Friday, January 7, 2011

ਜੇ ਸਿੱਖਾਂ ਦਾ ਸ਼ਬਦ ਗੁਰੂ ਇੱਕ ਤਾਂ ਦੁਬਿਧਾ ਕਿਉਂ?



ਸਿੱਖਾਂ ਦਾ ਇੱਕ ਗੁਰੂ ਗ੍ਰੰਥ-ਇੱਕ ਪੰਥ-ਇੱਕ ਨਿਸ਼ਾਨ-ਇੱਕ ਵਿਧਾਨ। ਦੁਬਿਧਾਵਾਦੀਆਂ ਦੇ ਅਨੇਕ ਵਿਧਾਨ ਅਤੇ ਗੁਰੂ ਬਾਰੇ ਲਗੇ ਨੇ ਭੁਲੇਖੇ ਪਾਨ। ਅੱਖਾਂ ਖੋਲਣ ਅਤੇ ਅਟੱਲ ਵਿਸ਼ਵਾਸ਼ ਦੀ ਲੋੜ, ਨਹੀਂ ਤਾਂ ਭੇਖੀ ਸਾਧ ਅਤੇ ਸੰਪ੍ਰਦਾਈ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਬਰਾਬਰ ਹੋਰ ਦਸਮ ਗ੍ਰੰਥ ਵਰਗੇ ਮਿਥਿਹਾਸਕ ਅਤੇ ਬ੍ਰਾਹਮਣੀ ਗ੍ਰੰਥਾਂ ਦੀਆਂ ਗੱਦੀਆਂ ਪੱਕੀਆਂ ਕਰ ਦੇਣਗੇ।

ਅੱਜ 2008 ਸੰਨ ਦੇ ਅਕਤੂਬਰ ਮਹੀਨੇ ਵਿੱਚ ਜਿੱਥੇ ਸਾਰਾ ਸਿੱਖ ਜਗਤ, "ਸ਼ਬਦ ਗੁਰੂ" ਗੁਰੂ ਗ੍ਰੰਥ ਸਾਹਿਬ ਜੀ ਦੀ 300 ਸਾਲਾ ਸ਼ਤਾਬਦੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾ ਰਿਹਾ ਹੈ ਓਥੇ ਸੰਪ੍ਰਦਾਈ, ਅਖੌਤੀ ਟਕਸਾਲੀ, ਡੇਰੇਦਾਰ ਸਾਧ, ਬ੍ਰਾਹਣਵਾਦੀ ਸਿੱਖ ਲੀਡਰ ਅਤੇ ਉਨ੍ਹਾਂ ਦੇ ਪਿਛਲੱਗ ਤਖਤਾਂ ਦੇ ਅਖੌਤੀ ਜਥੇਦਾਰ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਇਸ ਦੇ ਵਿਰੁੱਧ ਬਿਕ੍ਰਮੀ ਸੰਮਤ ਅਨੁਸਾਰ ਮਨਾ ਕੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਜੋ ਬ੍ਰਾਹਮਣਵਾਦੀ ਮਿਥਿਹਾਸਕ ਕਹਾਣੀਆਂ, ਕਪੋਲ ਕਲਪਨਾ, ਮਾਰੂ ਨਸ਼ਿਆਂ ਅਤੇ ਕਾਮਕ ਵਿਕਾਰਾਂ ਦੀ ਗੰਦੀ ਕਵਿਤਾ ਨਾਲ ਨੱਕਾ ਨੱਕ ਭਰਿਆ ਪਿਆ ਹੈ, ਦਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਕੇ ਜਿੱਥੇ ਗੁਰੂ ਦੀ ਬੇਅਦਬੀ ਕਰ ਰਹੇ ਹਨ ਓਥੇ ਸਿੱਖ ਕੌਮ ਦੀ ਵੱਖਰੀ ਨਿਆਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਜੋ ਕਨੇਡਾ ਨਿਵਾਸੀ ਸਰਦਾਰ ਪਾਲ ਸਿੰਘ ਪੁਰੇਵਾਲ ਜਿਨ੍ਹਾਂ ਨੇ ਕਈ ਸਾਲ ਬੜੀ ਸਖਤ ਮਿਹਨਤ ਕਰਕੇ ਤਿਆਰ ਕੀਤਾ ਅਤੇ ਕੌਮੀ ਪ੍ਰਵਾਨਗੀ ਨਾਲ ਸ੍ਰੀ ਅਕਾਲ ਤਖਤ ਤੋਂ ਲਾਗੂ ਕਰਵਾਇਆ ਸੀ ਦਾ ਵੀ ਕਤਲ ਕਰ ਰਹੇ ਹਨ।
ਬਹੁਤ ਸਾਰੇ ਦੇਸੀ ਅਤੇ ਵਿਦੇਸ਼ੀ ਇਤਿਹਾਸਕਾਰ ਇਸ ਗਲ ਨਾਲ ਸਹਿਮਤ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ 1708 ਈਸਵੀ ਨੂੰ ਭਰੀ ਸੰਗਤ ਵਿੱਚ ਇਹ ਐਲਾਨ ਕਰਕੇ ਕਿ-ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ॥ ਸਭ ਸਿੱਖਨ ਕਉਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ ਸਦੀਵ ਕਾਲ ਲਈ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਨਿਵਾ ਕੇ ਸ਼ਬਦ ਗੁਰੂ ਥਾਪ ਕੇ ਸਦਾ ਲਈ ਸਾਰੇ ਭੁਲੇਖੇ ਦੂਰ ਕਰ ਦਿੱਤੇ। ਪਰ ਪੰਥ ਦੀ ਇੱਕਸਾਰਤਾ ਅਤੇ ਚੜ੍ਹਦੀ ਕਲਾ ਨੂੰ ਬ੍ਰਾਹਮਣਵਾਦੀ ਬਰਦਾਸ਼ਤ ਨਾ ਕਰ ਸੱਕੇ ਤਾਂ ਓਨਾਂ ਨੇ ਉਦਾਸੀਆਂ ਅਤੇ ਨਿਰਮਲਿਆਂ ਦੇ ਨਾਂ ਹੇਠ ਕੇਸਾਧਾਰੀ ਗੁਰਮਤਿ ਵਿਰੋਧੀ ਤੱਤਾਂ ਨੂੰ ਸਿੱਖਾਂ ਵਿੱਚ ਘਸੋੜ ਦਿੱਤਾ। ਉਸ ਵੇਲੇ ਮੁਗਲੀਆ ਹਕੂਮਤ ਸਿੱਖਾਂ ਵਿਰੋਧੀ ਹੋਣ ਕਰਕੇ ਉਨ੍ਹਾਂ ਨੂੰ ਜੰਗਲਾਂ ਬੇਲਿਆਂ ਵਿੱਚ ਰਹਿਣਾ ਪਿਆ ਅਤੇ ਘੋੜਿਆਂ ਦੀਆਂ ਕਾਠੀਆਂ ਹੀ ਸਿੰਘਾਂ ਦੇ ਘਰ ਬਣ ਗਏ ਤਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਉਦਾਸੀਆਂ ਅਤੇ ਅਖੌਤੀ ਨਿਰਮਲੇ ਸਿੱਖਾਂ ਦੇ ਹੱਥ ਆ ਗਈ। ਇਨ੍ਹਾਂ ਵਿੱਚੋਂ ਹੀ ਅਖੌਤੀ ਟਕਸਾਲਾਂ ਪੈਦਾ ਹੋਈਆਂ ਕਿਉਂਕਿ ਗੁਰੂਆਂ ਨੇ ਕੋਈ ਟਕਸਾਲਾਂ ਜਾਂ ਸੰਪ੍ਰਦਾਵਾਂ ਨਹੀਂ ਸਨ ਚਲਾਈਆਂ ਸਗੋਂ ਕੇਵਲ ਸਿੱਖ ਮਾਰਗ-ਨਿਰਮਲ ਪੰਥ-ਖ਼ਾਲਸਾ ਪੰਥ ਸਾਜਿਆ ਸੀ।

ਫਿਰ ਮਹਾਂਰਾਜਾ ਰਣਜੀਤ ਸਿੰਘ ਦਾ ਰਾਜ ਆਇਆ। ਮਹਾਂਰਾਜੇ ਨੇ ਸ਼ਰਧਾਵੱਸ ਸਾਰੇ ਧਰਮ ਅਸਥਾਨਾਂ ਦੀ ਖੁਲ੍ਹੀ ਸੇਵਾ ਕਰਵਾਈ ਅਤੇ ਜਗੀਰਾਂ ਵੀ ਨਾਂ ਲਵਾਈਆਂ। ਹੁਣ ਮਹੰਤ ਅਤੇ ਡੇਰੇਦਾਰ ਹੋਰ ਚਾਮਲ ਗਏ ਅਤੇ ਕਈ ਤਰ੍ਹਾਂ ਦੇ ਕਰਮਕਾਂਡ, ਮਰਯਾਦਾਵਾਂ, ਪਾਠਾਂ ਦੇ ਵਿਧੀ ਵਿਧਾਨ ਬਹੁਤੀ ਪੂਜਾ ਇਕੱਠੀ ਕਰਨ ਲਈ ਚਲਾ ਦਿੱਤੇ ਅਤੇ ਆਪਣੀ ਕਪੋਲ ਵਿਦਿਆ ਦਾ ਪ੍ਰਭਾਵ ਪਾਉਣ ਲਈ ਅਤੇ ਅਧੁਨਿਕ ਸਿੱਖ ਧਰਮ ਨੂੰ ਕਮਜੋਰ ਕਰਨ ਲਈ ਦੁਬਿਧਾ ਪੈਦਾ ਕਰਨ ਵਾਲੇ ਆਪਾ ਵਿਰੋਧੀ ਕਈ ਗ੍ਰੰਥ ਵੀ ਲਿਖ ਮਾਰੇ ਜਿਨ੍ਹਾਂ ਵਿੱਚੋਂ ਹੀ ਅਜੋਕਾ ਵਿਵਾਦੀ ਅਤੇ ਗੁਰੂ ਗ੍ਰੰਥ ਦਾ ਸ਼ਰੀਕ, ਨਸ਼ਿਆਂ ਅਤੇ ਨਜਾਇਜ ਢੰਗ ਨਾਲ ਪਰਾਈਆਂ ਔਰਤਾਂ ਅਤੇ ਮਰਦ ਭੋਗਣ ਉਪਦੇਸ਼ਕ ਅਖੌਤੀ ਦਸਮ ਗ੍ਰੰਥ ਵੀ ਹੈ। ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਹੁਕਮ "ਕਿ ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ" ਦੀਆਂ ਧੱਜੀਆਂ ਉਡਾਉਂਦੀਆਂ ਹੋਈਆਂ ਸਿਰਕੱਢ ਜਥੇਬੰਦੀਆਂ ਦਮਦਮੀ ਟਕਸਾਲ, ਨਿਹੰਗ ਜਥੇਬੰਦੀਆਂ, ਰਾੜੇ ਵਾਲੇ ਅਤੇ ਨਾਨਕਸਰੀ ਆਦਿਕ ਸਾਧ ਸਾਰੇ ਹੀ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਦੇ ਬਰਾਬਰ ਪ੍ਰਕਾਸ਼ ਕਰਕੇ ਗੁਰੂ ਤੋਂ ਬੇਮੁਖਤਾ ਆਦਿਕ ਪਾਪਾਂ ਦੇ ਭਾਗੀ ਬਣਦੇ ਹੋਏ ਸਿੱਖ ਕੌਮ ਵਿੱਚ ਦੁਬਿਧਾ ਪਾਉਂਦੇ ਹੋਏ ਬ੍ਰਾਹਮਣਵਾਦ ਦਾ ਪ੍ਰਚਾਰ ਕਰ ਰਹੇ ਹਨ।
ਨੋਟ-ਹਰੇਕ ਕੌਮ ਅਤੇ ਧਰਮ ਦਾ ਆਪਣਾ ਗ੍ਰੰਥ ਅਤੇ ਵਿਧੀ ਵਿਧਾਨ ਹੁੰਦਾ ਹੈ। ਇਵੇਂ ਹੀ ਸਿੱਖ ਕੌਮ ਦਾ ਵੀ ਆਪਣਾ ਗ੍ਰੰਥ-ਗੁਰੂ ਗ੍ਰੰਥ ਸਾਹਿਬਅਤੇ ਵਿਧੀ ਵਿਧਾਨ ਸਿੱਖ ਰਹਿਤ ਮਰਯਾਦਾ ਹੈ ਪਰ ਅਜੋਕੇ ਅਖੌਤੀ ਜਥੇਦਾਰਾਂ, ਟਕਸਾਲੀਆਂ ਅਤੇ ਸਾਧਾਂ ਨੇ ਨਾਂ ਗ੍ਰੰਥ ਇੱਕ ਰਹਿਣ ਦਿੱਤਾ ਹੈ ਅਤੇ ਨਾਂ ਹੀ ਮਰਯਾਦਾ। 300 ਸਾਲ ਗੁਰੂ ਦੇ ਨਾਲ ਕਹਿਣ ਵਾਲੇ ਲੋਕਾਂ ਦਾ ਕਿਰਦਾਰ ਦੇਖੋ ਇਹ ਲੋਕ ਗੁਰੂ ਗ੍ਰੰਥ ਜੀ ਦਾ ਰੋਜ਼ਾਨਾਂ ਇਵੇਂ ਮਜ਼ਾਕ ਉਡਾਂਦੇ ਅਰਦਾਸ ਕਰਦੇ ਕਹਿੰਦੇ ਹਨ "ਗੁਰੂ ਮਾਨਿਓਂ ਗ੍ਰੰਥ" ਪਰ ਬਰਾਬਰ ਪ੍ਰਕਾਸ਼ ਅਖੌਤੀ ਦਸਮ ਗ੍ਰੰਥ ਦਾ ਕਰਦੇ ਤੇ ਹੁਕਮਨਾਮੇ ਉਸ ਗ੍ਰੰਥ ਵਿੱਚੋਂ ਵੀ ਲੈਂਦੇ ਹਨ ਕਿਉਂ? ਨਿਤਨੇਮ ਹੀ ਲੈ ਲਓ ਗੁਰਤਾ ਪ੍ਰਾਪਤ ਗ੍ਰੰਥ ਚੋਂ ਕੇਵਲ ਦੋ ਬਾਣੀਆਂ ਅਤੇ ਬ੍ਰਾਹਣਵਾਦੀ ਅਖੌਤੀ ਦਸਮ ਗ੍ਰੰਥ ਚੋਂ ਤਿੰਨ ਬਾਣੀਆਂ ਐਸਾ ਕਿਉਂ? ਅੰਮ੍ਰਿਤ ਸੰਚਾਰ ਵੇਲੇ ਵੀ ਅਜਿਹਾ ਹੀ ਕਰਦੇ ਹਨ ਕਿਉਂ? ਇਹ ਲੋਕ ਰਹਿਰਾਸ ਵੀ ਗੁਰੂ ਗ੍ਰੰਥ ਅਤੇ ਪੰਥ ਵਾਲੀ ਛੱਡ ਕੇ ਅਖੌਤੀ ਦਸਮ ਗ੍ਰੰਥ ਅਤੇ ਸੰਪ੍ਰਦਾਈ ਡੇਰੇਦਾਰਾਂ ਵਾਲੀ ਪੜ੍ਹਦੇ ਹਨ। ਸੰਗ੍ਰਾਂਦ, ਪੂਨਮਾਸ਼ੀ, ਮਸਿਆ, ਹੋਲੀ, ਲੋਹੜੀ ਅਤੇ ਦਸਹਿਰਾ ਆਦਿਕ ਦਿਨ ਦਿਹਾੜੇ ਅਤੇ ਤਿਉਹਾਰ ਸਨਾਤਨ ਧਰਮ ਵਾਲੇ ਹੀ ਗੁਰੂ ਘਰਾਂ ਵਿੱਚ ਮਨਾਈ ਜਾ ਰਹੇ ਹਨ ਕਿਉਂ? ਸ਼ਬਦ ਗੁਰੂ ਨੂੰ ਦੇਹਧਾਰੀ ਦੀ ਤਰ੍ਹਾਂ ਗਰਮ ਅਤੇ ਠੰਡੇ ਰੁਮਾਲੇ ਚੜ੍ਹਾ ਅਤੇ ਭੋਗ ਲਵਾ ਕੇ, ਸਮੱਗਰੀਆਂ ਅਤੇ ਧੂਫਾਂ ਧੁਖਾ ਕੇ ਪੂਜਾ ਕਰ ਰਹੇ ਹਨ ਕਿਉਂ? 300 ਸਾਲ ਗੁਰੂ ਦੇ ਨਾਲ ਪਰ ਮੂਰਤੀ ਪੂਜਾ ਵੀ ਕਰ ਰਹੇ ਹਨ। ਗੁਰੂ ਜਿਹੜੇ ਅਖੌਤੀ ਕਰਮਕਾਂਡਾਂ ਤੋਂ ਰੋਕਦਾ ਹੈ ਕਿ "ਕਰਮ ਧਰਮ ਪਾਖੰਡ ਜੋ ਦੀਸਹਿ ਤਿੰਨਿ ਜਮ ਜਾਗਾਤੀ ਲੂਟੈ" ਉਹ ਇਹ ਕਰ ਰਹੇ ਹਨ। ਫਿਰ 300 ਸਾਲ ਗੁਰੂ ਦੇ ਨਾਲ ਕਿਵੇਂ ਹੋਏ?
300 ਸਾਲ ਗੁਰੂ ਦੇ ਨਾਲ ਕਹਿਣ ਵਾਲੇ ਸ਼ਰਧਾਵਾਨ ਵੀਰਾਂ ਨੂੰ ਕੁੱਝ ਸਵਾਲ
  • ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹੋ ਜਾਂ ਦਸਮ ਗ੍ਰੰਥ ਨੂੰ ਵੀ?
  • ਕੀ ਅਖੌਤੀ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੈ? ਜੇ ਹੈ ਤਾਂ ਕੀ ਸਬੂਤ ਹੈ?
  • ਜੇ ਇਹ ਗ੍ਰੰਥ ਦਸ਼ਮੇਸ਼ ਰਚਨਾ ਹੈ ਤਾਂ ਉਨ੍ਹਾਂ ਦਾ ਆਪਣਾ ਨਾਂ ਵਿੱਚ ਕਿਉਂ ਨਹੀਂ ਅਤੇ ਨਾਂ ਹੀ ਬਾਕੀ ਗੁਰੂਆਂ ਵਾਂਗ ਨਾਨਕ ਨਾਮ ਦੀ ਮੋਹਰ ਹੀ ਹੈ ਐਸਾ ਕਿਉਂ?
  • ਇਸ ਗ੍ਰੰਥ ਵਿੱਚ ਨੌਵੇਂ ਗੁਰੂ ਦੀ ਸ਼ਹੀਦੀ ਤਾਂ ਤਿਲਕ ਜੰਝੂ ਦੀ ਖਾਤਰ ਵਰਣਿਤ ਹੈ ਪਰ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦੀ ਸਹੀਦੀ ਦਾ ਜਿਕਰ ਤੱਕ ਕਿਉਂ ਨਹੀਂ?
  • ਜੇ ਦਸਮ ਗ੍ਰੰਥ ਗੁਰੂ ਦਾ ਹੈ ਤਾਂ ਦਸ਼ਮੇਸ਼ ਪਿਤਾ ਰਾਹੀਂ ਖੰਡੇ ਦੀ ਪਾਹੁਲ ਦੇ ਕੇ ਖ਼ਾਲਸਾ ਸਾਜਨ ਦੀ ਅਹਿਮ ਘਟਨਾਂ ਅਤੇ ਰਹਿਤ ਮਰਯਾਦਾ ਦਾ ਜਿਕਰ ਇਸ ਵਿੱਚ ਕਿਉਂ ਨਹੀਂ ਹੈ?
  • ਕੀ ਗੁਰੂ ਗੋਬਿੰਦ ਸਿੰਘ ਜੀ ਬਾਕੀ ਗੁਰੂਆਂ ਤੋਂ ਵੱਖਰੇ ਸਨ? ਕੀ ਉਨ੍ਹਾਂ ਆਪਣਾ ਵੱਖਰਾ ਪੰਥ ਚਲਾਇਆਂ ਸੀ? ਜੇ ਨਹੀਂ ਤਾਂ ਉਨ੍ਹਾਂ ਨੇ ਜੇ ਬਾਣੀ ਰਚੀ ਸੀ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਕਿਉਂ ਨਹੀਂ ਚੜ੍ਹਾਈ? ਜੇ ਉਹ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਚੜ੍ਹਾ ਸਕਦੇ ਸਨ ਤਾਂ ਆਪਣੀ ਕਿਉਂ ਨਹੀਂ?
  • ਤ੍ਰੀਆ ਚਰਿਤ੍ਰਾਂ ਅਤੇ ਅਖੌਤੀ ਹਕਾਇਤਾਂ ਦਾ ਗੰਦ ਜੋ ਇਸ ਦਸਮ ਗ੍ਰੰਥ ਪੁਸਤਕ ਵਿੱਚ ਲਿਖਿਆ ਹੋਇਆ ਹੈ। ਜਿਸ ਵਿੱਚ ਨਸ਼ੇ ਸੇਵਨ, ਮੁੰਡੇਬਾਜੀ ਕਰਨ, ਧੋਖੇ, ਛਲ ਫਰੇਬ ਅਤੇ ਲਾਲਚ ਨਾਲ ਪਰਾਈਆਂ ਔਰਤਾਂ ਭੋਗਣ, ਪਿਉ ਧੀ ਨਾਲ ਅਤੇ ਭਰਾ ਭੈਣ ਨਾਲ ਵਿਸ਼ਾ ਭੋਗੇ ਕੀ ਦਸ਼ਮੇਸ਼ ਜੀ ਐਸਾ ਲਿਖ ਸਕਦੇ ਸਨ?
  • ਜੇ ਇਹ ਗੰਦ ਨਾਲ ਭਰੀ ਰਚਨਾ ਬਾਣੀ ਹੈ ਤਾਂ ਸੰਗਤ ਵਿੱਚ ਇਸ ਦਾ ਕੀਰਤਨ ਅਤੇ ਕਥਾ ਕਰਕੇ ਦਿਖਾਓ! ਭਲਿਓ ਜੋ ਰਚਨਾ ਸੰਗਤ ਵਿੱਚ ਨਹੀਂ ਪੜ੍ਹੀ ਜਾ ਸਕਦੀ ਉਹ ਬਾਣੀ ਕਿਵੇਂ ਹੋਈ?
  • ਜਿਨ੍ਹਾਂ ਕਲਪਿਤ ਦੇਵੀ ਦੇਵਤਿਆਂ ਨੂੰ ਗੁਰੂ ਗ੍ਰੰਥ ਸਾਹਿਬ ਕੋਈ ਮਾਨਤਾ ਨਹੀਂ ਦਿੰਦਾ ਉਨ੍ਹਾਂ ਦੀ ਉਸਤਤਿ ਦੇ ਪੜੁੱਲ ਅਖੌਤੀ ਦਸਮ ਗ੍ਰੰਥ ਵਿੱਚ ਕਿਉਂ ਬੰਨ੍ਹੇ ਗਏ ਹਨ?
  • ਨਾਮ ਅਤੇ ਸੰਗਤ ਨੂੰ ਹੀ ਤੀਰਥ ਮੰਨਣ ਵਾਲੇ ਗੁਰੂ ਤੇਗ਼ ਬਹਾਦਰ ਜੀ ਨੂੰ ਤ੍ਰਿਬੈਣੀ ਆਦਿਕ ਤੀਰਥ ਤੇ ਪੂਜਾ ਕਰਕੇ ਪੁਤ੍ਰ ਦਾ ਵਰ ਮੰਗਦੇ ਇਸ ਗ੍ਰੰਥ ਵਿੱਚ ਕਿਹੜੀ ਸਾਜਿਸ ਨਾਲ ਦਿਖਾਇਆ ਗਿਆ ਹੈ?
  • ਕੀ 300 ਸਾਲ ਗੁਰੂ ਦੇ ਨਾਲ ਕਹਿਣ ਵਾਲੇ ਇਸ ਅਖੌਤੀ ਗ੍ਰੰਥ ਦੀ ਮੰਜੀ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹਜੂਰ ਸਾਹਿਬ, ਦਮਦਮੀ ਟਕਸਾਲ ਮਹਿਤਾ ਚੌਂਕ, ਨਿਹੰਗਾਂ ਦੇ ਗੁਰਦੁਆਰੇ ਆਦਿਕ ਅਸਥਾਨਾਂ ਤੇ ਡਾਹੀ ਹੋਈ ਹੈ ਚੁੱਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਅਤੇ ਸਤਿਕਾਰ ਬਹਾਲ ਕਰਨਗੇ?
  • 300 ਸਾਲ ਗੁਰੂ ਦੇ ਨਾਲ ਪਰ ਜਾਤਾਂ ਪਾਤਾਂ ਸਿਰਾਂ ਦੇ ਨਾਲ ਫਿਰ ਗੁਰੂ ਦੇ ਨਾਲ ਕਿਵੇਂ?
  • ਗਰੀਬ ਦਾ ਮੂੰਹ ਗੁਰੂ ਦੀ ਗੋਲਿਕ ਪਰ ਅੱਜ ਪੁਲੀਟੀਕਲ ਚੋਣਾਂ, ਚੌਧਰਾਂ ਅਤੇ ਬੇਲੋੜੀਆਂ ਬਿਲਡਿੰਗਾਂ ਦਾ ਮੂੰਹ ਗੁਰੂ ਦੀ ਗੋਲਿਕ ਨੂੰ ਕਿਉਂ ਬਣਾਇਆ ਜਾ ਰਿਹਾ ਹੈ?
  • ਗੁਰੂ ਗਰੀਬ ਨਿਵਾਜ ਹੈ ਪਰ ਅੱਜ ਉਸ ਨੂੰ ਅਮੀਰ ਨਿਵਾਜ ਬਣਾਇਆ ਜਾ ਰਿਹਾ ਹੈ ਅਤੇ ਜਥੇਦਾਰੀਆਂ ਕੁਰਸੀਆਂ ਆਦਿਕ ਦੇ ਗੱਫੇ ਅਮੀਰਾਂ ਨੂੰ ਹੀ ਕਿਉਂ ਦਿੱਤੇ ਜਾ ਰਹੇ ਹਨ?
  • 300 ਸਾਲ ਗੁਰੂ ਦੇ ਨਾਲ ਕਹਿਣ ਵਾਲੇ ਵੀਰ ਕੀ ਗੁਰੂ ਨਾਨਕ ਨਾਮ ਲੇਵਾ ਸਿੱਖ ਜੋ ਆਰਥਿਕ ਤੌਰ ਤੇ ਪਛੜ ਗਏ ਹਨ ਅਤੇ ਟੱਪਰੀਵਾਸਾਂ ਵਾਲਾ ਜੀਵਨ ਜੀ ਰਹੇ ਹਨ ਪਰ ਗੁਰੂ ਨਾਨਕ ਨੂੰ ਨਹੀਂ ਭੁੱਲੇ ਜਿਵੇਂ ਸਿਕਲੀਗਰ, ਵਣਜਾਰੇ, ਸਤਨਾਮੀਏ ਆਦਿਕ ਉਨ੍ਹਾਂ ਦੀ ਆਰਥਕ ਅਤੇ ਸਮਾਜਿਕ ਮਦਦ ਕਰਕੇ ਆਪਣੇ ਨਾਲ ਰਲਾ ਕੇ ਸਿੱਖ ਕੌਮ ਦੀ ਗਿਣਤੀ ਵਿੱਚ ਵਾਧਾ ਕਰਕੇ "ਰਾਜ ਕਰੇਗਾ ਖ਼ਾਲਸਾ" ਦਾ ਕੌਮੀ ਸੰਕਲਪ ਪੂਰਾ ਕਰਨ ਵਿੱਚ ਮਦਦ ਕਰਨਗੇ?
  • ਕੀ 300 ਸਾਲ ਗੁਰੂ ਦੇ ਨਾਲ ਕਹਿਣ ਵਾਲੇ ਔਰਤਾਂ ਨੂੰ ਧਰਮ ਅਸਥਾਨਾਂ ਅਤੇ ਧਾਰਮਿਕ ਮਰਯਾਦਾ ਵਿੱਚ ਬਰਾਬਰ ਦੇ ਅਧਿਕਾਰ ਦੇਣਗੇ? ਭਾਵ ਔਰਤਾਂ ਵੀ ਦਰਬਾਰ ਸਾਹਿਬ ਵਿਖੇ ਕੀਰਤਨ ਅਤੇ ਅੰਮ੍ਰਿਤ ਸੰਚਾਰ ਦੀ ਸੇਵਾ ਕਰ ਸਕਣ।
  • ਕੀ 300 ਸਾਲ ਗੁਰੂ ਦੇ ਨਾਲ ਕਹਿਣ ਵਾਲੇ ਦੇਹਧਾਰੀ ਗੁਰੂਆਂ, ਡੇਰੇਦਾਰਾਂ ਅਤੇ ਸੰਪ੍ਰਦਾਵਾਂ ਦਾ ਖਹਿੜਾ ਛੱਡ ਕੇ ਵਾਕਿਆ ਹੀ ਗੁਰੂ ਦੇ ਨਾਲ ਹੋਣ ਦਾ ਹੀਆ ਕਰਨਗੇ ਅਤੇ ਡੇਰਾਵਾਦ ਵਿਰੁੱਧ ਪੰਥ ਦਾ ਸਾਥ ਦੇਣਗੇ?
  • 300 ਸਾਲ ਗੁਰੂ ਦੇ ਨਾਲ ਪਰ ਸਿੱਖ ਰਹਿਤ ਮਰਯਾਦਾ ਗੁਰੂ ਘਰਾਂ ਵਿਖੇ ਲਾਗੂ ਨਹੀਂ ਕਰਦੇ ਓਥੇ ਮਰਯਾਦਾ ਟਕਸਾਲੀਆਂ ਡੇਰੇਦਾਰਾਂ ਅਤੇ ਸੰਪ੍ਰਦਾਵਾਂ ਦੀ ਚਲਦੀ ਹੈ ਫਿਰ ਗੁਰੂ ਦੇ ਨਾਲ ਹੋਣ ਦਾ ਢੌਂਗ ਕਿਉਂ?
  • 300 ਸਾਲ ਗੁਰੂ ਦੇ ਨਾਲ ਕਹਿਣ ਵਾਲੇ ਦੱਸਣਗੇ ਕਿ ਗੁਰੂ ਨੇ ਖਾਲਸਾ ਪੰਥ ਸਾਜਿਆ ਸੀ ਕਿ ਵੱਖ ਵੱਖ ਟਕਸਾਲਾਂ ਅਤੇ ਸੰਪ੍ਰਦਾਵਾਂ ਚਲਾ ਕੇ ਸਿੱਖਾਂ ਨੂੰ ਖੱਖੜੀਆਂ ਕਰੇਲੇ ਕੀਤਾ ਸੀ?
  • ਸਿੱਖ ਕੌਮ ਦਾ ਧੁਰਾ ਗੁਰੂ ਗ੍ਰੰਥ, ਰੀੜ ਦੀ ਹੱਡੀ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਅਤੇ ਸਿੱਖ ਇੱਕ ਵੱਖਰੀ ਤੇ ਨਿਰਾਲੀ ਕੌਮ ਦਰਸਾਉਣ ਦਾ ਪ੍ਰਤੀਕ "ਨਾਨਕਸ਼ਾਹੀ ਕੈਲੰਡਰ" ਹੈ। ਕੀ 300 ਸਾਲ ਗੁਰ ਦੇ ਨਾਲ ਕਹਿਣ ਵਾਲੇ ਇਸ ਨੂੰ ਮਾਨਤਾ ਦਿੰਦੇ ਹਨ? ਜੇ ਨਹੀਂ ਤਾਂ ਗੁਰੂ ਦੇ ਨਾਲ ਕਿਵੇਂ?
  • 300 ਸਾਲ ਗੁਰੂ ਦੇ ਨਾਲ ਕਹਿਣ ਵਾਲੇ ਗੁਰੂ ਘਰਾਂ ਚੋਂ ਗੁਰਬਾਣੀ ਦੀ ਕੀਤੀ ਜਾ ਰਹੀ ਕਥਾ, ਜੋ ਸਨਾਤਨੀ ਅਤੇ ਮਿਥਿਹਾਸਕ ਕਹਾਣੀਆਂ ਨਾਲ ਹੀ ਭਰੀ ਹੁੰਦੀ ਹੈ ਨੂੰ ਬੰਦ ਕਰਾ ਕੇ ਗੁਰਬਾਣੀ ਦੀ ਨਿਰੋਲ ਤੇ ਸਿਧਾਂਤਕ ਕਥਾ ਕਰਨ ਵਾਲੇ ਕਥਾਵਾਚਕਾਂ ਅਤੇ ਪ੍ਰਚਾਰਕਾਂ ਨੂੰ ਇਹ ਸੇਵਾ ਦੇਣਗੇ?
  • ਕੀ ਗੁਰਦੁਆਰਿਆਂ ਵਿਖੇ ਰਹਿਰਾਸ ਵਿੱਚ ਪੜ੍ਹੀ ਜਾ ਰਹੀ "ਰਾਮ ਕਥਾ ਜੁਗ ਜੁਗ ਅਟੱਲ ਸਭ ਕੋ ਭਾਖਤ ਨੇਤ॥ ਸੁਰਗਬਾਸ ਰਘਬਰਕਰਾ ਸਗਰੀ ਪੁਰੀ ਸਮੇਤ॥ ਆਦਿਕ ਰਮਾਇਣ ਕਥਾ ਬੰਦ ਕੀਤੀ ਜਾਵੇਗੀ ਅਤੇ ਅਸਲੀ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਵਾਲੀ ਰਹਿਰਾਸ ਹੀ ਪੜ੍ਹੀ ਜਾਵੇਗੀ?
  • ਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੀਆਂ ਇਕੋਤਰੀਆਂ ਬੰਦ ਕਰਕੇ ਗੁਰਬਾਣੀ ਵਿਚਾਰ ਪ੍ਰਵਾਹ ਦੀਆਂ ਲੜੀਆਂ ਚਲਾਈਆਂ ਜਾਣਗੀਆਂ ਅਤੇ ਗੁਰੂ ਗ੍ਰੰਥ ਸਹਿਬ ਦਾ ਕਮਰੀਸ਼ਅਲ ਵਾਪਾਰ ਬੰਦ ਕੀਤਾ ਜਾਵੇਗਾ?
  • ਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਨਾ ਸਮਝੇ ਦੇਖਾ ਦੇਖੀ ਪਾਠ ਕਰਨੇ ਤੇ ਕਰਾਉਣੇ ਬੰਦ ਕੀਤੇ ਜਾਣਗੇ?
  • ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੁਰਤੀਆਂ ਵਾਂਗ ਭੋਗ ਲਵਾਉਣੇ ਅਤੇ ਸਮਗਰੀਆਂ ਆਦਿਕ ਧੂਫਾਂ ਧੁਖਾਉਣੀਆਂ ਬੰਦ ਕੀਤੀਆਂ ਜਾਣਗੀਆਂ?
  • ਕੀ ਇੱਕ ਕਮਰੇ ਵਿੱਚ ਇਕੱਠੇ ਕਈ ਕਈ ਮੂੰਹ ਬੰਦ ਪਾਠ ਕਰਨੇ ਬੰਦ ਕੀਤੇ ਜਾਣਗੇ?
  • ਕੀ ਚਲਦੇ ਪਾਠ ਵਿੱਚ ਪਾਠੀ ਨੂੰ ਚੁਪ ਕਰਾ ਕੇ ਮੱਧ ਦੀ ਅਰਦਾਸ ਕਰਨੀ ਬੰਦ ਕੀਤੀ ਜਾਵੇਗੀ?
  • ਕੀ ਇੱਕ ਸਮੇਂ ਕਥਾ, ਕੀਰਤਨ ਜਾਂ ਪਾਠ ਇੱਕ ਚੀਜ ਹੋਵੇ ਦੇ ਗੁਰਮਤਿ ਸਿਧਾਂਤ ਨੂੰ ਲਾਗੂ ਕੀਤਾ ਜਾਵੇਗਾ?
  • ਕੀ ਗੁਰੂ ਘਰਾਂ ਚੋਂ ਭਾੜੇ ਦੇ ਪਾਠ ਬੰਦ ਕਰਕੇ ਸੰਗਤੀ ਸਹਿਜ ਵਿਚਾਰ ਵਾਲੇ ਪਾਠ ਸ਼ੁਰੂ ਕੀਤੇ ਜਾਣਗੇ?
  • ਕੀ ਸ਼ਬਦ ਗੁਰੂ ਨੂੰ ਤੱਤਾ ਠੰਡਾ ਲਗਦਾ ਹੈ? ਜੇ ਨਹੀਂ ਤਾਂ ਸਰਦੀਆਂ ਵਿੱਚ ਗਰਮ ਅਤੇ ਗਰਮੀਆਂ ਵਿੱਚ ਠੰਡੇ ਰੁਮਾਲੇ ਅਤੇ ਸੁਖ ਆਸਣ ਵਾਲੇ ਕਮਰੇ ਵਿੱਚ ਏਅਰ ਕੰਡੀਸ਼ਨ ਕਿਉਂ?
  • ਕੀ 300 ਸਾਲਾ ਸ਼ਤਾਬਦੀ ਤੇ ਸਾਧਵਾਦ ਬੰਦ ਕੀਤਾ ਜਾਵੇਗਾ? ਕੀ ਅਕਾਲ ਤਖ਼ਤ ਤੋਂ ਐਲਾਣ ਕੀਤਾ ਜਾਵੇਗਾ ਕਿ ਅੱਜ ਤੋਂ ਬਾਅਦ ਕੋਈ ਸਿੱਖ ਗੁਰੂ ਗ੍ਰੰਥ ਦੇ ਸਿਧਾਂਤਾਂ ਤੋਂ ਵੱਖਰੀ ਕੋਈ ਮਰਯਾਦਾ ਚਲਾ ਕੇ ਵੱਖਰਾ ਡੇਰਾ ਨਹੀਂ ਚਲਾਏਗਾ। ਸਾਰੇ ਡੇਰੇ ਗੁਰਦੁਆਰਿਆਂ ਵਿੱਚ ਤਬਦੀਲ ਕੀਤੇ ਜਾਣਗੇ।
  • ਕੀ ਇੱਕ ਗ੍ਰੰਥ, ਇੱਕ ਪੰਥ, ਇੱਕ ਵਿਧਾਨ ਅਤੇ ਇੱਕ ਨਿਸ਼ਾਨ ਦਾ ਸਿਧਾਂਤ ਹੀ ਸਾਰੇ ਗੁਰੂ ਘਰਾਂ ਵਿੱਚ ਲਾਗੂ ਕੀਤਾ ਜਾਵੇਗਾ? ਕਿਉਂਕਿ"ਇਕਾ ਬਾਣੀ ਇਕੁ ਗੁਰੁ ਇਕੋ ਸਬਦਿ ਵੀਚਾਰ" (ਗੁਰੂ ਗ੍ਰੰਥ)
  • ਕੀ ਸਮੁੱਚੇ ਸੰਸਾਰ ਵਿਖੇ ਗੁਰੂ ਘਰਾਂ ਦੀ ਮਰਯਾਦਾ ਇੱਕ ਕੀਤੀ ਜਾਵੇਗੀ ਅਤੇ ਸਮੁੱਚੇ ਪ੍ਰਬੰਧ ਵਾਸਤੇ ਇੱਕ ਵਿਸ਼ਾਲ ਕਮੇਟੀ ਬਣਾ ਕੇ ਸਾਰੇ ਗੁਰੂ ਘਰਾਂ ਨੂੰ ਇੱਕ ਲੜੀ ਵਿੱਚ ਪਰੋਤਾ ਜਾਵੇਗਾ?
ਇਸ ਸਬੰਧ ਵਿੱਚ ਕੁੱਝ ਮਿਸ਼ਨਰੀ ਪੰਥਕ ਜਥੇਬੰਦੀਆਂ ਅਤੇ ਪੰਥ ਦੀ ਸਿਰਮੌਰ ਹਸਤੀ ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਜੋ ਉਪਰਾਲੇ ਕੀਤੇ ਅਤੇ ਬੀੜਾ ਚੁਕਿਆ ਹੈ, ਬਹੁਤ ਹੀ ਸ਼ਲਾਘਾ ਯੋਗ ਹੈ। ਇਸ ਉਪਰਾਲੇ ਨਾਲ ਕੌਮ ਵਿੱਚ ਜਾਗਰਤੀ ਆਵੇਗੀ। ਸਿੱਖ ਆਪ ਗੁਰਬਾਣੀ ਪੜ੍ਹਨ ਵਿਚਾਰਨ ਵਾਲੇ ਪਾਸੇ ਤੁਰਨਗੇ, ਬੇ ਗਿਆਨੇ ਪਾਠਾਂ ਦੀਆਂ ਲੜੀਆਂ ਬੰਦ ਹੋਣਗੀਆਂ, ਅੰਧਕਾਰ ਅਗਿਆਨਤਾ ਖਤਮ ਹੋਵੇਗੀ। ਭੇਖਧਾਰੀ ਸਾਧਾਂ ਅਤੇ ਸੰਪ੍ਰਦਾਈਆਂ ਨੂੰ ਭਾਜੜਾਂ ਪੈਣਗੀਆਂ ਜੋ ਅਖੌਤੀ ਦਸਮ ਗ੍ਰੰਥ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ ਸਿੱਖ ਕੌਮ ਦੇ ਅੱਖੀ ਘੱਟਾ ਪਾ ਕੇ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜ ਰਹੇ ਹਨ। ਕੌਮ ਦੀ ਜਵਾਨੀ ਨਸ਼ਿਆਂ ਅਤੇ ਬੇਲੋੜੇ ਅਸ਼ਲੀਲ ਫੈਸ਼ਨਾਂ ਵਿੱਚ ਰੁੜਦੀ ਜਾ ਰਹੀ ਹੈ। ਇਹ ਸਾਧ ਕੌਮ ਦਾ ਸ਼ੋਸ਼ਣ ਕਰਕੇ, ਅਮੀਰ ਠਾਠਾਂ ਅਤੇ ਡੇਰਿਆਂ ਵਿੱਚ ਰੰਗ ਰਲੀਆਂ ਮਨਾ ਰਹੇ ਹਨ। ਅਖੀਰ ਤੇ ਦੋਏ ਹੱਥ ਜੋੜ ਅਰਜੋਈ ਹੈ ਸਿੱਖੋ ਜਾਗੋ, ਅਖੌਤੀ ਕੀਰਤਨ ਦਰਬਾਰਾਂ, ਜਲੂਸਾਂ, ਸੰਤ ਸਮਾਗਮਾਂ, ਪਾਠਾਂ ਦੀਆਂ ਇਕੋਤ੍ਰੀਆਂ ਅਤੇ ਅਖੌਤੀ ਸਭਿਆਚਾਰਕ ਮੇਲਿਆਂ ਤੇ ਆਪਣਾ ਮਿਹਨਤ ਨਾਲ ਕਮਾਇਆ ਧੰਨ ਬਰਬਾਦ ਨਾ ਕਰੋ। ਆਪ ਗੁਰਬਾਣੀ ਪੜ੍ਹੋ ਵਿਚਾਰੋ ਅਤੇ ਅਮਲ ਕਰੋ ਫਿਰ ਤੁਹਾਨੂੰ ਇਸ ਦੁਬਿਧਾ ਵਿੱਚ ਕੋਈ ਨਹੀਂ ਪਾ ਸਕੇਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਵੀ ਅਖੌਤੀ ਗ੍ਰੰਥ ਦਾ ਪ੍ਰਕਾਸ਼ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਆਪ ਸਭ ਸੰਗਤਾਂ, ਪਾਠਕਾਂ ਅਤੇ ਵਿਚਾਰਵਾਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾ ਗੁਰਤਾ ਗੱਦੀ ਸ਼ਤਾਬਦੀ ਦੀ ਲੱਖ ਲੱਖ ਵਧਾਈ ਹੋਵੇ।
ਅਵਤਾਰ  ਸਿੰਘ ਮਿਸ਼ਨਰੀ

ਕੀ ਦਸਮ ਗ੍ਰੰਥ ਨੂੰ ਗੁਰੂ ਸਾਹਿਬ ਦੀ ਕਲਮ ਨਾਲ ਜੋੜਨਾਂ ਠੀਕ ਹੈ?


‘ਸ਼ੇਰ-ਏ-ਪੰਜਾਬ’ ਰੇਡੀਓ ਕਨੇਡਾ ਤੇ ਦਸਮ ਗ੍ਰੰਥ ਬਾਰੇ ਹੋਈ ਵਿਚਾਰ ਚਰਚਾ (04/26/09) ਵਿਚ ਮੇਰੇ ਇਕ ਸਵਾਲ ਦੇ ਜਵਾਬ ਵਿਚ ਭਾਈ ਸਤਵਿੰਦਰਪਾਲ ਸਿੰਘ ਜੀ ਨੇ ਮੈਨੂੰ ਸਿਰਦਾਰ ਕਪੂਰ ਸਿੰਘ ਜੀ ਦਾ ਲੇਖ ‘ਕਿੱਸਾ ਰੂਪ ਕੌਰ ਦਾ’ ਪੜ੍ਹਨ ਦਾ ਸੁਝਾਓ ਦਿੱਤਾ ਸੀ। ਤਾਂ ਜੋ ਮੈ ‘ਸੁਧਿ ਜਬ ਤੇ ਹਮ ਧਰੀ’ ਦੀ ਅਸਲੀਅਤ ਨੂੰ ਸਮਝ ਸਕਾਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿਰਦਾਰ ਕਪੂਰ ਸਿੰਘ ਜੀ ਬੁਹਤ ਹੀ ਸੁਲਝੇ ਹੋਵੇ ਵਿਦਵਾਨ ਸਨ। ਉਨ੍ਹਾਂ ਦੇ ਇਸ ਲੇਖ ਸਬੰਧੀ ਕੋਈ ਟਿੱਪਣੀ ਕਰਨੀ ਜਾਇਜ ਤਾਂ ਨਹੀਂ ਹੈ ਕਿਉਂਕਿ ਉਹ ਅੱਜ ਸਾਡੇ ਵਿੱਚ ਮੌਜੂਦ ਨਹੀਂ ਹਨ। ਪਰ ਹੁਣ ਉਨਾਂ ਦੇ ਇਸ ਲੇਖ ਦਾ ਜਿਕਰ ਦੁਨੀਆਂ ਦੇ ਕੋਨੇ-ਕੋਨੇ ਵਿਚ ਸੁਣੇ ਜਾਣ ਵਾਲੇ ਰੇਡੀਓ ਸ਼ੇਰ-ਏ-ਪੰਜਾਬ ਦੇ ਬੁਹਤ ਹੀ ਚਰਚਿਤ ਪ੍ਰੋਗਰਾਮ ‘ਦਿਲਾਂ ਦੀ ਸਾਂਝ’ ਵਿਚ ਹੋਇਆ ਹੈ ਇਸ ਲਈ ਕੁਝ ਬੇਨਤੀਆਂ ਕਰਨੀਆਂ ਜਰੂਰੀ ਸਮਝਦਾ ਹਾਂ।
ਸਿਰਦਾਰ ਕਪੂਰ ਸਿੰਘ ਜੀ ਨੇ ਇਹ ਲੇਖ, ਪੋ: ਰਾਮ ਪ੍ਰਕਾਸ਼ ਸਿੰਘ ਜੀ (ਖਾਲਸਾ ਕਾਲਜ, ਅੰਮ੍ਰਿਤਸਰ) ਦੇ ਲੇਖ ‘ਚਾਨਣ ਮੁਨਾਰਾ’ ਜੋ ਫਰਵਰੀ 1959 ਵਿਚ ‘ਗੁਰਮਤਿ ਪ੍ਰਕਾਸ’ ਵਿੱਚ ਛਪਿਆ ਸੀ ਦੇ ਸਬੰਧ ਵਿਚ ਲਿਖਿਆ ਸੀ। ਇਹ ਲੇਖ ਦੀ ਕਹਾਣੀ ਦਸਮ ਗ੍ਰੰਥ ਵਿੱਚ ਦਰਜ ‘ਤ੍ਰਿਆਚਰਿਤਰ’ ਜਿਨ੍ਹਾਂ ਦੀ ਗਿਣਤੀ 405 ਹੈ, ਵਿੱਚ ਚਰਿਤ੍ਰ 21,22 ਅਤੇ 23 ਤੇ ਦਰਜ ਹੈ। ਇਸ ਕਹਾਣੀ ਦਾ ਦੋਵਾਂ ਵਿਦਵਾਨਾਂ ਨੇ ਆਪਣੇ ਲੇਖਾਂ ਵਿੱਚ ਅੰਸ਼ਕ ਜਿਕਰ ਵੀ ਕੀਤਾ ਹੈ। ਇਸ ਤੋਂ ਪਹਿਲਾਂ ਕਿ ਸਿਰਦਾਰ ਜੀ ਦੇ ਲੇਖ ਬਾਰੇ ਵਿਚਾਰ ਕਰੀਏ, ਇਹ ਜਰੂਰੀ ਹੈ ਕਿ ਪਾਠਕ ਇਸ ਪੂਰੀ ਵਾਰਤਾ ਤੋਂ ਜਾਣੂ ਹੋਣ। ਦਸਮ ਗ੍ਰੰਥ ਵਿੱਚ ਪੰਨਾ 838 ਤੋਂ 844 ਤੱਕ ਦਰਜ ਇਹ ਕਹਾਣੀ ਜਿਸ ਦੇ ਕੁਲ (60+9+12) 81 ਛੰਦ ਹਨ ਦੀ ਸੰਖੇਪ ਵਾਰਤਾ ਇਓ ਹੈ।
