਘਣ ਲੱਗਾ ਝੱਟ ਇਸ ਦਾ ਸਾਥ ਛੱਡ ਦੇਵਾਂਗੇ।
ਉਕਤ ਸਲਾਹਕਾਰਾਂ ਦੀ ਸਲਾਹ ਮੰਨ ਕੇ, ਮੈਂ ਵੀ ਕਾਫੀ ਸਮਾਂ ਸੌਦਾ ਸੰਪਾਦਕ ਦਾ ਸਾਥ ਦਿੱਤਾ। ਪਰ ਉਹ ਸਮਝ ਚੁੱਕਾ ਸੀ ਕਿ ਵਿੱਚ ਰਹਿੰਦੇ ਹੋਏ ਕਿਰਪਾਲ ਸਿੰਘ ਬਾਕੀ ਸਮਰਥਕਾਂ ਨੂੰ ਵੀ ਖ਼ਰਾਬ ਕਰ ਸਕਦਾ ਹੈ ਇਸ ਲਈ ਉਸ ਨੇ ਮੈਨੂੰ ਬਾਹਰ ਕੱਢਣਾ ਹੀ ਠੀਕ ਸਮਝਿਆ। ਕਾਫੀ ਸਮਾਂ ਤਾਂ ਮੈਂ ਚੁੱਪ ਰਿਹਾ ਪਰ ਜਦ ਵੇਖਿਆ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ `ਤੇ ਹਮਲੇ ਤੇਜ ਕਰ ਰਿਹਾ ਹੈ ਤਾਂ ਮੈਂ ਆਪਣਾ ਕੌਮੀ ਫ਼ਰਜ਼ ਸਮਝ ਕੇ ਸਿੱਖ ਸੰਗਤਾਂ ਨੂੰ ਜਾਗ੍ਰਿਤ ਕਰਨ ਲਈ ਇਸ ਦੇ ਅਖ਼ਬਾਰ `ਚੋਂ ਮਿਤੀਆਂ ਸਹਿਤ ਹਵਾਲੇ ਦੇ ਕੇ ਲੇਖ ਲਿਖਣੇ ਸ਼ੁਰੂ ਕਰ ਦਿੱਤੇ। ਸੌਦਾ ਸੰਪਾਦਕ ਨੇ ਉਨ੍ਹਾਂ ਲੇਖਾਂ ਦਾ ਜਵਾਬ ਦੇਣ ਦੀ ਥਾਂ ਮੇਰੇ `ਤੇ ਇਹ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਕਿ ਇਸ ਦੀਆਂ ਆਪਹੁਦਰੀਆਂ ਕਾਰਣ ਇਸ ਨੂੰ ਕੱਢ ਦਿੱਤਾ ਗਿਆ ਜਿਸ ਕਾਰਣ ਗੁੱਸੇ ਵਿੱਚ ਆਇਆ ਇਹ ਲਿਖ ਰਿਹਾ ਹੈ ਤੇ ਦੂਸਰੇ ਪਾਸੇ ਇਸ ਦੇ ਸਮਰਥਕ ਮੈਨੂੰ ਮਨਾਉਣ ਦਾ ਯਤਨ ਕਰਦੇ ਰਹੇ ਕਿ ਇਹ ਕੌਮ ਵਿੱਚ ਕਾਫੀ ਜਾਗ੍ਰਿਤੀ ਪੈਦਾ ਕਰ ਰਿਹਾ ਹੈ ਇਸ ਲਈ ਉਸ ਨਾਲ ਮਿਲ ਕੇ ਚੱਲਿਆ ਜਾਵੇ। ਇਸ ਦੀਆਂ ਉਕਤ ਲਿਖਤਾਂ ਵਲ ਧਿਆਨ ਦਿਵਾਉਣ `ਤੇ ਉਨ੍ਹਾਂ ਦਾ ਜਵਾਬ ਇਹੀ ਹੁੰਦਾ ਸੀ ਕਿ ਅਸੀਂ ਸੰਪਾਦਕ ਨਾਲ ਗੱਲ ਕੀਤੀ ਹੈ ਉਹ ਤਾਂ ੧੦ ਗੁਰੂਆਂ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਨ। ਇਥੋਂ ਤੱਕ ਮੈਂ ਇਨ੍ਹਾਂ ਵੀਰਾਂ ਦੀ ਸੁਹਿਰਦਤਾ `ਤੇ ਕੋਈ ਸ਼ੱਕ ਨਹੀਂ ਸੀ ਕਰਦਾ ਪਰ ਉਸ ਅਖ਼ਬਾਰ ਲਈ ਪੱਤਰਕਾਰੀ ਕਰਨ ਤੋਂ ਇਨਕਾਰ ਕਰਦਾ ਰਿਹਾ ਕਿ ਜਦ ਤੱਕ ਉਹ ਆਪਣੀ ਨਿਜੀ ਡਾਇਰੀ ਜਾਂ ਸੰਪਾਦਕੀ ਵਿੱਚ ਸਪੱਸ਼ਟ ਨਹੀਂ ਕਰਦੇ, ਉਸ ਸਮੇਂ ਤੱਕ ਮੇਰਾ ਉਸ ਨਾਲ ਮਿਲ ਕੇ ਚੱਲਣਾ ਅਸੰਭਵ ਹੈ। ਅਖੀਰ ੨੮ ਅਗੱਸਤ ੨੦੧੦ ਨੂੰ ਪ੍ਰੋ: ਇੰਦਰ ਸਿੰਘ ਘੱਗਾ ਅਤੇ ਸ: ਗੁਰਚਰਨ ਸਿੰਘ ਜਿਉਣਵਾਲਾ ਜੀ ਮੇਰੇ ਘਰ ਆਏ ਅਤੇ ਦੋ ਨੁਕਤਿਆਂ `ਤੇ ਗੱਲਬਾਤ ਹੋਈ। ਪਹਿਲਾ ਨੁਕਤਾ ਸੀ ‘ਉਹ ਕਿਹੜਾ ਸ਼ਬਦ ਹੈ ਜਿਸ ਨੂੰ ਗੁਰੂ ਨਾਨਕ ਨੇ ਆਪਣਾ ਗੁਰੂ ਕਿਹਾ ਸੀ` ਅਤੇ ਦੂਸਰਾ ਸੀ ‘ਜੇਕਰ ਸਪੋਕਸਮੈਨ ਨਾਲ ਮਿਲ ਕੇ ਨਹੀਂ ਚੱਲ ਸਕਦੇ ਤਾਂ ਉਸ ਦਾ ਵਿਰੋਧ ਨਾ ਕਰੋ`। ਮੈਂ ਆਪਣੇ ਕੋਲੋਂ ਕੋਈ ਗੱਲ ਵਧਾ ਚੜ੍ਹਾ ਕੇ ਨਹੀਂ ਲਿਖੀ ਬਲਕਿ ਉਨ੍ਹਾਂ ਵਲੋਂ ਪੁੱਛੇ ਗਏ ਸੁਆਲਾਂ ਦੇ ਹੀ ਉੱਤਰ ਦਿੱਤੇ ਜੋ ਇਨ੍ਹਾਂ ਨੇ ਕੀਤੇ ਸਨ। ਮੇਰੇ ਵਲੋਂ ‘ਗੁਰੂ ਨਾਨਕ ਦਾ ਗੁਰੂ ਕੌਣ` ਲੇਖ ਛਪ ਜਾਣ ਪਿੱਛੋਂ ਇੱਕ ਪਾਸੇ ਤਾਂ ਇਹ ਵੀਰ ਦੋਸ਼ ਲਾ ਰਹੇ ਹਨ ਕਿ ਜਿਹੜੀਆਂ ਗੱਲਾਂ ਹੋਈਆਂ ਹੀ ਨਹੀਂ ਉਨ੍ਹਾਂ ਨੂੰ ਉਛਾਲਣ ਵਿੱਚ ਇਹ ਪੱਤਰਕਾਰ ਬੜਾ ਮਾਹਰ ਹੈ ਅਤੇ ਦੂਸਰੇ ਪਾਸੇ ਸ: ਗੁਰਚਰਨ ਸਿੰਘ ਵਲੋਂ ਲਿਖਤੀ ਰੂਪ ਵਿੱਚ ਵੀ ਉਹ ਸਵਾਲ ਇੰਟਰਨੈੱਟ `ਤੇ ਪਾਏ ਅਤੇ ਕਿਹਾ ਕਿ ਅਸੀਂ ਤਾਂ ਆਹ ਸਵਾਲ ਹੀ ਕੀਤੇ ਸਨ। ਸ: ਗੁਰਚਰਨ ਸਿੰਘ ਦੇ ਪੱਤਰ ਵਿਚੋਂ ਵੀ ਪੜ੍ਹ ਕੇ ਵੇਖ ਲਵੋ ਉਹ ਸਪੋਕਸਮੈਨ ਦੀਆਂ ਹਵਾਲੇ ਅਧੀਨ ਉਕਤ ਲਿਖਤਾਂ ਨਾਲ ਹੀ ਮਿਲਦੇ ਹਨ ਤੇ ਇਨ੍ਹਾਂ ਸਵਾਲਾਂ ਦੇ ਜਵਾਬ ਹੀ ਦਿੱਤੇ ਗਏ ਸਨ। ਇਸ ਲੇਖ ਨੇ ਸੌਦਾ ਸੰਪਾਦਕ ਅਤੇ ਉਸ ਦੇ ਸਮਰਥਕਾਂ ਨੂੰ ਅਤਿਅੰਤ ਤਕਲੀਫ ਪਹੁਚਾਈ, ਉਸ ਸਮੇਂ ਤੋਂ ਇੰਡੀਆ ਅਵੇਰਨੈੱਸ ਅਤੇ ਸਿੱਖ ਮਾਰਗ `ਤੇ ਭਰਵੀਂ ਬਹਿਸ ਵੀ ਚੱਲ ਰਹੀ ਹੈ ਪਰ ਅੱਜ ਤੱਕ ਕਿਸੇ ਨੇ ਵੀ ਨਾ ਤਾਂ ਉਕਤ ਲਿਖਤਾਂ ਦਾ ਸਪੱਸ਼ਟੀਕਰਨ ਦਿੱਤਾ ਅਤੇ ਨਾ ਹੀ ਮੇਰੇ ਲੇਖ ਨਾਲ ਸਹਿਮਤੀ ਪ੍ਰਗਟ ਕੀਤੀ ਸਗੋਂ ਮੇਰੇ `ਤੇ ਘਟੀਆ ਊਝਾਂ ਲਾ ਕੇ ਆਪਣੀ ਜਾਗਰੂਕਤਾ ਦਾ ਜਲੂਸ ਕੱਢ ਰਹੇ ਹਨ। ਇੱਕ ਨੇ ਕਿਹਾ ਜੋਗਿੰਦਰ ਸਿੰਘ ਹਾਥੀ ਹੈ ਅਤੇ ਸਾਰੇ ਮਿਸ਼ਨਰੀ ਕੀੜੀ ਬਰਾਬਰ ਹਾਂ। ਦੂਜੇ ਨੇ ਕਿਹਾ ਕਿ ਘਰ ਵਿੱਚ ਬੈਠ ਕੇ ਹੋਈ ਗੱਲਬਾਤ ਨੂੰ ਮੀਡੀਏ ਵਿੱਚ ਲੈ ਜਾਣ ਦਾ ਤੁਹਾਡਾ ਕੀ ਮਤਲਬ ਹੋਇਆ। ਜੇ ਤਹਾਡਾ ਮਕਸਦ ਜੋਗਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਬਦਨਾਮ ਕਰਨ ਦਾ ਹੀ ਹੈ ਤਾਂ ਉਹ ਪੂਰਾ ਹੋ ਗਿਆ ਹੈ ਹੁਣ ਕੋਈ ਹੋਰ ਗੱਲ ਕਰੋ। ਤੀਜੇ ਨੇ ਕਿਹਾ ਸਿਆਣੇ ਸੰਪਾਦਕ ਨੇ ਗੁਰਨਾਮ ਸਿੰਘ ਅਕੀਦਾ ਅਤੇ ਕਿਰਪਾਲ ਸਿੰਘ ਨੂੰ ਉਨ੍ਹਾਂ ਦੀਆਂ ਆਪ ਹੁਦਰੀਆਂ ਕਾਰਨ ਕੱਢ ਦਿੱਤਾ ਤੇ ਹੁਣ ਉਹ ਕੱਢੇ ਹੋਏ ਪੱਤਰਕਾਰ ਉਸ ਨੂੰ ਬਦਨਾਮ ਕਰਨ `ਤੇ ਲੱਗੇ ਹੋਏ ਹਨ। ਚੌਥੇ ਨੇ ਕਿਹਾ, ਜਿਹੜੀਆਂ ਗੱਲਾਂ ਕਦੀ ਹੋਈਆਂ ਹੀ ਨਹੀਂ ਉਨ੍ਹਾਂ ਨੂੰ ਉਛਾਲਣ ਵਿੱਚ ਤਾਂ ਇਹ ਪੱਤਰਕਾਰ ਬੜਾ ਮਾਹਰ ਹੈ ਪਰ ਜਿਹੜੀ ਗਿਆਨੀ ਹਰਿੰਦਰ ਸਿੰਘ ਅਲਵਰ ਨੇ ਬਚਿੱਤਰ ਨਾਟਕ ਚੋਂ ਤੁਕਾਂ ਪੜ੍ਹੀਆਂ ਅਤੇ ਕਰੋੜਾਂ ਸੰਗਤਾਂ ਨੇ ਟੀਵੀ ਚੈਨਲ ਰਾਹੀਂ ਸੁਣੀਆਂ, ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਕੇ ਉਸ ਨੇ ਸੰਗਤਾਂ ਨਾਲ ਧੋਖਾ ਕੀਤਾ ਹੈ। ਉਹ ਦੱਸੇ ਕਿ ਗਿਆਨੀ ਅਲਵਰ ਵਲੋਂ ਕਹੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਲਈ ਉਸ ਨਾਲ ਕਿੰਨੇ ਵਿੱਚ ਸੌਦਾ ਹੋਇਆ ਹੈ। ਪੰਜਵੇਂ ਨੇ ਕਿਹਾ ਇਸ ਗੁਮਨਾਮ ਜਿਹੇ ਵਿਅਕਤੀ ਦੇ ਲੇਖ ਅਤੇ ਟਿਪਣੀਆਂ ਸਪੋਕਸਮੈਨ `ਚ ਛਪਣ ਕਰਕੇ ਇਸ ਦੀ ਪੰਥ ਵਿੱਚ ਪਹਿਚਾਣ ਬਣ ਗਈ ਤਾਂ ਇਸ ਦਾ ਦਿਮਾਗ਼ ਖ਼ਰਾਬ ਹੋ ਗਿਆ ਹੈ ਅਤੇ ਇਸ ਦੇ ਆਪ ਹੁਦਰੇਪਨ ਕਾਰਣ ਕੱਢੇ ਜਾਣ `ਤੇ ਸਪੋਕਸਮੈਨ ਵਿਰੁਧ ਜ਼ਹਿਰ ਉਗਲਣ ਲੱਗ ਪਿਆ ਹੈ। ਇਸੇ ਤਰ੍ਹਾਂ ਇਨ੍ਹਾਂ ਦੇ ਬਾਕੀ ਦੇ ਸਾਥੀ ਆਪ ਕਿਸੇ ਭੁਲੇਖੇ ਵਿੱਚ ਤਾਂ ਨਹੀਂ ਪਰ ਪਾਠਕਾਂ ਦਾ ਅਸਲੀ ਗੱਲ ਤੋਂ ਧਿਆਨ ਲਾਂਭੇ ਕਰਨ ਲਈ ਵੱਖ ਵੱਖ ਊਝਾਂ ਲਾਉਂਦੇ ਹੋਏ ਆਪਣੇ ਪਹਿਲਾਂ ਲਾਏ ਦੋਸ਼ਾਂ ਨੂੰ ਆਪ ਹੀ ਕੱਟ ਰਹੇ ਹਨ ਜਿਵੇਂ ਇੱਕ ਨੇ ਕਿਹਾ ਕਿ ਏਕਸ ਕੇ ਬਾਰਕ ਦੀਆਂ ਮੀਟਿੰਗਾਂ ਵਿੱਚ ਇਸ ਵਲੋਂ ਨਿਭਾਇਆ ਜਾਂਦਾ ਰੋਲ ਹੀ ਇਸ ਨੂੰ ਕੱਢਣ ਲਈ ਕਾਫੀ ਸੀ ਪਰ ਸਾਡੀ ਸਿਫ਼ਾਰਸ਼ `ਤੇ ਇਸ ਨੂੰ ਕੁੱਝ ਸਮਾਂ ਹੋਰ ਦਿੱਤਾ ਗਿਆ ਪਰ ਇਹ ਫਿਰ ਵੀ ਆਪਹੁਦਰੀਆਂ ਕਰਨ `ਤੇ ਨਾ ਰੁਕਿਆ ਤਾਂ ਇਸ ਨੂੰ ਕੱਢ ਦਿੱਤਾ ਗਿਆ। ਦੂਜੇ ਨੇ ਕਿਹਾ ਮੈਂ ਖ਼ੁਦ ਇਸ ਨੂੰ ਮੁੜ ਰੱਖਣ ਲਈ ਸ: ਜੋਗਿੰਦਰ ਸਿੰਘ ਕੋਲ ਲੈ ਕੇ ਜਾਂਦਾ ਰਿਹਾ ਹਾਂ ਪਰ ਉਹ ਨਹੀਂ ਮੰਨੇ। ਇਨ੍ਹਾਂ ਦਾ ਦੂਜਾ ਸਾਥੀ ਲਿਖਤੀ ਰੂਪ ਵਿੱਚ ਮੰਨ ਚੁੱਕਾ ਹੈ ਕਿ ਅਸੀਂ ਕਿਰਪਾਲ ਸਿੰਘ ਨੂੰ ਇਹ ਕਹਿਣ ਗਏ ਸੀ ਕਿ ਜੇ ਉਹ ਸਪੋਕਸਮੈਨ ਨਾਲ ਕੰਮ ਨਹੀਂ ਕਰ ਸਕਦੇ ਤਾਂ ਉਸ ਦਾ ਵਿਰੋਧ ਨਾ ਕਰਨ। ਇਹ ਕਥਨ ਇਨ੍ਹਾਂ ਦੇ ਪਹਿਲੇ ਕਥਨਾਂ ਨੂੰ ਕੱਟ ਰਿਹਾ ਹੈ ਕਿੳਂਕਿ ਇਨ੍ਹਾਂ ਅਨੁਸਾਰ ਮੈਂ ਤਾਂ ਮੁੜ ਸਪੋਕਸਮੈਨ `ਚ ਪੱਤਰਕਾਰ ਬਣਨ ਲਈ ਇਨ੍ਹਾਂ ਦੀਆਂ ਮਿਨਤਾਂ ਕਰਦਾ ਹੀ ਰਿਹਾ ਹਾਂ ਫਿਰ ਇਹ ਮੈਨੁੰ ਮਨਾਉਣ ਕੀ ਆਏ ਸਨ? ਜਿਸ ਵਿਸ਼ੇ `ਤੇ ਲੇਖ ਲਿਖਿਆ ਜਾ ਰਿਹਾ ਹੈ ਉਸ ਸਦੰਰਭ `ਚ ਅਜੇਹੇ ਸਪੱਸ਼ਟੀਕਰਨ ਦੇਣ ਦੀ ਕੋਈ ਲੋੜ ਨਹੀਂ ਪਰ ਟੂਕਮਾਤਰ ਦੇਣ ਦੀ ਲੋੜ ਇਸ ਲਈ ਪਈ ਕਿਉਂਕਿ ਇਹ ਸਾਰੇ ਠੱਗਾਂ ਦੇ ਉਸ ਗਰੋਹ ਵਾਂਗ ਕੰਮ ਕਰ ਰਹੇ ਹਨ ਜਿਨ੍ਹਾਂ ਨੇ ਬੱਕਰੀ ਦਾ ਬੱਚਾ ਚੁੱਕੀ ਜਾਂਦੇ ਇੱਕ ਭੋਲੇ ਭਾਲੇ ਕਿਸਾਨ ਨੂੰ ਠੱਗਣ ਲਈ ਵੱਖ ਵੱਖ ਥਾਂਈ ਇੱਕ ਤੋਂ ਬਆਦ ਦੂਜੇ ਨੇ ਕਿਹਾ ਕਿ ਇਸ ਕਾਲੇ ਕੁੱਤੇ ਨੂੰ ਮੋਢਿਆਂ `ਤੇ ਕਿਉਂ ਚੁੱਕੀ ਜਾਂਦਾ ਹੈਂ? ੪-੫ ਤੋਂ ਇੱਕੋ ਸਵਾਲ ਸੁਣ ਕੇ ਕਿਸਾਨ ਨੂੰ ਲੱਗਾ ਕਿ ਇਤਨੇ ਜਣੇ ਤਾਂ ਗਲਤ ਨਹੀਂ ਹੋਣਗੇ ਸ਼ਾਇਦ ਮੈਨੂੰ ਹੀ ਗਲਤੀ ਲੱਗੀ ਹੋਵੇ, ਇਸ ਲਈ ਉਸ ਨੇ ਉਹ ਪਠੋਰਾ ਸੁੱਟ ਦਿੱਤਾ ਜਿਸ ਨੂੰ ਪਿਛੇ ਆ ਰਹੇ ਠੱਗ ਨੇ ਚੁੱਕ ਲਿਆ। ਇਸੇ ਤਰ੍ਹਾਂ ਅਸਲੀ ਗੱਲ ਤੋਂ ਧਿਆਨ ਹਟਾਉਣ ਲਈ ਇਹ ਸਾਰੇ ਹਿਜ਼ ਮਾਸਟਰਜ਼ ਵੋਇਸ (His Master`s Voice) ਬਣ ਕੇ ਇੱਕ ਟੀਮ ਦੇ ਤੌਰ `ਤੇ ਕੰਮ ਕਰ ਰਹੇ ਹਨ। His Master`s Voice ਕੌਣ ਹੁੰਦੇ ਹਨ ਇਸ ਦੀ ਵਿਆਖਿਆ ਕਰਨ ਦੀ ਇੱਥੇ ਲੋੜ ਨਹੀਂ ਕਿਉਂਕਿ ਗਿਆਨੀ ਹਰਿੰਦਰ ਸਿੰਘ ਅਲਵਰ ਇਸ ਦੀ ਬੜੇ ਵਿਸਥਾਰ ਨਾਲ ਗੁਰਦੁਆਰਾ ਬੰਗਲਾ ਸਾਹਿਬ ਤੋਂ ਚੜ੍ਹਦੀਕਲਾ ਟੀਵੀ ਰਾਹੀਂ ਵਿਆਖਿਆ ਕਰ ਚੁੱਕੇ ਹਨ। ਭਾਵੇਂ ਕਿ ਉਸ ਵੇਲੇ ਉਨ੍ਹਾਂ ਦਾ ਇਸ਼ਾਰਾ ਅਖੌਤੀ ਜਥੇਦਾਰਾਂ ਵਲ ਸੀ ਪਰ ਹਾਲਾਤ ਇਥੇ ਵੀ ਅਜੇਹੇ ਹਨ ਕਿ ਜਿਹੜੇ ਕਿਸੇ ਵੇਲੇ ਮੇਰੀ ਸਿਫਤ ਕਰਦੇ ਸਨ ਉਹ ਹੀ ਅੱਜ ਮੇਰੇ `ਤੇ ਊਝਾਂ ਲਗਾਉਣ ਲੱਗ ਪਏ ਹਨ। ਆਪਣੇ ਮਿੱਤਰਾਂ ਦੀ ਅਜੇਹੀ ਹਾਲਤ ਵੇਖ ਕੇ ਜਿਥੇ ਦੁੱਖ ਹੋ ਰਿਹਾ ਹੈ ਉਥੇ ਇਨ੍ਹਾਂ `ਤੇ ਤਰਸ ਵੀ ਆ ਰਿਹਾ ਹੈ। ਇਨ੍ਹਾਂ ਦੇ ਇੱਕ ਟੀਮ ਵਜੋਂ ਕੰਮ ਕਰਨ ਦਾ ਸਬੂਤ ਇਨ੍ਹਾਂ ਆਪ ਹੀ ਦੇ ਦਿੱਤਾ ਹੈ ਕਿ ਪਹਿਲਾਂ ਤਾਂ ਜਿਸ ਗੁਰਨਾਮ ਸਿੰਘ ਅਕੀਦੇ ਦੀ ਇਸ ਤੋਂ ਪਹਿਲਾਂ ਕਦੀ ਕੋਈ ਰਚਨਾ ਸਿੱਖ ਮਾਰਗ `ਤੇ ਪਈ ਹੀ ਨਹੀਂ ਸੀ, ਉਸ ਦਾ ਨਾਮ ਇਨ੍ਹਾਂ ਦੇ ਇੱਕ ਸਾਥੀ ਨੇ ਖਾਹ ਮਖਾਹ ਹੀ ਘਸੀਟਿਆ ਅਤੇ ਫਿਰ ਉਨ੍ਹਾਂ ਵਲੋਂ ਕੀਤੀ ਇਸ ਪੁੱਛ ‘ਅਖੌਤੀ ਦਸ਼ਮ ਗਰੰਥ ਦੇ ਨਾਂ ਉਤੇ ਕੀ ਫਿਰ ਤੁਸੀਂ ਸਿਰੀ ਗੁਰੂ ਗਰੰਥ ਸਾਹਿਬ ਨੂੰ ਵੀ ਮੁੜ ਸੰਪਾਦਨ ਕਰਨ ਦੇ ਹਾਮੀ ਹੋ? ` ਨੂੰ ਤਾਂ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰ ਰਹੇ ਹਨ ਪਰ ਪੂਰੀ ਟੀਮ ਦੇ ਦਸਖ਼ਤਾਂ ਹੇਠ ਉਨ੍ਹਾਂ ਨੂੰ ਦੋ ਚਿਠੀਆਂ ਲਿਖੀਆਂ ਜਿਨ੍ਹਾਂ ਦਾ ਤੱਤਸਾਰ ਸੀ, ‘ਸਾਨੂੰ ਤੁਹਾਡਾ ਨਵੀਂ ਬਹਿਸ ਸ਼ੁਰੂ ਕਰਨ ਦਾ ਸੱਦਾ ਪ੍ਰਵਾਨ ਹੈ। ਬਹਿਸ ਲਈ ਜਿਸ ਵਿਸ਼ੇ ਦੀ ਤੁਸੀ ਚੋਣ ਕੀਤੀ ਹੈ ਉਹ ਹੈ `ਅਖੌਤੀ ਦਸਮ ਗ੍ਰੰਥ`। ਇਸ ਬਹਿਸ ਵਿੱਚ ਕਿਸੇ ਤੀਜੇ ਵਿਅਕਤੀ ਦਾ ਨਾਮ ਨਹੀਂ ਆਉਣਾ ਚਾਹੀਦਾ। ਜੇ ਕਿਸੇ ਨਾਲ ਤੁਹਡਾ ਕੋਈ ਨਿਜੀ ਮੱਤਭੇਦ ਹੈ ਤਾਂ ਉਸ ਨੂੰ ਆਪਣੀ ਵੈਬ ਸਾਈਟ `ਇੰਡੋ ਪੰਜਾਬ` ਤੇ ਨਜਿਠੋ। ` ਇਸ ਦਾ ਸਿੱਧਾ ਭਾਵ ਹੈ ਕਿ ਇਹ ਵੀਰ ਸੌਦਾ ਸੰਪਾਦਕ ਦੇ ਹੱਕ ਵਿੱਚ ਡਟ ਕੇ ਖੜ੍ਹੇ ਹਨ ਇਸੇ ਲਈ ਉਸ ਵਲੋਂ ਧਿਆਨ ਹਟਾ ਕੇ ਸਿਰਫ ਅਖੌਤੀ ਦਸਮ ਗ੍ਰੰਥ ਤੇ ਕੇਂਦਰਿਤ ਕਰਕੇ ਸੌਦਾ ਸੰਪਾਦਕ ਨੂੰ ਹੀਰੋ ਦੇ ਰੂਪ `ਚ ਉਭਾਰਨਾ ਚਾਹੁੰਦੇ ਹਨ ਕਿ ਸਿਰਫ ਇਸ ਦੀ ਅਗਵਾਈ `ਚ ਹੀ ਦਸਮ ਗ੍ਰੰਥ ਵਿਰੁਧ ਲੜਾਈ ਜਿਤੀ ਜਾ ਸਕਦੀ ਹੈ ਅਤੇ ਇਸ ਦਾ ਵਿਰੋਧ ਕਰਨ ਵਾਲੇ ਨਾਨਕ ਫ਼ਲਸਫ਼ੇ ਦੇ ਵਿਰੋਧੀ ਹਨ। ਜੇ ਇਨ੍ਹਾਂ ਦੀ ਭਾਵਨਾ ਸਹੀ ਹੁੰਦੀ ਤਾਂ ਇਨ੍ਹਾਂ ਦੇ ਨਾਲ ਦਸਤਖ਼ਤ ਕਰਨ ਵਾਲੇ ਇੱਕ ਸਾਥੀ ਨੂੰ ਪੁਛਦੇ ਕਿ ਕੀ ਤੇਰੀ ਤਸੱਲੀ ਹੋ ਗਈ ਹੈ ਕਿ ਗੁਰੂ ਨਾਨਕ ਨੇ ਕਿਹੜੇ ਸ਼ਬਦ ਨੂੰ ਗੁਰੂ ਆਖਿਆ ਸੀ? ਜੇ ਨਹੀਂ ਹੋਈ ਤਾਂ ਸਭ ਤੋਂ ਪਹਿਲਾਂ ਇਸ ਸਬੰਧੀ ਚੱਲ ਰਹੀ ਬਹਿਸ ਵਿੱਚ ਆਪਣਾ ਯੋਗਦਾਨ ਪਾਉਂਦੇ ਅਤੇ ਇਹ ਸਵਾਲ ਖੜ੍ਹਾ ਕਰਨ ਵਾਲੇ ਸੰਪਾਦਕ ਨੂੰ ਪੁਛਦੇ ਕਿ ਉਸ ਨੂੰ ਗੁਰੂ ਨਾਨਕ ਸਾਹਿਬ ਦੱਸ ਕੇ ਗਏ ਸਨ ਜਾਂ ਸਿੱਧਾ ਅਕਾਲ ਪੁਰਖ਼ ਨੇ ਆ ਕੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਕੋਈ ਸ਼ਬਦ ‘ਗੁਰੂ` ਨਹੀਂ ਹੈ, ਗੁਰੂ ਤਾਂ ਆਹ ‘ਸ਼ਬਦ` ਹੈ ਜਿਹੜਾ ਮੈਂ ਸ੍ਰਿਸਟੀ ਸਾਜਨ ਵੇਲੇ ਉਚਾਰਿਆ ਸੀ। ਕਿਉਂਕਿ ਸ੍ਰਿਸ਼ਟੀ ਸਾਜਨ ਵੇਲੇ ਹੋਰ ਕੋਈ ਦੂਜਾ ਮਨੁਖ ਤਾਂ ਉਸ ਵੇਲੇ ਹਾਜ਼ਰ ਹੀ ਨਹੀਂ ਸੀ ਫਿਰ ਤੀਜਾ ਕਿਹੜਾ ਮਨੁਖ ਇਸ ਦੇ ਕੰਨ ਵਿੱਚ ਫੁਕ ਮਾਰ ਗਿਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਕੋਈ ਸ਼ਬਦ ਗੁਰੂ ਨਹੀਂ ਹੈ। ਜਦ ਤੱਕ ਸਾਨੂੰ ਆਪਣੇ ਗੁਰੂ ਸਬੰਧੀ ਹੀ ਜਾਣਕਾਰੀ ਨਹੀਂ ਉਸ ਦੇ ਨਾਮ `ਤੇ ਬਹਿਸ ਕਰਨੀ ‘ਨਾਨਕ ਲੇਖੈ ਇੱਕ ਗਲ ਹੋਰੁ ਹਉਮੈ ਝਖਣਾ ਝਾਖ।। ` ਵਾਂਗ ਹੀ ਹੈ ਪਰ ਇਨ੍ਹਾਂ ਵੀਰਾਂ ਨੇ ਤਾਂ ਲੇਖੈ ਵਾਲੀ ਇੱਕ ਗੱਲ ਕਰਨ ਦੀ ਥਾਂ ਹਊਂਮੈ ਵਿੱਚ ਆ ਕੇ ਅਤੇHis Master`s Voice ਬਣਕੇ ਨਿਜੀ ਦੂਸ਼ਣਬਾਜ਼ੀ ਕਰ ਕੇ ਝਖਣਾ ਝਾਖਣ ਤੋਂ ਸਿਵਾਏ ਹੋਰ ਕੁੱਝ ਨਹੀਂ ਕੀਤਾ। ਸਿੱਖ ਮਾਰਗ ਦੇ ਸੰਪਾਦਕ ਸ: ਮੱਖਣ ਸਿੰਘ ਸਿੰਘ ਵਲੋਂ ਲਏ ਗਏ ਫੈਸਲੇ ਅਨੁਸਾਰ ਇਹ ਬਹਿਸ ੩੧ ਦਸੰਬਰ ਤਕ ਚੱਲਣੀ ਹੈ ਇਸ ਲਈ ਉਸ ਤੋਂ ਪਹਿਲਾਂ ਪਹਿਲਾਂ ਇਸ ਦਾ ਉੱਤਰ ਉਸ ਤੋਂ ਪੁੱਛ ਕੇ ਦੇਣ ਤਾ ਕਿ ਬਹਿਸ ਦਾ ਸੁਖਾਵਾਂ ਅੰਤ ਹੋ ਸਕੇ। ਨਹੀਂ ਤਾਂ ਇਹ ਸਮਝਿਆ ਜਾਵੇਗਾ ਕਿ ਇਸ ਬਹਿਸ `ਚ ਹਿੱਸਾ ਲੈਣ ਵਾਲੇ ਅਤੇ ਉਸ ਦਾ ਸਮਰਥਨ ਕਰਨ ਵਾਲੇ, ਮੌਜੂਦਾ ਗੁਰੂ ਗ੍ਰੰਥ ਸਾਹਿਬ ਨੂੰ ਰੱਦ ਕਰਨ ਲਈ ਸਾਰੇ ਉਸ ਦੇ ਸਹਾਇਕ ਵਜੋਂ ਕੰਮ ਕਰ ਰਹੇ ਹਨ। ਕਿਉਂਕਿ ਗੁਰੂ ਗ੍ਰੰਥ ਸਾਹਿਬ `ਚ ਬਾਕੀ ੫ ਗੁਰੂਆਂ, ਸਮੂਹ ਭਗਤਾਂ ਅਤੇ ਭੱਟਾਂ ਦੀ ਬਾਣੀ ਨੂੰ ਤਾਂ ਉਹ ਪਹਿਲਾਂ ਹੀ ਨਾਨਕ ਫ਼ਲਸਫ਼ੇ ਦੀ ਵਿਰੋਧੀ ਗਰਦਾਨ ਚੁੱਕਿਆ ਹੈ ਅਤੇ ਅਸਲੀ ਨਾਨਕ ਬਾਣੀ ਬਾਰੇ ਲਿਖ ਚੁੱਕਿਆ ਹੈ ਕਿ ਉਹ ਸ੍ਰੀ ਚੰਦੀਆਂ ਨੇ ਸਾੜ ਦਿੱਤੀ ਸੀ। ਬੇਸ਼ੱਕ ਉਹ ਇਸ ਸਬੰਧੀ ਅਖੌਤੀ ਮੁਆਫ਼ੀ ਮੰਗਣ ਦਾ ਢਕਵੰਜ ਰਚ ਚੁੱਕਿਆ ਹੈ ਪਰ ਆਪਣੇ ਇਸ ਸਟੈਂਡ `ਤੇ ਉਸੇ ਤਰ੍ਹਾਂ ਖੜ੍ਹਾ ਹੈ ਜਿਸ ਦੇ ਸਬੂਤ ਵਜੋਂ ੨੧ ਦਸੰਬਰ ਦੀ ਸੰਪਾਦਕੀ ਵਿੱਚ ਹੀ ਭਾਈ ਕਾਹਨ ਸਿੰਘ ਨਾਭਾ ਦੇ ਹਵਾਲੇ ਨਾਲ ਲਿਖ ਚੁਕਿਆ ਹੈ ਕਿ ‘ਰਾਗਮਾਲਾ ਇਤਨੀ ਦੁਖਦਾਇਕ ਵਸਤੂ ਨਹੀਂ ਉਸ ਤੋਂ ਵੀ ਵਧੀਕ ਬੁਰੇ ਲੇਖ ਕਈ ਗੁਰੂ ਗ੍ਰੰਥ ਸਾਹਿਬਾਂ ਵਿੱਚ ਪਾਏ ਜਾਂਦੇ ਹਨ। ` ਹੋ ਸਕਦਾ ਹੈ ਕਿ ਭਾਈ ਕਾਹਨ ਸਿੰਘ ਨਾਭਾ ਦਾ ਸੰਕੇਤ ਉਨ੍ਹਾਂ ਖਾਰੀਆਂ ਬੀੜਾਂ ਵੱਲ ਹੋਵੇ ਜਿਹੜੀਆਂ ਰੱਦ ਕੀਤੀਆਂ ਜਾ ਚੁਕੀਆਂ ਹਨ। ਪਰ ਇਸ ਨੇ ਤਾਂ ਆਪਣੀ ਗੱਲ ਸਿਧ ਕਰਨ ਲਈ ਵਰਤ ਲਈ। ਜਾਗਰੂਕ ਕਹਾਉਣ ਵਾਲੇ ਉਸ ਦੇ ਸਮਰਥਕ ਚੁੱਪ ਹਨ ਤੇ ਜੇ ਕਰ ਕੋਈ ਹੋਰ ਇਸ ਵਲ ਧਿਆਨ ਦਿਵਾਉਣ ਦਾ ਯਤਨ ਕਰਦਾ ਹੈ ਤਾਂ ਉਸ ਦਾ ਹਾਲ ਇਹ ਤਾਜ਼ਾ ਚੱਲ ਰਹੀ ਬਹਿਸ ਦਾ ਕਚੂੰਬਰ ਕੱਢਣ ਵਾਂਗ ਕਰਦੇ ਹਨ। ਵੀਰੋ ਯਾਦ ਰੱਖੋ ਗੁਰੂ ਗ੍ਰੰਥ ਸਾਹਿਬ ਦੀ ਸਿਰਮੌਰਤਾ ਕਾਇਮ ਰੱਖਣ ਲਈ ਅਖੌਤੀ ਦਸਮ ਗ੍ਰੰਥ ਦਾ ਵਿਰੋਧ ਜਰੂਰੀ ਹੈ, ਪਰ ਇਸ ਤੋਂ ਪਹਿਲਾਂ ਜਰੂਰੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਬਚਾਉਣਾ। ਦੱਸੋ ਇਸ ਦੀ ਹੋਂਦ ਬਚਾਉਣ ਲਈ ਤੁਸੀਂ ਕੀ ਕਰ ਰਹੇ ਹੋ? ਜੇ ਹੁਣ ਨਾ ਸੰਭਲੇ ਤਾਂ ਗੁਰੂ ਨਾਨਕ ਦਾ ਸਾਡੇ ਕੋਲ ਅਸਲੀ ਕੁੱਝ ਵੀ ਨਹੀਂ ਰਹਿਣਾ ਅਤੇ ਜਿਸ ਨੂੰ ਤੁਸੀਂ ਪੂਰਨ ਸੱਚ ਕਹਿ ਸਕੋਗੇ ਸ਼ਾਇਦ ਉਹ ਇਸ ਦੀਆਂ ਸੰਪਾਦਕੀਆਂ ਜਾਂ ਨਿਜੀ ਡਾਇਰੀਆਂ ਹੀ ਰਹਿ ਜਾਣ।