ਸਤਲੁਜ ਦੇ ਕੰਢੇ ਅਨੰਦਪੁਰ ਨਾਂ ਦਾ ਇਕ ਪਿੰਡ ਸੀ ਜੋ ਨੈਣਾ ਦੇਵੀ ਪਰਬਤ ਦੇ ਨੇੜੇ ਕਹਿਲੂਰ ਰਿਆਸਤ ਵਿਚ ਸੀ।3। ਉੱਥੇ ਸਿੱਖ ਫਿਰਕੇ ਦੇ ਲੋਕ ਆਉਂਦੇ ਤੇ ਮੂੰਹ ਮੰਗੇ ਵਰ ਪ੍ਰਾਪਤ ਕਰਕੇ ਘਰਾਂ ਨੂੰ ਪਰਤਦੇ।4। ਇਕ ਧਨਵਾਨ ਇਸਤਰੀ ਉੱਥੋਂ ਦੇ ਰਾਜੇ ਤੇ ਮੋਹਿਤ ਹੋ ਗਈ ।5। ਮਗਨ ਨਾਮ ਦਾ ਵਿਅਕਤੀ ਜੋ ਰਾਜੇ ਦਾ ਦਾਸ ਸੀ, ਨੂੰ ਉਸ ਇਸਤਰੀ ਨੇ ਧਨ ਦਾ ਲਾਲਚ ਦੇ ਕੇ ਕਿਹਾ ਕਿ ਮੈਨੂੰ ਰਾਜੇ ਨਾਲ ਮਿਲਾ ਦੇ। ਮਗਨ ਨੇ ਲਾਲਚ ਵਿਚ ਆਕੇ ਰਾਜੇ ਨੂੰ ਬੇਨਤੀ ਕੀਤੀ, ਜੋ ਮੰਤ੍ਰ ਆਪ ਸਿੱਖਣਾ ਚਾਹੁੰਦੇ ਹੋ ਉਹ ਮੇਰੇ ਹੱਥ ਆ ਗਿਆ ਹੈ। ਹੁਣ ਜੋ ਮੈ ਕਰਨ ਨੂੰ ਕਹਾਂ, ਤੁਸੀਂ ਉਹੋ ਹੀ ਕਰੋ।9। ਮਗਨ ਦੇ ਕਹਿਣ ਤੇ ਰਾਜਾ ਸਾਧ ਦਾ ਭੇਸ ਧਾਰ ਕੇ ਰਾਤ ਨੂੰ ਉਸ ਇਸਤਰੀ ਦੇ ਘਰ ਜਾ ਪਹੁੰਚਿਆ।10। ਇਸਤਰੀ ਨੇ ਫੁੱਲ, ਪਾਨ ਅਤੇ ਸ਼ਰਾਬ ਨਾਲ ਰਾਜੇ ਦਾ ਸਵਾਗਤ ਕੀਤਾ।11। ਰਾਜੇ ਨੇ ਸਾਧ ਦਾ ਭੇਸ ਉਤਾਰ ਕੇ ਆਪਣੇ ਸ਼ਾਹੀ ਬਸਤਰ ਪਹਿਨ ਲਏ ਅਤੇ ਸੇਜ ਨੂੰ ਸੁਸ਼ੋਭਿਤ ਕੀਤਾ।12। ਜਦੋਂ ਇਸਤਰੀ ਨੇ ਆਪਣਾ ਅਸਲ ਮੰਤਵ ਰਾਜੇ ਨੂੰ ਦੱਸਿਆ ਤਾਂ ਰਾਜਾ ਸੋਚੀਂ ਪੈ ਗਿਆ ਕਿ ਮੈ ਤਾਂ ਮੰਤਰ ਲੈਣ ਲਈ ਆਇਆ ਸੀ ਇਥੇ ਤਾਂ ਗੱਲ ਹੀ ਹੋਰ ਹੈ। ਰਾਜੇ ਨੇ ਕਿਹਾ ਕਿ ਮੈ ਅਜੇਹਾ ਕਰਕੇ ਨਰਕ ਵਿੱਚ ਪੈਣ ਤੋਂ ਡਰਦਾ ਹਾ।14। ਔਰਤ ਨੇ ਕਿਹਾ ਮੇਰੇ ਸਰੀਰ ਵਿੱਚ ਕਾਮ ਦੀ ਅਗਨੀ ਬੁਹਤ ਫੈਲ ਗਈ ਹੈ ਇਸ ਨੂੰ ਸ਼ਾਂਤ ਕਰੋ ਨਹੀਂ ਤਾਂ ਮੈ ਇਸ ਅਗਨੀ ਵਿੱਚ ਸੜ ਕੇ ਮਰ ਜਾਵਾਂਗੀ।22। ਰਾਜੇ ਨੇ ਕਿਹਾ ਕਿ ਸ਼ਿਵਜੀ ਦਾ ਧਿਆਨ ਧਰ, ਪਰ ਮੈਂ ਤੇਰੈ ਨਾਲ ਕਾਮ-ਕ੍ਰੀੜਾ ਨਹੀਂ ਕਰਾਂਗਾ।24। ਨੂਪ ਕੁਅਰਿ (ਨੂਪ ਕੌਰ) ਨੇ ਕਿਹਾ ਕਿ ਹੇ ਮਿੱਤਰ! ਅੱਜ ਮੇਰੇ ਨਾਲ ਰੁਚੀ ਪੂਰਵਕ ਰਤੀ-ਕ੍ਰੀੜਾ ਕਰੋ ਨਹੀਂ ਤਾਂ ਮੇਰੀ ਟੰਗ ਹੇਠੋਂ ਲੰਘ ਕੇ ਚਲੇ ਜਾਓ।28। ਰਾਜੇ ਨੇ ਕਿਹਾ ਟੰਗ ਹੇਠੋਂ ਤਾਂ ਉਹ ਲੰਘੇ ਜੋ ਨਿਪੁਸੰਕ ਹੋਵੇ ਮੈਂ ਤਾਂ ਅਪਜਸ ਹੋਣ ਤੋਂ ਡਰਦਾ ਹਾਂ।29। ਨੂਪ ਕੌਰ ਫੇਰ ਜਿਦ ਕਰਦੀ ਹੈ ਪਰ ਰਾਜੇ ਕਿ ਕਿਹਾ ਹੁਣ ਮੈਂ ਉਚ ਕੁਲ ਵਿੱਚ ਹਾਂ, ਫੇਰ ਮੇਰਾ ਜਨਮ ਨੀਚ ਕੁਲ ਵਿਚ ਹੋਵੇਗਾ, ਔਰਤ ਨੇ ਕਿਹਾ ਇਹ ਜਨਮ ਤਾਂ ਤੁਹਾਡੇ ਹੀ ਬਣਾਏ ਹੋਏ ਹਨ। ਜੇ ਅੱਜ ਤੁਸੀਂ ਮੈਨੂੰ ਸ਼ਾਂਤ ਨਾਂ ਕੀਤਾ ਤਾਂ ਮੈ ਜ਼ਹਿਰ ਪੀ ਕੇ ਮਰ ਜਾਵਾਂਗੀ।33। ਰਾਜੇ ਨੂੰ ਡਰ ਹੈ ਕਿ ਜੇ ਇਸ ਨੇ ਮੈਨੂੰ ਭਗਵਤੀ ਦੀ ਸੌਂਹ ਦੇ ਦਿੱਤੀ ਤਾਂ ਮੈਨੂੰ ਨਰਕ ਵਿੱਚ ਜਾਣਾਂ ਹੀ ਪਵੇਗਾ।36। ਔਰਤ ਦਾ ਦਬਕਾ, ‘ਤੋਹਿ ਮਾਰਿ ਕੈਸੇ ਜਿਯੋ’ ਸੁਣ ਕੇ ਰਾਜਾ ਸੋਚੀਂ ਪੈ ਗਿਆ। ਜੇ ਇਸ ਨਾਲ ਰਮਣ ਕਰਾਂ ਤਾਂ ਧਰਮ ਜਾਂਦਾ ਹੈ ਜੇ ਭਜਦਾ ਹਾ ਤਾਂ ਮੌਤ।41। ਰਾਜੇ ਨੇ ਇਸਤਰੀ ਨੂੰ ਸਮਝਾਉਣ ਲਈ ਕਿਹਾ,
ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ। ਪੁਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ।
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ। ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ ।51।
ਜਿਵੇਂ ਪਰ ਨਾਰੀ ਕਾਰਨ ਚੰਦ੍ਰਮਾ ਨੂੰ ਕਲੰਕ ਲਗਿਆ ਸੀ, ਇਸੇ ਤਰਾਂ ਹੀ ਇੰਦਰ ਦੀ ਵੀ ਬਦਨਾਮੀ ਹੋਈ ਸੀ, ਪਰ ਨਾਰੀ ਕਾਰਨ ਹੀ ਰਾਵਣ ਅਤੇ ਕੌਰਵਾਂ ਦੀ ਸੈਨਾ ਮਾਰੀ ਗਈ ਸੀ।52। ਹੇ ਬਾਲਾ ! ਮੈ ਤਾਂ ਸਾਰੇ ਸੇਵਕਾਂ ਨੂੰ ਆਪਣੇ ਪੱਤਰ ਅਤੇ ਇਸਤਰੀਆਂ ਨੂੰ ਆਪਣੀਆਂ ਧੀਆਂ ਸਮਝਦਾ ਹਾਂ।54। ਇਹ ਸੁਣ ਕੇ ਉਹ ਇਸਤਰੀ ਕ੍ਰੋਧਿਤ ਹੋ ਗਈ ਅਤੇ ਚੋਰ-ਚੋਰ ਦਾ ਰੌਲਾ ਪਾ ਦਿੱਤਾ।55। ਇਹ ਸ਼ੋਰ ਸੁਣਕੇ ਡੌਰ ਭੌਰ ਹੋਇਆ ਰਾਜਾ ਆਪਣੀ ਜੁਤੀ ਅਤੇ ਚਾਦਰ ਛਡ ਕੇ ਭੱਜ ਗਿਆ।
‘ਪਨੀ ਪਾਮਰੀ ਤਜਿ ਭਜਯੋ ਸੁਧਿ ਨ ਰਹੀ ਮਾਹਿ’।60। ( ਇਕੀਹਵੇ ਚਰਿਤ੍ਰ ਦੀ ਸਮਾਪਤੀ)
ਚੋਰ-ਚੋਰ ਦਾ ਰੌਲਾ ਸੁਣ ਕਿ ਉਸ ਔਰਤ ਦੇ ਸੇਵਕਾਂ ਨੇ ਰਾਜੇ ਨੂੰ ਘੇਰ ਲਿਆ ।2। ਸਾਰੇ ਤਲਵਾਰਾਂ ਕਢ ਕੇ ਰਾਜੇ ਵੱਲ ਵਧੇ। ਲਲਕਾਰ ਕੇ ਕਹਿਣ ਲੱਗੇ ਕਿ ਅੱਜ ਤੈਨੂੰ ਜਾਣ ਨਹੀ ਦੇਵਾਂਗੇ। ਹੇ ਚੋਰ! ਤੈਨੂੰ ਯਮਲੋਕ ਭੇਜਾਗੇ।3। ਰਾਜੇ ਨੇ ਵੀ ਅੱਗੋ ਸ਼ੈਤਾਨੀ ਵਰਤੀ, ਉਸ ਔਰਤ ਦੇ ਭਰਾ ਨੂੰ ਹੀ ਚੋਰ-ਚੋਰ ਕਹਿ ਕੇ ਦਾੜ੍ਹੀਓਂ ਫੜ ਲਿਆ ਅਤੇ ਉਸ ਦੀ ਪੱਗ ਲਾ ਦਿੱਤੀ ਅਤੇ ਬਾਕੀ ਸਾਰੇ ਵੀ ਉਸ ਨੂੰ ਕੁੱਟਣ ਲੱਗ ਪਏ।5। ਔਰਤ ਭਰਾ-ਭਰਾ ਕਹਿ ਕੇ ਬਚਾਉਣ ਦਾ ਜਤਨ ਕਰਨ ਲੱਗੀ ਪਰ ਕਿਸੇ ਨੇ ਵੀ ਉਸ ਨੂੰ ਨਾ ਸੁਣਿਆ ਅਤੇ ਉਸ ਦੇ ਭਰਾ ਦੀਆਂ ਹੀ ਮੁਸ਼ਕਾਂ ਕੱਸ ਕੇ ਬੰਦੀਖਾਨੇ ਵਿਚ ਬੰਦ ਕਰ ਦਿੱਤਾ।7। ਕੋਈ ਵੀ ਇਸ ਭੇਦ ਨੂੰ ਨਾ ਸਮਝ ਸਕਿਆ ਤੇ ਰਾਜਾ ਇਹ ਛਲ ਕਰਕੇ ਉਥੋ ਭੱਜ ਗਿਆ।9। (ਬਾਈਵੇਂ ਚਰਿਤ੍ਰ ਦੀ ਸਮਾਪਤੀ)
ਸਵੇਰ ਹੋਣ ਤੇ ਰਾਜਾ ਮਹੱਲ ਤੋ ਬਾਹਰ ਆਇਆ ਤੇ ਸਭਾ ਲਗਾਈ।1। ਉਧਰ ਔਰਤ ਨੇ ਪ੍ਰੇਮ ਤਿਆਗ ਕੇ ਗੁੱਸਾ ਪਾਲ ਲਿਆ ਤੇ ਜੁੱਤੀ ਅਤੇ ਪਾਮਰੀ ਸਭ ਨੂੰ ਵਿਖਾ ਦਿੱਤੀ।2। ਇਧਰ ਰਾਜੇ ਨੇ ਕਿਹਾ ਕਿ ਸਾਡੀ ਜੁੱਤੀ ਤੇ ਪਾਮਰੀ ਚੋਰੀ ਹੋ ਗਏ ਹਨ। (ਕੀ ਰਾਜਾ ਸੱਚ ਬੋਲਦਾ ਹੈ?) ਉਸ ਬਾਰੇ ਜੋ ਸਿੱਖ ਸਾਨੂੰ ਦਸੇਗਾ, ਕਾਲ ਉਸ ਦੇ ਨੇੜੇ ਨਹੀਂ ਆਵੇਗਾ। 3। ਇਹ ਬਚਨ ਸੁਣਕੇ ਸੇਵਕਾਂ ਨੇ ਉਸ ਔਰਤ ਬਾਰੇ ਦੱਸ ਦਿੱਤਾ।4। ਤਦ ਰਾਜੇ ਨੇ ਉਸ ਔਰਤ ਨੂੰ ਪਕੜ ਕੇ ਲੈ ਆਉਣ ਦਾ ਹੁਕਮ ਦਿੱਤਾ। ਅਤੇ ਇਹ ਵੀ ਕਿਹਾ ਕੇ ਮੇਰੇ ਕਹੇ ਬਿਨਾ ਉਸ ਤੋਂ ਕੋਈ ਪੁਛ-ਪੜਤਾਲ ਨਹੀ ਕਰਨੀ।5। ਸੇਵਕਾਂ ਨੇ ਔਰਤ ਨੂੰ ਜੁੱਤੀ ਤੇ ਪਾਮਰੀ ਸਮੇਤ ਰਾਜੇ ਅੱਗੇ ਲਿਆ ਹਾਜ਼ਰ ਕੀਤਾ ।6। ਰਾਜੇ ਨੇ ਔਰਤ ਨੂੰ ਪੁਛਿਆ, ਤੂੰ ਮੇਰੇ ਬਸਤ੍ਰ ਕਿਉ ਚੁਰਾਏ ਹਨ? ਇਹ ਸੁਣਕੇ ਔਰਤ ਦਾ ਰੰਗ ਪੀਲਾ ਪੈ ਗਿਆ ਉਸ ਦੇ ਮੂੰਹੋ ਕੋਈ ਵੀ ਗੱਲ ਨਾ ਨਿਕਲੀ । ਰਾਜੇ ਨੇ ਤਰੀਕ ਅੱਗੇ ਪਾ ਦਿੱਤੀ।9। ਸਵੇਰ ਹੋਣ ਤੇ ਰਾਜੇ ਨੇ ਇਸਤਰੀ ਨੂੰ ਫੇਰ ਬੁਲਾਇਆ ਤੇ ਇਕਾਂਤ ਵਿਚ ਸਾਰੀ ਗੱਲ ਕੀਤੀ ਅਤੇ ਰਾਜੀਨਾਮਾ ਕਰਕੇ ਔਰਤ ਦੀ ਵੀਹ ਹਜਾਰ ਟੱਕੇ ਛਿਮਾਹੀ ਭੱਤਾ ਬੰਨ੍ਹ ਦਿੱਤਾ।12।
ਛਿਮਾ ਕਰਹੁ ਅਬ ਤ੍ਰਿਯ ਹਮੈ ਬਹੁਰਿ ਨ ਕਰਿਯਹੁ ਰਾਧਿ।
ਬੀਸ ਸਹੰਸ ਟਕਾ ਤਿਸੈ ਦਈ ਛਿਮਾਹੀ ਬਾਧਿ । 12। (ਤੇਈਸਵੋ ਚਰਿਤ੍ਰ ਸਮਾਪਤ। ਸਤੁ ਸੁਭਮ ਸਤੁ)
ਇਹ ਹੈ ਉਹ ਪੂਰੀ ਵਰਤਾ ‘ਕਿੱਸਾ ਰੂਪ ਕੌਰ ਦਾ’। ਸਿਰਦਾਰ ਕਪੂਰ ਸਿੰਘ ਜੀ ਦੇ ਲੇਖ ਤੇ ਵਿਚਾਰ ਕਰਨ ਤੋਂ ਪਹਿਲਾ, ਇਸ ਕਹਾਣੀ ਬਾਰੇ ਹੋਰ ਵਿਦਵਾਨਾਂ ਦੇ ਵਿਚਾਰ ਜਾਣ ਲੈਣੇ ਵੀ ਲਾਹੇਬੰਦ ਹੋਣਗੇ।
“ਇਹੋ ਹੀ ਗੱਲ ਇਧਰ ਚਰਿਤ੍ਰੋ ਪਾਖਿਆਨਾ ਵਿਚ ਵੀ ਹੈ, ਔਰਤਾਂ ਦੀਆਂ ਕਹਾਣੀ ਨੇ, ਇਹ ਬਿਲਕੁਲ ਗਲਤ ਹੈ। ਸਾਰੀਆਂ ਇਸਤਰੀਆਂ ਦੀਆਂ ਕਹਾਣੀਆਂ ਨਹੀ, ਸਗੋ ਘੱਟੋ-ਘੱਟੋ 20 ਕਹਾਣੀਆਂ ਮਰਦਾਂ ਦੇ ਨਾਲ ਵੀ ਸਬੰਧਤ ਹਨ ਕਿ ਇਹ ਵੀ ਧੂੜ ਧੋਂਦੇ ਜੇ ਬੁਹਤ। ਇਹ ਵੀ ਮਾੜੇ ਹੁੰਦੇ ਜੇ ਕਈ। ਸਾਰੇ ਹੀ ਨਾ ਚੰਗੇ ਹੁੰਦੇ ਨਾ ਮਾੜੇ ਹੁੰਦੇ ਲੇਕਿਨ ਜਿਹੜੇ ਮਾੜੇ ਵਿਅਕਤੀ ਨੇ, ਮਾੜੇ ਚਰਿਤ੍ਰ ਨੇ ਉਹਨਾ ਤੋ ਬਚਣ ਦੀ ਹਦਾਇਤ ਜਿਹੜੀ ਹੈ ਉਹ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੈ, ਉਹ ਥਾਂ-ਥਾਂ ਤੇ ਸਾਨੂੰ ਉਪਦੇਸ਼ ਵੀ ਦਿੱਤੇ ਹਨ। ਕਿ ‘ਸੁਧਿ ਜਬ ਤੇ ਤੁਮ ਧਰੀ ਬਚਨ ਗੁਰ ਦਏ ਹਮਾਰੇ। ਪੁਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ। ਨਿਜ ਨਾਰੀ ਕੇ ਸੰਗ’ ਮੈ ਤੇ ਕਹਿਨਾ ਕਿ ਇਕੱਲਾ ਇਕ ਐਹੋ ਐਡਿਕਟ ਜੇਹੜਾ ਹੈ, ਜਿਹੜੀ ਇਜੰਕਸ਼ਨ ਹੈ ‘ਨਿਜ ਨਾਰੀ ਕਿ ਸੰਗ ਨੇਹੁ ਤੁਮ ਨਿਤ ਬਢੈਯਹੁ’ ਅੱਜ ਏਡਜ ਤੋ ਸਾਰੀ ਦੁਨੀਆ ਤਰੱਸਤ ਹੈ ਕਿ ਜੇ ਸਿੱਖ ਏਸ ਗੱਲ ਨੂੰ ਹੀ ਮੰਨ ਲੈਣ ਕਿ ਨਿਜ ਨਾਰੀ ਕੇ ਸੰਗ ਹੀ ਨੇਹੁ ਰੱਖਣਾ ਹੈ ਤਾਂ ਸ਼ਾਇਦ ਇਹ ਜੇਹੜੀ ਬਿਮਾਰੀ ਹੈ ਘੱਟੋ ਘੱਟ ਸਿੱਖਾਂ ਵਿਚ ਤਾ ਨਹੀ ਫੈਲ ਸਕਦੀ।” (ਡਾ: ਜੋਧ ਸਿੰਘ ਜੀ ਜੀ ਦੇ ਬਚਨ, 10 ਨਵੰਬਰ 2006, ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ)
“ਸੋ ਥੋੜਾ ਜੇਹਾ ਜਿਕਰ ਮੈ ਚਤ੍ਰਿਰਾਂ ਦੇ ਬਾਰੇ ਕਹਾਂ, ਸਮਾਂ ਮੇਰਾ ਸੰਪੂਰਣ ਹੋਣ ਵਾਲਾ ਥੋੜੇ ਜੇਹੇ ਮਿੰਟ ਰਹਿੰਦੇ ਨੇ, ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿਹੜੇ ਚਤ੍ਰਿਰਾ ਦੇ ਬਾਰੇ ਗਲ ਕਰਦੇ ਨੇ ਕੇ ਮਹਾਰਾਜ ਨੇ ਖੁਲੇ ਬਚਨ ਕੀਤੇ ਨੇ, ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੇ ਚਤ੍ਰਿਰ ਲਿਖੇ ਨੇ, ਉਹਦੇ ਵਿੱਚ ਮੇਰੇ ਗਰੂ ਗੋਬਿੰਦ ਸਿੰਘ ਨੇ ਆਪਣਾ ਚਤ੍ਰਿਰ ਲਿਖਿਆ ਸਾਧ ਸੰਗਤ, ਜੇ ਕੋਈ ਕਹੇ ਕਵੀਆਂ ਨੇ ਲਿਖੇ ਨੇ, ਗੁਰੂ ਗੋਬਿੰਦ ਸਿੰਘ ਦਾ ਅਨੂਪ ਕੌਰ ਦਾ ਚਤ੍ਰਿਰ ਕਿੱਦਾ ਆ ਗਿਆ ਉਹਦੇ ਵਿਚ? ਇਸ ਕਰਕੇ ਆਪ ਲਿਖੇ ਨੇ। ਅਨੂਪ ਕੌਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛੱਲਣ ਦੀ ਕੋਸ਼ਿਸ਼ ਕੀਤੀ। ਕੇ ਗੁਰੂ ਮਹਾਰਾਜ ਬੜਾ ਬਲੀ ਯੋਧਾ, ਮੈ ਛਲ ਕੇ ਵਿਖਾਉਨੀ ਆਂ ਔਰ ਉਹ ਇੱਕ ਬੰਦੇ ਦਾ ਰੂਪ ਧਾਰ ਕੇ, ਜੋਗੀ ਬਣ ਕੇ, ਆਪਣੇ ਨਾਲ ਚੇਲੇ-ਚਾਟੜੇ ਬਣਾ ਕੇ, ਇੱਕ ਆਪਣੇ ਆਪ ਵਿੱਚ ਜੋਗੀ ਮਹਾਤਮਾ ਬਣਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੁਨੇਹਾ ਭੇਜਿਆ ਕਿ ਮਹਾਰਾਜ ਸਾਡੇ ਗੁਰੂ ਨੇ ਤੁਹਾਡੇ ਨਾਲ ਬਚਨ ਬਿਲਾਸ ਕਰਨੇ ਨੇ, ਗੁਰੂ ਜਾਣੀ ਜਾਣ ਸਨ, ਪਤਾ ਸੀ ਕੀ ਹੈ ਛਲ ਹੈ ਧੋਖਾ ਹੈ, ਸਭ ਕੁੱਝ ਜਾਣਦੇ ਨੇ, ਪਰ ਕਿਉਂਕਿ ਸਾਨੂੰ ਸਮਝਾਉਣ ਲਈ ਕੋਈ ਜਤਨ ਤਾਂ ਕਰਨਾ ਸੀ ਨਾ।… ਇਸ ਲਈ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਉਸ ਨੇ ਜਦੋ ਫੇਰ ਸਾਨੂੰ ਪ੍ਰੇਰਿਆ, ਅਸੀ ਉਸ ਨੂੰ ਮਨ੍ਹਾਂ ਕੀਤਾ, ਉਸ ਨੇ ਅਨੇਕ ਪ੍ਰਕਾਰ ਦੀਆ ਟਾਂਚਾ ਕੀਤੀਆਂ, ਤਾਨ੍ਹੇ ਮਾਰੇ, ਐਸਾ ਵੀ ਲਿਖਿਆ, ਕੇ ਵੱਡਾ ਸੂਰਮਾ ਅਖਵਾਉਨਾ ਜਾਂ ਮੇਰੀ ਲੱਤ ਥੱਲੋ ਲੱਘ ਜਾਹ ਨਹੀਂ ਤੇ ਮੇਰੀ ਗੱਲ ਮੰਨਲਾ।…ਸਾਧ ਸੰਗਤ ਜਿਨ੍ਹਾਂ ਦੇ ਮਨਾਂ ਦੇ ਵਿੱਚ ਕਚਿਆਈ ਹੁੰਦੀ ਆ ਨਾਂ ਚਤ੍ਰਿਰ ਪੜ੍ਹ ਕੇ ਮਨ ਉਨ੍ਹਾਂ ਦੇ ਡੋਲਦੇ ਹਨ। ਆਹ ਸਾਡੇ ਭੈਣ ਜੀ ਬੈਠੇ ਨੇ ਕਹਿੰਦੇ ਮੈ ਸਾਰਾ ਦਸਮ ਗ੍ਰੰਥ ਪੜ੍ਹਿਆ, ਕਹਿੰਦੇ ਕੇਹੜਾ ਜੇਹੜਾ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਨਹੀਂ। ਸਾਧ ਸੰਗਤ ਅੰਦਰੋ ਮਹਾਂਰਾਜ ਸੱਚੇ ਪਾਤਸ਼ਾਹ ਦੀ ਬਖਸ਼ਸ਼ ਹੋਵੇ ਫਿਰ ਜਿੱਦਾਂ ਆਹ ਬਚਨ ਲਿਖੈ ਪੜ੍ਹ ਲੋ। ਬਚਨ ਕੀਤੇ ਨਾਹ, ਕੈਰ ਬੁਜ਼ਦਿਲ ਜਿਹੜੇ, ਉਹ ਨਹੀਂ ਬਾਣੀ ਪੜ੍ਹ ਸਕਦੇ, ਜਿਹੜੇ ਸੂਰਮੇ ਯੋਧੇ ਨੇ ਉਹੋ ਹੀ ਦਸਮ ਪਾਤਸ਼ਾਹ ਦੀ ਬਾਣੀ ਪੜ੍ਹ ਸਕਦੇ। ਇਸ ਵਾਸਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਸ ਵੇਲੇ ਅਨੂਪ ਕੌਰ ਨੇ ਚਤ੍ਰਿਤ ਵਰਤੇ ਤੇ ਦਸਮ ਪਾਤਸ਼ਾਹ ਹਜੂਰ ਨੇ ਕੀ ਉਪਦੇਸ਼ ਦਿੱਤਾ, ਹੈ ਨਾ ਪੂਰਾ ਗੁਰੂ। ਇਕਾਂਤ ਹੋਵੇ, ਜਿਥੇ ਕੋਈ ਦੇਖਦਾ ਨਾਂ ਹੋਵੇ, ਕਿਸੇ ਦਾ ਕੋਈ ਡਰ ਨਾਂ ਹੋਵੇ, ਉਹਦੇ ਕੋਲ ਸਾਬਤ ਰਹਿਣਾ ਤੇ ਉਹਨੂੰ ਵੀ ਸਿਖਿਆ ਦੇਣੀ। ਉਥੇ ਦਸਮ ਪਾਤਸ਼ਾਹ ਜੀ ਨੇ ਕਿਹਾ:-
ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ।
ਪੂਤ ਇਹੈ ਪ੍ਰਾਨ ਤੋਹਿ ਪ੍ਰਾਨ ਜਬ ਲਗ ਗਟ ਥਾਰੇ।।
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿੱਤ ਬਢੈਯਹੁ।
ਪਰ ਨਾਰੀ ਕੀ ਸੇਜ ਭੁਲਿ ਸੁਪਨੇ ਹੂੰ ਨ ਜੈਯਹੁ।।
ਜਰਾ ਖਿਆਲ ਕਰੋ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਅਨੂਪ ਕੌਰੇ, ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਮੈਨੂੰ ਆਹ ਗੱਲ ਕਹੀ ਹੋਈ ਐ। ਇਹਦਾ ਮੱਤਲਵ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਿਹਾ ਸੀ, ਕਿ ਤੁਸੀਂ ਆਪਣੀ ਏਕਾ ਨਾਰੀ ਜੁੱਤੀ ਵਿੱਚ ਰਹਿਣਾ, ਪਰਾਈ ਨਾਰੀ ਨੂੰ ਸੁਫਨੇ ਵਿੱਚ ਵੀ ਨਹੀ ਦੇਖਣਾ, ਗੁਰੂ ਤੇਗ ਬਹਾਦਰ ਸਹਿਬ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਮਝਾਇਆ ਤੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੰਥ ਵਾਸਤੇ ਲਿਖਤ ਕਰ ਦਿੱਤੀ, ਮੇਰਾ ਪੰਥ ਇਸ ਤੋਂ ਸਾਵਧਾਨ ਰਹੇ ਧੋਖਾ ਨਾ ਖਾਵੇ।” (‘ਸ੍ਰੀ ਦਸਮ ਗ੍ਰੰਥ ਸਾਹਿਬ’ ਬਾਰੇ ਅੰਤਰ ਰਾਸ਼ਟਰੀ ਸੈਮੀਨਾਰ ਵਿੱਚ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਸਵਿੰਦਰ ਸਿੰਘ ਜੀ ਦੇ ਬਚਨ। 23 ਫਰਵਰੀ 2008 ਸੈਕਰਾਮੈਂਟੋ)
6-ਚਰਿਤ੍ਰੋਪਾਖਾਨ ਗ੍ਰੰਥ-ਸੰਮਤ ਸਤਾਰਾਂ ਸੈ 47-8 ਬਿੱ: (1690-91ਈ:) ਵਿਚ ਜਦੋਂ ਦਸਮੇਸ਼ ਪਿਤਾ ਜੋਗੀ, ਵੈਰਾਗੀ ਤੇ ਸੰਨਿਆਸੀ ਆਦਿ ਸੰਪਰਦਾਵਾਂ ਦੇ ਸਿੱਧਾਂ-ਸਾਧਾਂ ਦੇ ਪਰਖ-ਪ੍ਰਖਾਵੇ ਕਰ ਰਹੇ ਸਨ; ਤਾਂ ਵੈਸਾਖੀ ਤੇ ਦਿਵਾਲੀ ਦੇ ਮੋਕਿਆਂ ਪੁਰ ‘ਛਜੀਆ’ ਰਾਜਮਨੀ ਤੇ ‘ਅਨੂਪ ਕੌਰ’ ਲਾਹੌਰੀ ਖਤ੍ਰੇਟੀ ਆਦਿ ਰੂਪ-ਜੋਬਨ ਮੱਤੀਆਂ ਮੁੰਧ-ਮੁਟਿਆਰਾਂ ਭੀ ਅਨੰਦਪੁਰਿ ਆਈਆਂ; ਅਰੁ ਸੱਚੇ ਪਾਤਿਸ਼ਾਹ ਦੀ ਚੜ੍ਹਦੀ ਜੁਆਨੀ ਤੇ ਮਨੋਹਰ ਨੁਹਾਰ ਵੇਖ ਕੇ ਮੋਹਿਤ ਹੋ ਗਈਆਂ। ਸਤਿਗੁਰਾਂ, ਨਾਰੀ ਦੇ ਪ੍ਰਾਕ੍ਰਿਤਕ ਸੁਭਾਉ ਦੇ ਸਦਕੇ ਉਨ੍ਹਾਂ ਦੀਆਂ ਭੁੱਲਾਂ ਬਖਸ਼ੀਆਂ ਤੇ ਸੁਮੱਤੇ ਲਾਈਆਂ। ਲੇਕਿਨ ਸਿੱਖਾਂ ਨੂੰ ਐਸੇ ਛਲ-ਛਿੱਦ੍ਰਾਂ ਤੋਂ ਬਚਣ ਦੀ ਸਿੱਖਿਆ ਦੇਣ ਦੇ ਖਿਆਲ ਨਾਲ, ਉਨ੍ਹਾਂ ਹੀ ਦਿਨਾਂ ਤੋਂ ਨਰ-ਨਾਰੀਆਂ ਦੇ ਚਲਨ ਸੰਬੰਧੀ ਪਖਾਣੇ ਕਲਮ-ਬੰਦ ਕਰਨੇ ਅਰੰਭ ਦਿੱਤੇ। ਅਰੰਭ ਕਰਨ ਸਮੇਂ ਹੀ ਆਪ ਨੇ ਦੱਸਿਆ:-
ਅਰਘ, ਗਰਭ, ਨ੍ਰਿਪ, ਤ੍ਰਿਯਨ ਕੋ, ਬੇਦ ਨਾ ਪਾਯੋ ਜਾਇ।
ਤਊ ਤਿਹਾਰੀ ਕ੍ਰਿਪਾ ਤੇ, ਕੁਛ ਕੁਛ ਕਹੋਂ ਬਨਾਇ॥44
ਅਗਾੜੀ 16ਵੇਂ ਚਰਿਤ੍ਰ ਵਿੱਚ, ਗ੍ਰੰਥ ਕਰਤਾ ਜੀ ਨੇ, ‘ਇਸਤ੍ਰੀ-ਚਰਿਤ੍ਰ’ ਲਿਖਣ ਦੇ ਕਾਰਣਾਂ ਵਲਿ ਐਕੁਣ ਇਸ਼ਾਰਾ ਵੀ ਕੀਤਾ ਹੈ:-
ਤਬੈ ਰਾਇ ਗ੍ਰਿਹਿ ਆਇ ਸੁ ਪ੍ਰਣ ਐਸੋ ਕਿਯੋ। ਭਲੇ ਯਤਨ ਸੋਂ ਰਾਖਿ ਧਰਮ ਅਬ ਮੈ ਲਿਯੋ।
ਧੇਸ ਦੇਸਿ ਨਿਜੁ ਪ੍ਰਭੁ ਕੀ ਪ੍ਰਭਾ ਬਖੇਰਿ ਹੋਂ। ਹੋ, ਆਨ ਤ੍ਰਿਯਾ ਕਹ ਬਹੁਰਿ ਨ ਕਬਹੂੰ ਹੇਰਿ ਹੋਂ॥ 49
ਦੋਹਰਾ
ਵਹੈ ਪ੍ਰਤੱਗਯਾ ਤਦਿਨ ਤੇ , ਬਿਆਪਤਿ ਮੋ ਹਿਯ ਮਾਹਿ।
ਤਾ ਦਿਨ ਤੇ ਪਰਨਾਰਿ ਕੋ, ਹੇਰਤ ਕਬਹੂੰ ਨਾਹਿ॥ 50
ਇਨ੍ਹਾਂ 404 ਪਖਾਣਿਆ ਦਾ ਨਾਮ ਆਪ ਨੇ `ਚਰਿਤ੍ਰੋਪਾਖਾਨ ਰੱਖ ਕੇ, ਸੰਮਤ ਸਤਾਰਾਂ ਸੈ ਤ੍ਰਿਵੰਜਾਹ ਭਾਦਰੋਂ ਸ਼ੁਦੀ ਅੱਠੇ (? ਛਠਿ)* ਐਤਵਾਰਿ ‘ਸਤਲੁਜ’ ਨਦਿ ਕੰਢੇ- ਅਨੰਦਪੁਰ ਵਿਚ ਹੀ ਗ੍ਰੰਥ ਸਮਪੂਰਣ ਕੀਤਾ…। (ਸ਼ਬਦ-ਮੂਰਤਿ ਪੰਨਾ 21-22, ਲੇਖਕ- ਭਾਈ ਰਣਧੀਰ ਸਿੰਘ, ਰੀ: ਸਕਾਲਰ, ਸ਼ੋਮਣੀ ਗੁ: ਪ੍ਰ; ਕਮੇਟੀ)
ਗਿਆਨੀ ਹਰੰਬਸ ਸਿੰਘ ਜੀ ਦੀ ਲਿਖਤ ‘ਸ੍ਰੀ ਦਸਮ ਗ੍ਰੰਥ ਦਰਪਣ’ ਦੀ ਭੂਮਿਕਾ ਵਿਚ ਗੁਰਚਰਨ ਸਿੰਘ ਵੈਦ ਲਿਖਦੇ ਹਨ, “ਅਨੂਪ ਕੌਰ ਦੇ ਪ੍ਰਸੰਗ ਵਿੱਚ ਜੋ ਉਪਦੇਸ਼ ਪਿਤਾ ਜੀ ਨੇ ਦਿੱਤਾ ਉਹ ਅਦੁੱਤੀ ਅਤੇ ਅਲੌਕਿਕ ਹੈ। ਇਹ ਬਚਿਤ੍ਰ ਕਹਾਣੀ ਦੇ ਰੂਪ ਵਿੱਚ ਅੰਕਿਤ ਹੈ ਜਿਸ ਨੂੰ ਉਪ ਖਯਾਨ ਲਿਖਿਆ ਹੈ। ਇਹ ਕੋਈ ਹੱਡ ਬੀਤੀ ਯਥਾਰਤ ਸਾਖੀ ਹੈ। ਇਹ ਸੁੰਦਰ ਉਪਦੇਸ਼ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੀਆਂ ਸੱਜੇ ਪਾਸੇ ਦੀਆਂ ਪਉੜੀਆਂ ਦੇ ਉਤਲੇ ਪਾਸੇ ਸੰਗਮਰਮਰ ਦੀ ਸ਼ਿਲਾ ਉਤੇ ਕਈ ਚਿਰ ਪਹਿਲਾ ਦਾ ਉਕਰਿਆ ਹੋਇਆ ਹੈ। ਜੇ ਕਰ ਚਰ੍ਰਿਤੋ ਪਖਿਆਨ ਵਾਲੀ ਰਨਚਾ ਸਤਿਗੁਰੂ ਜੀ ਵਲੋਂ ਨਾ ਹੁੰਦੀ ਤਾਂ ਪ੍ਰਚੀਨ ਸਿੰਘ, ਜੋ ਗੁਰਮੁਖ ਪੰਡਿਤ ਸਨ, ਕਿਉਂ ਲਿਖਦੇ, ਜਾਂ ਕਿਸੇ ਨੂੰ ਲਿਖਣ ਦੀ ਆਗਿਆ ਕਿਵੇ ਦਿੰਦੇ? ਇਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਉਤੇ ਚਿਤ੍ਰ ਕਲਾ ਲਿਖਤ ਸਿੱਖਾਂ ਲਈ ਨਿਰਸੰਦੇਹ ਹੀ ਮਾਨਨੀਯ ਹੈ
ਭਾਵੇਂ ‘ਤ੍ਰੀਆ’ ਸ਼ਬਦ ਇਸਤਰੀ ਭਾਵ ਦਾ ਪ੍ਰਤੀਕ ਹੈ ਪਰ ਇਹਨਾਂ ਚਰਿਤ੍ਰਾਂ ਵਿਚ ਕੁਝ ਪੁਰਸ਼ਾਂ ਦੇ ਵੀ ਹਨ ਅਤੇ 3 ਚਰਿਤ੍ਰ ਅਜਿਹੇ ਹਨ ਜੋ ਗੁਰੁ ਗੋਬਿੰਦ ਸਿੰਘ ਜੀ ਉਪਰ ਹੀ ਢੁਕਦੇ ਹਨ। ਇਸ ਰਚਨਾ ਦੇ ਸੋਮੇ ਵਖੋ ਵੱਖ ਹਨ। ਇਨ੍ਹਾਂ ਵਿਚ ਕਈ ਇਤਿਹਾਸਕ, ਅਰਧ ਇਤਿਹਾਸਕ, ਮਿਥਿਹਾਸਕ, ਅਰਧ ਮਿਥਿਹਾਸਕ ਲੋਕ ਕਥਾਵਾਂ ਦੇ ਪਾਤਰ ਅਤੇ ਸਵੈ-ਬੀਤੀਆਂ ਹਨ।” ( ਸ੍ਰੀ ਦਸਮ ਗ੍ਰੰਥ ਦਰਪਣ, ਪੰਨਾ 291, ਗਿਆਨੀ ਹਰੰਬਸ ਸਿੰਘ)
“ ਇਸ ਤੋ ਅਗਲੀ ਗਵਾਹੀ ਚਰਿਤ੍ਰ 21 ਵਿਚ ਹੈ ਜਿਸ ਦੇ ਨਾਇਕ ਸਾਹਿਬ ਆਪ ਹਨ। ‘ਅਨੂਪ ਕੁਅਰਿ’ ਦੇ ਬੁਹਤ ਜੋਰ ਦੇਣ ਤੇ ਵੀ ਨਾਇਕ ਉਸ ਨਾਲ ਭੋਗ ਕਰਨ ਨੂੰ ਤਿਆਰ ਨਹੀਂ ਹੁੰਦਾ ਅਰ ਉਸ ਨੂੰ ਉਤਰ ਦਿੰਦਾ ਹੈ:-
ਬਾਲ ਹਮਾਰੇ ਪਾਸ ਦੇਸ ਦੇਸਨ ਤ੍ਰਿਯਾ ਆਵਹਿ।
ਮਨ ਬਾਛਤ ਬਰ ਮਾਗਿ ਜਾਨਿ ਗੁਰ ਸੀਸ ਝੁਕਾਵਇ।
ਸਿਖੑਯ ਪੁਤ੍ਰ ਤ੍ਰਿਯਾ ਸੁਤਾ ਜਾਨਿ ਅਪਨੇ ਚਿਤ ਧਰਿਯੈ।
ਹੋ ਕੁਹ ਸੁੰਦਰਿ ਤਿਹ ਸਾਥ ਗਵਨ ਕੈਸੇ ਕਰਿ ਕਰਿਯੈ।
ਇਹ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਤੋਂ ਬਿਨਾਂ ਹੋਰ ਕੌਣ ਲਿਖ ਸਕਦਾ ਹੈ? ਅਜਿਹੇ ਬਚਨ ਪਵਿਤਰ ਆਤਮਾ ਤੋਂ ਬਿਨਾ ਕੋਈ ਕਹਿ ਹੀ ਨਹੀਂ ਸਕਦਾ। ਉਪਰੋਕਤ ਸਾਰੀਆਂ ਦਲੀਲਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਚਰਿਤ੍ਰਾਂ ਦੇ ਕਰਤਾ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਹਨ ਜਿਨ੍ਹਾਂ ਨੇ ਇਕ ਵਿਸ਼ੇਸ਼ ਉਦੇਸ਼ ਸਾਹਮਣੇ ਰਖ ਕੇ ਇਨ੍ਹਾਂ ਚਰਿਤ੍ਰਾਂ ਦੀ ਰਚਨਾ ਕੀਤੀ। (ਸ੍ਰੀ ਦਸਮ ਗ੍ਰੰਥ ਦਰਪਣ, ਪੰਨਾ 303, ਗਿਆਨੀ ਹਰੰਬਸ ਸਿੰਘ)
“ਜਿਥੋਂ ਤਕ ਸਿਖਾਂ ਦੀ ਕਮਾਈ ਵਿਚੋਂ ਮਾਇਆ ਦੇਣ ਦਾ ਸਬੰਧ ਹੈ, ਜਾਪਦਾ ਹੈ ਕਿ ਗਿਆਨੀ ਜੀ ਨੂੰ ਗੁਰੂ ਘਰ ਦੀ ਮਰਯਾਦਾ ਬਾਰੇ ਵਾਕਫੀਅਤ ਨਹੀਂ। ਇਤਨੀ ਮਾਇਆ ਨੂਪ ਕੁਅਰਿ ਨੇ ਆਪ ਕਿਥੋ ਤਕ ਖਰਚ ਕਰ ਲੈਣੀ ਸੀ। ਇਹ ਮਾਇਆ ਅਤੇ ਇਸੇ ਤਰ੍ਹਾਂ ਹੋਰ ਕਈ ਗੁਰੁਸਿਖਾਂ ਨੂੰ ਹਜੁਰ ਮਾਇਆ ਬਖ਼ਸ਼ਦੇ ਰਹਿੰਦੇ ਸਨ ਤਾਂ ਜੋ ਲੋਹ ਲੰਗਰ ਤਪਦੇ ਰਹਿਣ ਤੇ ਸਿਖ ਸੇਵਕ ਜਿਹੜੇ ਦੂਰੋਂ ਦੂਰੋਂ ਆਉਂਦੇ ਉਨ੍ਹਾਂ ਦੀ ਸੰਭਾਲ ਹੋਂਦੀ ਰਹੇ, ਇਤਿਹਾਸ ਗਵਾਹ ਹੈ ਕਿ ਬੁਹਤ ਸਾਰੇ ਮੁੱਖੀ ਸਿੱਖਾਂ ਦੇ ਪ੍ਰਬੰਧ ਵਿਚ ਵਖੋ ਵੱਖ ਥਾਵਾਂ ਤੇ ਲੰਗਰ ਚਲਦੇ ਸਨ। ਹੋ ਸਕਦਾ ਹੈ ਕਿ ਇਸ ਤਰ੍ਹਾਂ ਹੀ ਗੁਰੂ ਜੀ ਨੂਪ ਕੁਅਰਿ ਤੋਂ ਵੀ ਇਹ ਸੇਵਾ ਲਈ ਹੋਵੇ। ਵੀਹ ਹਜਾਰ ਦੀ ਛਿਮਾਹੀ ਉਸ ਸਮੇਂ ਦੇਣੀ ਤੇ ਇਸ ਸਬੰਧੀ ਲਿਖਣਾ ਸਾਹਿਬਾਂ ਦਾ ਹੀ ਕੰਮ ਹੈ ਜੇ ਕੋਈ ਹੋਰ ਕਵੀ ਹੁੰਦਾ ਤਾਂ ਅਤਿ ਕਥਨੀ ਦੇ ਭੈ ਕਰਕੇ ਇਹ ਰਕਮ ਇਤਨੀ ਕਦੇ ਨਾ ਲਿਖਦਾ। ਜਦੋਂ ਹਜ਼ੂਰ ਨੇ ਨੂਪ ਕੁਅਰਿ ਨੂੰ ਮਾਫ਼ ਕਰ ਦਿੱਤਾ। ‘ਛਿਮਾਂ ਕਰੋਂ ਅਬ ਤ੍ਰਿਯਾ ਤੁਮੇ ਬੁਹਰ ਨਾ ਕਰੀਯਹੁ ਰਾਂਧ’ ਤਾਂ ਹਜੂਰ ਉਸ ਨਾਲ ਭਿੰਨ ਭੇਦ ਕਿਵੇ ਵਰਤਦੇ।” (ਸ੍ਰੀ ਦਸਮ ਗ੍ਰੰਥ ਦਰਪਣ, ਪੰਨਾ 314, ਗਿਆਨੀ ਹਰੰਬਸ ਸਿੰਘ)
ਗਿਆਨੀ ਹਰਬੰਸ ਸਿੰਘ ਨਿਰਨੇਕਾਰ ਦੀ ਕਰਤੂਤ:- ਅਸਲ ਲਿਖਤ ਵਿਚ ਸ਼ਬਦ ‘ਤੁਮੇ’ ਨਹੀ ‘ਹਮੈ’ ਹੈ।
ਛਿਮਾ ਕਰਹੁ ਅਬ ਤ੍ਰਿਯ ਹਮੈ ਬਹੁਰਿ ਨ ਕਰਿਯਹੁ ਰਾਧਿ।
ਬੀਸ ਸਹੰਸ ਟਕਾ ਤਿਸੈ ਦਈ ਛਿਮਾਹੀ ਬਾਧਿ । 12।
ਆਪਣੀ ਸੋਚ ਨੂੰ ਸਹੀ ਸਾਬਤ ਕਰਨ ਲਈ ਹੀ ‘ਹਮੈ’ ਦਾ ‘ਤੁਮੇ’ ਕਰ ਦਿੱਤਾ ਗਿਆ ਹੈ। ਗਿਆਨੀ ਹਰਬੰਸ ਸਿੰਘ ਦੇ ਮੁਤਾਕ ਤਾਂ ਗੁਰੂ ਜੀ ਨੇ ਉਸ ਔਰਤ ਨੂੰ ਮਾਫ ਕਰ ਦਿੱਤਾ ਹੈ ਜਦਕੇ ਅਸਲ ਲਿਖਤ ਵਿਚ ਔਰਤ ਤੋਂ ਮਾਫੀ ਮੰਗਦੇ ਹਨ। ਜੇ ਇਹ ਗੁਰੂ ਜੀ ਦੀ ਕਿਰਤ ਹੈ ਤਾਂ ਇਸ ਵਿਚ ਬਦਲੀ ਕਰਨ ਦਾ ਕਿਸੇ ਨੂੰ ਕੀ ਅਧਿਕਾਰ ਹੈ?
ਜੇਹਾ ਕਿ ਅਸੀਂ ਅਗੇ ਵੀ ਆਖ਼ ਚੁਕੇ ਹਾਂ ਕਿ ਸਾਰੀਆਂ ਕਹਾਣੀਆਂ ਤ੍ਰਿਯਾ ਚਰਿਤਰ ਨਹੀ, ਕਈ ਪੁਰਖ ਚਰਿਤਰ ਵੀ ਹਨ ਜਿਨ੍ਹਾਂ ਵਿੱਚ ਕਿਤੇ ਕਿਤੇ ਮਰਦਾਂ ਦੀ ਚੁਤਰਾਈ ਤੇ ਬੀਰਤਾ ਦਾ ਚਰਿਤਰ ਦਰਸਾਇਆ ਗਿਆ ਹੈ। ਇਸ ਦਾ ਭਾਵ ਵੀ ਇਹੋ ਹੈ ਕਿ ਬਿਖਮ ਹਾਲਾਤ ਵਿਚੋਂ ਵੀ ਚੇਤੰਨ ਹੋਕੇ ਨਿਕਲ ਜਾਣਾ ਸਿਆਣੇ ਪੁਰਸ਼ਾਂ ਦਾ ਕੰਮ ਹੈ। ਗੁਰੂ ਸਾਹਿਬ ਨੇ ਕੁਝ ਆਪ ਬੀਤੀਆਂ ਵੀ ਦਰਜ ਕੀਤੀਆਂ ਹਨ ਜੋ ਕਿ ਥਾਂ-ਥਾਂ ਆਏ ਹਵਾਲਿਆਂ ਤੋ ਸਪਸ਼ਟ ਹੋ ਹੀ ਜਾਂਦੀਆਂ ਹਨ। ਅਨੰਦਪੁਰ ਦੇ ਕਈ ਚਲਿਤਰ ਹਨ, ਜਿਵੇ 16,21,22,23 ਆਦਿ। 15 ਨੰਬਰ ਕੀਰਤਪੁਰ ਦਾ ਹੈ”। (ਦਸਮ ਗ੍ਰੰਥ ਦਰਸ਼ਨ, ਪੰਨਾ 125, ਪਿਆਰਾ ਸਿੰਘ ਪਦਮ)
ੳਪੁਰ ਦਿੱਤੇ ਹਵਾਲਿਆ ਤੋਂ ਸਪੱਸ਼ਟ ਹੈ ਕੇ ਡਾ: ਜੋਧ ਸਿੰਘ ਜੀ, ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਸਵਿੰਦਰ ਸਿੰਘ ਜੀ, ਭਾਈ ਰਣਧੀਰ ਸਿੰਘ, ਗਿਆਨੀ ਹਰੰਬਸ ਸਿੰਘ ਜੀ ਅਤੇ ਪਿਆਰਾ ਸਿੰਘ ਪਦਮ ਇਹ ਮੰਨਦੇ ਹਨ ਕੇ ਨੂਪ ਕੌਰ ਵਾਲਾ ਇਹ ਚਰਿਤ੍ਰ 21, 22 ਅਤੇ 23 ਜੋ ਆਖੇ ਜਾਂਦੇ ਦਸਮ ਗ੍ਰੰਥ ਵਿੱਚ ਪੰਨਾ 838 ਤੋਂ 844 ਤੱਕ ਦਰਜ ਅਤੇ ਡਾ: ਜੋਧ ਸਿੰਘ ਦਾ ਟੀਕਾ (ਹਿੰਦੀ) ਸੈਚੀ ਤੀਜੀ ਪੰਨਾ 217 ਤੋ 230 ਤੱਕ, ਜਿਸ ਦੇ ਕੁਲ (60+9+12) 81 ਛੰਦ ਹਨ, ਇਹ ਗੁਰੂ ਗੋਬਿੰਦ ਸਿੰਘ ਜੀ ਦੀ ਆਪ ਬੀਤੀ ਹੈ।
ਇਹ ਠੀਕ ਹੈ ਕਿ ਹੋਰ ਵਿਦਵਾਨਾਂ ਦੀ ਤਰ੍ਹਾਂ ਸਿਰਦਾਰ ਕਪੂਰ ਸਿੰਘ ਜੀ ੳਪ੍ਰੋਕਤ ਕਹਾਣੀ ਨੂੰ ਗੁਰੂ ਗੋਬਿੰਦ ਸਿੰਘ ਦੀ ਆਪ ਬੀਤੀ ਤਾਂ ਨਹੀ ਲਿਖਿਆ ਪਰ ਉਹ ਇਹ ਮੰਨ ਕੇ ਚਲਦੇ ਹਨ ਕੇ ਇਹ ਲਿਖਿਆ ਗੁਰੂ ਗੋਬਿੰਦ ਸਿੰਘ ਜੀ ਨੇ ਹੈ। ਸਿਰਦਾਰ ਜੀ ਲਿਖਦੇ ਹਨ, “ਤ੍ਰਿਯਾ ਚਰਿਤ੍ਰ ਦੀ 21ਵੀਂ, 22ਵੀਂ ਅਤੇ 23ਵੀਂ ਸਾਖੀ ਵਿਚਇਸ ਗ੍ਰੰਥ ਦੇ ਕਰਤਾਗੁਰੂ ਗੋਬਿੰਦ ਸਿੰਘ ਜੀ ਨੇ ਸਥਾਨਿਕ ਤੇ ਵਾਸਤਵਿਕ ਰੰਗਹੁਨਰ ਪੂਰਤੀ ਆਸ਼ੇ ਨੂੰ ਮੁੱਖ ਰੱਖ ਭਰਿਆ ਹੈ।” “ਇਹੋ ਅਨਾਦੀ ਤਿੰਨ ਕਾਲ ਸਤਯ ਸ਼ਕਤੀ ਇਸਤਰੀ ਦਾ ਦਿਬ ਤੇ ਸਨਾਤਨ ਰੂਪ ਗੁਰੂ ਗੋਬਿੰਦ ਸਿੰਘ ਜੀ ਨੇ ਵਰਣਨ ਕੀਤਾ ਹੈ…” “ ਇੱਥੇ ਭੀ ਸਪੱਸ਼ਟ ਕਰ ਦਿੱਤਾ ਹੈ ਕਿ ਜੋ ਕਥਾ ਕਹਾਣੀਆਂ ਗੁਰੂ ਸਾਹਿਬ ਅੱਗੇ ਲਿਖਣ ਲੱਗੇ ਹਨ…” “ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਹਿਤ ਕਲਾ ਦੇ ਭੇਦ ਨੂੰ ਇਨ੍ਹਾਂ ਤਿੰਨ੍ਹਾਂ ਚਰਿਤ੍ਰਾਂ ,21, 22 ਤੇ 23 ਵਿਚਐਸੀ ਚਤੁਰਤਾ ਨਾਲ ਵਰਤਿਆ ਹੈਕਿ ਸਾਧਾਰਣ ਪੁਰਖ ਦਾ ਭੁਲੇਖਾ ਖਾ ਜਾਣਾ ਅਚੰਭੇ ਦੀ ਗੱਲ ਨਹੀ ਭਾਸਦੀ।” “ਸਭ ਤੋਂ ਪਹਿਲਾ ਚਰਿਤ੍ਰ ਗੁਰੂ ਜੀ ਨੇ ਉਸਤ੍ਰਿਯਾ ਦਾ ਵਰਨਣ ਕੀਤਾ ਹੈਜੋ ਅਕਲਾ ਪੁਰਖਸਰਬਾਧਾਰ ਪਾਰਬ੍ਰਹਮਸਿਸ਼ਟੀ ਦਾ ਕਰਤਾ ਹੈ” “ ਇਉਂ ਦਸਮ-ਗ੍ਰੰਥ ਵਿਚ ਪਾਤਸ਼ਾਹ ਨੇ ਤ੍ਰਿਯਾਚਰਿਤ੍ਰ’ ਦੇ ਅੰਤ ਵਿਚ,ਸਮਾਪਤ ਭਾਗ (Epilogue) ਰਾਹੀਂ ਆਪ ਕਿਹਾ ਹੈਸੁਨੈ ਗੁੰਗ ਜੋ ਯਾਹਿ ਸੁ ਰਸਨਾ ਪਾਵਈ॥ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ॥404 (ਤ੍ਰਿਯਾ ਚਰਿਤ੍ਰ405)
ਉਪ੍ਰੋਕਤ ਹਵਾਲਿਆ ਤੋਂ ਇਹ ਸਪੱਸ਼ਟ ਹੈ ਕਿ ਸਿਰਦਾਰ ਕਪੂਰ ਸਿੰਘ ਜੀ ਦੀ ਖੋਜ ਮੁਤਾਬਕ ਇਹ ਗੁਰੂ ਜੀ ਦੀ ਲਿਖਤ ਹੈ।
ਅੱਗੇ ਆਪ ਜੀ ਲਿਖਦੇ ਹਨ, “ਇਸੇ ਬਾਈਵੇਂ ਚਰਿਤ੍ਰ ਵਿੱਚ, ਰੂਪ ਕੌਰ ਅਤੇ ਰਾਇ ਦੇ ਵਾਕਯੋਵਾਕ, ਯਾ ਸਵਾਲਾਂ ਦੇ ਰੂਪ ਵਿੱਚ, ਉਹ ਗੁਰਵਾਕ ਦਰਜ ਹਨ, ਜਿਹੜੇ ਕਿ ਕਿਸੇ ਸ਼ਰਧਾਵਾਨ ਤੇ ਹਿਤਕਰ ਜੱਥੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਹੇਠਲੀਆਂ ਪਾਉੜੀਆਂ ਦੀ ਉਪਰਲੀ ਮਹਿਰਾਬ ਉਤੇ ਲਿਖੇ ਹੋਏ ਸਨ ਅਤੇ ਜਿੰਨ੍ਹਾਂ ਨੂੰ ਚਿਰੰਕਾਲ ਤੋਂ ਅਨੇ ਸਿੱਖ ਸ਼ਰਧਾਲੂ ਹਰ ਰੋਜ ਪੜ੍ਹਦੇ ਸਨ, ਉਹ ਵਾਕ ਹਨ:-
ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ।
ਪੂਤ ਇਹੈ ਪ੍ਰਾਨ ਤੋਹਿ ਪ੍ਰਾਨ ਜਬ ਲਗ ਗਟ ਥਾਰੇ।।
ਨਜ ਨਾਰੀ ਕੇ ਸਾਥ ਨੇਹੁ ਤੁਮ ਨਿੱਤ ਬਢੈਯਹੁ।
ਪਰ ਨਾਰੀ ਕੀ ਸੇਜ ਭੁਲਿ ਸੁਪਨੇ ਹੂੰ ਨ ਜੈਯਹੁ।।51॥…
ਬਾਲ ਹਮਾਰੇ ਪਾਸ ਦੇਸ ਦੇਸਨ ਤ੍ਰਿਯਾ ਆਵਹਿ।
ਮਨ ਬਾਛਤ ਬਰ ਮਾਂਗਿ ਜਾਨਿ ਗੁਰ ਸੀਸ ਝੁਕਾਵਇ।
ਸਿੱਖਯ ਪੁੱਤ੍ਰ ਤ੍ਰਿਯਾ ਸੁਤਾ ਜਾਨਿ ਅਪਨੇ ਚਿਤ ਧਰਿਯੈ।
ਹੋ ਕੁਹ ਸੁੰਦਰਿ ਤਿਹ ਸਾਥ ਗਵਨ ਕੈਸੇ ਕਰਿ ਕਰਿਯੈ। 54।
ਇਹ ਛੰਦ ਤ੍ਰਿਯਾ ਚਰਿਤ੍ਰ’ ਨਾਮੀ ਗ੍ਰੰਥ ਦਾਨਿਰਸੰਸੇ ਵਾਸਤਵਿਕ ਹੈ। ਇਹ ਇਤਿਹਾਸ ਹੈ ਕਿ ਗੁਰੁ ਤੇਗ ਬਹਾਦੁਰ ਜੀ ਨੇ ਆਪਣੇ ਪੁੱਤ੍ਰ ਗੁਰੁ ਗੋਬਿੰਦ ਸਿੰਘ ਨੂੰ ਉਪ੍ਰੋਕਤ ਉਪਦੇਸ਼ ਦਿੱਤਾਜਿਸ ਨੂੰ ਕਿ ਹਿਤੋਨਪਦੇ ਨਮਿਤ ਤ੍ਰਿਯ ਚਰਿਤ੍ਰ ਦੇ ਕਰਤਾ ਨੇਬਾਈਵੇਂ ਚਰਿਤ੍ਰ ਵਿੱਚ ਗੁੰਦ ਦਿੱਤਾ
ਇਥੇ ਪਾਠਕ ਨੂੰ ਵਿਸ਼ੇਸ਼ ਧਿਅਨਾ ਦੇਣ ਦੀ ਲੋੜ ਹੈ, “ਜਿਸ ਨੂੰ ਕਿ ਹਿਤੋਨਪਦੇ ਨਮਿਤ ਤ੍ਰਿਯ ਚਰਿਤ੍ਰ ਦੇ ਕਰਤਾ ਨੇਬਾਈਵੇਂ ਚਰਿਤ੍ਰ ਵਿੱਚ ਗੁੰਦ ਦਿੱਤਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਤ੍ਰਿਯ ਚਰਿਤ੍ਰ ਦਾ ਕਰਤਾ ਕੌਣ ਹੈਇਸ ਸਵਾਲ ਦਾ ਜਵਾਬ ਸਿਰਦਾਰ ਕਪੂਰ ਸਿੰਘ ਜੀ ਦੇ ਸ਼ਬਦਾ`, “ਤ੍ਰਿਯਾ ਚਰਿਤ੍ਰ ਦੀ 21ਵੀਂ, 22ਵੀਂ ਅਤੇ 23ਵੀਂ ਸਾਖੀ ਵਿਚਇਸ ਗ੍ਰੰਥ ਦੇ ਕਰਤਾਗੁਰੂ ਗੋਬਿੰਦ ਸਿੰਘ ਜੀ ਨੇ ਸਥਾਨਿਕ ਤੇ ਵਾਸਤਵਿਕ ਰੰਗਹੁਨਰ ਪੂਰਤੀ ਆਸ਼ੇ ਨੂੰ ਮੁੱਖ ਰੱਖ ਭਰਿਆ ਹੈ।
ਸਿਰਦਾਰ ਕਪੂਰ ਸਿੰਘ ਜੀ ਦੇ ਬਚਨ, “ਕੀ ਸਮਝ ਕੇ ਵਿਦਵਾਨ ਲੇਖਕ ਨੇ ਇਸ ਕਹਾਣੀਜਿਹੜੀ ਕਿ ਲੋਕ ਵਾਰਤਾ (Folklore) ਤੇ ਲੋਕ ਸਾਹਿਤ (Folk Literature) ਤੋਂ ਉਚੇਚਾ ਕੋਈ ਵਾਸਤਵਿਕ ਦਰਜਾ ਨਹੀਂ ਰੱਖਦੀਇਕ ਇਤਿਹਾਸਕ ਘਟਨਾਂ ਸਵੀਕਾਰ ਕਰ ਲਿਆ ਹੈ
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਸਿਰਦਾਰ ਕਪੂਰ ਸਿੰਘ ਜੀ, (I.C.S and national Professor of Sikhisam) ਆਪ ਹੀਤ੍ਰਿਯਾਚਰਿਤਰ’ ਨੂੰ ਗੁਰੁ ਗੋਬਿੰਦ ਸਿੰਘ ਜੀ ਦੀ ਲਿਖਤ ਮੰਨਦੇ ਹਨ ਤਾਂ ਵਿਚਾਰੇ ਪ੍ਰੋ: ਰਾਮ ਪ੍ਰਕਾਸ਼ ਸਿੰਘ ਜੀ ਦਾ ਕੀ ਦੋਸ਼ ਸਿਰਦਾਰ ਕਪੂਰ ਸਿੰਘ ਜੀ ਲਿਖਦੇ ਹਨ, “ਇਉਂ ਦਸਮ ਗ੍ਰੰਥ ਵਿਚ, ‘ਤ੍ਰਿਆਚਰਿਤਰ’ ਦੇ ਆਰੰਭ ਵਿਚ ਹੀਇਸ ਸਾਰੇ ਅਧਿਆਇ ਨੂੰ ਜਿਸ ਵਿਚ ਕਿ ਪ੍ਰੋਫੈਸਰ ਰਾਮ ਪ੍ਰਕਾਸ਼ ਸਿੰਘ ਜੀ ਵਾਲੀ ਰੂਪ ਕੌਰ’ ਦੀ ਵਾਰਤਾ ਦਰਜ ਹੈਗੁਰੂ ਸਾਹਿਬ ਨੇ ਆਪ ਹੀ ਪਖਯਾਨ-ਚਲਿਤ੍ਰਲਿਖਯਤੇ’ ਦੇ ਅੰਤਸਮਾਪਤ ਭਾਗ (Epilogue) ਰਾਹੀਂ ਆਪ ਕਿਹਾ ਹੈ:…”, “ਇਹੋ ਅਨਾਦੀ ਤਿੰਨ ਕਾਲ ਸਤਯ ਸ਼ਕਤੀ ਇਸਤਰੀ ਦਾ ਦਿਬ ਤੇ ਸਨਾਤਨ ਰੂਪ ਗੁਰੂ ਗੋਬਿੰਦ ਸਿੰਘ ਜੀ ਨੇ ਵਰਣਨ ਕੀਤਾ ਹੈ…” ਅਤੇ “ ਇੱਥੇ ਭੀ ਸਪੱਸ਼ਟ ਕਰ ਦਿੱਤਾ ਹੈ ਕਿ ਜੋ ਕਥਾ ਕਹਾਣੀਆਂ ਗੁਰੂ ਸਾਹਿਬ ਅੱਗੇ ਲਿਖਣ ਲੱਗੇ ਹਨ,ਉਹ ਵਾਸਤਵਿਕ ਇਤਿਹਾਸ ਨਹੀਂਮਨ ਰੁਪੀ ਨਦੀ ਵਿੱਚ ਉਪਜੇ ਹੋਏ ਬਾਕ-ਤਰੰਗ ਹਨ” ਇਥੇ ਇਕ ਹੋਰ ਸਵਾਲ ਪੈਦਾ ਹੂੰਦਾ ਹੈ,ਜਿਹੜੀ ਲਿਖਤ ਬਾਰੇ ਸਿਰਦਾਰ ਕਪੂਰ ਸਿੰਘ ਜੀ ਖੁਦ ਲਿਖਦੇ ਹਨ, “ਤ੍ਰਿਯਾ ਚਰਿਤ੍ਰ ਨੂੰ ਪੜ੍ਹ ਕੇ ਮਨ ਵਿਚ ਗਿਲਾਨੀ ਆਉਂਦੀ ਹੈ” ਅਜੇਹੇ ਵਿਚਾਰ ਗੁਰੂ ਜੀ ਦੇ ਮਨ ਰੁਪੀ ਨਦੀ ਵਿੱਚ ਉਪਜੇ ਹੋਏ ਬਾਕ-ਤਰੰਗ” ਕਿਵੇ ਹੋ ਸਕਦੇ ਹਨ?
ਸਿਰਦਾਰ ਕਪੂਰ ਸਿੰਘ ਜੀ ਆਪਣੀ ਲਿਖਤ ਵਿਚ ਵਾਰ-ਵਾਰ ਇਹ ਲਿਖ ਰਹੇ ਹਨ ਕਿ ਇਹ ਲਿਖਤ ਗੁਰੂ ਜੀ ਦੀ ਹੈ ਪਰ ਇਸ ਕਹਾਣੀ ਨਾਲ ਗੁਰੂ ਜੀ ਦਾ ਕੋਈ ਸਬੰਧ ਨਹੀਂ ਹੈ ਜਿਵੇਂ ਕਿ ਸ: ਰਾਮ ਪ੍ਰਕਾਸ਼ ਸਿੰਘ ਜੀ ਲਿਖਦੇ ਹਨ। ਆਪ ਜੀ ਲਿਖਦੇ ਹਨ, “ਇਹ 21ਵੀਂ, 22ਵੀਂ ਤੇ 23 ਵੀਂ ਕਹਾਣੀ ਹੀ ਰੂਪ ਕੌਰ ਦਾ ਕਿੱਸਾ ਹੈਜਿਸ ਨੂੰ ਸ਼ਰਧਾਪੂਰਤ ਪਰ ਸਾਹਿਤ ਰਚਨਾ ਦੇ ਰੂਪਾਂਤਰਾਂ ਤੋਂ ਅਨਜਾਣ ਸਿੱਖਗੁਰੂ ਗੋਬਿੰਦ ਸਿੰਘ,ਕਰਤਾ ਤ੍ਰਿਯ ਚਰਿਤ੍ਰ’ ਦੀ ਸ੍ਵੈ-ਜੀਵਨੀ ਇਤਿਹਾਸ ਸਮਝ ਲੈਦੇ ਹਨ ਅਤੇ ਪੁਸਤਕ ਕਰਤਾ ਜੋ ਮੁੜ ਮੁੜ ਚਰਿਤ੍ਰ ਪਖਯਾਨੇ”, “ਭੂਪ ਮੰਤ੍ਰੀ ਸਬਾਦੇ” ਦਾ ਹੋਕਾ ਦੇਈ ਜਾਂਦਾ ਹੈਉਸ ਨੂੰ ਅਣਡਿਠਾ ਕਰੀ ਜਾਂਦੇ ਹਨ।
ਉਪ੍ਰੋਕਤ ਲਿਖਤ ਵਿੱਚ ਦੋ ਨੁਕਤੇ ਬੜੇ ਹੀ ਸਪੱਸ਼ਟ ਹੁੰਦੇ ਹਨ। ਗੁਰੂ ਗੋਬਿੰਦ ਸਿੰਘਕਰਤਾ ਤ੍ਰਿਯ ਚਰਿਤ੍ਰ’ ਅਤੇ ਭੂਪ ਮੰਤ੍ਰੀ ਸਬਾਦੇਮੰਤ੍ਰੀ ਭੂਪ ਸਬਾਦੇ’ ਬਾਰੇ ਸਿਰਦਾਰ ਕਪੂਰ ਸਿੰਘ ਜੀ ਆਪ ਹੀ ਲਿਖਦੇ ਹਨ, “ਅੱਗੇ ਜੋ ਤ੍ਰਿਯਾਚਰਿਤ੍ਰ ਦੀਆਂ ਕਹਾਣੀਆਂ ਆਂਉਦੀਆਂ ਹਨ,ਉਹ ਮੰਤ੍ਰੀ ਭੂਪ ਸੰਬਾਦੇ’ ਰਾਜਾ ਚਿਤ੍ਰ ਸਿੰਘ ਤੇ ਉਸ ਦੇ ਵਜੀਰ ਦੀ ਆਪੋ ਵਿੱਚ ਗੱਲਬਾਤ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੱਲਬਾਤ ਤਾਂ ਹੋ ਰਹੀ ਹੈ ਰਾਜਾ ਚਿਤ੍ਰ ਸਿੰਘ ਅਤੇ ਉਸ ਦੇ ਵਜੀਰ ਦੀ ਪਰ ਉਸ ਨੂੰ ਲਿਖ ਰਹੇ ਹਨ ਗੁਰੂ ਗੋਬਿੰਦ ਸਿੰਘ ਜੀ। ਕਿਉਂਕੀ ਇਸ ਨਾਲ ਵਿਦਵਾਨ ਲੇਖਕ ਨੂੰ ਗੁਰੂ ਜੀ ਦੀ ਨਿਰਾਦਰੀ ਮਹਿਸੂਸ ਨਹੀ ਹੁੰਦੀਜਦੋਂ ਕਿ ਦੂਜੇ ਪਾਸੇ ਆਪ ਹੀ ਲਿਖਦੇ ਹਨ ਕਿ, “ਇਹ ਤਿੰਨੇ ਕਹਾਣੀਆਂ (ਅਸਲ ਵਿਚ ਇੱਕ ਕਹਾਣੀ)ਜੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਨ੍ਹਾਂ ਦਾ ਇਤਿਹਾਸਕ ਪਾਤ੍ਰ ਮੰਨੀਏਤਾਂ ਸਪੱਸ਼ਟ ਅਜਿਹੀਆਂ ਹਨਜਿਨ੍ਹਾਂ ਤੋਂ ਗੁਰੂ ਗੋਬਿੰਦ ਸਿੰਘ ਜੀ ਦੀ ਭਰਪੂਰ ਨਿਰਾਦਰੀ ਹੁੰਦੀ ਹੈ।” ਅੱਗੇ ਆਪ ਜੀ ਲਿਖਦੇ ਹਨ, “ਇਸ ਲਈ ਇਹ ਨਿਜਕ੍ਰਿਤ (Self- Composed) ਤਾਂ ਹੈ ਪਰ ਸ੍ਵੈ-ਕ੍ਰਿਤ (Original Writing) ਨਹੀ ਹੈ” ਅਤੇ ਤਿਯਾ ਚਰਿਤ੍ਰ ਦੀ ਰਚਨਾ ਸ਼ੈਲੀ (Literary Form) ਭੀ ਇਵੇਂ ਪ੍ਰਚੀਨ ਤੇ ਮਾਂਗਵੀਂ ਹੈ ਜਿਵੇਂ ਕਿ ਇਸ ਦੀ ਕਥਾ-ਵਸਤੂ। ਕੀ ਗੁਰੂ ਜੀ ਨੇ ਵੀ ਸਾਡੇ ਵਾਂਗੂੰ Copy-Paste ਹੀ ਕੀਤਾ ਸੀਕੀ ਸਿਰਦਾਰ ਜੀ ਵਲੋਂ ਇਸ ਤਰਾਂ ਲਿਖਣਾ ਗੁਰੂ ਜੀ ਦੇ ਪ੍ਰਮਾਣੀਕ ਜੀਵਨ ਚਰਿਤ੍ਰ ਨਾਲ ਮੇਲ ਖਾਂਦਾ ਹੈ?
ਸਿਰਦਾਰ ਕਪੂਰ ਸਿੰਘ ਜੀ ਲਿਖਦੇ ਹਨ, “ਇਸ ਕਹਾਣੀ ਦੀ ਅੰਦਰਲੀ ਗਵਾਹੀ ਮੁਤਾਬਕ ਇਹ ਘਟਨਾ ਅਨੰਦਪੁਰ ਸਹਿਰ ਵਿੱਚ ਵਾਪਰੀ ਹੈ।
ਤੀਰ ਸਤੁਦ੍ਰਵ ਕੇ ਹੁਤੋ ਪੁਰ ਅਨੰਦ ਇਕ ਗਾਉ। ਨੇਤ੍ਰ ਤੁੰਗ ਕੇ ਢਿਗ ਬਸਤ ਕਹਲੂਰ ਕੇ ਠਾਉ। 3।
ਇਹ ਸਤਲੁਜ ਦੇ ਕੰਡੇ ਨੈਣਾ ਦੇਵੀ ਦੇ ਟਿੱਲੇ ਕੋਲ, ਕਾਹੂਲਰ ਰਾਜ ਵਿਚ, ਅਨੰਦਪੁਰ ਨਾਮੀ ਪਿੰਡ ਉਹੋ ਹੈ ਜੋ ਭੰਗਾਣੀ ਦੇ ਯੁੱਧ ਉਪਰੰਤ ਦਸਮ ਪਾਤਸ਼ਾਹ ਨੇ ਆਣ ਵਸਾਇਆ ਸੀ, ‘ਕਾਹੂਲਰ ਮੈ ਬਾਂਧਿਯੋ ਆਨ ਅਨੰਦਪੁਰ ਗਾਵ” (ਯਾਦ ਰਹੇ, ਭੰਗਾਈ ਦੇ ਯੁੱਧ ਦਾ ਦਸਮ ਗ੍ਰੰਥ ਵਿਚ ਕਿਤੇ ਵੀ ਜਿਕਰ ਨਹੀ ਹੈ)
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਨੰਦਪੁਰ ਜੋ ਗੁਰੂ ਸਾਹਿਬ ਜੀ ਨੇ ਵਸਾਇਆ ਸੀ, ਵਿੱਚ ਗੁਰੁ ਗੋਬਿੰਦ ਸਿੰਘ ਜੀ ਤੋ ਇਲਾਵਾ ਵੀ ਕੋਈ ਹੋਰ ਕੌਣ ਸੀ ਜਿਸ ਤੋਂ ਸਿੱਖ ਸੰਗਤਾ ਆਪਣੀ ਮੁਰਾਦਾ ਪੂਰੀਆਂ ਕਰਨ ਲਈ ਅਤੇ ਦਰਸ਼ਨ ਦਿਦਾਰੇ ਕਰਨ ਲਈ ਆਉਦੀਆਂ ਸਨ?
ਤਹਾ ਸਿਖ ਸਾਖਾ ਬੁਹਤ ਆਵਤ ਮੋਦ ਬਢਾਇ।
ਮਨ ਬਾਛਤ ਮੁਖਿ ਮਾਗ ਬਰ ਜਾਤ ਗ੍ਰਿਹਨ ਸੁਖ ਪਾਇ। 4।
ਗੁਰੁ ਗੋਬਿੰਦ ਸਿੰਘ ਜੀ ਤੋਂ ਇਲਾਵਾ ਅਨੰਦਪੁਰ ਵਿਚ ਹੋਰ ਕੋਣ ਸੀ ਜਿਸ ਦੀ ਸੰਗਤਾਂ ਪੂਜਾ ਕਰਦੀਆਂ ਸਨ?
ਬਹੁਰਿ ਸਭਨ ਮੈ ਬੈਠਿ ਆਪੁ ਕੋ ਪੂਜ ਕਹਾਊ। 32।
ਅਨੰਦਪੁਰ ਵਿਚ ਹੋਰ ਕੋਣ ਹੋ ਸਕਦਾ ਹੈ ਜਿਸ ਨੂੰ ਰੂਪ ਕੌਰ ਕਹਿੰਦੀ ਹੈ ਕਿ ਸਾਰੇ ਜਨਮ ਤਾਂ ਤੁਹਾਡੇ ਹੀ ਬਣਾਏ ਹੋਏ ਹਨ?
ਕਹਾ ਜਨਮ ਕੀ ਬਾਤ ਜਨਮ ਅਭ ਕਰੇ ਤਿਹਾਰੇ। 33।
ਅਨੰਦ ਪੁਰ ਵਿੱਚ ਗੁਰੂ ਜੀ ਤੋਂ ਇਲਾਵਾ ਹੋਰ ਕੋਣ ਸੀ ਜੋ ਸਿੱਖਾਂ ਨੂੰ ਆਪਣੇ ਪੁੱਤਰ ਅਤੇ ਧੀਆਂ ਸਮਝਦਾ ਸੀ?