ਬੇਸ਼ੱਕ ਲੇਖ ਪਹਿਲਾਂ ਹੀ ਕਾਫੀ ਲੰਬਾ ਹੋ ਗਿਆ ਹੈ ਪਰ ਇਹ ਦੱਸੋ ਕਿ ਤੁਸੀਂ ਦਸਮ ਗ੍ਰੰਥੀਆਂ ਨਾਲੋਂ ਕਿਵੇਂ ਭਿੰਨ ਹੋ? ਦਸਮ ਗ੍ਰੰਥ `ਚੋਂ ਕੁੱਝ ਤੁਕਾਂ ਦੇ ਹਵਾਲੇ ਦੇਣ ਵਾਲੇ ਨੂੰ ਉਹ ਕਹਿੰਦੇ ਹਨ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਨਿੰਦਾ ਕਰਦਾ ਹੈ। ਸੌਦਾ ਸੰਪਾਦਕ ਦੀ ਲਿਖਤਾਂ `ਚੋਂ ਹਵਾਲੇ ਦੇਣ ਵਾਲੇ ਨੂੰ ਤੁਸੀਂ ਵੀ ਕਹਿੰਦੇ ਹੋ ਕਿ ਇਹ ਸਿਆਣੇ ਸੰਪਾਦਕ ਦੀ ਨਿੰਦਾ ਕਰਦਾ ਹੈ। ਦਸਮ ਗ੍ਰੰਥੀ ਕਹਿੰਦੇ ਹਨ ਕਿ ਦਸਮ ਗ੍ਰੰਥ ਦਾ ਵਿਵਾਦ ਖੜ੍ਹਾ ਕਰਨ ਵਾਲੇ ਪੰਥ `ਚ ਫੁਟ ਪਾ ਰਹੇ ਹਨ। ਤੁਸੀਂ ਕਹਿ ਰਹੇ ਹੋ ਕਿ ਸੌਦਾ ਸੰਪਾਦਕ ਦਾ ਵਿਰੋਧ ਕਰਨ ਵਾਲੇ ਜਾਗਰੂਕ ਸਿੱਖਾਂ ਵਿੱਚ ਫੁਟ ਪਾ ਰਹੇ ਹਨ। ਦਸਮ ਗ੍ਰੰਥੀਏ ਕਹਿੰਦੇ ਹਨ ਕਿ ਦਸਮ ਗ੍ਰੰਥ ਦਾ ਵਿਰੋਧ ਕਰ ਰਹੇ ਅਖੌਤੀ ਵਿਦਵਾਨ ਜੇ ਪਿਆਰ ਨਾਲ ਸਮਝਾਇਆਂ ਨਾ ਸਮਝਣ ਤਾਂ ਉਨ੍ਹਾਂ ਨੂੰ ‘ਅਕਲਦਾਨ` ਭਾਵ ਸੋਟੇ ਨਾਲ ਹੀ ਸਮਝਾਇਆ ਜਾ ਸਕਦਾ ਹੈ। ਤੁਹਾਡਾ ਇੱਕ ਸਾਥੀ ਵੀ ‘ਪਿਛਲੇ ਅਗਲੇ ਕਰਮਾਂ ਦੇ ਲੇਖੇ ਜੋਖੇ` ਲੇਖ ਵਿੱਚ ਲਿਖ ਰਿਹਾ ਹੈ, ‘ਸਿਆਣਿਆਂ ਨੂੰ ਤਾਂ ਇਸ਼ਾਰਾ ਹੀ ਕਾਫੀ ਹੁੰਦਾ ਹੈ ਪਰ … … ਨੂੰ ਡੰਡੇ ਨਾਲ ਸਮਝਾਇਆ ਜਾ ਸਕਦਾ ਹੈ। ` ਦਸਮ ਗ੍ਰੰਥੀਏ ਕਹਿੰਦੇ ਹਨ ਕਿ ਦਸਮ ਗ੍ਰੰਥ ਦਾ ਵਿਰੋਧ ਕਰਨ ਵਾਲਿਆਂ ਨੂੰ ਹੋਰ ਸਾਰੇ ਪੰਥਕ ਮੁੱਦੇ ਭੁੱਲ ਗਏ ਹਨ ਸਿਰਫ ਦਸਮ ਗ੍ਰੰਥ ਦਾ ਵਿਰੋਧ ਵਿੱਚ ਹੀ ਕੌਮ ਨੂੰ ਵੰਡ ਕੇ ਸਾਰੀ ਪੰਥਕ ਸ਼ਕਤੀ ਜ਼ਾਇਆ ਕੀਤੀ ਜਾ ਰਹੀ ਹੈ। ਤੁਸੀਂ ਵੀ ਕਹਿ ਰਹੇ ਹੋ ਕਿ ਇੰਡੀਆ ਅਵੇਰਨੈੱਸ ਦੇ ਸੰਪਾਦਕੀ ਮੰਡਲ ਨੂੰ ਪੰਥ ਦੇ ਹੋਰ ਸਾਰੇ ਮਸਲੇ ਵਿਸਰ ਗਏ ਲਗਦੇ ਹਨ। ਬਸ ਇਕੋ ਫੋਬੀਆ ਸਿਰ ਨੂੰ ਚੜ੍ਹਿਆ ਹੋਹਿਆ ਹੈ, ਸਪੋਕਸਮੈਨ ਅਤੇ ਉਸ ਦੇ ਸਹਿਯੋਗੀ ‘ਪੰਥ ਦੇ ਗੱਦਾਰ` ਹਨ। ਲਗਦੈ ਇਹਨਾਂ ਕੋਲ ਪੰਥਕ ਮਸਲੇ ਵਿਚਾਰਨ ਦੀ ਸਮਰੱਥਾ ਖ਼ਤਮ ਹੋ ਗਈ ਹੈ। ਡੇਰੇਦਾਰ ਆਪਣੇ ਗੁਜਰ ਚੁਕੇ ਡੇਰੇਦਾਰਾਂ ਨੂੰ ਹੀ ਗੁਰੂ ਨਾਨਕ ਦਾ ਅਸਲੀ ਸਿਧਾਂਤ ਸਮਝਣ ਵਲਾ ਗਰਦਾਨ ਰਹੇ ਹਨ ਪਰ ਤੁਸੀਂ ਤਾਂ ਇੱਕ ਅਖ਼ਬਾਰ ਦਾ ਸੰਪਾਦਕ ਜਿਹੜਾ ੯ ਗੁਰੂਆਂ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਰੱਦ ਕਰ ਰਿਹਾ ਹੈ, ਦੇ ਕਥਨ ਨੂੰ ਹੀ ਅੰਤਮ ਸੱਚ ਮੰਨਣ ਲੱਗ ਪਏ ਹੋ। ਦਸਮ ਗ੍ਰੰਥੀਆਂ ਲਈ ਤੁਸੀਂ ਗੁਰਬਾਣੀ ਤੁਕ ਸੁਣਾਉਂਦੇ ਹੋ, ‘ਰੋਸੁ ਨ ਕੀਜੈ ਉਤਰੁ ਦੀਜੈ` ਤੁਹਾਥੋਂ ਸਵਾਲ ਪੁੱਛਣ ਵਾਲਿਆਂ ਲਈ ਤਾਂ ਤੁਹਾਡਾ ਰੋਸ ਤੁਹਾਡੇ ਚਿੱਠੀ ਪੱਤਰਾਂ ਵਿੱਚ ਹੀ ਨੱਕਾ ਨੱਕ ਭਰਿਆ ਪਿਆ ਹੈ। ਸੋ ਮੈਨੂੰ ਤਾਂ ਦੋਹਾਂ ਧਿਰਾਂ ਦੀ ਸੋਚਣੀ ਵਿੱਚ ਬਹੁਤਾ ਅੰਤਰ ਨਜ਼ਰ ਨਹੀਂ ਆਉਂਦਾ ਜੇ ਕਿਸੇ ਨੂੰ ਆਉਂਦਾ ਹੈ ਤਾਂ ਮੈਨੂੰ ਦੱਸਣ ਦੀ ਖੇਚਲ ਕਰਨੀ ਜੀ।
ਕਿਰਪਾਲ ਸਿੰਘ ਬਠਿੰਡਾ

Tuesday, December 21, 2010

ਦਸਮ ਗ੍ਰੰਥ ਦੇ ਉਪਾਸਕ ਵੀਰਾਂ ਵੱਲੋਂ ਦਿੱਤੀਆਂ ਜਾਂਦੀਆਂ ਕੁਝ ਜਜ਼ਬਾਤੀ ਦਲੀਲਾਂ `ਤੇ ਵਿਚਾਰ


ਜਦ ਤੋਂ ਪ੍ਰੋ: ਦਰਸ਼ਨ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਕਥਿਤ ਅਪਮਾਨ ਕਰਨ ਦੇ ਆਰੋਪ ਵਿੱਚ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ ਲਈ ਸੱਦਿਆ ਗਿਆ ਹੈ, ਤਦ ਤੋਂ ਦਸਮ ਗ੍ਰੰਥ ਦੇ ਉਪਾਸਕਾਂ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਵਿਚਕਾਰ ਲਫ਼ਜ਼ੀ ਜੰਗ ਕਾਫੀ ਤੇਜ਼ ਹੋ ਗਈ ਹੈ। ਭਾਵੇਂ ਇਹ ਭਰਾ-ਮਾਰੂ ਜੰਗ ਬੜੀ ਅਫਸੋਸਜਨਕ ਹੈ, ਜਿਸਦਾ ਲਾਭ ਬ੍ਰਾਹਮਣਵਾਦੀ ਤਾਕਤਾਂ ਵੱਲੋਂ ਨੇੜਲੇ ਭਵਿੱਖ ਵਿੱਚ ਚੁੱਕਿਆ ਜਾਵੇਗਾ, ਪਰ ਦਸਮ ਗ੍ਰੰਥ ਦੇ ਉਪਾਸਕ ਦੁਸ਼ਮਣ ਦੀ ਇਸ ਰਣਨੀਤੀ ਨੂੰ ਸਮਝਣ ਵਿੱਚ ਅਸਫ਼ਲ ਰਹੇ ਹਨ। ਅਜਿਹੇ ਜਜ਼ਬਾਤੀ ਸੱਜਣਾਂ ਦੀ ਬਹੁਤਾਤ ਤਾਂ ਦਸਮ ਗ੍ਰੰਥ ਦੇ ਸਬੰਧ ਵਿੱਚ ਤੱਥ-ਭਰਪੂਰ ਜਾਣਕਾਰੀ ਦੇਣ ਵਾਲਾ ਕੋਈ ਲਿਟਰੇਚਰ ਪੜ੍ਹਨ ਤੋਂ ਹੀ ਇਨਕਾਰੀ ਹੋ ਜਾਂਦੀ ਹੈ। ਪਰ ਜਿਹੜੇ ਵਿਰਲੇ ਸੱਜਣ ਦਸਮ ਗ੍ਰੰਥ ਦੇ ਉਪਾਸਕ ਹੋਣ ਦੇ ਆਪਣੇ ਫੈਸਲੇ ਨੂੰ ਜਾਇਜ਼ ਠਹਿਰਾਉਣ (justify ਕਰਨ) ਲਈ ‘ਬਹਿਸ` ਕਰਨ ਲਈ ਤਿਆਰ ਹੁੰਦੇ ਹਨ, ਉਹ ਵੀ ਦਸਮ ਗ੍ਰੰਥ ਸਬੰਧੀ ਇਤਿਹਾਸਕ ਅਤੇ ਸਿਧਾਂਤਕ ਨੁਕਤਿਆਂ `ਤੇ ਵਿਚਾਰ-ਚਰਚਾ ਕਰਨ ਦੀ ਬਜਾਏ ਜਜ਼ਬਾਤੀ ਕਿਸਮ ਦੀਆਂ ਦਲੀਲਾਂ ਜਾਂ ਨਿਜੀ ਵਿਚਾਰਾਂ ਨਾਲ ਸਬੰਧਿਤ ਸਵਾਲ ਚੁੱਕਣ ਲੱਗ ਪੈਂਦੇ ਹਨ। ਅਜਿਹੇ ਕੁੱਝ ਸਵਾਲਾਂ ਬਾਰੇ ਚਰਚਾ ਹਥਲੇ ਲੇਖ ਵਿੱਚ ਕੀਤੀ ਜਾ ਰਹੀ ਹੈ। ਦਸਮ ਗ੍ਰੰਥ ਦੇ ਉਪਾਸਕਾਂ ਨੂੰ ਬੇਨਤੀ ਹੈ ਕਿ ਉਹ ਸ਼ਾਂਤ ਮਨ ਨਾਲ ਇਨ੍ਹਾਂ ਸਵਾਲਾਂ `ਤੇ ਕੀਤੀ ਗਈ ਚਰਚਾ ਨੂੰ ਪੜ੍ਹਨ ਦੀ ਕ੍ਰਿਪਾਲਤਾ ਕਰਨ। ਜੇਕਰ ਫਿਰ ਵੀ ਉਨ੍ਹਾਂ ਦੀ ਸੰਤੁਸ਼ਟੀ ਨਾ ਹੋਵੇ, ਜਾਂ ਉਨ੍ਹਾਂ ਨੂੰ ਲਗਦਾ ਹੋਵੇ ਕਿ ਉਨ੍ਹਾਂ ਵੱਲੋਂ ਬਹਿਸ ਦੌਰਾਨ ਪੇਸ਼ ਕੀਤਾ ਜਾਂਦਾ ਕੋਈ ਨੁਕਤਾ ਇਸ ਲੇਖ ਵਿੱਚ ਸ਼ਾਮਲ ਨਹੀਂ, ਤਾਂ ਉਹ ਆਪਣੇ ਵਿਚਾਰ/ਸਵਾਲ ਲਿਖਤੀ ਰੂਪ ਵਿੱਚ ਭੇਜਣ ਦੀ ਕ੍ਰਿਪਾਲਤਾ ਕਰਨ ਜੀ, ਤਾਂ ਜੋ ਉਨ੍ਹਾਂ ਬਾਬਤ ਵੀ ਚਰਚਾ ਕਰਕੇ ਦਸਮ ਗ੍ਰੰਥ ਸਬੰਧੀ ਕਿਸੇ ਨਿਰਣੇ `ਤੇ ਪਹੁੰਚ ਕੇ ਇਸ ਭਰਾ-ਮਾਰੂ ਜੰਗ ਨੂੰ ਜਲਦ ਤੋਂ ਜਲਦ ਖ਼ਤਮ ਕਰਨ ਦੀ ਦਿਸ਼ਾ ਵੱਲ ਵਧਿਆ ਜਾਵੇ।

ਦਲੀਲ 1) ਦਸਮ ਗ੍ਰੰਥ ਨੂੰ ਪੂਰੀ ਤਰ੍ਹਾਂ ਤਿਆਗ ਦੇਣ ਨਾਲ ਪਹਿਲਾਂ ‘ਅੰਮ੍ਰਿਤ` ਖ਼ਤਮ ਹੋ ਜਾਏਗਾ ਅਤੇ ਫਿਰ ‘ਅੰਮ੍ਰਿਤਧਾਰੀ` ਖ਼ਤਮ ਹੋ ਜਾਣਗੇ।

ਵਿਚਾਰ: ਦਸਮ ਗ੍ਰੰਥੀਆਂ ਦਾ ਕਹਿਣਾ ਹੈ ਕਿ ਜੇਕਰ ਸਿੱਖ ਕੌਮ ਪੂਰੀ ਤਰ੍ਹਾਂ ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਤਿਆਗ ਦਿੰਦੀ ਹੈ, ਤਾਂ ਇਸ ਨਾਲ ਅੰਮ੍ਰਿਤ ਸੰਚਾਰ ਰਸਮ ਦੌਰਾਨ ਪੜ੍ਹੀਆਂ ਜਾਂਦੀਆਂ 3 ਰਚਨਾਵਾਂ ਯਾਨਿ ਜਾਪੁ ਸਾਹਿਬ, ਸਵੈਯੇ ਅਤੇ ਚੌਪਈ ਨੂੰ ਵੀ ਤਿਆਗਣਾ ਪਏਗਾ। ਜੇਕਰ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਤਾਂ ਸਿੱਖਾਂ ਦਾ ਵਿਰਸਾ ‘ਅੰਮ੍ਰਿਤ` ਹੀ ਖ਼ਤਮ ਹੋ ਜਾਏਗਾ।

ਇਨ੍ਹਾਂ ਵੀਰਾਂ ਨੂੰ ਬੇਨਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਥਾਪਿਤ ਕੀਤੀ ਗਈ ਪਰੰਪਰਾ ‘ਖੰਡੇ ਬਾਟੇ ਦੀ ਪਾਹੁਲ` ਸੀ ਅਤੇ ਸਮੁੱਚੀਆਂ ਪੁਰਾਤਨ ਸਿੱਖ ਲਿਖਤਾਂ ਵਿੱਚ ਇਸ ਬਾਬਤ ‘ਪਾਹੁਲ` ਲਫ਼ਜ਼ ਦੀ ਹੀ ਵਰਤੋਂ ਕੀਤੀ ਗਈ ਹੈ (ਪੀਵਹੁ ਪਾਹੁਲ ਖੰਡ ਧਾਰ ਹੋਇ ਜਨਮੁ ਸੁਹੇਲਾ।) ਨਿਰਮਲੇ/ਉਦਾਸੀ ਪ੍ਰਚਾਰਕਾਂ ਵੱਲੋਂ ਸਿੱਖੀ ਦੇ ਹਰ ਸੰਕਲਪ/ਰਵਾਇਤ ਨੂੰ ਬ੍ਰਾਹਮਣਵਾਦੀ ਰੰਗਤ ਦੇਣ ਲਈ ਇਸ ਪ੍ਰਥਾ ਦਾ ਨਾਮ ‘ਅੰਮ੍ਰਿਤ` ਪ੍ਰਚਾਰ ਦਿੱਤਾ ਗਿਆ ਕਿਉਂਕਿ ‘ਅੰਮ੍ਰਿਤ` ਲਫ਼ਜ਼ ਉਸ ਬ੍ਰਾਹਮਣਵਾਦੀ ਵਿਚਾਰਧਾਰਾ ਦਾ ਪ੍ਰਤੀਕ ਹੈ, ਜਿਸ ਵਿੱਚ ਇਹ ਧਾਰਨਾ ਹੈ ਕਿ ਪਾਣੀ ਵਿੱਚ (ਜਾਂ ਕਿਸੇ ਫਲ ਵਿੱਚ) ਪਵਿੱਤਰ ਸਮਝੇ ਜਾਂਦੇ ਮੰਤਰਾਂ ਆਦਿਕ ਦੇ ਉਚਾਰਨ ਨਾਲ ਅਜਿਹੀ ਅਦਿੱਖ ਤਾਕਤ ਭਰੀ ਜਾ ਸਕਦੀ ਹੈ ਕਿ ਉਹ ਪਾਣੀ ਪੀਣ ਨਾਲ ਇਨਸਾਨ ਦੀ ਮੌਤ ਨਹੀਂ ਹੁੰਦੀ। ਜਾਣੇ-ਅਨਜਾਣੇ ਵਿੱਚ ਬ੍ਰਾਹਮਣਵਾਦੀ ਮਾਨਸਿਕਤਾ ਤੋਂ ਪ੍ਰਭਾਵਿਤ ਹੋਣ ਕਾਰਨ ਦਸਮ ਗ੍ਰੰਥ ਨੂੰ ਗੁਰੂ ਮੰਨਣ ਵਾਲਿਆਂ ਦੀ ਦਿੱਕਤ ਇਹ ਹੈ ਕਿ ਉਨ੍ਹਾਂ ਨੇ ਪਾਹੁਲ ਨੂੰ ਬ੍ਰਾਹਮਣਵਾਦੀ ਵਿਚਾਰਧਾਰਾ ਵਿੱਚ ਪ੍ਰਚਲਿਤ ‘ਅੰਮ੍ਰਿਤ` ਵਰਗੀ ਕੋਈ ਜਾਦੂਈ ਸ਼ੈਅ ਸਮਝਿਆ ਹੋਇਆ ਹੈ। ਦਸਮ ਗ੍ਰੰਥੀਏ ਸੋਚਦੇ ਹਨ ਕਿ ਜੇਕਰ ਅਜਿਹੇ ‘ਅੰਮ੍ਰਿਤ` ਨੂੰ ਤਿਆਰ ਕਰਨ ਲੱਗਿਆਂ ਪੜ੍ਹੇ ਜਾਂਦੇ ਮੰਤਰ ਬਦਲ ਦਿੱਤੇ ਗਏ, ਤਾਂ ਫਿਰ ‘ਅੰਮ੍ਰਿਤ` ਦੀ ਕੁਆਲਿਟੀ ਵੀ ਬਦਲ ਜਾਏਗੀ।
ਪਰ ਜੇਕਰ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਤੋਂ ਸੇਧ ਲਈ ਜਾਵੇ ਅਤੇ ਸਿੱਖ ਇਤਿਹਾਸ ਦੀਆਂ ਲਿਖਤਾਂ ਤੋਂ ਪੜਚੋਲ ਕੀਤੀ ਜਾਵੇ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਧਾਰਨਾ ਬਿਲਕੁਲ ਗਲਤ ਹੈ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪਾਹੁਲ ਪਰੰਪਰਾ ਸਥਾਪਿਤ ਕੀਤੇ ਜਾਣ ਤੋਂ ਬਹੁਤ ਬਾਅਦ ਤੱਕ ਇਹ ਰਸਮ ‘ਖੰਡੇ ਬਾਟੇ ਦੀ ਪਾਹੁਲ ਛਕਣਾ` ਹੀ ਅਖਵਾਉਂਦੀ ਰਹੀ। ਗੁਰਦੁਆਰਿਆਂ ਵਿੱਚ ਨਿਰਮਲੇ/ਉਦਾਸੀ ਮਹੰਤਾਂ ਦੇ ਕਬਜ਼ੇ ਤੋਂ ਬਾਅਦ ਇਸ ਪਰੰਪਰਾ ਲਈ ‘ਅੰਮ੍ਰਿਤ` ਲਫ਼ਜ਼ ਪ੍ਰਚਲਿਤ ਕਰ ਦਿੱਤਾ ਗਿਆ, ਜੋ ਸਿੱਖ ਰਹਿਤ ਮਰਿਆਦਾ ਦਾ ਲਿਖਤੀ ਸਰੂਪ ਹੋਂਦ ਵਿੱਚ ਆਉਣ ਸਮੇਂ ਪੱਕਾ ਰੂਪ ਅਖ਼ਤਿਆਰ ਕਰ ਗਿਆ। ਪਰ ਗੁਰਬਾਣੀ ਕਿਸੇ ਅਜਿਹੇ ‘ਅੰਮ੍ਰਿਤ` ਦੇ ਸੰਕਲਪ ਨੂੰ ਰੱਦ ਕਰਦੀ ਹੈ, ਜਿਸ ਨੂੰ ਪੀਣ ਨਾਲ ਮਨੁੱਖ ਅਮਰ ਹੋ ਜਾਂਦਾ ਹੈ, ਜਾਂ ਜਿਸ ਨੂੰ ਪੀਣ ਨਾਲ ਇਨਸਾਨ ਦੇ ਆਤਮਕ ਵਿਕਾਰ ਦੂਰ ਹੋ ਜਾਂਦੇ ਹੋਣ। ਗੁਰਬਾਣੀ ਵਿੱਚ ਤਾਂ ਸਿਰਫ਼ ਪਰਮਾਤਮਾ ਦੇ ਗੁਣਾਂ ਰੂਪੀ ਪਵਿੱਤਰ ਨਾਮ ਅਤੇ ਉਸ ਨਾਮ ਨੂੰ ਯਾਦ (ਸਿਮਰਨ) ਕਰਨ ਦੇ ਪਵਿੱਤਰ ਵੇਲੇ ਨੂੰ ‘ਅੰਮ੍ਰਿਤ` ਕਿਹਾ ਗਿਆ ਹੈ। ਜਿਵੇਂ:
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵਿਚਾਰੁ ॥
(ਜਪੁ ਜੀ ਸਾਹਿਬ)
ਭਾਵ, ਜਿਸ ਵੇਲੇ ਪਰਮਾਤਮਾ ਦੀਆਂ ਵਡਿਆਈਆਂ ਦੀ ਵਿਚਾਰ ਕੀਤੀ ਜਾਂਦੀ ਹੈ, ਉਹ ਵੇਲਾ ਅੰਮ੍ਰਿਤ ਸਮਾਨ ਪਵਿੱਤਰ ਹੁੰਦਾ ਹੈ।
ਗੁਰਮੁਖਿ ਸਬਦੁ ਪਛਾਣੀਐ ਹਰਿ ਅੰਮ੍ਰਿਤ ਨਾਮਿ ਸਮਾਇ ॥
(29)
ਭਾਵ, ਗੁਰੂ ਦੀ ਵਿਚਾਰਧਾਰਾ ਨੂੰ ਪਛਾਣ (ਅਪਣਾ) ਕੇ ਪਰਮਾਤਮਾ ਰੂਪੀ ਅੰਮ੍ਰਿਤ ਨਾਮ ਵਿੱਚ ਸਮਾ ਜਾਈਦਾ ਹੈ।
ਅੰਮ੍ਰਿਤੁ ਸਾਚਾ ਨਾਮੁ ਹੈ ਕਹਣਾ ਕਛੂ ਨ ਜਾਇ ॥ ਪੀਵਤ ਹੂ ਪਰਵਾਣੁ ਭਇਆ ਪੂਰੈ ਸਬਦਿ ਸਮਾਇ॥
(33)
ਭਾਵ, ਪਰਮਾਤਮਾ ਦਾ ਸਦਾ-ਥਿਰ ਨਾਮ ਆਤਮਕ ਜੀਵਨ ਦੇਣ ਵਾਲਾ ਰਸ ਹੈ, ਇਸ ਦਾ ਸੁਆਦ ਦੱਸਿਆ ਨਹੀਂ ਜਾ ਸਕਦਾ; ਪੂਰੇ ਗੁਰੂ ਦੇ ਉਪਦੇਸ਼ਾਂ ਵਿੱਚ ਲੀਨ ਹੋ ਕੇ ਨਾਮ-ਅੰਮ੍ਰਿਤ ਪੀਂਦਿਆਂ ਹੀ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦਾ ਹੈ।
ਅੰਮ੍ਰਿਤ ਬਾਣੀ ਹਰਿ ਹਰਿ ਤੇਰੀ ॥
ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ ॥
(103)
ਭਾਵ: ਹੇ ਹਰੀ, ਤੇਰੀ ਸਿਫ਼ਤਿ-ਸਲਾਹ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ, ਗੁਰੂ ਦੀ ਉਚਾਰੀ ਹੋਈ ਇਹ ਬਾਣੀ ਮੁੜ-ਮੁੜ ਸੁਣ ਕੇ ਮੇਰੀ ਉੱਚੀ ਆਤਮਕ ਅਵਸਥਾ ਬਣਦੀ ਜਾ ਰਹੀ ਹੈ।
ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ ॥2॥
(644)
ਭਾਵ, ਹੇ ਨਾਨਕ! ਗੁਰੂ ਦਾ ਇੱਕ ਸ਼ਬਦ ਹੀ ਆਤਮਕ ਜੀਵਨ ਦੇਣ ਵਾਲਾ ਜਲ ਹੈ ਜੋ ਸਤਿਗੁਰੂ ਦੇ ਉਪਦੇਸ਼ਾਂ ਤੋਂ ਸੇਧ ਲੈਣ ਵਾਲੇ ਨੂੰ ਮਿਲਦਾ ਹੈ।
ਸਲੋਕ ਮਹਲਾ 2
ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ।।
ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥
ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥
ਤਿਨੀ ਪੀਤਾ ਰੰਗ ਸਿਉ ਜਿਨ ਕਉ ਲਿਖਿਆ ਆਦਿ ॥
(1238)
ਭਾਵ, ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੂੰ ਤੇਰੇ ਨਾਮ ਦੀ ਸੋਭਾ ਕਰਨ ਦੀ ਸੁਭਾਗਤਾ ਮਿਲੀ ਹੈ, ਉਹ ਮਨੁੱਖ ਆਪਣੇ ਮਨ ਵਿੱਚ ਤੇਰੇ ਗੁਣਾਂ ਦੀ ਵਿਚਾਰ ਦੇ ਰੰਗ ਨਾਲ ਰੰਗੇ ਰਹਿੰਦੇ ਹਨ। ਹੇ ਨਾਨਕ! ਉਨ੍ਹਾਂ ਲਈ ਇੱਕ ਨਾਮ ਹੀ ਅੰਮ੍ਰਿਤ ਹੈ, ਹੋਰ ਕਿਸੇ ਚੀਜ਼ ਨੂੰ ਉਹ ਅੰਮ੍ਰਿਤ ਨਹੀਂ ਮੰਨਦੇ। ਹੇ ਨਾਨਕ! ਇਹ ਨਾਮ ਰੂਪੀ ਅੰਮ੍ਰਿਤ ਹਰੇਕ ਮਨੁੱਖ ਦੇ ਮਨ ਵਿੱਚ ਹੀ ਹੈ, ਪਰ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ; ਜਿਨ੍ਹਾਂ ਦੇ ਭਾਗਾਂ ਵਿੱਚ ਧੁਰੋਂ ਲਿਖਿਆ ਹੋਇਆ ਹੈ; ਉਨ੍ਹਾਂ ਨੇ ਹੀ ਸੁਆਦ ਨਾਲ ਪੀਤਾ ਹੈ।
ਗੁਰੂ ਗ੍ਰੰਥ ਸਾਹਿਬ ਦੇ ਉਕਤ ਅਤੇ ਹੋਰ ਬਹੁਤ ਸਾਰੇ ਫੁਰਮਾਨਾਂ ਤੋਂ ਸਾਬਿਤ ਹੁੰਦਾ ਹੈ ਕਿ ਸਿੱਖ ਫਲਸਫੇ ਵਿੱਚ ‘ਅੰਮ੍ਰਿਤ` ਲਫ਼ਜ਼ ਗੁਰਬਾਣੀ ਅਤੇ ਰੱਬੀ ਗੁਣਾਂ ਲਈ ਵਰਤਿਆ ਜਾਂਦਾ ਹੈ। ਖੰਡੇ-ਬਾਟੇ ਦੀ ਪਾਹੁਲ ਲਈ ‘ਅੰਮ੍ਰਿਤ` ਲਫ਼ਜ਼ ਇਸ ਵਾਸਤੇ ਤਾਂ ਵਰਤਿਆ ਜਾ ਸਕਦਾ ਹੈ ਕਿਉਂਕਿ ਇਹ ਪਾਹੁਲ ਛਕਣ ਵਾਲੇ ਇਨਸਾਨ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਤੋਂ ਸੇਧ ਲੈ ਕੇ ਰੱਬੀ ਗੁਣਾਂ ਰੂਪੀ ਅੰਮ੍ਰਿਤ ਨੂੰ ਆਪਣੇ ਅੰਦਰ ਧਾਰਨ ਕਰੇਗਾ ਪਰ ਇਹ ਸੋਚਣਾ ਕਿ ਅੰਮ੍ਰਿਤ (ਖੰਡੇ-ਬਾਟੇ ਦੀ ਪਾਹੁਲ) ਵਿੱਚ ਕੋਈ ਗੈਰ-ਕੁਦਰਤੀ ਚਮਤਕਾਰੀ ਸ਼ਕਤੀ ਹੈ, ਭਾਰੀ ਗਲਤੀ ਅਤੇ ਮਨਮਤਿ ਹੈ। ਇਹੀ ਮਨਮਤੀ ਧਾਰਨਾ ਦਸਮ ਗ੍ਰੰਥ ਦੇ ਉਪਾਸਕਾਂ ਦੇ ਮਨਾਂ ਵਿੱਚ ਇਹ ਖੌਫ ਪੈਦਾ ਕਰਦੀ ਹੈ ਕਿ ਜੇਕਰ ਖੰਡੇ-ਬਾਟੇ ਦੀ ਪਾਹੁਲ ਛਕਾਏ ਜਾਣ ਵੇਲੇ ਦਸਮ ਗ੍ਰੰਥ ਦੀਆਂ ਰਚਨਾਵਾਂ ਨਾ ਪੜ੍ਹੀਆਂ ਜਾਣ, ਤਾਂ ਉਨ੍ਹਾਂ ਨਾਲ ਅੰਮ੍ਰਿਤ ਦੀ ਇਹ ‘ਸ਼ਕਤੀ` ਘੱਟ ਜਾਏਗੀ ਜਾਂ ਬਿਲਕੁਲ ਨਹੀਂ ਰਹੇਗੀ। ਪਰ ਇਨ੍ਹਾਂ ਭੋਲੇ ਵੀਰਾਂ ਨੂੰ ਇਹ ਵਿਚਾਰਨਾ ਚਾਹੀਦਾ ਹੈ ਕਿ ਜੇਕਰ ਅੰਮ੍ਰਿਤ ਸੰਚਾਰ ਵੇਲੇ ਪੜ੍ਹੀਆਂ ਜਾਂਦੀਆਂ ਗੁਰੂ ਗ੍ਰੰਥ ਸਾਹਿਬ ਦੀਆਂ 2 ਰਚਨਾਵਾਂ (ਜਪੁ ਜੀ ਸਾਹਿਬ ਅਤੇ ਅਨੰਦ ਸਾਹਿਬ) ਨਾਲ ਬਾਕੀ 3 ਰਚਨਾਵਾਂ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਹੀ ਪੜ੍ਹ ਲਈਆਂ ਜਾਣ, ਤਾਂ ਪਾਹੁਲ ਸੰਸਕਾਰ ਨੂੰ ‘ਅੰਮ੍ਰਿਤ` ਦਾ ਦਰਜਾ ਦੇਣਾ ਵਧੇਰੇ ਬਿਹਤਰ ਹੋਵੇਗਾ (ਅੰਮ੍ਰਿਤ, ਅੰਮ੍ਰਿਤ ਹੀ ਰਹੇਗਾ, ਜ਼ਹਿਰ ਨਹੀਂ ਬਣ ਜਾਏਗਾ) ਕਿਉਂਕਿ ਸਿਰਫ਼ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਅੰਮ੍ਰਿਤ ਰੂਪੀ ਹੈ।
ਪਰ ਕਿਉਂਕਿ ਟਕਸਾਲੀਆਂ, ਜੱਥਿਆਂ ਜਾਂ ਡੇਰੇਦਾਰਾਂ ਵੱਲੋਂ ਸਾਰਾ ਜੋਰ ਸਿਰਫ਼ ਅੰਮ੍ਰਿਤ ਛਕਾਉਣ ਤੱਕ ਹੀ ਸੀਮਤ ਰਹਿੰਦਾ ਹੈ, ਗੁਰਬਾਣੀ ਦੇ ਸਿਧਾਂਤਾਂ ਦਾ ਪ੍ਰਚਾਰ ਕਰਨ ਲਈ ਨਹੀਂ, ਇਸੇ ਵਾਸਤੇ ਕਈ ਅਖੌਤੀ ਅੰਮ੍ਰਿਤਧਾਰੀ ਮੰਦਰਾਂ ਵਿੱਚ ਮੱਥੇ ਟੇਕਦੇ ਵੇਖੇ ਜਾਂਦੇ ਹਨ, ਕਈ ਘੱਟ ਉਮਰ ਦੇ ਡੇਰੇਦਾਰਾਂ ਨੂੰ ਮੱਥੇ ਟੇਕਦੇ ਅਤੇ ਉਨ੍ਹਾਂ ਨੂੰ ਚੈਨੀਆਂ ਭੇਟ ਕਰਦੇ ਵੇਖੇ ਜਾਂਦੇ ਹਨ, ਕਈ ਅੰਮ੍ਰਿਤ ਛਕਣ ਉਪਰੰਤ ਵੀ ਅਨੈਤਿਕ ਸੰਬਧਾਂ ਵਿੱਚ ਫਸੇ ਅਤੇ ਕਈ ਲੋਕਾਂ ਨਾਲ ਠੱਗੀਆਂ-ਬੇਈਮਾਨੀਆਂ ਕਰਦੇ ਵੇਖੇ ਜਾਂਦੇ ਹਨ। ਇਸਦਾ ਕਾਰਨ ਇਹੀ ਹੁੰਦਾ ਹੈ ਕਿ ਅਜਿਹੇ ਲੋਕ ਜਜ਼ਬਾਤੀ ਹੋ ਕੇ ਜਾਂ ਕਿਸੇ ਦੇ ਦਬਾਅ ਅਧੀਨ ਅੰਮ੍ਰਿਤ ਛਕਣ ਦੀ ਰਸਮ ਤਾਂ ਪੂਰੀ ਕਰ ਲੈਂਦੇ ਹਨ ਪਰ ਗੁਰਬਾਣੀ ਰੂਪੀ ਅੰਮ੍ਰਿਤ ਦੇ ਉਪਦੇਸ਼ਾਂ ਨੂੰ ਜ਼ਿੰਦਗੀ ਵਿੱਚ ਸਮਝਣ-ਅਪਣਾਉਣ ਦੀ ਕੋਈ ਕੋਸ਼ਿਸ਼ ਨਹੀਂ ਕਰਦੇ। ਇਸਲਈ ਅਜਿਹੀ ਰਸਮੀ ਪਾਹੁਲ ਛਕਣ ਵਾਲੇ ਲੋਕਾਂ ਨੂੰ ‘ਅੰਮ੍ਰਿਤਧਾਰੀਆਂ` ਵਿੱਚ ਗਿਣਨਾ ਭਾਰੀ ਗਲਤੀ ਹੈ। ਅਸਲ ਅਰਥਾਂ ਵਿੱਚ ਅੰਮ੍ਰਿਤਧਾਰੀ ਤਾਂ ਉਹੀ ਇਨਸਾਨ ਹੈ, ਜਿਹੜਾ ਗੁਰਬਾਣੀ ਦੇ ਉਪਦੇਸ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣ ਦੀ ਦਿਸ਼ਾ ਵਿੱਚ ਸਰਗਰਮ ਹੈ।
ਇਸ ਸਭ ਚਰਚਾ ਤੋਂ ਸਪਸ਼ਟ ਹੈ ਕਿ ਦਸਮ ਗ੍ਰੰਥ ਨੂੰ ਤਿਆਗਣ ਨਾਲ ਅੰਮ੍ਰਿਤ ਸੰਸਕਾਰ ਖ਼ਤਮ ਹੋਣ ਜਾਂ ਅੰਮ੍ਰਿਤਧਾਰੀਆਂ ਦੇ ਖ਼ਤਮ ਹੋ ਜਾਣ ਦਾ ਪ੍ਰਗਟਾਇਆ ਜਾ ਰਿਹਾ ਖਦਸ਼ਾ ਬਿਲਕੁਲ ਨਿਰਮੂਲ ਅਤੇ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਇੱਕ ਕੋਝੀ ਸਾਜਿਸ਼ ਹੈ।
ਦਲੀਲ 2) ਦਸਮ ਗ੍ਰੰਥ ਨੂੰ ਮੁਕੰਮਲ ਤੌਰ `ਤੇ ਰੱਦ ਕਰਨ ਨਾਲ ਨਿੱਤਨੇਮ ਦੀਆਂ ਬਾਣੀਆਂ ਦਾ ਕੀ ਹੋਵੇਗਾ?