ਬਾਲ ਹਮਾਰੇ ਪਾਸ ਦੇਸ ਦੇਸਨ ਤ੍ਰਿਯਾ ਆਵਹਿ।
ਮਨ ਬਾਛਤ ਬਰ ਮਾਗਿ ਜਾਨਿ ਗੁਰ ਸੀਸ ਝੁਕਾਵਇ।
ਸਿਖੑਯ ਪੁਤ੍ਰ ਤ੍ਰਿਯਾ ਸੁਤਾ ਜਾਨਿ ਅਪਨੇ ਚਿਤ ਧਰਿਯੈ।
ਹੋ ਕੁਹ ਸੁੰਦਰਿ ਤਿਹ ਸਾਥ ਗਵਨ ਕੈਸੇ ਕਰਿ ਕਰਿਯੈ। 54।
ਸਿਰਦਾਰ ਕਪੂਰ ਸਿੰਘ ਜੀ ਲਿਖਦੇ ਹਨ, “ਇਸੇ ਬਾਈਵੇਂ ਚਰਿਤ੍ਰ ਵਿੱਚ, ਰੂਪ ਕੌਰ ਅਤੇ ਰਾਇ ਦੇ ਵਾਕਯੋਵਾਕ, ਯਾ ਸਵਾਲਾਂ ਦੇ ਰੂਪ ਵਿੱਚ, ਉਹ ਗੁਰਵਾਕ ਦਰਜ ਹਨ-
ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ। ਪੂਤ ਇਹੈ ਪ੍ਰਾਨ ਤੋਹਿ ਪ੍ਰਾਨ ਜਬ ਲਗ ਗਟ ਥਾਰੇ।
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿੱਤ ਬਢੈਯਹੁ। ਪਰ ਨਾਰੀ ਕੀ ਸੇਜ ਭੁਲਿ ਸੁਪਨੇ ਹੂੰ ਨ ਜੈਯਹੁ। 51।
ਇਹ ਛੰਦ, ‘ਤ੍ਰਿਯਚਰਿਤ੍ਰ’ ਨਾਮੀ ਗ੍ਰੰਥ ਦਾ ਨਿਰਸ਼ੰਸ਼ੇ ਵਾਸਤਵਿਕ ਹੈ ਇਹ ਇਤਿਹਾਸ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਨੂੰ ਉਪਰੋਕਤ ਉਪਦੇਸ਼ ਦਿੱਤਾ, ਜਿਸ ਨੂੰ ਕਿ ਹਿਤੋਨਪਦੇ ਨਮਿਤ ਤ੍ਰਿਯ ਚਰਿਤ੍ਰ ਦੇ ਕਰਤਾ ਨੇ, ਬਾਈਵੇਂ ਚਰਿਤ੍ਰ ਵਿੱਚ ਗੁੰਦ ਦਿੱਤਾ”
ਜੇ ‘ਸੁਧਿ ਜਬ ਤੇ ਹਮ ਧਰੀ’ ਗੁਰਵਾਕ ਹਨ ਅਤੇ ਇਹ ਸਿਖਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਲੋਂ ਆਪਣੇ ਪੁੱਤਰ ਨੂੰ ਦਿੱਤੀ ਗਈ ਸੀ, (ਗੋਬਿੰਦ ਰਾਏ ਜੀ ਦਾ ਜਨਮ 1666 ਵਿੱਚ ਹੋਇਆ ਸੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੋਈ ਸੀ 1675 ਵਿੱਚ ਭਾਵ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਸੀ 9 ਸਾਲ) ਤਾਂ ਸਵਾਲ ਪੈਦਾ ਹੁੰਦਾ ਹੈ ਕਿ 9 ਸਾਲ ਦੇ ਆਪਣੇ ਬੱਚੇ ਨੂੰ ਗੁਰੂ ਤੇਗ ਬਹਾਦਰ ਜੀ ਨੂੰ ਅਜੇਹੀ ਸਿਖਿਆ ਦੇਣ ਦੀ ਲੋੜ ਕਿਓ ਪਈ? ਸਿਰਦਾਰ ਕਪੂਰ ਸਿੰਘ ਜੀ ਦੇ ਬਚਨ, “ਜਿਸ ਨੂੰ ਕਿ ਹਿਤੋਂਪਦੇ ਨਮਿਤ ਤ੍ਰਿਯ ਚਰਿਤ੍ਰ ਦੇ ਕਰਤਾ ਨੇ, ਬਾਈਵੇਂ ਚਰਿਤ੍ਰ ਵਿੱਚ ਗੁੰਦ ਦਿੱਤਾ” ਇਸ ਦਾ ਭਾਵ ਤਾਂ ਇਹ ਹੈ ਕਿ ਤ੍ਰਿਯਾ ਚਰਿਤ੍ਰ ਦਾ ਕਰਤਾ ਕੋਈ ਅਨਯ ਪੁਰਖ ਹੈ। ਜਦੋਂ ਕਿ ਸਾਰੀ ਲਿਖਤ ਵਿੱਚ ਸਿਰਦਾਰ ਜੀ ਨੇ ਇਹ ਵਾਰ-ਵਾਰ ਸਾਬਤ ਕੀਤਾ ਹੈ ਕਿ ਇਹ ਲਿਖਤ ਗੁਰੂ ਗੋਬਿੰਦ ਸਿੰਘ ਜੀ ਦੀ ਹੈ। ਸਿਰਦਾਰ ਜੀ ਲਿਖਦੇ ਹਨ, “ਇੱਥੇ ਭੀ ਸਪੱਸ਼ਟ ਕਰ ਦਿੱਤਾ ਹੈ ਕਿ ਜੋ ਕਥਾ ਕਹਾਣੀਆਂ ਗੁਰੂ ਸਾਹਿਬ ਅੱਗੇ ਲਿਖਣ ਲੱਗੇ ਹਨ…।”
ਪਾਠਕਾ ਨੂੰ ਯਾਦ ਹੋਵੇਗਾ ਕਿ ਇਸ ਸਾਰੀ ਕਹਾਣੀ ‘ਕਿੱਸਾ ਰੂਪ ਕੌਰ ਦਾ’ ਵਿਚ ਸਿਰਫ ਦੋ ਹੀ ਮੁਖ ਪਾਤਰ ਹਨ। ਰੂਪ ਕੌਰ ਅਤੇ ਰਾਜਾ। ਸਿਰਦਾਰ ਜੀ ਦੇ ਸ਼ਬਦਾਂ `ਚ, “ਇਸੇ ਬਾਈਵੇਂ ਚਰਿਤ੍ਰ ਵਿੱਚ, ਰੂਪ ਕੌਰ ਅਤੇ ਰਾਇ ਦੇ ਵਾਕਯੋਵਾਕ, ਯਾ ਸਵਾਲਾਂ ਦੇ ਰੂਪ ਵਿੱਚ, ਉਹ ਗੁਰਵਾਕ ਦਰਜ ਹਨ”। ਰੂਪ ਕੌਰ ਝੂਠ ਬੋਲਕੇ ਰਾਜੇ ਆਪਣੇ ਘਰ ਸੱਦਦੀ ਹੈ। ਰਾਜਾ ਉਸ ਦੀ ਸੇਜ ਨੂੰ ਸੁਸ਼ੋਭਿਤ ਕਰਦਾ ਹੈ ਅਤੇ ਰੂਪ ਕੌਰ ਰਾਜੇ ਦੀ ਪਾਨ ਅਤੇ ਸ਼ਰਾਬ ਨਾਲ ਸੇਵਾ ਕਰਦੀ ਹੈ। ਜਦੋ ਰੂਪ ਕੌਰ ਆਪਣਾ ਮੰਤਵ ਦੱਸਦੀ ਹੈ ਤਾਂ ਰਾਜਾ ਉਸ ਨੂੰ ਸਮਝਾਉਣ ਦਾ ਯਤਨ ਕਰਦਾ ਹੈ ਪਰ ਸਫਲ ਨਹੀ ਹੁੰਦਾ। ਅਖੀਰ ਰਾਜੇ ਵਲੋ ਇਨਕਾਰ ਕਰਨ ਤੇ ਰੂਪ ਕੌਰ ਚੋਰ-ਚੋਰ ਦਾ ਰੌਲਾ ਪਾ ਦਿੱਦੀ ਹੈ ਤੇ ਰਾਜਾ ਆਪਣੀ ਜੁਤੀ ਆਦਿ ਛੱਡ ਕੇ ਭੱਜ ਜਾਦਾ ਹੈ। ਕਹਾਣੀ ਦੇ ਅੰਤ ਤੇ ਰਾਜਾ ਉਸ ਰੂਪ ਕੌਰ ਨਾਲ ਰਾਜੀਨਾਮਾਂ ਕਰਕੇ ਉਸ 40,000 ਟਕਾ ਸਲਾਨਾ ਭੱਤਾ ਦਿੰਦਾ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਸ ਕਹਾਣੀ ਵਿਚ ਇਕੋ ਇਕ ਮਰਦ ਪਾਤਰ ਹੈ। ਉਹ ਹੈ ਰਾਜਾ। ਅਸਲ ਕਹਾਣੀ ਵਿਚ ਇਹ ਪਾਤਰ ਹੀ ਸਿਖਿਆ ਦਿੰਦਾ ਹੈ ਅਤੇ ਇਹ ਹੀ ਜੁਤੀ ਆਦਿ ਛੱਡ ਕੇ ਭੱਜ ਜਾਦਾਂ ਹੈ। ਤਾਂ ਕੋਈ ਇਹ ਕਿਸ ਦਲੀਲ ਨਾਲ ਸਾਬਤ ਕਰੇਗਾ ਕਿ ਸਿਖਿਆ ਦੇਣ ਵਾਲੇ ਤਾਂ ਗੁਰੂ ਜੀ ਸਨ ਪਰ ਜਾਨ ਬਚਾ ਕੇ ਭੱਜਣ ਵਾਲਾ ਕੋਈ ਹੋਰ?
ਹੁਣ ਇਸ ਸਵਾਲ ਦਾ ਜਵਾਬ ਕੌਣ ਦੇਵੇ, ਕਿ ਜਿਸ ਲਿਖਤ ਬਾਰੇ ਸਿਰਦਾਰ ਕਪੂਰ ਸਿੰਘ ਜੀ ਖੁਦ ਲਿਖਦੇ ਹਨ, “ਤ੍ਰਿਯਾ ਚਰਿਤ੍ਰ ਨੂੰ ਪੜ੍ਹ ਕੇ ਮਨ ਵਿਚ ਗਿਲਾਨੀ ਆਉਂਦੀ ਹੈ” ਫਿਰ ਅਜੇਹੀ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਸਾਬਤ ਕਰਨ ਦਾ ਅਸਫਲ ਯਤਨ ਕਿਓ? ਕਿੰਨੀ ਹੈਰਾਨੀ ਦੀ ਗੱਲ ਹੈ ਕਿ ਦਸਮ ਗ੍ਰੰਥ ਦੀਆਂ ਅਜਿਹੀਆਂ ਲਿਖਤਾਂ ਨਾਂ ਤਾਂ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਸਿਧਾਂਤ ਨਾਲ ਮੇਲ ਖਾਂਦੀਆਂ ਹਨ ਤੇ ਨਾਂ ਹੀ ਗੁਰੂ ਸਾਹਿਬਾਨ ਦੇ ਜੀਵਨ ਨਾਲ ਫਿਰ ਵੀ ਪਤਾ ਨਹੀਂ ਕਈ ਵਿਦਵਾਨ, ਕੇਹੜੀ ਮਜਬੂਰੀ ਕਾਰਨ ਇਸ ਗੰਦ ਨੂੰ ਗੁਰੂ ਜੀ ਦੇ ਨਾਅ ਨਾਲ ਜੋੜਕੇ ਸਿੱਖ ਧਰਮ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਿੰਨਾ ਚੰਗਾ ਹੁੰਦਾ ਜੇ ਸਿਰਦਾਰ ਕਪੂਰ ਸਿੰਘ ਜੀ ਇਹ ਲਿਖ ਦੇਂਦੇ ਕਿ ਦਸਮ ਗ੍ਰੰਥ ਨਾਲ ਗੁਰੂ ਜੀ ਦਾ ਕੋਈ ਵੀ ਸਬੰਧ ਨਹੀਂ, ਇਹ ਤਾਂ ਕਿਸੇ ਸਾਕਤ ਮੱਤ ਦੇ ‘ਰਾਮ’ ‘ਸਿਆਮ’ ਆਦਿਕ ਕਵੀਆਂ ਦੀ ਰਚਨਾ ਹੈ ਤਾਂ ਇਹ ਮਸਲਾ ਕਦੋਂ ਦਾ ਹੀ ਡੂੰਘੀ ਕਬਰ ਵਿੱਚ ਦਫਨ ਹੋ ਜਾਣਾ ਸੀ ਕਿਉਂਕਿ ਉਦੋਂ ਸਿਰਦਾਰ ਜੀ ਦੀ ਲਿਖਤ ਤੇ ਕਿਸੇ ਨੇ ਕਿੰਤੂ-ਪ੍ਰੰਤੂ ਵੀ ਨਹੀਂ ਸੀ ਕਰਨਾ।
ਸਰਵਜੀਤ ਸਿੰਘ

ਦਸਮ ਗ੍ਰੰਥ ਰਾਹੀ ਮਨੂੰ ਸਿਮ੍ਰਤੀ ਦਾ ਪ੍ਰਚਾਰ


ਸਿੱਖਾਂ ਨੂੰ ਗੁਰਮਤਿ ਮਾਰਗ ਤੋਂ ਤੋੜ ਕੇ ਅਤੇ ਕਰਮਕਾਂਡੀ ਗ੍ਰੰਥਾਂ ਵੱਲ ਧਕੇਲਣ ਲਈ ਬਹੁਤ ਚਾਲਾਂ ਚਲੀਆਂ ਗਈਆਂ ਅਤੇ ਚਲੀਆਂ ਜਾ ਰਹੀਆਂ ਹਨ। ਜੇਕਰ ਅਸੀ ਨਾਂ ਜਾਗੇ ਤਾਂ ਇਹ ਚਾਲਾਂ ਅੱਗੇ ਨੂੰ ਵੀ ਚਲਦੀਆਂ ਰਹਿਣੀਆਂ ਹਨ। ਇਨ੍ਹਾਂ ਹੀ ਚਾਲਾਂ ਦਾ ਇੱਕ ਹਿਸਾ ਹੈ ਦਸਮ ਗ੍ਰੰਥ। ਇਸ ਕਿਤਾਬ ਦਾ ਨਾਮ ਵੀ ਦਸਮ ਗ੍ਰੰਥ ਸਿੱਖਾਂ ਨੂੰ ਮੂਰਖ ਬਣਾਉਣ ਲਈ ਹੀ ਰੱਖਿਆ ਗਿਆ ਹੈ। ਇਸ ਦਾ ਗੁਰੂ ਦਸਮ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਜੀ, ਨਾਲ ਕੋਈ ਵੀ ਸੰਬੰਧ ਨਹੀ ਹੈ। ਦਸਮ ਗ੍ਰੰਥ ਮਨਮਤੀ, ਗੁਰਮਤਿ ਤੋ ਵਿਰੁਧ, ਵਿਚਾਂਰਾਂ ਨਾਲ ਭਰਿਆ ਪਿਆ ਹੈ। ਇਸ ਦਾ ਇੱਕ ਹਿੱਸਾ ਹੈ 24 ਅਵਤਾਰ। ਇਸ ਰਚਨਾਂ, 24 ਅਵਤਾਰ, ਵਿੱਚ ਵਿਸ਼ਨੂੰ ਦੇ ਘੜੇ ਹੋਏ 24 ਅਵਤਾਰਾਂ ਦੀ ਕਥਾ ਹੈ। ਇਸ ਦਾ ਲਿਖਾਰੀ ਹੈ ਕਵੀ ਸ਼ਯਾਮ ਜੋ ਕਿ ਆਪਣੇ ਨਾਮ ਨੂੰ ਇਸ ਰਚਨਾਂ ਵਿੱਚ ਵਾਰ-ਵਾਰ ਵਰਤਦਾ ਹੈ। ਇਸ ਦਾ ਇੱਕ ਨਮੂੰਨਾ ਹੇਠਾਂ ਪੇਸ਼ ਹੈ: -
ਅਬਿ ਚਉਬੀਸ ਉਚਰੌ ਅਵਤਾਰਾ। ਜਿਹ ਬਿਧਿ ਤਿਨ ਕਾ ਲਖਾ ਅਖਾਰਾ। ਸੁਨੀਅਹੁ ਸੰਤ ਸਬੈ ਚਿਤ ਲਾਈ। ਬਰਨਤ ਸੑਯਾਮ ਜਥਾ ਮਤਿ ਭਾਈ। 1. {24 ਅਵਤਾਰ 1}
ਅਰਥ
ਹੁਣ ਮੈਂ ਚੌਵੀ ਅਵਤਾਰਾਂ ਦੀ ਉਹ ਕਥਾ ਬਰਨਣ ਕਰਦਾ ਹਾਂ ਜਿਸ ਤਰਾਂ ਦੀ ਉਨ੍ਹਾਂ ਨੇ ਖੇਡ ਰਚੀ। ਹੇ ਸਾਰੇ ਸੰਤੋ! ਆਪਣਾ ਮਨ ਲਗਾ ਕੇ ਇਸ ਨੂੰ ਸੁਣੋ। ਸਯਾਮ (ਕਵੀ ਆਪਣਾ ਨਾਮ ਦੱਸ ਰਿਹਾ ਹੈ) ਆਪਣੀ ਬੁਧੀ ਅਨੁਸਾਰ, ਜਿਸ ਤਰਾਂ ਚੰਗਾ ਲੱਗਾ, ਬਰਨਣ ਕਰ ਰਿਹਾ ਹੈ। 1.
ਸੋ, ਉਪਰ ਦਰਸਾਈ ਚੌਪਈ ਵਿੱਚ ਕਵੀ ਸਯਾਮ ਸਾਫ ਲਿਖ ਰਿਹਾ ਹੈ ਕਿ ਚੌਵੀ ਅਵਤਾਰਾਂ ਦਾ ਲਿਖਾਰੀ ਉਹ ਆਪ ਹੈ; ਪਰ ਅਕਲ ਦੇ ਦੁਸ਼ਮਣ ਫਿਰ ਵੀ ਚੌਵੀ ਅਵਤਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾਂ ਕਹੀ ਜਾ ਰਹੇ ਹਨ। ਜਿਹੜੇ ਲੋਕਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਅਤੇ ਕਵੀ ਸਯਾਮ ਦਾ ਫਰਕ ਪਤਾ ਨਹੀਂ ਲਗਦਾ, ਉਨ੍ਹਾਂ ਨੂੰ ਅਕਲਮੰਦ ਸਮਝਣਾ ਬੇਵਕੂਫੀ ਹੈ। ਚਲੋ! ਇਨ੍ਹਾਂ ਨੂੰ ਅਕਾਲ ਪੁਰਖੁ ਸੋਝੀ ਬਖਸ਼ੇ। ਚੌਵੀ ਅਵਤਾਰਾਂ ਵਿਚੋ ਇੱਕ ਅਵਤਾਰ ਮਨੁ ਅਵਤਾਰ ਹੈ। ਇਹ ਉਹ ਹੀ ਅਵਤਾਰ ਹੈ ਜਿਸ ਨੂੰ ਅਸੀ ਮਨੂ ਨਾਮ ਨਾਲ ਜਾਣਦੇ ਹਾਂ। ਇਸ ਨੇ ਹੀ ਮਨੂ ਸਿਮਿਰਤੀ ਦਾ ਉਚਾਰਣ ਅਤੇ ਪ੍ਰਚਾਰ ਕੀਤਾ। ਇਸ ਦੀਆਂ ਲਿਖਤਾਂ ਬਾਰੇ ਜਾਨਣ ਤੋਂ ਪਹਿਲਾਂ, ਮਨੂ ਬਾਰੇ ਦਸਮ ਗ੍ਰੰਥ ਦਾ ਵਿਚਾਰ ਜਾਣ ਲੈਣਾ ਜਰੂਰੀ ਹੈ ਕਿਉਕਿ ਵਿਸ਼ਾ ਦਸਮ ਗ੍ਰੰਥ ਨਾਲ ਜੁੜਿਆ ਹੋਇਆ ਹੈ।
ਮਨੁ ਹਵੈ ਰਾਜ ਵਤਾਰ ਅਵਤਾਰਾ। ਮਨੁ ਸਿਮਿਰਿਤਹਿ ਪ੍ਰਚੁਰ ਜਗਿ ਕਰਾ। ਕਸਲ ਕੁਪੰਥੀ ਪੰਥਿ ਚਲਾਏ। ਪਾਪ ਕਰਮ ਤੇ ਲੋਗ ਹਟਾਏ। 3. ਰਾਜ ਅਵਤਾਰ ਭਯੋ ਮਨੁ ਰਾਜਾ। ਸਰਬ ਹੀ ਸਿਰਜੇ ਧਰਮ ਕੇ ਸਾਜਾ। ਪਾਪ ਕਰਾ ਤਾ ਕੋ ਗਹਿ ਮਾਰਾ। ਸਕਲ ਪ੍ਰਜਾ ਕਹੁ ਮਾਰਗਿ ਡਾਰਾ। 4. ਪਾਪ ਕਰਾ ਜਾ ਹੀ ਤਹ ਮਾਰਸ। ਸਕਲ ਪ੍ਰਜਾ ਕਹੁ ਧਰਮ ਸਿਖਾਰਸ। ਨਾਮ ਦਾਨ ਸਬਹੂਨ ਸਿਖਾਰਾ। ਸ੍ਰਾਵਗ ਪੰਥ ਦੂਰ ਕਰਿ ਡਾਰਾ। 5. ਜੇ ਜੇ ਭਾਜਿ ਦੂਰ ਕਹੁ ਗਏ। ਸ੍ਰਾਵਗ ਧਰਮਿ ਸੋਊ ਰਹਿ ਗਏ। ਅਉਰ ਪ੍ਰਜਾ ਸਬ ਮਾਰਗਿ ਲਾਈ। ਕੁਪੰਥ ਪੰਥ ਤੇ ਸੁਪੰਥ ਚਲਾਈ। 6. ਰਾਜ ਅਵਤਾਰ ਭਯੋ ਮਨੁ ਰਾਜਾ। ਕਰਮ ਧਰਮ ਜਗ ਕੋ ਭਲੁ ਸਾਜਾ। ਸਕਲ ਕੁਪੰਥੀ ਪੰਥ ਚਲਾਏ। ਪਾਪ ਕਰਮ ਤੇ ਧਰਮ ਲਗਾਏ। 7. ਪੰਥ ਕੁਪੰਥੀ ਸਬ ਲਗੇ ਸ੍ਰਾਵਗ ਮਤ ਭਯੋ ਦੂਰ। ਮਨੁ ਰਾਜਾ ਕੋ ਜਗਤ ਮੋ ਰਹਿਯੋ ਸੁਜਸੁ ਭਰਪੂਰ। 8. {24 ਅਵਤਾਰ 40}
ਅਰਥ
ਮਨੂ ਰਾਜੇ ਦਾ ਅਵਤਾਰ ਧਾਰਨ ਕਰਕੇ ਵਿਸ਼ਨੂੰ ਆਇਆ ਅਤੇ ਮਨੂ ਸਿਮਰਤੀ ਦਾ ਸਾਰੇ ਜਗਤ ਵਿੱਚ ਪ੍ਰਚਾਰ ਕੀਤਾ। ਉਸ ਨੇ ਸਾਰੇ ਕੁਪੰਥੀਆਂ (ਜੈਨੀ ਲੋਕਾਂ) ਨੂੰ ਸਹੀ ਮਾਰਗ ਉਪਰ ਤੋਰਿਆ। ਉਸ ਨੇ ਲੋਕਾਂ ਨੂੰ ਪਾਪ ਕਰਨ ਤੋ ਰੋਕ ਦਿੱਤਾ। 3. ਵਿਸ਼ਨੂੰ ਨੇ ਰਾਜ ਅਵਤਾਰ ਦੇ ਰੂਪ ਵਿੱਚ ਜਨਮ ਲਿਆ ਅਤੇ ਉਸ ਨੇ ਧਰਮ ਦੇ ਸਾਰੇ ਪ੍ਰਬੰਧ ਨਿਯਤ ਕਰ ਦਿੱਤੇ। ਹਰੇਕ ਪਾਪ ਕਰਨ ਵਾਲੇ ਨੂੰ ਉਸ ਨੇ ਫੜ ਕੇ ਮਾਰ ਦਿੱਤਾ। ਇਸ ਤਰਾਂ ਸਾਰੀ ਲੋਕਾਈ ਨੂੰ ਉਸ ਨੇ ਸਹੀ ਮਾਰਗ ਉਪਰ ਤੋਰ ਦਿੱਤਾ। 4. ਜਿਸ ਕਿਸੇ ਨੇ ਵੀ ਪਾਪ ਕੀਤਾ, ਉਸ ਨੂੰ ਮਾਰ ਦਿੱਤਾ ਗਿਆ। ਸਾਰੇ ਲੋਕਾਂ ਨੂੰ ਉਸ ਨੇ ਧਰਮ ਦਾ ਰਾਹ ਸਿਖਾ ਦਿੱਤਾ। ਉਸ ਨੇ ਸਾਰਿਆਂ ਨੂੰ ਨਾਮ ਅਤੇ ਦਾਨ ਦੀ ਰੀਤ ਸਿਖਾ ਦਿੱਤੀ। ਜੈਨ ਮਤ ਨੂੰ ਖਤਮ ਕਰ ਦਿੱਤਾ। 5. ਜੋ ਜੋ ਜੈਨੀ ਨੱਠ ਕੇ ਦੂਰ ਦੁਰਾਡੇ ਦੇਸ਼ਾਂ ਨੂੰ ਚਲੇ ਗਏ, ਉਹ ਹੀ ਕੇਵਲ ਜੈਨ ਮਤ ਵਿੱਚ ਰਹਿ ਗਏ। ਬਾਕੀ ਦੇ ਸਾਰੇ ਲੋਕਾਂ ਨੂੰ ਸਹੀ ਮਾਰਗ ਉਪਰ ਪਾ ਦਿੱਤਾ ਅਤੇ ਲੋਕਾਂ ਨੂੰ ਗਲਤ ਰਸਤੇ ਤੋਂ ਰੋਕ ਕੇ, ਸਹੀ ਮਾਰਗ ਉਪਰ ਤੋਰ ਦਿੱਤਾ। 6. ਇਸ ਤਰਾਂ ਦਾ ਮਨੁ ਰਾਜੇ ਦਾ ਅਵਤਾਰ ਹੋਇਆ ਅਤੇ ਉਸ ਨੇ ਜਗਤ ਵਿੱਚ ਧਰਮ ਦਾ ਪ੍ਰਚਾਰ ਕੀਤਾ। ਸਾਰੇ ਕੁਪੰਥੀਆਂ (ਜੈਨੀਆਂ) ਨੂੰ ਸਹੀ ਮਾਰਗ ਉਪਰ ਤੋਰ ਦਿੱਤਾ। ਸਾਰਿਆਂ ਨੂੰ ਪਾਪ ਕਰਮਾਂ ਤੋ ਰੋਕ ਕੇ ਧਰਮ ਦੇ ਕਰਮਾਂ ਵਿੱਚ ਲਗਾ ਦਿੱਤਾ। 7. ਸਾਰੇ ਜੈਨੀ ਮਾਰਗ ਉਪਰ ਤੁਰ ਪਏ ਅਤੇ ਜੈਨ ਮਤ ਖਤਮ ਹੋ ਗਿਆ। ਇਸ ਤਰਾਂ ਨਾਲ ਮਨੁ ਰਾਜੇ ਦਾ ਉਜਲਾ ਯਸ਼ ਦੁਨੀਆਂ ਵਿੱਚ ਪ੍ਰਸਿਧ ਹੋ ਗਿਆ। 8.
ਉਪਰ ਦਿੱਤੀ ਦਸਮ ਗ੍ਰੰਥ ਦੀ ਇਸ ਲਿਖਤ ਵਿੱਚ ਕਵੀ ਇਹ ਕਹਿਣਾ ਚਾਹੁੰਦਾ ਹੈ ਕਿ: -
ਮਨੂ ਰਾਜਾ ਧਰਮ ਚਲਾਉਣ ਆਇਆ ਸੀ।
ਉਸ ਨੇ ਲੋਕਾਂ ਨੂੰ ਮਨੂੰ ਸਿਮਰਤੀ ਰਾਹੀ ਪਾਪ ਤੋ ਹਟਾ ਕੇ ਧਰਮ ਮਾਰਗ ਉਪਰ ਤੋਰਿਆ।
ਉਪਰ ਦਿੱਤੀਆਂ ਦਸਮ ਗ੍ਰੰਥ ਦੀਆਂ ਤੁਕਾਂ ਵਿੱਚ ਬਾਰ ਬਾਰ ਇਹ ਕਿਹਾ ਗਿਆ ਹੈ ਕਿ ਮਨੂ ਨੇ ਧਰਮ ਚਲਾਇਆ ਅਤੇ ਲੋਕਾਂ ਨੂੰ ਪਾਪ ਕਰਨ ਤੋਂ ਹਟਾ ਦਿੱਤਾ। ਕਵੀ ਸਯਾਮ ਨੇ ਇਹ ਨਹੀ ਲਿਖਿਆ ਕਿ ਮਨੂ ਨੇ ਕੀ ਧਰਮ ਚਲਾਇਆ ਅਤੇ ਕਿਹੜੇ ਪਾਪ ਕਰਮ ਕਰਨ ਤੋਂ ਮਨੁਖਤਾ ਨੂੰ ਰੋਕਿਆ। ਉਸ ਨੇ ਇਹ ਇਸ ਕਾਰਨ ਕਰਕੇ ਨਹੀ ਲਿਖਿਆ ਕਿਉਕਿ ਮਨੂ ਨੇ ਨਾ ਤਾ ਕੋਈ ਧਰਮ ਦਾ ਰਾਹ ਚਲਾਇਆ ਅਤੇ ਨਾ ਕਿਸੇ ਨੂੰ ਪਾਪ ਕਰਨ ਤੋ ਰੋਕਿਆ। ਜੈਨੀਆਂ ਨੂੰ ਮਾਰਨਾ ਕੋਈ ਧਰਮ ਕਰਨ ਨਹੀ ਹੈ, ਨਾ ਸੀ ਅਤੇ ਨਾ ਹੋ ਸਕਦਾ ਹੈ। ਇਸ ਕਰਕੇ, ਮਨੂ ਕੀ ਧਰਮ ਚਲਾਉਣ ਆਇਆ ਸੀ ਅਤੇ ਉਸ ਨੇ ਕਿਸ ਤਰਾਂ ਦਾ ਧਰਮ ਚਲਾਇਆ, ਇਹ ਅਸੀ ਮਨੂ ਸਿਮਰਤੀ ਰਾਹੀਂ ਜਾਣ ਸਕਦੇ ਹਾਂ। ਮਨੂ ਸਿਮਰਤੀ ਨੂੰ ਮਨੂ ਦੇ ਧਰਮ ਵਾਲੇ ਆਪਣੇ ਧਰਮ ਦਾ ਕਾਨੂੰਨ ਮੰਨਦੇ ਹਨ। ਸਿਮਰਤੀਆਂ ਅਤੇ ਅਵਤਾਰਵਾਦ ਬਾਰੇ ਸਾਨੂੰ ਗੁਰਬਾਣੀ ਤੋ ਸੇਧ ਲੈਣੀ ਜਰੂਰੀ ਹੈ।
ਅਵਤਾਰਵਾਰ ਬਾਰੇ:
ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ॥ ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ॥ 7॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 423}
ਅਰਥ
(ਵਿਸ਼ਨੂੰ, ਕ੍ਰਿਸ਼ਨ, ਰਾਮ, ਆਦਿਕ) ਵਖਰੇ-ਵਖਰੇ ਸਮੇ ਦੇ ਰਾਜਿਆਂ ਨੂੰ ਲੋਕੀ ਰੱਬ ਜਾਣ ਕੇ, ਉਨ੍ਹਾਂ ਨੂੰ ਧਿਆਉਦੇ ਅਤੇ ਸਲਾਹੁੰਦੇ ਆ ਰਹੇ ਹਨ। ਉਨ੍ਹਾਂ ਨੇ ਵੀ ਉਸ ਅਕਾਲ ਪੁਰਖੁ ਸਤਿਗੁਰੂ ਦਾ ਅੰਤ ਨਹੀ ਪਾਇਆ। ਇਸ ਕਰਕੇ ਇਨ੍ਹਾਂ ਦੇਵਤਿਆਂ ਦਾ ਕੀ ਆਖ ਕੇ ਵਿਚਾਰ ਕੀਤਾ ਜਾਵੇ? । 7.