ਇਹ ਸਵਾਲ ਵੀ ਪਹਿਲੇ ਖਦਸ਼ੇ ਦਾ ਹੀ ਬਦਲਿਆ ਹੋਇਆ ਰੂਪ ਹੈ। ਇਸ ਬਾਬਤ ਅਨਜਾਣ ਪਾਠਕਾਂ ਨੂੰ ਇਹ ਦੱਸਣਾ ਜਾਇਜ਼ ਰਹੇਗਾ ਕਿ ਨਿੱਤਨੇਮ ਦੀਆਂ ਮੂਲ ਬਾਣੀਆਂ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ 13 ਪੰਨਿਆਂ `ਤੇ ਦਰਜ ਹਨ। ਇਹ ਬਾਣੀਆਂ ਹਨ: ਜਪੁ (ਪ੍ਰਚਲਿਤ ਨਾਮ ਜਪੁਜੀ ਸਾਹਿਬ), ਸੋ ਦਰੁ, ਸੋ ਪੁਰਖੁ ਅਤੇ ਸੋਹਿਲਾ। ਇਨ੍ਹਾਂ ਵਿੱਚੋਂ ਬਾਣੀ ਜਪੁ ਨੂੰ ਸਵੇਰ ਵੇਲੇ ਪੜ੍ਹਿਆ ਜਾਂਦਾ ਹੈ, ਸੋ ਦੁਰ ਅਤੇ ਸੋ ਪੁਰਖੁ ਨੂੰ ਸ਼ਾਮ ਵੇਲੇ ਅਤੇ ਸੋਹਿਲਾ ਨੂੰ ਰਾਤੀਂ ਸੌਣ ਤੋਂ ਪਹਿਲਾਂ। ਆਪਣੇ ਆਪ ਨੂੰ ਗੁਰੂ ਸਾਹਿਬਾਨ ਤੋਂ ਵੱਧ ਸਿਆਣੇ ਸਮਝਣ ਵਾਲੇ ਸਿੱਖਾਂ ਨੇ ਹੌਲੀ-ਹੌਲੀ ਜਪੁਜੀ ਸਾਹਿਬ ਦੇ ਇਲਾਵਾ ਦਸਮ ਗ੍ਰੰਥ ਦੀਆਂ 3 ਰਚਨਾਵਾਂ (ਜਾਪੁ, ਸਵੈਯੇ ਤੇ ਚੌਪਈ) ਦੇ ਇਲਾਵਾ ਅਨੰਦ ਸਾਹਿਬ ਦੀ ਬਾਣੀ ਨੂੰ ‘ਨਿੱਤਨੇਮ` ਵਜੋਂ ਪ੍ਰਚਲਿਤ ਕਰ ਦਿੱਤਾ। ਪਰ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਕਿਸੇ ਵੀ ਸਿੱਖ ਦੀ ਲਿਖਤ ਵਿੱਚ ਗੁਰੂ ਸਾਹਿਬ ਵੱਲੋਂ ਇਨ੍ਹਾਂ ਵਾਧੂ ਰਚਨਾਵਾਂ ਦੇ ਨਿੱਤਨੇਮ ਵਜੋਂ ਪੜ੍ਹਨ ਦੀ ਤਾਕੀਦ ਕੀਤੇ ਹੋਣ ਦਾ ਕੋਈ ਜ਼ਿਕਰ ਨਹੀਂ ਹੈ (ਦਸਮ ਗ੍ਰੰਥ ਜਾਂ ਬਚਿੱਤਰ ਨਾਟਕ ਗ੍ਰੰਥ ਤਾਂ ਉਸ ਸਮੇਂ ਹੋਂਦ ਵਿੱਚ ਵੀ ਨਹੀਂ ਆਇਆ ਸੀ)। ਰਹਿਤ ਮਰਿਆਦਾ ਤਿਆਰ ਕਰਨ ਵਾਲੇ ਸੱਜਣਾਂ ਨੇ ਉਕਤ ਪੰਜ ਵਿੱਚੋਂ ਪਹਿਲੀਆਂ ਤਿੰਨ ਰਚਨਾਵਾਂ ਨੂੰ ਸਵੇਰ ਵੇਲੇ ਦੀਆਂ ਨਿੱਤਨੇਮ ਦੀਆਂ ਬਾਣੀਆਂ ਵਜੋਂ ਮਨਜ਼ੂਰੀ ਦੇ ਦਿੱਤੀ ਜਦਕਿ ਸੋ ਦੁਰ ਅਤੇ ਸੋ ਪੁਰਖੁ ਬਾਣੀਆਂ ਨਾਲ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਦੀਆਂ ਕੁੱਝ ਰਚਨਾਵਾਂ ਨੂੰ ਮਿਲਾ ਕੇ ‘ਰਹਿਰਾਸ` ਨਾਂ ਤੋਂ ਨਵੀਂ ਰਚਨਾ ਦਾ ਪ੍ਰਚਲਨ ਕਰ ਦਿੱਤਾ। ਹੁਣ ਰਹਿਤ ਮਰਿਆਦਾ ਦੇ ਅਧਾਰ `ਤੇ ਇਨ੍ਹਾਂ ਰਚਨਾਵਾਂ ਦੇ ‘ਨਿੱਤਨੇਮ` ਵਜੋਂ ਪ੍ਰਚਲਿਤ ਹੋ ਜਾਣ ਕਾਰਨ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ‘ਘੱਟ` ਬਾਣੀਆਂ ਦਾ ਪਾਠ ਕਰਨ ਦੀ ਵਕਾਲਤ ਕਰਨ ਵਾਲੇ ਨੂੰ ‘ਨੀਵੇਂ ਪੱਧਰ` ਦਾ ਸਮਝਿਆ ਜਾਂਦਾ ਹੈ ਅਤੇ ਲਕੀਰ-ਦੇ-ਫਕੀਰ ਮਾਨਸਿਕਤਾ ਵਾਲੇ ਕਈ ਸੱਜਣ ਤਾਂ ਅਜਿਹੇ ਚੇਤੰਨ ਸਿੱਖਾਂ ਨੂੰ ‘ਪੰਥ-ਦੋਖੀ` ਵੀ ਗਰਦਾਨ ਦਿੰਦੇ ਹਨ। ਪਰ ਕੋਈ ਸੱਜਣ ਇਹ ਸੋਚਣ ਦਾ ਕਸ਼ਟ ਨਹੀਂ ਕਰਦਾ ਕਿ ਪ੍ਰਚਲਿਤ ਰਹਿਤ ਮਰਿਆਦਾ ਦੀ ਉਲੰਘਣਾ ਕਰਕੇ ‘ਪੰਥ-ਦੋਖੀ` ਬਣਨਾ ਵਧੇਰੇ ਮਾੜਾ ਹੈ ਜਾਂ ਗੁਰੂ ਸਾਹਿਬਾਨ ਦੇ ਹੁਕਮ ਦੀ ਉਲੰਘਣਾ ਕਰਕੇ (ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀਆਂ ਰਚਨਾਵਾਂ ਨੂੰ ਗੁਰਬਾਣੀ ਸਮਾਨ ਸਮਝ ਕੇ) ‘ਗੁਰੂ-ਦੋਖੀ` ਬਣਨਾ ਵਧੇਰੇ ਮਾੜਾ ਹੈ?
ਪ੍ਰਚਲਿਤ ਰਹਿਤ ਮਰਿਆਦਾ ਗੁਰੂ ਗੋਬਿੰਦ ਸਿੰਘ ਜੀ ਨੇ ਤਿਆਰ ਨਹੀਂ ਕੀਤੀ ਸੀ ਬਲਕਿ ਇਸਨੂੰ ਵੀਹਵੀਂ ਸਦੀ ਵਿੱਚ ਖ਼ੁਦ ਸਿੱਖਾਂ ਨੇ ਤਿਆਰ ਕੀਤਾ ਸੀ। ਅਜਿਹੇ ਕਾਰਜਾਂ ਵਿੱਚ ਹਮੇਸ਼ਾ ਦਬਦਬਾ ਹੂੜਮਤੀਆਂ ਦਾ ਹੀ ਰਹਿੰਦਾ ਹੈ ਜਿਹੜੇ ਬਿਨ੍ਹਾਂ ਕਿਸੇ ਠੋਸ ਦਲੀਲ ਦੇ ਵੀ ਆਪਣੀ ਗਲਤ ਗੱਲ ਨੂੰ ਮੰਨਣ ਦਾ ਜ਼ੋਰ ਦਿੰਦੇ ਰਹਿੰਦੇ ਹਨ (ਮੌਜੂਦਾ ਸਮੇਂ ਵਿੱਚ ਨਾਨਕਸ਼ਾਹੀ ਕੈਲੰਡਰ ਦੇ ਮਸਲੇ `ਤੇ ਵੀ ਇਨ੍ਹਾਂ ਹੂੜਮਤੀਆਂ ਵੱਲੋਂ ਇਹੀ ਰਵਈਆ ਅਪਣਾਇਆ ਜਾ ਰਿਹਾ ਹੈ)। ਇਹੀ ਕਾਰਨ ਹੈ ਕਿ ਰਹਿਤ ਮਰਿਆਦਾ ਵਿੱਚ ਰਾਗਮਾਲਾ ਪੜ੍ਹਨ ਜਾਂ ਨਾ ਪੜ੍ਹਨ ਦੇ ਸਿੱਧੇ ਸਰਲ ਵਿਸ਼ੇ ਬਾਰੇ ਵੀ ਕੋਈ ਸਪਸ਼ਟ ਨਿਰਣਾ ਨਹੀਂ। ਇਸੇ ਕਾਰਨ ਹੀ ਰਹਿਤ ਮਰਿਆਦਾ ਦੀ ਤਿਆਰੀ ਦੌਰਾਨ ਨਿੱਤਨੇਮ ਦੀਆਂ ਬਾਣੀਆਂ ਵਿੱਚ ਭਰੋਸੇ-ਰਹਿਤ ਬਚਿੱਤਰ ਨਾਟਕ ਗ੍ਰੰਥ ਦੀਆਂ ਰਚਨਾਵਾਂ ਨੂੰ ਵੀ ਸ਼ਾਮਲ ਕਰ ਲਿਆ ਗਿਆ।
ਵੈਸੇ ਵੀ, ਅਸੀਂ ਸਭ ਜਾਣਦੇ ਹਾਂ ਕਿ ‘ਭੁਲਣੁ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ।।” ਭਾਵ ਹਰ ਇਨਸਾਨ ਗਲਤੀਆਂ ਕਰਦਾ ਹੀ ਹੈ। ਰਹਿਤ ਮਰਿਆਦਾ ਤਿਆਰ ਕਰਨ ਵਾਲੇ ਸੱਜਣ ਵੀ ਇਨਸਾਨ ਹੀ ਸਨ। ਜੇਕਰ ਉਨ੍ਹਾਂ ਨੇ ਗਲਤੀ ਨਾਲ ਜਾਂ ਹੂੜਮਤੀਆਂ ਦੇ ਦਬਾਅ ਅਧੀਨ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀਆਂ ਰਚਨਾਵਾਂ ਨੂੰ ਵੀ ਨਿੱਤਨੇਮ ਦੀਆਂ ਬਾਣੀਆਂ ਵਜੋਂ ਮਾਨਤਾ ਦੇਣ ਦੀ ਗਲਤੀ ਕਰ ਦਿੱਤੀ ਸੀ, ਤਾਂ ਵੀ ਇਹ ਜ਼ਰੂਰੀ ਨਹੀਂ ਕਿ ਸਿੱਖ ਸਮਾਜ ਹਮੇਸ਼ਾ ਹੀ ਉਸ ਗਲਤੀ ਨੂੰ ਦੁਹਰਾਉਂਦਾ ਚਲਾ ਜਾਏ।
ਦਲੀਲ 3) ਦਸਮ ਗ੍ਰੰਥ ਨੂੰ ਤਿਆਗਣ ਦਾ ਮਤਲਬ ਗੁਰੂ ਗੋਬਿੰਦ ਸਿੰਘ ਜੀ ਨੂੰ ਤਿਆਗਣਾ ਹੈ।

ਦਸਮ ਗ੍ਰੰਥ ਦੇ ਉਪਾਸਕਾਂ ਵੱਲੋਂ ਆਮ ਸਿੱਖਾਂ ਨੂੰ ਭਰਮਾਉਣ ਲਈ ਇਹ ਦਲੀਲ ਵੀ ਦਿੱਤੀ ਜਾਂਦੀ ਹੈ ਕਿ ਦਸਮ ਗ੍ਰੰਥ ਨੂੰ ਤਿਆਗਣ ਦਾ ਅਰਥ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਤਿਆਗਣਾ। ਪਰ ਇਹ ਧਿਆਨ ਦੇਣ ਯੋਗ ਤੱਥ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਕਿਸੇ ਵੀ ਲੇਖਕ ਦੀ ਲਿਖਤ ਵਿੱਚ ‘ਦਸਮ ਗ੍ਰੰਥ` ਨਾਂਅ ਦੀ ਸ਼ੈਅ ਦਾ ਜ਼ਿਕਰ ਹੀ ਨਹੀਂ ਮਿਲਦਾ। ਅਜੋਕੇ ਸਮੇਂ ਵਿੱਚ ‘ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ` ਦੇ ਨਾਂ ਤੋਂ ਪ੍ਰਚਾਰੀ ਜਾ ਰਹੀ ਪੁਸਤਕ ਵੱਖ-ਵੱਖ ਸਾਕਤ ਮਤੀਏ (ਮਹਾਂਕਾਲ ਅਤੇ ਉਸਦੀ ਪਤਨੀ ਕਾਲਕਾ ਦੇ ਉਪਾਸਕ) ਕਵੀਆਂ ਵੱਲੋਂ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਬੇਮੁਖ ਕਰਕੇ ਸੰਸਿਆਂ ਵਿੱਚ ਪਾਉਣ ਲਈ ਲਿਖੀ ਗਈ ਸੀ, ਜਿਸਦਾ ਨਾਮ ‘ਬਚਿੱਤਰ ਨਾਟਕ ਗ੍ਰੰਥ` ਰੱਖਿਆ ਗਿਆ ਸੀ, ਜਿਸ ਬਾਰੇ ਜਾਗ੍ਰਿਤ ਸਿੱਖ ਹਮੇਸ਼ਾ ਹੀ ਇਤਰਾਜ਼ ਪ੍ਰਗਟਾਉਂਦੇ ਰਹੇ ਸਨ। 19ਵੀਂ ਸ਼ਤਾਬਦੀ ਦੇ ਅੰਤ ਵਿੱਚ ਅੰਗਰੇਜ਼ਾਂ ਵੱਲੋਂ ਆਪਣੇ ਏਜੰਟ ਰੂਪੀ ਸਿੱਖਾਂ ਵੱਲੋਂ ਇਸ ਗ੍ਰੰਥ ਬਾਰੇ ਇੱਕ ‘ਸੋਧਕ ਕਮੇਟੀ` ਦਾ ਗਠਨ ਕਰਵਾ ਦਿੱਤਾ, ਜਿਸਨੇ ਇਸ ਪੁਸਤਕ ਵਿਚਲੀਆਂ ਅਜਿਹੀਆਂ ਰਚਨਾਵਾਂ ਜਿਹੜੀਆਂ ਸਿੱਧੇ ਤੌਰ `ਤੇ ਇਸਦੇ ਲਿਖਾਰੀ ਦੀ ਬਿਪਰਵਾਦੀ ਸੋਚ ਦਾ ਪ੍ਰਗਟਾਵਾ ਕਰਦੀਆਂ ਸਨ, ਨੂੰ ਹਟਵਾ (delete ਕਰ) ਕੇ ਇਸਨੂੰ ‘ਦਸਮ ਗ੍ਰੰਥ` ਦੇ ਨਾਂ ਹੇਠ ਪ੍ਰਕਾਸ਼ਿਤ ਕਰਵਾ ਦਿੱਤਾ।

ਇਹ ਵਿਵਾਦਿਤ ਪੁਸਤਕ ਆਮ ਸਿੱਖਾਂ ਦੀ ਪਹੁੰਚ ਤੋਂ ਬਾਹਰ ਹੋਣ ਕਰਕੇ ਅਤੇ ਇਸਦਾ ਨਾਮ ਗੁਰੂ ਗੋਬਿੰਦ ਸਿੰਘ ਲਈ ਵਰਤੇ ਜਾਂਦੇ ਵਿਸ਼ੇਸ਼ਣ ‘ਦਸਮ` ਦੇ ਅਧਾਰ `ਤੇ ਰੱਖ ਦਿੱਤੇ ਜਾਣ ਕਾਰਨ, ਲੰਮੇਂ ਚਿਰ ਤੱਕ ਸਿੱਖ ਇਸ ਪੁਸਤਕ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਸਮਝਦੇ ਰਹੇ। ਪਰ ਮੌਜੂਦਾ ਸਮੇਂ ਵਿੱਚ ਚੇਤੰਨ ਸਿੱਖਾਂ ਵੱਲੋਂ ਇਤਿਹਾਸਕ ਤੱਥਾਂ ਦੀ ਪੜਚੋਲ ਕਰਨ ਅਤੇ ਬਚਿੱਤਰ ਨਾਟਕ ਗ੍ਰੰਥ ਦੀਆਂ ਰਚਨਾਵਾਂ ਦੀ ਗੁਰਬਾਣੀ ਨਾਲ ਤੁਲਨਾ ਕਰਕੇ ਸਾਬਿਤ ਕੀਤਾ ਹੈ ਕਿ ਇਸ ਗ੍ਰੰਥ ਦੀ ਕੋਈ ਵੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਨਹੀਂ ਹੈ। ਕੋਈ ਵੀ ਨਿਰਪੱਖ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਅਧਿਐਨ ਕਰਕੇ ਅਤੇ ਫਿਰ ਬਚਿੱਤਰ ਨਾਟਕ ਗ੍ਰੰਥ ਦੀਆਂ ਰਚਨਾਵਾਂ ਨੂੰ ਗੁਰਬਾਣੀ ਦੀ ਦੀ ਕਸਵੱਟੀ `ਤੇ ਪਰਖ ਕੇ ਅਸਾਨੀ ਨਾਲ ਇਹ ਸਮਝ ਸਕਦਾ ਹੈ ਕਿ ਹਿੰਦੂ ਦੇਵੀ-ਦੇਵਤਿਆਂ ਦੀ ਉਸਤਤਿ ਕਰਨ ਵਾਲੀ, ਗੁਰਬਾਣੀ ਦੇ ਸਿਧਾਂਤਾਂ ਦਾ ਉਲੰਘਣਾ ਕਰਨ ਵਾਲੀਆਂ, ਗੁਰੂ ਸਾਹਿਬਾਨ ਨੂੰ ਲਵ-ਕੁਸ਼ ਦੀ ਔਲਾਦ ਦੱਸਣ ਵਾਲੀਆਂ ਅਤੇ ਸਿੱਖ ਇਤਿਹਾਸ ਨੂੰ ਬ੍ਰਾਹਮਣਵਾਦੀ ਰੰਗਤ ਦੇਣ ਵਾਲੀਆਂ ਇਨ੍ਹਾਂ ਰਚਨਾਵਾਂ ਦੇ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਨਹੀਂ ਹੋ ਸਕਦੇ।
ਜਦ ਗੁਰੂ ਗੋਬਿੰਦ ਸਿੰਘ ਜੀ ਇਨ੍ਹਾਂ ਰਚਨਾਵਾਂ ਦੇ ਲਿਖਾਰੀ ਹੀ ਨਹੀਂ, ਤਾਂ ਫਿਰ ਇਨ੍ਹਾਂ ਨੂੰ ਤਿਆਗਣ ਨਾਲ ਗੁਰੂ ਸਾਹਿਬ ਦਾ ਤਿਆਗ ਕਰਨ ਦਾ ਖਦਸ਼ਾ ਬਿਲਕੁਲ ਹੀ ਨਿਰਮੂਲ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਸਿੱਖਾਂ ਦਾ ਸਦੀਵੀ ਗੁਰੂ, ਗੁਰੂ ਗ੍ਰੰਥ ਸਾਹਿਬ ਨੂੰ ਮਨੋਨੀਤ ਕੀਤਾ ਸੀ, ਜਿਨ੍ਹਾਂ ਦੇ ਉਪਦੇਸ਼ਾਂ ਦੀ ਪਾਲਣਾ ਕਰਕੇ ਹੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ। ਬਲਕਿ ਗੁਰੂ ਗ੍ਰੰਥ ਸਾਹਿਬ ਨੂੰ ਤਿਆਗਣਾ (ਉਨ੍ਹਾਂ ਦੀ ਪਵਿੱਤਰ ਬਾਣੀ ਦੀ ਬਜਾਏ ਇਸ ਵਿਵਾਦਿਤ ਕਿਤਾਬ ਦੀਆਂ ਰਚਨਾਵਾਂ `ਤੇ ਜ਼ਿਆਦਾ ਜਾਂ ਬਰਾਬਰ ਸ਼ਰਧਾ ਰੱਖਣਾ) ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਤਿਆਗਣਾ ਹੈ ਤੇ ਇਹ ਕੰਮ ਦਮਦਮੀ ਟਕਸਾਲ, ਅਖੰਡ ਕੀਰਤਨੀ ਜੱਥਾ, ਨਿਹੰਗ ਜੱਥਿਆਂ ਅਤੇ ਬ੍ਰਾਹਮਣਵਾਦੀ ਮਾਨਸਿਕਤਾ ਵਾਲੇ ਕੁੱਝ ਹੋਰ ਸੰਗਠਨਾਂ ਵੱਲੋਂ ਸ਼ਰੇਆਮ ਕੀਤਾ ਜਾ ਰਿਹਾ ਹੈ। ਇਸ ਤੋਂ ਵੀ ਵੱਧ ਹੈਰਾਨੀ ਤੇ ਅਫ਼ਸੋਸ ਦੀ ਗੱਲ ਹੈ ਕਿ ਇਹ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਗੁਰੂ ਮੰਨਣ ਵਾਲੇ (ਸਿਰਫ਼ ਤੇ ਸਿਰਫ਼ ਗੁਰੂ ਗ੍ਰੰਥ ਸਾਹਿਬ `ਤੇ ਆਪਣੀ ਆਸਥਾ ਰੱਖਣ ਵਾਲੇ) ਸਿੱਖਾਂ ਨੂੰ ਨਾਸਤਿਕ, ਪੰਥ-ਵਿਰੋਧੀ ਆਦਿਕ ਵਿਸ਼ੇਸ਼ਣਾਂ ਨਾਲ ਸੰਬੋਧਿਤ ਕਰਕੇ ਆਪਣੀ ਅਕਲ ਦਾ ਦੀਵਾਲੀਆਪਨ ਖ਼ੁਦ ਜ਼ਾਹਿਰ ਕਰ ਰਹੇ ਹਨ।
ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਰੂਪ ਦੱਸਣ ਵਾਲੇ ਸੱਜਣਾਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਜੇਕਰ ਇਹ ਮੰਨ ਲਿਆ ਜਾਵੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਕਾਵਿ-ਰਚਨਾ ਨਹੀਂ ਰਚੀ ਜਾਂ ਅਜਿਹੀ ਕੋਈ ਕਾਵਿ-ਰਚਨਾ ਨਹੀਂ ਰਚੀ ਜਿਸਨੂੰ ਗੁਰੂ ਸਾਹਿਬ ਸਿੱਖਾਂ ਨੂੰ ਗੁਰਬਾਣੀ ਵਾਂਗ ਪੜ੍ਹਾਉਣਾ ਚਾਹੁੰਦੇ - ਤਾਂ ਇਸ ਨਾਲ ਗੁਰੂ ਸਾਹਿਬ ਦੇ ਸਨਮਾਨ ਵਿੱਚ ਕੋਈ ਕਮੀ ਨਹੀਂ ਆ ਜਾਂਦੀ। ਜੇਕਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਤੋਂ ਪਹਿਲਾਂ ਦੇ ਗੁਰੂ ਸਾਹਿਬਾਨ ਦੀ ਤਰਜ਼ `ਤੇ ਗੁਰਬਾਣੀ ਰਚੀ ਹੁੰਦੀ, ਤਾਂ ਉਹ ਉਸਨੂੰ ਜ਼ਰੂਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਦਿੰਦੇ - ਜਿਵੇਂ ਗੁਰੂ ਅਰਜਨ ਸਾਹਿਬ ਨੇ ਸਿੱਖਾਂ ਨੂੰ ਰੱਬੀ ਗਿਆਨ ਬਖਸ਼ਣ ਲਈ ਆਪਣੀਆਂ ਮਹਾਨ ਰਚਨਾਵਾਂ ਦਰਜ ਕੀਤੀਆਂ ਸਨ। ਇਸਦੇ ਇਲਾਵਾ, ਜਿਨ੍ਹਾਂ ਗੁਰੂ ਸਾਹਿਬਾਨ ਵੱਲੋਂ ਕੋਈ ਕਾਵਿ ਰਚਨਾ ਨਾ ਰਚੇ ਜਾਣ ਬਾਰੇ ਕੋਈ ਸੰਸਾ ਨਹੀਂ ਜਿਵੇਂ ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਹਰਿਰਾਏ ਸਾਹਿਬ ਜਾਂ ਗੁਰੂ ਹਰਿਕ੍ਰਿਸ਼ਨ ਸਾਹਿਬ - ਕੀ ਸਿੱਖ ਉਨ੍ਹਾਂ ਨੂੰ ਗੁਰੂ ਨਹੀਂ ਮੰਨਦੇ (ਹੋ ਸਕਦਾ ਹੈ ਕਿ ਦਸਮ ਗ੍ਰੰਥ ਦੇ ਉਪਾਸਕ ਉਨ੍ਹਾਂ ਨੂੰ ਗੁਰੂ ਨਾ ਮੰਨਦੇ ਹੋਣ) ਜਾਂ, ਕੀ ਉਨ੍ਹਾਂ ਦੀ ਗੁਰਿਆਈ ਕਿਸੇ ਨੀਵੇਂ ਦਰਜੇ ਦੀ ਸੀ? ਗੱਲ ਸਿਰਫ਼ ਏਨੀ ਹੈ ਕਿ ਸਮੂਹ ਗੁਰੂ ਸਾਹਿਬਾਨ ਨੂੰ ਇਸ ਵਾਸਤੇ ਸਤਿਕਾਰਦੇ ਹਾਂ ਕਿ ਉਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ ਸਾਨੂੰ ਉੱਚੇ-ਸੁੱਚੇ ਰੱਬੀ ਗੁਣਾਂ ਦੇ ਧਾਰਨੀ ਹੋ ਕੇ ਵਿਖਾਇਆ - ਸਿਰਫ਼ ਕਾਵਿ-ਕਲਾ ਵਿੱਚ ਮੁਹਾਰਤ ਹੋਣ ਜਾਂ ਨਾ ਹੋਣ ਕਾਰਨ ਕਿਸੇ ਗੁਰ-ਵਿਅਕਤੀ ਦੀ ਗੁਰਿਆਈ `ਤੇ ਸ਼ੰਕਾ ਕਰਨਾ ਜਾਂ ਉਸ ਨੂੰ ਜ਼ਿਆਦਾ ਉੱਚੀ ਪੱਧਰ ਦਾ ਗੁਰੂ ਸਮਝਣਾ ਭਾਰੀ ਭੁੱਲ ਅਤੇ ਮਨਮਤਿ ਹੈ। ਸਮੂਹ ਗੁਰੂ ਸਾਹਿਬਾਨ ਇਕੋ ਜੋਤਿ (ਵਿਚਾਰਧਾਰਾ) ਦੇ ਹਾਮੀ ਅਤੇ ਧਾਰਨੀ ਸਨ ਅਤੇ ਉਨ੍ਹਾਂ ਦਾ ਇਕੋ ਜਿਹਾ ਸਤਿਕਾਰ ਕਰਨਾ ਬਣਦਾ ਹੈ।
ਦਲੀਲ 4) ਜਦ ਤੁਸੀਂ ਅੰਮ੍ਰਿਤ ਛਕਿਆ ਸੀ ਤਾਂ ਉਸ ਵੇਲੇ ਪੰਜ ਪਿਆਰਿਆਂ ਨੇ ਕਿਹੜੀਆਂ ਬਾਣੀਆਂ ਪੜ੍ਹੀਆਂ ਸਨ? ਹੁਣ ਵੀ ਜੇਕਰ ਇਹ ਬਾਣੀਆਂ ਪੜ੍ਹੀਆਂ ਜਾਂਦੀਆਂ ਰਹਿਣ ਤਾਂ ਕਿਸੇ ਨੂੰ ਕੀ ਇਤਰਾਜ਼ ਹੈ?
ਇਹ ਟਿਚਕਰ ਉਨ੍ਹਾਂ ਸਿੱਖਾਂ ਨੂੰ ਕੀਤੀ ਜਾਂਦੀ ਹੈ, ਜਿਹੜੇ ਦਸਮ ਗ੍ਰੰਥ ਨੂੰ ਪੂਰੀ ਤਰ੍ਹਾਂ ਨਕਾਰ ਕੇ ਸਿਰਫ਼ ਗੁਰੂ ਗ੍ਰੰਥ ਸਾਹਿਬ ਤੋਂ ਅਧਿਆਤਮਕ ਸੇਧ ਲੈਣ ਦੀ ਵਕਾਲਤ ਕਰਦੇ ਹਨ। ਪਰ ਇਹ ਸਵਾਲ ਕਰਨ ਵਾਲੇ ਵੀਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਅੰਮ੍ਰਿਤ ਸੰਚਾਰ ਵੇਲੇ ਪੜ੍ਹੀਆਂ ਜਾਂਦੀਆਂ ਰਚਨਾਵਾਂ ਦਾ ਅਧਾਰ ਸਿੱਖ ਰਹਿਤ ਮਰਿਆਦਾ ਹੈ ਅਤੇ ਪ੍ਰਚਲਿਤ ਰਹਿਤ ਮਰਿਆਦਾ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਬਣਾਈ ਸੀ ਬਲਕਿ ਸਿੱਖਾਂ ਨੇ ਖ਼ੁਦ ਬਣਾਈ ਸੀ। ਅਤੇ ਜਿਵੇਂ ਕਿ ਪਹਿਲਾਂ ਵੀ ਕਿਹਾ ਗਿਆ ਹੈ, ਹੋਰਨਾਂ ਭੁੱਲਣਹਾਰ ਇਨਸਾਨਾਂ ਦੀ ਤਰ੍ਹਾਂ ਰਹਿਤ ਮਰਿਆਦਾ ਤਿਆਰ ਕਰਨ ਵਾਲੇ ਸੱਜਣਾਂ ਨੇ ਵੀ ਅਨਜਾਣੇ ਵਿੱਚ ਜਾਂ ਹੂੜਮਤੀਆਂ ਦੇ ਦਬਾਅ ਅਧੀਨ ਅੰਮ੍ਰਿਤ ਸੰਚਾਰ ਦੌਰਾਨ ਪੜ੍ਹੀਆਂ ਜਾਣ ਵਾਲੀਆਂ ਰਚਨਾਵਾਂ ਵਿੱਚ 3 ਰਚਨਾਵਾਂ ਦਸਮ ਗ੍ਰੰਥ ਦੀਆਂ ਸ਼ਾਮਲ ਕਰ ਦਿੱਤੀਆਂ। ਇਸੇ ਵਾਸਤੇ ਹੁਣ ਵੀ ਇਹ ਪ੍ਰਚਲਨ ਜਾਰੀ ਹੈ ਅਤੇ ਹਰ ਪਾਹੁਲਧਾਰੀ ਦੇ ਪਾਹੁਲ ਛਕਣ ਸਮੇਂ ਦਸਮ ਗ੍ਰੰਥ ਦੀਆਂ ਰਚਨਾਵਾਂ ਵੀ ਪੜ੍ਹੀਆਂ ਜਾਂਦੀਆਂ ਹਨ। ਪਰ ਇਸਦਾ ਅਰਥ ਇਹ ਨਹੀਂ ਕਿ ਜੇਕਰ ਕੁੱਝ ਚੁਨਿੰਦਾ ਸਿੱਖਾਂ ਨੇ ਗਲਤੀ ਨਾਲ ‘ਦੋ ਤੇ ਦੋ ਪੰਜ` ਆਖ ਦਿੱਤਾ ਸੀ, ਤਾਂ ਹੁਣ ਵੀ ‘ਰਹਿਤ ਮਰਿਆਦਾ` ਦੇ ਨਾਮ `ਤੇ ਉਸ ਗਲਤ ਧਾਰਨਾ ਦੀ ਹੀ ਪਾਲਣਾ ਕੀਤੀ ਜਾਂਦੀ ਰਹੇ। ਜੇਕਰ ਰਹਿਤ ਮਰਿਆਦਾ ਦੇ ਅਧਾਰ `ਤੇ ਖੰਡੇ-ਬਾਟੇ ਦੀ ਪਾਹੁਲ ਰਸਮ ਦੌਰਾਨ ਪੰਜ ਸਿੱਖਾਂ (ਪਿਆਰਿਆਂ) ਵੱਲੋਂ ਦਸਮ ਗ੍ਰੰਥ ਦੀਆਂ 3 ਰਚਨਾਵਾਂ ਪੜ੍ਹੀਆਂ ਜਾ ਸਕਦੀਆਂ ਹਨ, ਤਾਂ ਫਿਰ ਅਜਿਹੇ ਹੀ ਜਾਗ੍ਰਿਤ ਪੰਜ ਸਿੱਖਾਂ (ਪਿਆਰਿਆਂ) ਵੱਲੋਂ ਸਾਰੀਆਂ 5 ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਿਉਂ ਨਹੀਂ ਪੜ੍ਹੀਆਂ ਜਾ ਸਕਦੀਆਂ?