ਉਪਰ ਦਿੱਤੇ ਗੁਰਬਾਣੀ ਫੁਰਮਾਨ ਵਿੱਚ ਸਪਸਟ ਕਿਹਾ ਗਿਆ ਹੈ ਕਿ ਦੇਵਤੇ ਅਖਵਾਉਣ ਵਾਲੇ ਅਵਤਾਰੀ (ਜਨਮ ਲੈਣ ਵਾਲੇ) ਰਾਜੇ ਹੀ ਸਨ। ਇਹ ਕੋਈ ਅਕਾਲ ਪੁਰਖੁ ਦੇ ਅਵਤਾਰ ਨਹੀ ਸਨ ਕਿਉਕਿ ਅਕਾਲ ਪੁਰਖੁ ਤਾ ਜਨਮ ਨਹੀ ਲੈਂਦਾ। ਗੁਰਬਾਣੀ ਦਾ ਫੁਰਮਾਨ ਹੈ: -
ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥ 3॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 1136}
ਅਰਥ
ਉਹ ਮੁਖ ਜਲ ਜਾਵੇ, ਜਿਹੜਾ ਕਹਿੰਦਾ ਹੈ ਕਿ ਪ੍ਰਭੂ ਪਰਮਾਤਮਾ ਸਰੀਰ ਧਾਰਦਾ ਹੈ। 3.
ਇਸ ਕਰ ਕੇ ਇਹ ਰਾਜੇ ਰੱਬ ਦੀ ਰਜਾ ਨਾਲੋ ਟੁਟੇ ਹੋਏ ਸਨ ਅਤੇ ਧਰਮ ਇਨ੍ਹਾਂ ਦੇ ਨੇੜੇ ਨਹੀ ਸੀ ਕਿਉਕਿ ਜਿਹੜਾ ਬੰਦਾ ਆਪ ਰੱਬ ਬਣਿਆ ਫਿਰੇ, ਉਹ ਹੰਕਾਰੀ ਹੋਇਆ ਕਰਦਾ ਹੈ। ਹੰਕਾਰੀ ਆਪਣੇ ਆਪ ਵਿੱਚ ਹੀ ਗਵਾਚ ਜਾਂਦਾ ਹੈ। ਹੰਕਾਰੀ ਮਨੁਖਾਂ ਦੀ ਹਾਲਤ ਬਾਰੇ ਜਾਨਣ ਲਈ ਗੁਰਬਾਣੀ ਦਾ ਗਿਆਨ ਪ੍ਰਾਪਤ ਕਰੋ। ਹੰਕਾਰੀ ਮਨੁਖਾਂ ਨੂੰ ਸਤਿਗੁਰ ਦੇ ਦੀਦਾਰ ਨਹੀਂ ਹੁੰਦੇ। ਫਿਰ ਮਨੂ ਦੇ ਰੂਪ ਵਿੱਚ ਵਿਸ਼ਨੂੰ ਦੇਵਤੇ ਨੇ ਕੀ ਅਵਤਾਰ ਧਾਰਿਆ ਅਤੇ ਕੀ ਧਰਮ ਚਲਾਇਆ? ਸਾਫ ਅਤੇ ਸਪਸਟ ਹੈ ਕਿ ਇਹ ਅਵਤਾਰਾਂ ਦੀ ਕਥਾ ਲਿਖਣ ਵਾਲਾ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਤਾਂ ਕੀ, ਗੁਰਮਤਿ ਦਾ ਗਿਆਨੀ ਵੀ ਨਹੀ ਸੀ।
ਸਿੰਮ੍ਰਿਤੀਆਂ ਬਾਰੇ:
ਦੂਸਰਾ ਮਨੂ ਨੇ ਮਨੂ ਸਿਮਰਤੀ ਦਾ ਪ੍ਰਚਾਰ ਕੀਤਾ। ਮਨੂ ਸਿਮਰਤੀ ਦੀ ਪੜਚੋਲ ਕਰਨ ਤੋ ਪਹਿਲਾ ਗੁਰਬਾਣੀ ਦਾ ਸਿਮਰਤੀਆ ਬਾਬਤ ਫੁਰਮਾਨ ਪੜ ਲੈਣਾ ਜਰੂਰੀ ਹੈ। ਗੁਰਬਾਣੀ ਕਹਿੰਦੀ ਹੈ: -
ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ॥ ਸਾਂਕਲ ਜੇਵਰੀ ਲੈ ਹੈ ਆਈ॥ 1॥ ਆਪਨ ਨਗਰੁ ਆਪ ਤੇ ਬਾਧਿਆ॥ ਮੋਹ ਕੈ ਫਾਧਿ ਕਾਲ ਸਰੁ ਸਾਂਧਿਆ॥ 1॥ ਰਹਾਉ॥ ਕਟੀ ਨ ਕਟੈ ਤੂਟਿ ਨਹ ਜਾਈ॥ ਸਾ ਸਾਪਨਿ ਹੋਇ ਜਗ ਕਉ ਖਾਈ॥ 2॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 329}
ਅਰਥ
ਇਹ ਸਿੰਮ੍ਰਿਤੀਆ, ਜੋ ਬੇਦਾਂ ਦੇ ਅਧਾਰ ਤੇ ਬਣੀਆਂ ਹਨ, ਇਹ ਜਾਤ-ਪਾਤ ਦੇ ਸੰਗਲ ਅਤੇ ਕਰਮਕਾਂਡਾਂ ਦੀਆਂ ਰੱਸੀਆਂ ਲੈ ਕੇ ਆਈਆਂ ਹਨ। 1. ਇਨ੍ਹਾਂ ਨੇ ਆਪਣੇ ਚੇਲੇ ਆਪ ਹੀ ਜਾਤ-ਪਾਤ ਅਤੇ ਕਰਮਕਾਂਡਾਂ ਵਿੱਚ ਫਸਾਏ ਹੋਏ ਹਨ। ਇਨ੍ਹਾਂ ਨੇ ਚੇਲਿਆ ਨੂੰ ਸੁਰਗ, ਵਧੀਆ ਜਨਮ, ਆਦਿਕ ਦੇ ਮੋਹ ਵਿੱਚ ਫਸਾ ਦਿੱਤਾ ਹੈ ਅਤੇ ਮੌਤ ਦੇ ਡਰ ਨਾਲ ਡਰਾ ਦਿੱਤਾ ਹੈ। 1. ਇਨ੍ਹਾਂ ਦੀ ਸਿਖਿਆ ਦੀ ਜਕੜ ਲੋਕਾਂ ਕੋਲੋ ਨਾਂ ਕਟੀ ਜਾ ਰਹੀ ਹੈ ਅਤੇ ਨਾਂ ਤੋੜੀ ਜਾ ਰਹੀ ਹੈ। ਇਹ ਸਿਖਿਆ ਤਾਂ ਸਪਣੀ ਵਾਂਗੂੰ ਜਗਤ ਨੂੰ ਖਾ ਰਹੀ ਹੈ। 2.
ਗੁਰਬਾਣੀ ਕਹਿੰਦੀ ਹੈ ਕਿ ਜਿਸ ਤਰਾਂ ਸਪਣੀ ਆਪਣੇ ਬੱਚਿਆਂ ਨੂੰ ਖਾ ਜਾਂਦੀ ਹੈ, ਇਸੇ ਤਰਾਂ ਸਿੰਮ੍ਰਿਤੀਆਂ ਆਪਣੇ ਚੇਲਿਆਂ ਅਤੇ ਜਗਤ ਨੂੰ ਖਾ ਰਹੀਆਂ ਹਨ। ਸੋ, ਬੇਦ, ਸਿਮਰਤੀਆਂ ਲੋਕਾਂ ਨੂੰ ਭਰਮ, ਜਾਤ-ਪਾਤ ਅਤੇ ਕਰਮਕਾਂਡ ਵਿੱਚ ਫਸਾ ਰਹੀਆਂ ਹਨ। ਇਨ੍ਹਾਂ ਵਿੱਚ ਧਰਮ ਨਹੀ ਹੈ ਅਤੇ ਲੋਕਾਂ ਲਈ ਸੰਗਲ ਅਤੇ ਰੱਸੀਆਂ ਸਮਾਨ ਹਨ। ਇਨ੍ਹਾਂ ਤੋ ਪਰੇ ਰਹੋ। ਗੁਰਬਾਣੀ ਦਾ ਇੱਕ ਹੋਰ ਪ੍ਰਮਾਣ ਪੜੋ: -
ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ॥ ਤਤੈ ਸਾਰ ਨ ਜਾਣੀ ਗੁਰੂ ਬਾਝਹੁ ਤਤੈ ਸਾਰ ਨ ਜਾਣੀ॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 920}
ਅਰਥ
ਸਿਮ੍ਰਿਤਿ ਅਤੇ ਸਾਸਤਰ ਪਾਪ ਪੁੰਨ ਦੀ ਗੱਲ ਬਹੁਤ ਕਰਦੇ ਹਨ ਪਰ ਅਸਲੀਅਤ ਨਹੀ ਜਾਣਦੇ। ਗੁਰੂ ਤੋ ਬਿਨਾ ਅਸਲੀਅਤ ਸਮਝ ਨਹੀ ਆ ਸਕਦੀ।
ਇਥੇ ਗੁਰਬਾਣੀ ਸਪਸਟ ਕਰਦੀ ਹੈ ਕਿ ਸਿਮ੍ਰਿਤਿ ਸਾਸਤਰ ਵਿੱਚ ਧਰਮ ਦਾ ਰਾਹ ਨਹੀ ਹੈ ਅਤੇ ਮਨੁਖ ਲਈ ਸਹੀ ਸੇਧ ਨਹੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਨਿਵਾਜੀ ਸੀ ਸੋ ਉਨ੍ਹਾਂ ਨੂੰ ਗੁਰਬਾਣੀ ਦਾ ਪੂਰਨ ਗਿਆਨ ਸੀ। ਫਿਰ ਗੁਰੂ ਜੀ ਗੁਰਬਾਣੀ ਵਿਰੁਧ ਲਿਖਤ ਕਿਉ ਲਿਖਦੇ? ਇਸ ਕਰਕੇ ਇਹ ਲਿਖਤ ਗੁਰੂ ਗੋਬਿੰਦ ਸਿੰਘ ਜੀ ਦੀ ਨਹੀ ਹੈ ਅਤੇ ਕਵੀ ਸਯਾਮ ਦੀ ਹੈ ਕਿਉਕਿ ਉਹ ਆਪਣਾ ਨਾਮ ਵੀ ਲਿਖ ਰਿਹਾ ਹੈ।
ਮਨੂ ਸਿਮਰਤੀ ਦੀ ਸਿਖਿਆ
ਮਨੂ ਸਿਮਰਤੀਆਂ ਵਿਚੋ ਬਹੁਤ ਹਵਾਲੇ ਦਿੱਤੇ ਜਾ ਸਕਦੇ ਹਨ ਪਰ ਇਥੇ ਥੋੜੇ ਬਹੁਤ ਹੀ ਵਿਚਾਰੇ ਜਾਣਗੇ।
ਅਧਿਆਇ 3, ਸਲੋਕ 13 ਅਤੇ 14 à ਬ੍ਰਾਹਮਣ ਪਹਿਲਾ ਬ੍ਰਾਹਮਣ ਲੜਕੀ ਨਾਲ ਹੀ ਵਿਆਹ ਕਰਾਵੇ ਪਰ ਬਾਅਦ ਵਿੱਚ ਕਿਸੇ ਵੀ ਜਾਤ ਦੀਆਂ ਲੜਕੀਆਂ ਨੂੰ ਕਾਮ ਤ੍ਰਿਪਤੀ ਲਈ ਵਿਆਹ ਸਕਦਾ ਹੈ। ਬਾਕੀ ਸ਼ੂਦਰ, ਸ਼ੂਦਰ ਲੜਕੀ ਨਾਲ ਹੀ ਵਿਆਹ ਕਰਵਾ ਸਕਦਾ ਹੈ; ਵੈਸ਼, ਵੈਸ਼ ਲੜਕੀ ਨਾਲ ਹੀ ਵਿਆਹ ਕਰਵਾ ਸਕਦਾ ਹੈ ਅਤੇ ਖਤਰੀ, ਖਤਰੀ ਲੜਕੀ ਨਾਲ ਹੀ ਵਿਆਹ ਕਰਵਾ ਸਕਦਾ ਹੈ।
ਅਧਿਆਇ 9, ਸਲੋਕ 18 à ਔਰਤਾਂ ਨੂੰ ਵੇਦ ਪੜਨ ਦਾ ਅਧਿਕਾਰ ਨਹੀ ਹੈ। ਕਿਉਕਿ ਉਹ ਵੇਦ ਨਹੀ ਪੜ ਸਕਦੀਆਂ, ਉਹ ਅਪਵਿਤ੍ਰ ਹਨ।
ਕੀ ਇਹ ਕੋਈ ਧਰਮ ਦਾ ਕੰਮ ਹੈ? ਇਹ ਘੋਰ ਪਾਪ ਨਹੀ ਹੈ ਤਾਂ ਹੋਰ ਕੀ ਹੈ? ਕੀ ਖੱਤਰੀਆਂ ਦੀਆਂ, ਸ਼ੂਦਰਾਂ ਦੀਆਂ ਅਤੇ ਵੈਸ਼ਾਂ ਦੀਆਂ ਲੜਕੀਆਂ ਮਨੁਖ ਨਹੀ ਹਨ? ਕੀ ਇਹ ਔਰਤਾਂ ਨਾਲ ਭੈੜਾ ਸਲੂਕ ਨਹੀ ਹੈ? ਕੀ ਕੋਈ ਬ੍ਰਾਹਮਣੀ ਕਈ ਵਿਆਹ ਕਰਵਾ ਸਕਦੀ ਹੈ? ਮਨੁਖੀ ਅਧਿਕਾਰ ਕਿਥੇ ਗਏ? ਸਿਖ ਧਰਮ ਵਿੱਚ ਔਰਤਾਂ ਨੂੰ ਬਰਾਬਰ ਦਾ ਹੱਕ ਹੈ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਨੂ ਦਾ ਸਿਧਾਂਤ ਕਦੇ ਵੀ ਪਰਵਾਨ ਨਹੀ ਹੋ ਸਕਦਾ। ਗੁਰਬਾਣੀ ਬੀਬੀਆਂ ਨੂੰ ਬਰਾਬਰ ਦਾ ਹੱਕ ਦਿੰਦੀ ਹੈ। ਗੁਰਬਾਣੀ ਦਾ ਫੁਰਮਾਨ ਪੜੋ: -
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 473}
ਅਰਥ
ਉਸ ਨੂੰ ਮੰਦਾ ਕਿਉ ਕਿਹਾ ਜਾਵੇ? ਜਿਸ ਨੇ ਤੈਨੂੰ ਪਵਿਤ੍ਰ ਅਖਵਾਉਣ ਵਾਲੇ ਨੂੰ ਜਨਮ ਦਿੱਤਾ? (ਰਾਜਾਨ ਦਾ ਮਤਲਬ ਪਵਿਤ੍ਰ ਅਖਵਾਉਣ ਵਾਲਾ ਹੁੰਦਾ ਹੈ।)
ਘਰ ਕੀ ਨਾਰਿ ਤਿਆਗੈ ਅੰਧਾ॥ ਪਰ ਨਾਰੀ ਸਿਉ ਘਾਲੈ ਧੰਧਾ॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 1165}
ਅਰਥ
ਆਪਣੀ ਇਸਤਰੀ ਨੂੰ ਛੱਡ ਕੇ ਹੋਰ ਇਸਤਰੀਆਂ ਵੱਲ ਝਾਕਣ ਵਾਲਾ ਮਨੁਖ ਆਤਮਕ ਤੌਰ ਤੇ ਅੰਧਾ ਹੁੰਦਾ ਹੈ।
ਉਪਰ ਸਬਦ ਵਿੱਚ ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਜਿਹੜਾ ਮਨੁਖ ਪਰਾਈ ਇਸਤਰੀ ਵੱਲ ਮਾੜੀ ਨਜਰ ਨਾਲ ਦੇਖੇ, ਉਹ ਆਤਮਕ ਤੌਰ ਤੇ ਅੰਧਾ ਹੁੰਦਾ ਹੈ। ਅਜਿਹਾ ਮਨੁਖ ਧਰਮੀ ਨਹੀ ਹੋ ਸਕਦਾ। ਇਸ ਸਿਧਾਂਤ ਦੇ ਵਿਰੁਧ ਮਨੂ ਨੇ ਬ੍ਰਾਹਮਣਾਂ ਨੂੰ ਜਿਸ ਇਸਤਰੀ ਨੂੰ ਮਰਜੀ, ਕਾਮ ਤ੍ਰਿਪਤੀ ਲਈ ਘਰ ਲਿਆਉਣ ਦੀ ਖੁਲ ਦਿੱਤੀ ਹੋਈ ਹੈ। ਕੀ ਮਨੂ ਧਰਮੀ ਕਹਾਉਣ ਦੇ ਲਾਇਕ ਸੀ? ਜੇ ਨਹੀ ਤਾ ਫਿਰ ਦਸਮ ਗ੍ਰੰਥ ਦਾ ਲਿਖਾਰੀ ਮਨੂ ਨੂੰ ਧਰਮੀ ਕਿਸ ਅਧਾਰ ਤੇ ਕਹਿ ਰਿਹਾ ਹੈ?
ਅਧਿਆਇ 2, ਸਲੋਕ 13, 135 à ਦਸ ਸਾਲ ਦੇ ਬ੍ਰਾਹਮਣ ਅਤੇ ਸੌ ਸਾਲ ਦੇ ਖੱਤਰੀ ਨੂੰ ਕ੍ਰਮਵਾਰ ਪਿਤਾ ਅਤੇ ਪੁੱਤਰ ਸਮਝੋ।
ਅਧਿਆਇ 7, ਸਲੋਕ 61 à ਜੋ ਬ੍ਰਾਹਮਣ ਆਪਣੇ ਧਰਮ ਦੇ ਭੇਦ ਕਿਸੇ ਸ਼ੂਦਰ ਨੂੰ ਸਿਖਾਏਗਾ, ਉਹ ਉਸੇ ਸ਼ੂਦਰ ਦੇ ਨਾਲ ਨਰਕ ਵਿੱਚ ਜਾਏਗਾ।
ਅਧਿਆਇ 8, ਸਲੋਕ 22 à ਜਿਸ ਰਾਜੇ ਦੇ ਰਾਜ ਵਿੱਚ ਬ੍ਰਾਹਮਣ ਨਾਂ ਹੋਣ, ਉਹ ਰਾਜਾ ਪੀੜਤ ਹੋ ਕੇ ਨਸ਼ਟ ਹੋ ਜਾਂਦਾ ਹੈ।
ਅਧਿਆਇ 4, ਸਲੋਕ 60 à ਬ੍ਰਾਹਮਣ ਨੂੰ ਸ਼ੂਦਰ ਰਾਜੇ ਦੇ ਰਾਜ ਵਿੱਚ ਨਹੀ ਰਹਿਣਾ ਚਾਹੀਦਾ।
ਅਧਿਆਇ 1, ਸਲੋਕ 91 à ਪ੍ਰਮਾਤਾਮਾ ਨੇ ਸ਼ੂਦਰਾਂ ਨੂੰ ਬਾਕੀ ਤਿੰਨ ਵਰਗਾਂ (ਬ੍ਰਾਹਮਣ, ਖਤਰੀ ਅਤੇ ਵੈਸ਼) ਦੀ ਸੇਵਾ ਕਰਨ ਲਈ ਹੀ ਬਣਾਇਆ ਹੈ।
ਅਧਿਆਇ 9, ਸਲੋਕ 146 à ਪਤਨੀ, ਪੁੱਤਰ ਅਤੇ ਗੁਲਾਮ ਨੂੰ ਜਾਇਦਾਦ ਰੱਖਣ ਦਾ ਕੋਈ ਹੱਕ ਨਹੀ ਹੈ। ਇਹ ਸਾਰਾ ਧੰਨ ਉਸ ਦਾ ਹੈ, ਜਿਸ ਨਾਲ ਇਹ ਜੁੜੇ ਹੋਏ ਹਨ।
ਉਪਰ ਦਿੱਤੀਆਂ ਮਨੂ ਸਿਮਰਤੀ ਦੀਆਂ ਸਿਖਿਆਂਵਾਂ ਵਿਚੋ ਕੀ ਕੋਈ ਧਰਮ ਦੀ ਸਿਖਿਆ ਮਿਲੀ? ਇਹ ਜਾਤ-ਪਾਤ ਦੇ ਸੰਗਲ ਅਤੇ ਲੋਕਾਂ ਨਾਲ ਜਾਤ-ਪਾਤ ਦੇ ਅਧਾਰ ਤੇ ਵਿਤਕਰਾ, ਕੋਈ ਧਰਮ ਨਹੀ ਹੈ। ਬ੍ਰਾਹਮਣ ਜੋ ਮਰਜੀ ਪਾਪ ਕਰੇ, ਉਹ ਫਿਰ ਵੀ ਸੁਚਾ ਪਰ ਸ਼ੂਦਰ ਮਾੜੇ ਦਾ ਮਾੜਾ? ਗੁਰਬਾਣੀ ਹਰੇਕ ਮਨੁਖ ਨੂੰ ਬਰਾਬਰ ਦਾ ਅਧਿਕਾਰ ਦਿੰਦੀ ਹੈ। ਚਾਹੇ ਕੋਈ ਕਿਸੇ ਵੀ ਜਾਤ ਵਾਲਾ ਮੰਨਿਆ ਜਾਂਦਾ ਹੋਵੇ, ਚਾਹੇ ਉਹ ਮਰਦ ਹੋਵੇ ਜਾਂ ਔਰਤ, ਉਸ ਨੂੰ ਪਰਮਾਤਮਾ ਦੀ ਬੰਦਗੀ ਕਰਨ ਦਾ ਪੂਰਾ ਹੱਕ ਹੈ। ਗੁਰਬਾਣੀ ਕਿਸੇ ਬ੍ਰਾਹਮਣ ਦੀ ਬਣਾਈ ਜਾਤ ਪਾਤ ਨੂੰ ਨਹੀ ਮੰਨਦੀ ਅਤੇ ਨਾਂ ਹੀ ਬ੍ਰਾਹਮਣ ਜਾਤੀ ਦੇ ਮਨੁਖ ਨੂੰ ਕਿਸੇ ਨਾਲੋ ਵਧੀਆ ਮੰਨਦੀ ਹੈ। ਗੁਰਬਾਣੀ ਵਿੱਚ ਬੰਦੇ ਦੇ ਕੀਤੇ ਕੰਮਾ ਨੂੰ ਪਰਧਾਨ ਰੱਖਿਆ ਗਿਆ ਹੈ। ਹਰ ਮਨੁਖ ਨੂੰ ਧਰਮ ਕਰਮ ਕਰਨ ਦਾ ਅਧਿਕਾਰ ਹੈ। ਗੁਰਬਾਣੀ ਦੇ ਪਹਿਲਾਂ ਦਿੱਤੇ ਗਏ ਪ੍ਰਮਾਣ ਵਿੱਚ ਜਾਤ-ਪਾਤ ਦਾ ਖੰਡਣ ਸਾਫ ਮਿਲਦਾ ਹੈ। ਹੋਰ ਸ਼ਬਦ ਪੜੋ: -
ਹਮਰੀ ਜਾਤਿ ਪਤਿ ਸਚੁ ਨਾਉ॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 353}
ਅਰਥ
ਸਾਡੀ ਜਾਤ-ਪਾਤ ਸਚੇ ਪ੍ਰਮਾਤਾਮਾ ਦਾ ਸੱਚ ਹੈ।
ਸਚ ਤਾਂ ਇਹ ਹੈ ਕਿ ਸਾਰੇ ਮਨੁਖ ਇੱਕ ਪ੍ਰਭੂ ਦੇ ਪੈਦਾ ਕੀਤੇ ਹਨ। ਕੋਈ ਵੀ ਜਨਮ ਕਾਰਨ ਕਿਸੇ ਨਾਲੋਂ ਵੱਡਾ ਜਾਂ ਛੋਟਾ ਨਹੀ ਹੈ।
ਤੁਮ ਕਤ ਬ੍ਰਾਹਮਣ ਹਮ ਕਤ ਸੂਦ॥ ਹਮ ਕਤ ਲੋਹੂ ਤੁਮ ਕਤ ਦੂਧ॥ 3॥ ਕਹੁ ਕਬੀਰ ਜੋ ਬ੍ਰਹਮੁ ਬੀਚਾਰੈ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ॥ 4॥ 7॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 324}
ਅਰਥ
ਤੂੰ ਕਦੋਂ ਦਾ ਬ੍ਰਾਹਮਣ (ਪਵਿਤ੍ਰ) ਹੋ ਗਿਆ ਅਤੇ ਅਸੀ ਕਦੋਂ ਦੇ ਸ਼ੂਦਰ (ਪਾਪੀ, ਅਧਰਮੀ) ਹੋ ਗਏ? ਅਸੀ ਕਦੋਂ ਲਹੂ ਹੋ ਗਏ ਅਤੇ ਤੂੰ ਦੁਧ ਬਣ ਗਿਆ? । 3. ਕਬੀਰ ਕਹਿੰਦੇ ਹਨ, ਜਿਹੜਾ ਮਨੁਖ ਬ੍ਰਹਮ (ਪ੍ਰਭੂ) ਦੀ ਵਿਚਾਰ ਕਰਦਾ ਹੈ, ਅਸੀ ਉਸ ਨੂੰ ਹੀ ਬ੍ਰਾਹਮਣ ਮੰਨਦੇ ਹਾਂ। 4. 7.