ਖੰਡੇ-ਬਾਟੇ ਦੀ ਪਾਹੁਲ ਰਸਮ ਦੌਰਾਨ ਦਸਮ ਗ੍ਰੰਥ ਦੀਆਂ ਰਚਨਾਵਾਂ ਪੜ੍ਹੇ ਜਾਣ ਸਬੰਧੀ ਇਤਰਾਜ਼ ਇਹੀ ਹੈ ਕਿ ਇਹ ਰਵਾਇਤ ਅਜਿਹਾ ਸੰਕੇਤ ਦਿੰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਸੰਪੂਰਨ ਅਤੇ ਸਰਬ-ਸਮਰੱਥਾਵਾਨ ਗੁਰੂ ਨਹੀਂ ਹਨ, ਜੋ ਸਿੱਖਾਂ ਨੂੰ ਆਪਣੀ ਮੁਢਲੀ ਧਾਰਮਕ ਰਸਮ ਅਦਾ ਕਰਨ ਲਈ ਕਿਸੇ ਹੋਰ ਗ੍ਰੰਥ ਦੀਆਂ ਰਚਨਾਵਾਂ ਪੜ੍ਹਨੀਆਂ ਪੈਂਦੀਆਂ ਹਨ। ਇਸਦੇ ਇਲਾਵਾ, ਸਿੱਖ ਵਿਦਵਾਨਾਂ ਨੇ ਹਿੰਦੂ ਮਿਥਿਹਾਸਕ ਗ੍ਰੰਥਾਂ ਨਾਲ ਤੁਲਨਾਤਮਕ ਅਧਿਐਨ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਇਸ ਵਿਵਾਦਿਤ ਪੁਸਤਕ (ਦਸਮ ਗ੍ਰੰਥ) ਦੀ ਕੋਈ ਵੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਹੋਈ ਨਹੀਂ। ਬਲਕਿ ਇਹ ਰਚਨਾਵਾਂ ਬਾਰ-ਬਾਰ ਅਸਿੱਧੇ ਤਰੀਕੇ ਨਾਲ ਗੁਰਬਾਣੀ ਦੇ ਉਪਦੇਸ਼ਾਂ ਦੀ ਉਲੰਘਣਾ ਅਤੇ ਗੁਰੂ ਸਾਹਿਬਾਨ ਦੀ ਸ਼ਖ਼ਸੀਅਤ ਦਾ ਅਪਮਾਨ ਕਰਦੀਆਂ ਹਨ। ਇਸ ਲਈ, ਸਿੱਖਾਂ ਨੂੰ ਆਪਣੇ ਸਾਰੇ ਰਸਮੋ-ਰਿਵਾਜ ਸਿਰਫ਼ ਤੇ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦਾ ਓਟ-ਆਸਰਾ ਲੈ ਕੇ ਕਰਨੇ ਚਾਹੀਦੇ ਹਨ।
ਦਲੀਲ 5) ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਦਸਮ ਗ੍ਰੰਥ ਪੜ੍ਹਦੇ ਸਨ, ਸ਼ਹੀਦੀਆਂ ਦੇਣ ਵਾਲੇ ਸਿੰਘ ਵੀ ਦਸਮ ਗ੍ਰੰਥ ਪੜ੍ਹਦੇ ਰਹੇ ਹਨ।
ਕੁਝ ਜਜ਼ਬਾਤੀ ਵੀਰਾਂ ਕੋਲ ਜਦ ਦਸਮ ਗ੍ਰੰਥ ਦੇ ਹੱਕ ਵਿੱਚ ਸਾਰੀਆਂ ਦਲੀਲਾਂ ਖ਼ਤਮ ਹੋ ਜਾਂਦੀਆਂ ਹਨ, ਤਾਂ ਉਹ ਗੁਰੂ ਗ੍ਰੰਥ ਸਾਹਿਬ ਦੇ ਉਪਾਸਕ ਸਿੱਖਾਂ ਨੂੰ ਨੀਵਾਂ ਦਿਖਾਉਣ ਲਈ ਉਕਤ ਦਲੀਲ ਦੇ ਕੇ ਸਵਾਲ ਕਰਦੇ ਹਨ ਕਿ ਕੀ ਤੁਸੀਂ ਭਿੰਡਰਾਂਵਾਲਿਆਂ ਨਾਲੋਂ ਜ਼ਿਆਦਾ ਵੱਡੇ (ਸਿਆਣੇ) ਹੋ? ਕੀ ਤੁਸੀਂ ਦਰਬਾਰ ਸਾਹਿਬ ਕੰਪਲੈਕਸ ਵਿੱਚ ਫੌਜ ਨਾਲ ਲੜ ਕੇ ਸ਼ਹੀਦ ਹੋਣ ਵਾਲੇ ਜਾਂ ਖਾੜਕੂਵਾਦੀ ਲਹਿਰ ਦੌਰਾਨ ਸ਼ਹੀਦ ਹੋਣ ਵਾਲੇ ਸਿੰਘਾਂ (ਜੋ ਦਸਮ ਗ੍ਰੰਥ ਦੀਆਂ ਰਚਨਾਵਾਂ ਦਾ ਪਾਠ ਕਰਦੇ ਸਨ) ਨਾਲੋਂ ਜ਼ਿਆਦਾ ਕੁਰਬਾਨੀਆਂ ਕਰਨ ਵਾਲੇ ਹੋ?
ਇਥੇ ਦੋ ਨੁਕਤਿਆਂ ਵੱਲ ਧਿਆਨ ਦੇਣਾ ਬਣਦਾ ਹੈ। ਭਾਈ ਜਰਨੈਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਸਿਫ਼ਤਿ ਇਸ ਵਾਸਤੇ ਕੀਤੀ ਜਾਂਦੀ ਹੈ ਕਿਉਂਕਿ ਇਹ ਜਾਣਦਿਆਂ ਹੋਇਆਂ ਵੀ ਕਿ ਉਹ ਟੈਂਕਾਂ-ਤੋਪਾਂ, ਹੈਲੀਕਾਪਟਰਾਂ ਨਾਲ ਲੈਸ ਅਤਿ ਵੱਡੀ ਭਾਰਤੀ ਫੌਜ ਨੂੰ ਹਰਾਉਣਾ ਉਨ੍ਹਾਂ ਵਾਸਤੇ ਅਸੰਭਵ ਹੈ, ਉਨ੍ਹਾਂ ਨੇ ਨਿਡਰਤਾ ਨਾਲ ਆਪਣੀ ਜਾਨ ਰਹਿੰਦਿਆਂ ਤੱਕ ਫੌਜ ਦਾ ਟਾਕਰਾ ਕੀਤਾ। ਪਰ ਇਹ ਕਹਿਣਾ ਜਾਂ ਸੋਚਣਾ ਭਾਰੀ ਗਲਤੀ ਹੈ ਕਿ ਭਾਈ ਜਰਨੈਲ ਸਿੰਘ ਜਾਂ ਉਨ੍ਹਾਂ ਦੇ ਸਾਥੀਆਂ ਦੀ ਇਹ ਨਿਡਰਤਾ ‘ਦਸਮ ਗ੍ਰੰਥ` ਦੀ ਦੇਣ ਸੀ। ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ, ਖ਼ੁਦ ਗੁਰੂ ਸਾਹਿਬਾਨ ਅਤੇ ਸਿੱਖ ਸਰੀਰਕ ਮੌਤ ਦੇ ਖੌਫ਼ ਤੋਂ ਮੁਕਤ ਹੋ ਕੇ ਇਨਸਾਨੀਅਤ ਦੀ ਭਲਾਈ ਲਈ ਸੰਘਰਸ਼ ਕਰਦੇ ਰਹੇ। ਗੁਰਮਤਿ ਵਿਚਾਰਧਾਰਾ ਦਾ ਇੱਕ ਮੁੱਖ ਨੁਕਤਾ ਇਹੀ ਹੈ ਕਿ ਇਨਸਾਨ ਨੂੰ ਸਰੀਰਕ ਮੌਤ ਤੋਂ ਡਰਨ ਦੀ ਬਜਾਏ (ਕਿਉਂਕਿ ਰੱਬੀ ਨੇਮ ਮੁਤਾਬਿਕ ਹਰ ਇਨਸਾਨ ਦੀ ਦੇਹ ਤਾਂ ਇੱਕ ਦਿਨ ਖ਼ਤਮ ਹੋ ਹੀ ਜਾਣੀ ਹੈ) ਆਤਮਕ ਮੌਤ (ਵਿਕਾਰਾਂ ਵਿੱਚ ਗ੍ਰਸਤ ਹੋਣ) ਤੋਂ ਬਚਣ ਦੀ ਰਾਹ ਅਪਣਾਉਣੀ ਚਾਹੀਦੀ ਹੈ। ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਤੋਂ ਹੀ ਸਿੱਖਾਂ ਦੀ ਮੁਗਲ ਫੌਜਾਂ ਨਾਲ ਹਥਿਆਰਬੰਦ ਜੰਗਾਂ ਵੀ ਅਰੰਭ ਹੋ ਗਈਆਂ ਸਨ। ਸਿੱਖਾਂ ਨੇ ਬੇਹੱਦ ਬਹਾਦਰੀ ਨਾਲ ਲੜ ਕੇ ਇਹ ਸਭ ਜੰਗਾਂ ਜਿੱਤੀਆਂ, ਤਾਂ ਇਸਦਾ ਕਾਰਨ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਉਪਦੇਸ਼ਾਂ `ਤੇ ਅਮਲ ਕਾਰਨ ਵਿਕਸਿਤ ਹੋਇਆ ਉਨ੍ਹਾਂ ਦਾ ਉੱਚਾ-ਸੁੱਚਾ ਕਿਰਦਾਰ ਸੀ - ਬਚਿੱਤਰ ਨਾਟਕ ਗ੍ਰੰਥ ਤਾਂ ਉਸ ਵੇਲੇ ਹੋਂਦ ਵਿੱਚ ਵੀ ਨਹੀਂ ਆਇਆ ਸੀ ਅਤੇ ਨਾ ਹੀ ਸਿੱਖਾਂ ਵਿੱਚ ਸੱਚੇ ਗੁਰੂ ਤੋਂ ਬੇਮੁਖ ਹੋ ਕੇ ਬ੍ਰਾਹਮਣਵਾਦੀ ਗ੍ਰੰਥਾਂ ਦੇ ਉਪਾਸਕ ਬਣਨ ਦੀ ਪ੍ਰਵਿਰਤੀ ਪ੍ਰਚਲਿਤ ਹੋਈ ਸੀ।
ਇਹ ਵੀ ਗੌਰਤਲਬ ਹੈ ਕਿ ਭਾਰਤ ਦੀਆਂ ਵੱਖ-ਵੱਖ ਰਿਆਸਤਾਂ `ਤੇ ਰਾਜ ਕਰ ਰਹੀ ਮੁਗਲ ਹਕੂਮਤ ਦੀਆਂ ਫੌਜਾਂ ਏਨੀਆਂ ਕਮਜ਼ੋਰ ਵੀ ਨਹੀਂ ਸਨ ਕਿ ਉਨ੍ਹਾਂ ਨੂੰ ਅਸਾਨੀ ਨਾਲ ਹਰਾਇਆ ਜਾ ਸਕੇ। ਇਸਲਈ ਯਕੀਨੀ ਹੈ ਕਿ ਇਨ੍ਹਾਂ ਜੰਗਾਂ ਵਿੱਚ ਘੱਟ ਜਾਂ ਵੱਧ ਗਿਣਤੀ ਵਿੱਚ ਸਿੱਖ ਸ਼ਹੀਦ ਵੀ ਹੋਏ ਹੋਣਗੇ। ਹੁਣ ਵਿਚਾਰਨ ਦੀ ਗੱਲ ਇਹ ਹੈ ਕਿ ਕੀ ਇਨ੍ਹਾਂ ਸਿੱਖਾਂ ਨੇ ਭਗੌਤੀ ਨੂੰ ਸਿਮਰ ਕੇ ਜੰਗ ਲੜਨ ਦੀ ਹਿੰਮਤ ਜੁਟਾਈ ਸੀ, ਜਿਵੇਂ ਕਿ ਦਸਮ ਗ੍ਰੰਥ ਦੇ ਉਪਾਸਕ ਲੋਕ, ਖਾੜਕੂ ਸਿੰਘਾਂ ਦੀ ‘ਹਿੰਮਤ` ਲਈ ਇਸ ਵਿਵਾਦਿਤ ਪੁਸਤਕ ਨੂੰ ਪ੍ਰੇਰਣਾ-ਸ੍ਰੋਤ ਦੱਸਦੇ ਹਨ? ਜ਼ਾਹਿਰ ਹੈ ਕਿ ਅਜਿਹਾ ਕੁੱਝ ਨਹੀਂ ਸੀ। ਬਲਕਿ ਛਲ-ਕਪਟ ਅਤੇ ਅਵੱਲ ਦਰਜੇ ਦੀਆਂ ਅਸ਼ਲੀਲ ਕਥਾਵਾਂ ਵਾਲੀਆਂ ਰਚਨਾਵਾਂ ਪੜ੍ਹ ਕੇ ਤਾਂ ਚੰਗੇ ਕਿਰਦਾਰ ਵਾਲਾ ਵਿਅਕਤੀ ਵੀ ਵਿਕਾਰਾਂ ਵਿੱਚ ਗ੍ਰਸਤ ਹੋ ਕੇ ਆਪਣੀ ਹਿੰਮਤ ਗੁਆ ਬੈਠਦਾ ਹੈ।

ਜਿਥੋਂ ਤੱਕ ਭਾਈ ਜਰਨੈਲ ਸਿੰਘ ਜਾਂ ਕਿਸੇ ਖਾੜਕੂ ਵੱਲੋਂ ਦਸਮ ਗ੍ਰੰਥ ਪੜ੍ਹੇ ਜਾਣ ਦੀ ਗੱਲ ਹੈ, ਇਹ ਤੱਥ ਸਭ ਦਸਮ ਗ੍ਰੰਥੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਭਾਈ ਜਰਨੈਲ ਸਿੰਘ ਜਾਂ ਹੋਰ ਸਿੰਘਾਂ ਨੂੰ ਉਨ੍ਹਾਂ ਦੀ ਬਹਾਦਰੀ ਲਈ ਭਾਵੇਂ ਕਿੰਨਾ ਵੀ ਸਤਿਕਾਰਿਆ ਜਾਵੇ, ਇਹ ਸਭ ਸਿੱਖ ਹੀ ਸਨ, ਸਿੱਖਾਂ ਦੇ ਗੁਰੂ ਨਹੀਂ ਜੋ ਇਨ੍ਹਾਂ ਵੱਲੋਂ ਕੀਤੇ ਜਾਂਦੇ ਰਹੇ ਕਾਰਜ ਦੀ ਅੰਨ੍ਹੇਵਾਹ ਨਕਲ ਕਰਨੀ ਅਰੰਭ ਕਰ ਦਿੱਤੀ ਜਾਏ। ਅਤੇ ਜਿਵੇਂ ਕਿ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਹੈ, ਬਾਕੀ ਇਨਸਾਨਾਂ ਦੀ ਤਰ੍ਹਾਂ ਸਿੱਖ ਵੀ ਭੁਲਣਹਾਰ ਹਨ ਅਤੇ ਗਲਤੀਆਂ ਕਰਦੇ ਹਨ ਤੇ ਭਾਈ ਜਰਨੈਲ ਸਿੰਘ ਜਾਂ ਉਨ੍ਹਾਂ ਦੇ ਸਾਥੀ ਵੀ ਇਸਦਾ ਅਪਵਾਦ (exception) ਨਹੀਂ ਹਨ। ਡੇਰਾ ਦਮਦਮੀ ਟਕਸਾਲ ਤੋਂ ਧਾਰਮਕ ਸਿੱਖਿਆ ਲੈਣ ਕਾਰਨ ਹੋ ਸਕਦਾ ਹੈ ਕਿ ਭਾਈ ਜਰਨੈਲ ਸਿੰਘ ਵੀ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਦੀ ਲਿਖਤ ਸਮਝ ਕੇ ਇਸ ਦੀਆਂ ਪ੍ਰਚਲਿਤ ਰਚਨਾਵਾਂ ਦਾ ਪਾਠ ਕਰਦੇ ਹੋਣ ਪਰ ਜੇਕਰ ਉਹ ਤ੍ਰੀਆ-ਚਰਿੱਤਰਾਂ ਵਿਚਲੀਆਂ ਗੰਦੀਆਂ ਕਹਾਣੀਆਂ ਅਤੇ ਹੋਰਨਾਂ ਰਚਨਾਵਾਂ ਵਿੱਚ ਗੁਰੂ ਸਾਹਿਬਾਨ ਵਿਰੋਧੀ ਤੱਥਾਂ ਤੋਂ ਜਾਣੂ ਹੋ ਜਾਂਦੇ, ਤਾਂ ਯਕੀਨੀ ਤੌਰ `ਤੇ ਉਨ੍ਹਾਂ ਨੇ ਇਸ ਵਿਵਾਦਿਤ ਪੁਸਤਕ ਨੂੰ ਪੜ੍ਹਨਾ ਛੱਡ ਦੇਣਾ ਸੀ।

ਦਲੀਲ 6) ਕਾਇਰ ਤੇ ਬੁਜ਼ਦਿਲ ਲੋਕ ਦਸਮ ਗ੍ਰੰਥ ਪੜ੍ਹ ਹੀ ਨਹੀਂ ਸਕਦੇ! ! ਇਸੇ ਕਰਕੇ ਉਹ ਦਸਮ ਗ੍ਰੰਥ ਦੀ ਮੁਖ਼ਾਲਫਤ ਕਰਦੇ ਹਨ।

ਦਸਮ ਗ੍ਰੰਥ ਦੇ ਕੁੱਝ ਉਪਾਸਕ, ਖ਼ਾਸਕਰ ਡੇਰਾ ਦਮਦਮੀ ਟਕਸਾਲ ਤੋਂ ਸਿੱਖਿਆ ਲੈਣ ਵਾਲੇ, ਉਕਤ ਹਾਸੋਹੀਣੀ ਤੇ ਤਰਕ-ਰਹਿਤ ਦਲੀਲ ਦਿੰਦੇ ਹਨ। ਵੈਸੇ ਤਾਂ ਇਹ ਆਮ ਸੂਝ (common sense) ਦੀ ਗੱਲ ਹੈ ਕਿ ਕਿਸੇ ਕਿਤਾਬ/ਗ੍ਰੰਥ ਨੂੰ ਪੜ੍ਹਨ ਵਾਸਤੇ ਸਿਰਫ਼ ਉਸਦੀ ਲਿਪੀ ਪੜ੍ਹਨੀ ਆਉਣੀ ਚਾਹੀਦੀ ਹੈ (ਜਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਵਾਸਤੇ ਗੁਰਮੁਖੀ ਲਿਪੀ ਪੜ੍ਹਨੀ ਆਉਣੀ ਚਾਹੀਦੀ ਹੈ)। ਇਸ ਵਿੱਚ ‘ਹਿੰਮਤ` ਜਾਂ ‘ਬਹਾਦਰੀ` ਦਾ ਕੋਈ ਕੰਮ ਨਹੀਂ ਹੁੰਦਾ। ਜਿਹੜੇ ਲੋਕ ਇਹ ਕਹਿੰਦੇ ਹਨ ਕਿ ਦਸਮ ਗ੍ਰੰਥ ਨੂੰ ਪੜ੍ਹਨ ਵਾਸਤੇ ਬਹੁਤ ਹਿੰਮਤ ਦੀ ਜ਼ਰੂਰਤ ਹੈ (ਪਰ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਵਾਸਤੇ ਹਿੰਮਤ ਦੀ ਲੋੜ ਨਹੀਂ, ਯਾਨੀ ਦਸਮ ਗ੍ਰੰਥ ਦੇ ਉਪਾਸਕ ਗੁਰੂ ਗ੍ਰੰਥ ਸਾਹਿਬ ਨੂੰ ‘ਆਮ` ਜਿਹਾ ਗ੍ਰੰਥ ਮੰਨਦੇ ਹਨ ਅਤੇ ਦਸਮ ਗ੍ਰੰਥ ਨੂੰ ‘ਖ਼ਾਸ` ਗ੍ਰੰਥ) ਉਨ੍ਹਾਂ ਨੂੰ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਕਿਸੇ ਅਧਿਆਤਮਕ ਗ੍ਰੰਥ ਨੂੰ ਪੜ੍ਹਨ-ਸਮਝਣ ਵਾਸਤੇ ਭਾਸ਼ਾ-ਵਿਗਿਆਨ `ਤੇ ਮੁਹਾਰਤ ਦੀ ਲੋੜ ਹੁੰਦੀ ਹੈ ਜਾਂ ਲੜਾਕੂਪੁਣੇ ਦੀ? ਕੀ ਦਸਮ ਗ੍ਰੰਥ ਕੋਈ ਡਰਾਵਨੀ ਫਿਲਮ (horror movie) ਹੈ, ਜਿਸ ਨੂੰ ਕਥਿਤ ਤੌਰ `ਤੇ ਕਮਜ਼ੋਰ ਸਿੱਖ (ਜਿਨ੍ਹਾਂ ਨੂੰ ਦਸਮ ਗ੍ਰੰਥ ਦੇ ਉਪਾਸਕ ਬਦੋਬਦੀ ‘ਮਿਸ਼ਨਰੀ` ਜਾਂ ‘ਕਾਲੇ ਅਫਗਾਨੀਏ` ਕਹਿ ਕੇ ਆਪਣੀ ਬੌਖਲਾਹਟ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹਨ) ਪੜ੍ਹ ਨਹੀਂ ਸਕਦੇ?

ਫਿਰ ਜਿਥੋਂ ਤੱਕ ਦਸਮ ਗ੍ਰੰਥ ਦੇ ਤ੍ਰਿਆ-ਚਰਿੱਤਰਾਂ (ਸਮੁੱਚੇ ‘ਗ੍ਰੰਥ` ਦਾ ਇਕ-ਤਿਹਾਈ ਤੋਂ ਵੱਧ ਹਿੱਸਾ) ਦਾ ਸਵਾਲ ਹੈ, ਇਸਨੂੰ ਪੜ੍ਹਨ ਦੀ ਹਿੰਮਤ ਤਾਂ ਵਾਕਈ ਇਨ੍ਹਾਂ ਕੇਸਾਧਾਰੀ ਹਿੰਦੂਆਂ, ਜਿਨ੍ਹਾਂ ਦਾ ਬਾਹਰੀ ਸਰੂਪ ਸਿੱਖਾਂ ਵਰਗਾ ਹੈ, ਵਿੱਚ ਹੀ ਹੋ ਸਕਦੀ ਹੈ। ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਤੋਂ ਸੇਧ ਲੈ ਕੇ ਉੱਚੇ-ਸੁੱਚੇ ਕਿਰਦਾਰ ਵਿਕਸਿਤ ਕਰਨ ਲਈ ਜਤਨਸ਼ੀਲ ਕਿਸੇ ਸਿੱਖ ਵਿੱਚ ਏਨੀ ਹਿੰਮਤ ਨਹੀਂ ਹੋਵੇਗੀ ਕਿ ਉਹ ਤ੍ਰੀਆ-ਚਰਿੱਤਰਾਂ ਦੀਆਂ ਗੰਦੀਆਂ ਕਹਾਣੀਆਂ ਪੜ੍ਹ ਸਕੇ। ਪਰ ਕਿਉਂਕਿ ਟਕਸਾਲਾਂ ਜਾਂ ਜਥੇ ਦੇ ਸਿੰਘਾਂ ਵਿੱਚੋਂ ਹਿੰਮਤ ਡੁੱਲ-ਡੁੱਲ ਕੇ ਬਾਹਰ ਪੈਂਦੀ ਹੈ, ਇਸ ਵਾਸਤੇ ਉਹ ਇਨ੍ਹਾਂ ਚਰਿੱਤਰਾਂ ਨੂੰ ਬਾਰ-ਬਾਰ ਜ਼ਰੂਰ ਪੜ੍ਹਦੇ ਹੋਣਗੇ। ਸਾਡੀ ਇਨ੍ਹਾਂ ‘ਬਹਾਦਰ` ਵੀਰਾਂ ਨੂੰ ਸਲਾਹ ਹੈ ਕਿ ਉਹ ਇਸ ‘ਖ਼ਾਸ ਗ੍ਰੰਥ` ਦੀਆਂ ਅਜਿਹੀਆਂ ‘ਸਿੱਖਿਆਦਾਇਕ` ਕਹਾਣੀਆਂ ਆਪਣੀਆਂ ਮਾਂਵਾਂ, ਭੈਣਾਂ, ਪਤਨੀਆਂ, ਭਰਜਾਈਆਂ, ਧੀਆਂ ਨੂੰ ਅਰਥਾਂ ਸਮੇਤ ਸੁਣਾਉਣ ਦੀ ਖੇਚਲ ਕਰਨ, ਤਾਂ ਜੋ ਉਨ੍ਹਾਂ ਦੇ ਮੁਕੰਮਲ ਪਰਵਾਰ ਵਿੱਚ ‘ਹਿੰਮਤ` ਵਿਕਸਿਤ ਹੋ ਸਕੇ।
ਦਲੀਲ 7) ਜੇਕਰ ਰਾਗਮਾਲਾ ਕਾਰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ `ਤੇ ਸ਼ੰਕਾ ਨਹੀਂ ਹੁੰਦੀ, ਤਾਂ ਚਰਿੱਤਰਾਂ ਕਾਰਨ ਦਸਮ ਗ੍ਰੰਥ ਦੀਆਂ ਬਾਣੀਆਂ `ਤੇ ਸ਼ੰਕਾ ਕਿਉਂ ਕੀਤੀ ਜਾਂਦੀ ਹੈ?
ਦਸਮ ਗ੍ਰੰਥ ਦੇ ਉਪਾਸਕਾਂ ਵਿੱਚ ਥੋੜ੍ਹੀ ਜਿਹੀ ਖੁੱਲ੍ਹੀ ਮਾਨਸਿਕਤਾ ਵਾਲੇ ਲੋਕ, ਜਿਹੜੇ ਇਹ ਮੰਨਦੇ ਹਨ ਕਿ “ਤ੍ਰੀਆ-ਚਰਿੱਤਰ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਨਹੀਂ ਹੋ ਸਕਦੇ ਪਰ ਜਾਪੁ ਸਾਹਿਬ, ਸਵੈਯੇ ਆਦਿਕ ਰਚਨਾਵਾਂ ਤਾਂ ਯਕੀਨਨ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖਤਾਂ ਹਨ, “ ਇਹ ਦਲੀਲ ਦਿੰਦੇ ਹਨ ਕਿ ਦਸਮ ਗ੍ਰੰਥ ਮੁਢਲੇ ਤੌਰ `ਤੇ ਤਾਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖਿਆ ਗਿਆ ਸੀ ਪਰ ਬ੍ਰਾਹਮਣਵਾਦੀ ਲਿਖਾਰੀਆਂ ਨੇ ਉਸ ਵਿੱਚ ‘ਤ੍ਰੀਆ-ਚਰਿੱਤਰਾਂ` ਦੀ ਮਿਲਾਵਟ ਕਰ ਦਿੱਤੀ। ਅਜਿਹੇ ਵੀਰਾਂ ਦਾ ਕਹਿਣਾ ਹੁੰਦਾ ਹੈ ਕਿ ਦਸਮ ਗ੍ਰੰਥ ਵਿੱਚੋਂ ਤ੍ਰੀਆ-ਚਰਿੱਤਰਾਂ ਨੂੰ ਹਟਾ ਦਿੱਤਾ ਜਾਏ ਅਤੇ ਬਾਕੀ ਰਚਨਾਵਾਂ ਜਾਂ ਘੱਟੋ-ਘੱਟ ‘ਅੰਮ੍ਰਿਤ` ਦੀਆਂ ਬਾਣੀਆਂ` ਉੱਤੇ ਕਿੰਤੂ-ਪ੍ਰੰਤੂ ਨਾ ਕੀਤਾ ਜਾਏ (ਨੋਟ: ਪ੍ਰੋ: ਦਰਸ਼ਨ ਸਿੰਘ ਨੇ ਵੀ ਦਸਮ ਗ੍ਰੰਥ ਖਿਲਾਫ਼ ਆਪਣੀ ਪ੍ਰਚਾਰ ਮੁਹਿੰਮ ਵਿੱਚ ਕਥਿਤ ‘ਪੰਥ-ਪ੍ਰਵਾਣਿਤ` ਰਚਨਾਵਾਂ ਨੂੰ ਪੜ੍ਹਦੇ ਰਹਿਣ ਦੀ ਤਾਕੀਦ ਕੀਤੀ ਸੀ, ਜੋ ਜ਼ਾਹਿਰੀ ਤੌਰ `ਤੇ ਇੱਕ ਸਮਝੌਤਾਵਾਦੀ ਜਾਂ ਬਚਾਵਵਾਦੀ ਨੀਤੀ ਸੀ)। ਇਨ੍ਹਾਂ ਸੱਜਣਾ ਦਾ ਕਹਿਣਾ ਹੁੰਦਾ ਹੈ ਕਿ ਥੋੜੀ ਜਿਹੀ ਮਾੜੀ ਚੀਜ਼ ਪਿੱਛੇ ਬਾਕੀ ਸਾਰੀ ਚੰਗੀ ਚੀਜ਼ ਦਾ ਤਿਆਗ ਕਰ ਦੇਣਾ ਅਕਲਮੰਦੀ ਨਹੀਂ ਹੈ। ਇਸੇ ਪ੍ਰਕਰਣ ਵਿੱਚ ਉਹ ਮਿਸਾਲ ਦਿੰਦੇ ਹਨ ਕਿ ਜਿਵੇਂ ਹਰ ਜਾਗਰੁਕ ਸਿੱਖ ਨੂੰ ਪਤਾ ਹੈ ਕਿ ਰਾਗਮਾਲਾ ਗੁਰਬਾਣੀ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੀਤੀ ਗਈ ਮਿਲਾਵਟ ਹੈ ਪਰ ਇਸ ਮਿਲਾਵਟ ਤੋਂ ਨਰਾਜ਼ ਹੋ ਕੇ ਕੋਈ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਪੜ੍ਹਨ ਤੋਂ ਇਨਕਾਰੀ ਨਹੀਂ ਹੁੰਦਾ। ਉਸੇ ਤਰ੍ਹਾਂ, ਤ੍ਰੀਆ-ਚਰਿੱਤਰਾਂ ਰੂਪੀ ਮਿਲਾਵਟ ਦੇ ਅਧਾਰ `ਤੇ ਬਾਕੀ ਦਸਮ ਗ੍ਰੰਥ ਦੀਆਂ ਰਚਨਾਵਾਂ ਦਾ ਤਿਆਗ ਕਰਨਾ ਵੀ ਸਿਆਣਪ ਨਹੀਂ।
ਪਰ ਇਨ੍ਹਾਂ ਵੀਰਾਂ ਨੂੰ ਚਾਹੀਦਾ ਹੈ ਕਿ ਉਹ ਨਿਰਪੱਖਤਾ ਅਤੇ ਖੁੱਲੇ ਦਿਲੋ-ਦਿਮਾਗ ਨਾਲ ਦਸਮ ਗ੍ਰੰਥ ਦੀਆਂ ਸਾਰੀਆਂ ਰਚਨਾਵਾਂ ਦਾ ਅਧਿਐਨ ਹਿੰਦੂ ਮਿਥਿਹਾਸਕ ਗ੍ਰੰਥਾਂ ਨਾਲ ਕਰਨ ਦੀ ਖੇਚਲ ਕਰਨ। ਜੇਕਰ ਉਨ੍ਹਾਂ ਕੋਲ ਅਜਿਹਾ ਕਰਨ ਦਾ ਵਕਤ ਨਾ ਹੋਵੇ ਤਾਂ ਉਹ ਸ੍ਰ: ਦਲਬੀਰ ਸਿੰਘ ਐਮ. ਐਸ. ਸੀ. ਦੀ ਲਿਖੀ ਪੁਸਤਕ “ਦਸਮ ਗ੍ਰੰਥ ਦੀ ਅਸਲੀਯਤ” ਹੀ ਪੜ੍ਹ ਲੈਣ ਜਿਸ ਵਿੱਚ ਵਿਦਵਾਨ ਲੇਖਕ ਨੇ ਦਸਮ ਗ੍ਰੰਥ ਦੀਆਂ ਸਮੁੱਚੀਆਂ ਰਚਨਾਵਾਂ ਦੇ ਮੌਲਿਕ ਹਿੰਦੂਵਾਦੀ ਗ੍ਰੰਥਾਂ ਦਾ ਬਿਉਰਾ ਦਿੱਤਾ ਹੈ। ਇਸ ਦੇ ਨਾਲ-ਨਾਲ ਲੇਖਕ ਨੇ ਉਨ੍ਹਾਂ ਹਿੰਦੂਵਾਦੀ ਗ੍ਰੰਥਾਂ ਦੇ ਕੁੱਝ ਪੰਨਿਆਂ ਦੀਆਂ ਪ੍ਰਤੀਆਂ ਵੀ ਪੁਸਤਕ ਵਿੱਚ ਜਿਉਂ ਦੀਆਂ ਤਿਉਂ ਪ੍ਰਕਾਸ਼ਿਤ ਕਰਵਾਈਆਂ ਹਨ, ਤਾਂ ਜੋ ਪਾਠਕ ਖ਼ੁਦ ਸੱਚ ਤੇ ਝੂਠ ਦਾ ਫੈਸਲਾ ਕਰ ਸਕਣ। ਅਜਿਹਾ ਅਧਿਐਨ ਕਰਨ `ਤੇ ਇਨ੍ਹਾਂ ਵੀਰਾਂ ਨੂੰ ਸਪਸ਼ਟ ਹੋ ਜਾਏਗਾ ਕਿ ਦਸਮ ਗ੍ਰੰਥ ਦੀ ਕੋਈ ਵੀ ਰਚਨਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਅਨੁਕੂਲ ਨਹੀਂ ਹੈ। ਇਸਲਈ ਦਸਮ ਗ੍ਰੰਥ ਤੋਂ ਪੂਰੀ ਤਰ੍ਹਾਂ ਪਿੱਛਾ ਛੁਡਾ ਕੇ ਸਿਰਫ਼ `ਤੇ ਸਿਰਫ਼ ਗੁਰੂ ਗ੍ਰੰਥ ਸਾਹਿਬ `ਤੇ ਟੇਕ ਰੱਖਣ ਦੀ ਨੀਤੀ ਹੀ ਸਿੱਖਾਂ ਦਾ ਭਲਾ ਕਰ ਸਕਦੀ ਹੈ।
ਜਿਥੋਂ ਤੱਕ ਰਾਗਮਾਲਾ ਦੀ ਗੱਲ ਹੈ, ਉਹ ਗੁਰੂ ਗ੍ਰੰਥ ਸਾਹਿਬ ਦੇ ਸਵਾ ਪੰਨਿਆਂ ਤੋਂ ਵੀ ਘੱਟ ਥਾਂ ਵਿੱਚ ਅਤੇ ਅੰਤ ਵਿੱਚ ਆਉਂਦੀ ਹੈ। ਜਾਗਰੁਕ ਸਿੱਖ ਅਖੰਡ ਪਾਠ ਜਾਂ ਸਹਿਜ ਪਾਠ ਦੌਰਾਨ ਇਸ ਰਚਨਾ ਨੂੰ ਪੜ੍ਹਨ ਦੀ ਬਜਾਏ ਪਾਠ ਦਾ ਭੋਗ ਮੁੰਦਾਵਣੀ ਦੇ ਸਲੋਕ `ਤੇ ਹੀ ਪਾਉਂਦੇ ਆ ਰਹੇ ਹਨ। ਦੂਜਾ, ਰਾਗਮਾਲਾ ਵਿੱਚ ਸਿਰਫ਼ ਕੁੱਝ ਰਾਗਾਂ ਦੇ ਨਾਮ ਹਨ। ਭਾਵੇਂ ਇਨ੍ਹਾਂ ਰਾਗਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਉਪਯੋਗ ਕੀਤੇ ਗਏ ਰਾਗਾਂ ਦੀ ਤਰਤੀਬ ਮੁਤਾਬਿਕ ਨਹੀਂ ਅਤੇ ਨਾ ਹੀ ਇਨ੍ਹਾਂ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਗਏ ਸਮੁੱਚੇ ਰਾਗਾਂ ਦਾ ਜ਼ਿਕਰ ਹੈ (ਬਲਕਿ ਕੁੱਝ ਵਾਧੂ ਰਾਗਾਂ ਦਾ ਜ਼ਿਕਰ ਜਰੂਰ ਹੈ, ਜਿਨ੍ਹਾਂ ਦਾ ਉਪਯੋਗ ਗੁਰੂ ਗ੍ਰੰਥ ਸਾਹਿਬ ਵਿੱਚ ਕੀਤਾ ਹੀ ਨਹੀਂ ਗਿਆ)। ਇਸਲਈ ਰਾਗਮਾਲਾ ਨੂੰ ਪੜ੍ਹਨਾ ਅਗਿਆਨਤਾ ਤਾਂ ਦਰਸਾਉਂਦੀ ਹੈ ਪਰ ਇਸ ਨਾਲ ਕੁੱਝ ਖ਼ਾਸ ਸਿਧਾਂਤਕ ਨੁਕਸਾਨ ਨਹੀਂ ਹੁੰਦਾ। ਦੂਜੇ ਪਾਸੇ, ਦਸਮ ਗ੍ਰੰਥ ਦੀਆਂ ਗੁਰਮਤਿ ਵਿਰੋਧੀ ਰਚਨਾਵਾਂ ਪੜ੍ਹਨ `ਤੇ ਗੁਰਮਤਿ ਦੇ ਮੁਢਲੇ ਅਸੂਲਾਂ ਤੋਂ ਚੰਗੀ ਤਰ੍ਹਾਂ ਵਾਕਿਫ਼ ਨਾ ਹੋਣ ਵਾਲਾ ਵਿਅਕਤੀ ਮਨਮਤਿ ਦਾ ਸ਼ਿਕਾਰ ਜ਼ਰੂਰ ਹੋ ਸਕਦਾ ਹੈ। ਉਹ ਮਹਾਂਕਾਲ ਦਾ ਉਪਾਸਕ ਵੀ ਬਣ ਸਕਦਾ ਹੈ ਅਤੇ ਹਰ ਕੰਮ ਕਰਨ ਤੋਂ ਪਹਿਲਾਂ ਭਗੌਤੀ ਨੂੰ ਸਿਮਰਨਾ ਵੀ ਜ਼ਰੂਰੀ ਸਮਝ ਸਕਦਾ ਹੈ। ਇਸਲਈ ਤ੍ਰੀਆ-ਚਰਿੱਤਰਾਂ ਦੀ ਤੁਲਨਾ ਰਾਗਮਾਲਾ ਨਾਲ ਕਰਨਾ ਬਿਲਕੁਲ ਤਰਕਹੀਨ ਹੈ।
ਸਿੱਖਾਂ ਦੇ ਸੰਪੂਰਨ ਗੁਰੂ, ਗੁਰੂ ਗ੍ਰੰਥ ਸਾਹਿਬ ਹਨ ਜਿਸ ਵਿੱਚ ਗੁਰਬਾਣੀ ਦਾ ਅਤਿ ਵਿਸ਼ਾਲ ਖ਼ਜ਼ਾਨਾ ਮੌਜੂਦ ਹੈ ਅਤੇ ਸਿੱਖਾਂ ਨੂੰ ਅਧਿਆਤਮਕ ਗਿਆਨ ਵਾਸਤੇ ਹੋਰ ਕੋਈ ਵੀ ਗ੍ਰੰਥ ਪੜ੍ਹਨ ਦੀ ਲੋੜ ਨਹੀਂ। ਏਨੀ ਸਿੱਧੀ ਤੇ ਸਪਸ਼ਟ ਗੱਲ ਵੀ ਜਿਸ ‘ਸਿੱਖ` ਦੀ ਸਮਝ ਵਿੱਚ ਨਾ ਆਉਂਦੀ ਹੋਵੇ, ਉਸਨੂੰ ਹੋਰ ਕੁੱਝ ਵੀ ਨਹੀਂ ਸਮਝਾਇਆ ਜਾ ਸਕਦਾ। ਬਲਕਿ ਉਹ ਸਿੱਖ ਨਹੀਂ ਸਿੱਖੀ ਵੇਸ ਵਿੱਚ ਬ੍ਰਾਹਮਣਵਾਦੀ ਬਹਿਰੂਪੀਆ ਜਾਂ ਮੱਕਾਰ ਬ੍ਰਾਹਮਣਵਾਦੀ ਵਿਚਾਰਧਾਰਾ ਤੋਂ ਪੀੜਤ ਕੋਈ ਮਾਨਸਿਕ ਰੋਗੀ ਹੈ।
ਸਰਬਜੀਤ ਸਿੰਘ