ਮਨੁਖਤਾ ਨੂੰ ਖੋਰਾ ਲਾਉਣ ਵਾਲੇ ਬ੍ਰਾਹਮਣ ਦਾ ਗੁਰਮਤਿ ਵਿੱਚ ਖੰਡਨ ਕੀਤਾ ਗਿਆ ਹੈ ਅਤੇ ਸੱਚੇ ਸੁਚੇ ਮਨੁਖ ਨੂੰ ਬ੍ਰਾਹਮਣ ਮੰਨਿਆ ਗਿਆ ਹੈ। ਮਨੂ ਕਹਿੰਦਾ ਹੈ ਕਿ ਸ਼ੂਦਰਾਂ ਨੂੰ ਪ੍ਰਭੂ ਦਾ ਨਾਮ ਸਿਮਰਨ ਕਰਨ ਦੀ ਇਜਾਜਤ ਨਹੀ ਹੋ ਸਕਦੀ। ਗੁਰਬਾਣੀ ਫੁਰਮਾਨ ਹੈ: -
ਖਤ੍ਰੀ ਬ੍ਰਾਹਮਣ ਸੂਦ ਵੈਸ ਸਭ ਏਕੈ ਨਾਮਿ ਤਰਾਨਥ॥ ਗੁਰੁ ਨਾਨਕੁ ਉਪਦੇਸੁ ਕਹਤੁ ਹੈ ਜੋ ਸੁਨੈ ਸੋ ਪਾਰਿ ਪਰਾਨਥ॥ 4॥ 1॥ 10॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 1001}
ਅਰਥ
ਚਾਹੇ ਕੋਈ ਖੱਤਰੀ, ਬ੍ਰਾਹਮਣ, ਸ਼ੂਦਰ ਜਾਂ ਵੈਸ਼ ਹੋਵੇ ਭਾਵ ਕੋਈ ਵੀ ਮਨੁਖ ਹੋਵੇ, ਮਨੁਖ ਸਿਰਫ ਕੇਵਲ ਹਰੀ ਦੇ ਨਾਮ ਨਾਲ ਹੀ ਇਸ ਸੰਸਾਰ-ਸਮੁੰਦਰ ਤੋ ਤਰ ਸਕਦਾ ਹੈ। ਜਿਹੜਾ ਮਨੁਖ ਗੁਰੁ ਨਾਨਕੁ ਦਾ ਦਿੱਤਾ ਹੋਇਆ ਉਪਦੇਸ਼ ਧਾਰਨ ਕਰ ਲੈਂਦਾ ਹੈ, ਉਹ ਮਨੁਖ ਇਸ ਸੰਸਾਰ-ਸਮੁੰਦਰ ਤੋ ਮੁਕਤ ਹੋ ਜਾਂਦਾ ਹੈ। 4. 1. 10.
ਮਨੂ ਕਹਿੰਦਾ ਹੈ ਕਿ ਜਿਹੜਾ ਬ੍ਰਾਹਮਣ ਕਿਸੇ ਸ਼ੂਦਰ ਨੂੰ ਧਰਮ ਦੀ ਸਿਖਿਆ ਦਊ, ਉਹ ਨਰਕ ਵਿੱਚ ਜਾਊ ਪਰ ਗੁਰਬਾਣੀ ਕਹਿੰਦੀ ਹੈ ਕਿ ਜਿਹੜਾ ਧਰਮ ਦੀ ਸਿਖਿਆ ਲਊ, ਉਹ ਆਪ ਵੀ ਤਰੂ ਅਤੇ ਸਿਖਿਆ ਦੇਣ ਵਾਲਾ ਵੀ ਤਰੂ।
ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 10}
ਅਰਥ
ਸਾਰੇ ਜੀਵ ਉਸ ਪ੍ਰਮਾਤਮਾ ਦੇ ਬਣਾਏ ਹੋਏ ਹਨ, ਉਹ ਹੀ ਸਭ ਨੂੰ ਦਾਤਾਂ ਦੇਣ ਵਾਲਾ ਹੈ।
ਇਹ ਸਬਦ ਜਾਤ-ਪਾਤ ਦੀ ਵੰਡ ਦਾ ਖੰਡਨ ਕਰਦਾ ਹੈ ਕਿਉਕਿ ਸਾਰੇ ਜੀਵ ਉਸ ਅਕਾਲ ਪੁਰਖੁ ਨੇ ਪੈਦਾ ਕੀਤੇ ਹਨ ਅਤੇ ਉਹ ਕਿਸੇ ਨੂੰ ਜਾਤ ਪਾਤ ਦੇ ਹਿਸਾਬ ਨਾਲ ਨਹੀ ਦੇਖਦਾ। ਫਿਰ ਮਨੂ ਸਿਮਰਤੀ ਦਾ ਬ੍ਰਾਹਮਣ ਨੂੰ ਉਚਾ ਦਿਖਾਉਣਾ ਅਤੇ ਸ਼ੂਦਰਾਂ ਨੂੰ ਨੀਵਾਂ ਦਿਖਾਉਣਾ ਕਿਸੇ ਵੀ ਤਰਾਂ ਧਰਮ ਨਹੀ ਹੋ ਸਕਦਾ।
ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 747}
ਅਰਥ
ਖਤ੍ਰੀ, ਬ੍ਰਾਹਮਣ, ਸੂਦ ਅਤੇ ਵੈਸ਼ ਭਾਵ ਸਾਰੇ ਮਨੁਖਾਂ ਨੂੰ ਇੱਕ ਹੀ ਉਪਦੇਸ਼ ਹੈ।
ਗੁਰੂ ਮਹਾਰਾਜ ਫੁਰਮਾਉਂਦੇ ਹਨ ਕਿ ਸਾਰਿਆ ਮਨੁਖਾਂ ਨੂੰ ਇਕੋ ਉਪਦੇਸ਼ ਹੈ, ਇਕੋ ਹੁਕਮ ਹੈ। ਇਸ ਕਰਕੇ ਮਨੁਖ ਨੂੰ ਕਿਸੇ ਵੀ ਹੋਰ ਮਨੁਖ ਦੀ ਗੁਲਾਮੀ ਕਰਨ ਦੀ ਜਰੂਰਤ ਨਹੀ। ਸ਼ੂਦਰ ਨੂੰ ਕਿਸੇ ਬ੍ਰਾਹਮਣ ਦਾ ਗੁਲਾਮ ਹੋਣ ਦੀ ਲੋੜ ਨਹੀ। ਗੁਰਬਾਣੀ ਕਹਿੰਦੀ ਹੈ: -
ਏਕੈ ਪਾਥਰ ਕੀਜੈ ਭਾਉ॥ ਦੂਜੈ ਪਾਥਰ ਧਰੀਐ ਪਾਉ॥ ਜੇ ਓਹੁ ਦੇਉ ਤ ਓਹੁ ਭੀ ਦੇਵਾ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ॥ 4॥ 1॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 525}
ਅਰਥ
ਪੰਡਤ ਇੱਕ ਪੱਥਰ ਦੀ ਪੂਜਾ ਕਰਦਾ ਅਤੇ ਕਰਾਉਂਦਾ ਹੈ ਪਰ ਦੂਜੇ ਪੱਥਰ ਉਪਰ ਪੈਰ ਧਰਦਾ ਹੈ। ਜੇ ਮੂਰਤੀ ਵਾਲਾ ਪੱਥਰ ਦੇਵਤਾ ਹੈ ਤਾਂ ਜਿਸ ਪੱਥਰ ਉਪਰ ਪੈਰ ਰੱਖਿਆ ਜਾਂਦਾ ਹੈ, ਉਹ ਵੀ ਦੇਵਤਾ ਹੈ। ਨਾਮਦੇਵ ਕਹਿੰਦੇ ਹਨ, ਮੈ ਤਾਂ ਉਸ ਕਰਤਾਰ, ਅਕਾਲ ਪੁਰਖੁ ਦੀ ਸੇਵਾ ਕਰਦਾ ਹਾਂ। ਕਿਸੇ ਮਨੁਖ ਦੀ ਜਾਂ ਉਸ ਦੇ ਬਣਾਏ ਹੋਏ ਪੱਥਰਾਂ ਦੀ ਨਹੀ। 4. 1.
ਜਦ ਗੁਰਬਾਣੀ ਵਿੱਚ ਸਿਰਫ ਹਰੀ ਪ੍ਰਮੇਸ਼ਵਰ ਦੀ ਸੇਵਾ ਕਰਨ ਨੂੰ ਕਿਹਾ ਗਿਆ ਹੈ ਤਾਂ ਫਿਰ ਬ੍ਰਾਹਮਣ ਦੀ ਸੇਵਾ ਕਰਨੀ ਜਾਂ ਪੂਜਾ ਕਰਨੀ ਗੁਰਮਤਿ ਦੇ ਵਿਰੁਧ ਹੈ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਨੂ ਵਰਗੇ ਮਨੁਖਤਾ ਨੂੰ ਭਟਕਾਉਣ ਵਾਲੇ, ਸਮਾਜ ਵਿੱਚ ਵੰਡੀਆਂ ਪਾਉਣ ਵਾਲੇ, ਲੋਕਾਂ ਨੂੰ ਜਾਤਾਂ-ਪਾਤਾਂ ਵਿੱਚ ਵੰਡਣ ਵਾਲੇ ਅਤੇ ਇਸਤਰੀਆਂ ਨੂੰ ਨੀਚ ਸਮਝਣ ਵਾਲੇ ਮਨੁਖ ਨੂੰ ਕਦੀ ਵੀ ਧਰਮੀ ਪ੍ਰਵਾਨ ਨਹੀ ਕਰ ਸਕਦੇ ਅਤੇ ਨਾਂ ਹੀ ਕੀਤਾ। ਰਾਹ ਪੱਧਰਾ ਹੈ ਕਿ ਇਹ ਦਸਮ ਗ੍ਰੰਥ ਨਾਮ ਦਾ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨੇ ਨਹੀ ਲਿਖਿਆ ਅਤੇ ਲਿਖਵਾਇਆ ਵੀ ਨਹੀ ਕਿਉਕਿ ਇਹ ਗੁਰਮਤਿ ਨੇ ਸਿਧਾਂਤ ਉਪਰ ਖਰਾ ਨਹੀ ਉਤਰਦਾ। ਦਸਮ ਗ੍ਰੰਥ ਨੂੰ ਲਿਖਣਾ, ਪ੍ਰਚਾਰਨਾ ਅਤੇ ਸਿਖਾਂ ਦਾ ਹਿੱਸਾ ਬਨਾਉਣਾ, ਇਹ ਸਾਰਾ ਕੰਮ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖਾਂ ਨੂੰ ਕਰਮਕਾਂਡੀ ਅਤੇ ਮਨੂ ਮਿਸਰਤੀ ਵਿੱਚ ਵਿਸ਼ਵਾਸ ਰੱਖਣ ਵਾਲੇ ਸਾਬਤ ਕਰਨ ਲਈ ਹੈ। ਅਸਲ ਵਿੱਚ ਸਿੱਖ ਵਿਰੋਧੀਆਂ ਦੀ ਸੋਚਣੀ ਇਹ ਹੈ ਕਿ ਜੇਕਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਹੇਠ ਮਨੂਵਾਦੀ ਸਿਧਾਂਤ ਨੂੰ ਧਰਮ ਪ੍ਰਚਾਰ ਦਿੱਤਾ ਜਾਵੇ ਤਾਂ ਮਨੂਵਾਦ ਨੂੰ ਸਿੱਖ ਗਲਤ ਕਹਿਣ ਜੋਗੇ ਨਹੀ ਰਹਿਣਗੇ। ਸਾਨੂੰ ਸੁਚੇਤ ਹੋਣ ਦੀ ਲੋੜ ਹੈ, ਇਨ੍ਹਾਂ ਕੋਝੀਆਂ ਚਾਲਾਂ ਤੋ ਬਚਣ ਦੀ ਲੋੜ ਹੈ ਅਤੇ ਇਸ ਅਖੌਤੀ ਦਸਮ ਗ੍ਰੰਥ ਵਿਰੁਧ ਅਵਾਜ ਬੁਲੰਦ ਕਰਨ ਦੀ ਜਰੂਰਤ ਹੈ। ਜਾਗੋ ਸਿਖੋ ਜਾਗੋ! ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਲਉ ਅਤੇ ਧਾਰਨ ਕਰੋ।
ਹਰਮਨਜੀਤ ਸਿੰਘ ਅਕਾਲੀ

ਜ਼ਫ਼ਰਨਾਮਾ ਪਾ: 10 (12)


(ਦਸਮ ਗ੍ਰੰਥ, ਪੰਨਾ 1389 - 1427)
ਭੂਮਿਕਾ:
ਭਾਈ ਚਤਰ ਸਿੰਘ ਜੀਵਨ ਸਿੰਘ ਦੇ ਛਪੇ ਦਸਮ ਗ੍ਰੰਥ ਵਿੱਚ “ਜ਼ਫਰਨਾਮਹ” ਦਾ ਪਹਿਲਾ ਬੰਦ “ਕਮਾਲਿ ਕਰਾਮਾਤ ਕਾਇਮ ਕਰੀਮ।। ਰਜ਼ਾ ਬਖਸ਼ ਰਾਜਿਕ ਰਿਹਾਕੁਨ ਰਹੀਮ।।” ਹੈ। ਇਸ ਦੇ 115 ਬੰਦ ਹਨ।
ਜ਼ਫਰ ਨਾਮਹ ਸਟੀਕ (ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਪੁਸਤਕ ਨੰ. 160) ਵਿੱਚ ਛਾਪੇ ਵਾਲੇ ਦਸਮ ਗ੍ਰੰਥ ਤੋਂ ਪਹਿਲਾਂ 23 ਹੋਰ ਬੰਦ ਹਨ। ਭਾਈ ਸਾਹਿਬ ਭਾਈ ਵੀਰ ਸਿੰਘ ਦੀ ਪੁਸਤਕ “ਕਲਗੀਧਰ ਚਮਤਕਾਰ” ਪੰਨਾ 107, 108, 109 ਵਿੱਚ ਇਹ ਪਹਿਲੇ 23 ਬੰਦ ਹੀ ਅਰਥਾਂ ਸਮੇਤ ਦਿੱਤੇ ਹਨ। ਉਰਦੂ ਬੋਲੀ ਵਿੱਚ ਜ਼ਫਰ ਨਾਮਹ (ਨਾਨਕ ਚੰਦ ਨਾਜ਼) ਇਥੋਂ ਹੀ ਸ਼ੁਰੂ ਹੁੰਦਾ ਹੈ।
ਅਸੀਂ ਜ਼ਫਰ ਨਾਮਹ ਦੀ ਵਿਚਾਰ ਭਾਈ ਸਾਹਿਬ ਵੀਰ ਸਿੰਘ ਦੇ ਅਰਥਾਂ ਤੋਂ ਸ਼ੁਰੂ ਕਰਦੇ ਹਾਂ।
ਨਾਮਹ (ਪੱਤ੍ਰ), ਗੁਰੂ ਗੋਬਿੰਦ ਸਿੰਘ ਬਾ (ਬਨਾਮ) ਔਰੰਗਜ਼ੇਬ
ਬਨਾਮੇ ਖੁਦਾਵੰਦ ਤੇਗੋ ਤਬਰ ਖੁਦਾਵੰਦੇ ਤੀਰੋ ਸਨਾਨੋ ਸਿਪਰਾ
(ਤਲਵਾਰ ਤੇ ਤਬਰ ਦੇ ਮਾਲਕ (ਖ਼ੁਦਾ) ਦੇ ਨਾਮ ਨਾਲ, ਤੀਰ ਅਣੀ ਤੇ ਢਾਲ ਦੇ ਮਾਲਕ (ਖ਼ੁਦਾ ਦੇ ਨਾਮ ਨਾਲ))
(ਨਾਨਕ ਚੰਦ ਨਾਜ਼ ਨੇ ਉਰਦੂ ਭਾਸ਼ਾ ਵਿੱਚ ਜ਼ਫਰਨਾਮੇ ਦਾ ਅਨੁਵਾਦ ਕਰਦਿਆਂ, ਬਨਾਮ ਦੇ ਅਰਥ ਕਸਮ ਕੀਤੇ ਹਨ। ਗੁਰੂ ਜੀ ਨੇ ਹਥਿਆਰਾਂ ਦੀ ਕਸਮ ਖਾਣ ਤੋਂ ਬਾਦ ਚਿੱਠੀ ਦਾ ਆਰੰਭ ਕੀਤਾ ਹੈ।) ਅਸੀਂ ਗੁਰਸਿੱਖ ਕਦੇ ਨਹੀਂ ਮੰਨ ਸਕਦੇ ਕਿ ਪਾ: 10 ਨੇ ਹਥਿਆਰਾਂ ਦੀ ਕਸਮ ਖਾਧੀ ਹੋਵੇ।
ਤ੍ਰਿਆ ਚਰਿਤ੍ਰ ਦੇ ਮੰਗਲਾਚਰਣ ਤੇ ਅੰਕ 1 ਵਿੱਚ ਅਸੀਂ ਵਿਚਾਰ ਕੀਤੀ ਸੀ ਕਿ ਦੁਰਗਾ, ਭਗਉਤੀ ਦੇਵੀ ਦਾ ਉਪਾਸ਼ਕ ਕਵੀ ਮੰਗਲਾਚਰਣ ਵਿੱਚ ਕਹਿੰਦਾ ਹੈ ਸ੍ਰੀ ਭਗਉਤੀ ਜੀ ਸਹਾਇ, ਅੰਕ ਪਹਿਲਾ ਵਿੱਚ ਕਹਿੰਦਾ ਹੈ ਕਿ ਹੇ ਭਗਉਤੀ ਮਾਂ ਤੂੰ ਹੀ ਖੜਗਧਾਰੀ ਹੈ, ਤੂਹੀ ਤਲਵਾਰ ਦਾਤੀ ਆਦਿ ਹੈ, ਤੂੰ ਹੀ ਜੋਗ ਮਾਯਾ ਹੈ। ਕਵੀ ਭਗਉਤੀ ਨੂੰ ਸਭ ਤੋਂ ਉੱਚੀ ਹਸਤੀ, ਕਾਲ ਪੁਰਖ ਤੋਂ ਉਪਜੀ ਭਗਉਤੀ ਨੂੰ ਹੀ ਅਕਾਲ ਪੁਰਖ ਕਹਿੰਦਾ ਹੈ, ਪਰਮੇਸ਼ਰ ਮੰਨਦਾ ਹੈ। ਵੇਦ ਸ਼ਾਸਤਰਾਂ, ਤੇ ਕਵੀ ਨੂੰ ਅਕਾਲ ਪੁਰਖ ਦੀ ਪਛਾਨ ਨਹੀਂ ਤੇ ਇਹ ਕਾਲ ਪੁਰਖ ਨੂੰ ਉਹ ਸਭ ਗੁਣ ਦਿੰਦੇ ਹਨ, ਜੋ ਗੁਣ ਗੁਰਬਾਣੀ ਇੱਕ ਏਕੰਕਾਰ ਇਕੋ ਇੱਕ ਹਸਤੀ, ਅਕਾਲ ਪੁਰਖ ਨੂੰ ਦਿੰਦੀ ਹੈ।
ਗੁਰੂ ਗੋਬਿੰਦ ਸਿੰਘ ਜੀ ਸ਼ਸਤਰਾਂ ਦੀ ਕਸਮ ਨਹੀਂ ਖਾ ਸਕਦੇ। ਦਸਮ ਗ੍ਰੰਥ ਦੀਆਂ ਰਚਨਾਵਾਂ ਵਿਂਚ ਖੜਗਧਾਰੀ ਤੇ ਸ਼ਸਤਰਾ ਅਸਤ੍ਰਾ ਵਾਲੀ ਦੇਵੀ ਭਗੌਤੀ ਤੇ ਦੁਰਗਾ ਨੂੰ ਕਿਹਾ ਗਿਆ ਹੈ। ਇਸ ਮੁਢਲੀ ਵਿਚਾਰ ਤੋਂ ਹੀ ਅਸੀਂ ਕਹਿ ਸਕਦੇ ਹਾਂ ਕਿ ਇਹ ਰਚਨਾਂ ਪਾ: 10 ਦੀ ਨਹੀਂ ਹੈ। ਸ਼ਸਤਰਾਂ ਦੀ ਵਿਚਾਰ ਅਸੀਂ ਸ਼ਸਤਰ ਨਾਮ ਮਾਲਾ ਵਿੱਚ ਵੀ ਕੀਤੀ ਹੈ।
ਸਿੱਖ ਇਤਿਹਾਸ ਦੇ ਉਘੇ ਲਿਖਾਰੀ ਡਾ. ਸੰਗਤ ਸਿੰਘ ਨੇ ਆਪਣੀ ਪੁਸਤਕ ‘ਇਤਿਹਾਸ `ਚ ਸਿੱਖ’ ਪੰਜਾਬੀ ਬੋਲੀ ਵਾਲੀ ਛਾਪ 1999 ਦੇ ਪੰਨਾ 75 ਵਿੱਖ ਲਿਖਿਆ ਹੈ ਕਿ ਮਾਛੀਵਾੜੇ ਦੇ ਜੰਗਲ ਤੋਂ ਬਾਦ ਗੁਰੂ ਗੋਬਿੰਦ ਸਿੰਘ ਜੀ ਦੀਨਾ ਪੁੱਜੇ, ਜਿੱਥੇ ਉਹਨਾਂ ਨੇ ਔਰੰਗਜ਼ੇਬ ਵੱਲ ਦਸੰਬਰ 1705 ਵਿੱਚ ਆਪਣੀ ਫਤਹ ਦਾ ਪੱਤਰ ਜ਼ਫਰਨਾਮਾ ਲਿਖ ਕੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਹੱਥ ਭੇਜਿਆ। ਫੁਟਨੋਟ ਵਿੱਚ ਲਿਖਿਆ ਹੈ ਕਿ ਇਨਾਇਤੁੱਲਾ ਦੀ ਇਹਕਾਮਇ ਆਲਮਗੀਰੀ ਵਿੱਚ ਜ਼ਫਰਨਾਮੇ ਨੂੰ ਗੁਰੂ ਜੀ ਵੱਲੋਂ ਦਿੱਤੀ ਦਰਖਾਸਤ (ਬੇਨਤੀ) ਕਹਿ ਕੇ ਇਸ ਦਾ ਜ਼ਿਕਰ ਕੀਤਾ ਹੋਇਆ ਹੈ। Irwin ਵੀ ਵਾਹਿਦ ਦੇ ਆਧਾਰ ਤੇ ਇਹੋ ਜ਼ਿਕਰ ਕਰਦਾ ਹੈ।
ਸਿੱਖ ਇਤਿਹਾਸ ਦੇ ਪੱਖੋਂ, ਅਸੀਂ ਸਮਝ ਸਕਦੇ ਹਾਂ ਕਿ ਗੁਰੂ ਜੀ ਨੇ ਇੱਕ ਚਿੱਠੀ ਔਰੰਗਜ਼ੇਬ ਬਾਦਸ਼ਾਹ ਨੂੰ ਲਿਖੀ। ਇਤਿਹਾਸ ਸਾਨੂੰ ਇਹ ਨਹੀਂ ਦੱਸਦਾ ਕਿ ਗੁਰੂ ਜੀ ਨੇ ਚਿੱਠੀ ਵਿੱਚ ਕੀ ਸ਼ਬਦ ਵਰਤੇ ਸਨ।
ਗੁਰਸਿੱਖਾਂ ਨੇ ਦਸਮ ਗ੍ਰੰਥ ਵਿੱਚ ਦਰਜ ਚਿੱਠੀ, ‘ਜ਼ਫਰਨਾਮਾ ਪਾ: 10’, 1 ਓਅੰ ਹੁਕਮ ਸੱਤ, ਸ੍ਰੀ ਵਾਹਿਗੁਰੂ ਜੀ ਕੀ ਫਤਹ, ਜ਼ਫਰਨਾਮਾ ਸ੍ਰੀ ਮੁਖਵਾਕ ਪਾਤਸ਼ਾਹੀ 10, ਪੜ੍ਹ ਕੇ ਇਹ ਸਮਝ ਲਿਆ ਕਿ ਇਹ ਫ਼ਾਰਸੀ ਵਿੱਚ ਕਵਿਤਾ ਰੂਪ ਚਿੱਠੀ, ਪਾ: 10 ਨੇ ਲਿਖੀ ਸੀ।
ਅਸੀਂ ਚਿੱਠੀ ਦਾ ਅਨੁਵਾਦ ਕਰਕੇ ਇਹ ਫੈਸਲਾ ਕਰਨਾ ਹੈ ਕਿ ਇਹ ਚਿੱਠੀ ਭਗਉਤੀ ਦੇ ਪੁਜਾਰੀ ਕਿਸੇ ਕਵੀ ਨੇ, ਗੁਰੂ ਜੀ ਵੱਲੋਂ ਲਿਖੀ ਦਰਸਾਈ ਹੈ, ਤੇ ਸਾਨੂੰ ਭੁਲੇਖੇ ਵਿੱਚ ਪਾਉਣ ਲਈ ਮੰਗਲਾਚਰਣ ਵਿੱਚ ਪਾ: 10 ਦਾ ਨਾਮ ਲਿਖ ਦਿੱਤਾ ਹੈ। ਰਚਨਾ ਨੂੰ ਪੜ੍ਹਨ ਵਿਚਾਰਨ ਨਾਲ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਹ ਫਤਹ ਦੀ ਚਿੱਠੀ ਨਹੀਂ, ਗੁਜ਼ਾਰਿਸ਼ ਦੀ ਚਿੱਠੀ ਬਣ ਕੇ ਉਭਰੀ ਹੈ। ਅਸੀਂ ਇਹ ਨਿਰਣਾ ਕਰਨਾ ਹੈ ਕਿ ਕੀ ਨਿਰਭੈ ਯੋਧਾ, ਪਾ: 10, ਔਰੰਗਜ਼ੇਬ ਕੋਲ ਆਪਣੀ ਲਾਚਾਰੀ ਦੱਸ ਕੇ, ਬਾਦਸ਼ਾਹ ਨਾਲ ਮੁਲਾਕਾਤ ਲਈ ਹਾੜੇ ਕੱਢਦੇ ਹਨ।
ੴ ਹੁਕਮਸੱਤ
ਸ੍ਰੀ ਵਾਹਿਗੁਰੂ ਜੀ ਕੀ ਫਤਹ।।
ਜ਼ਫਰਨਾਮਾ ਸ੍ਰੀ ਮੁਖਵਾਕ ਪਾਤਿਸਾਹੀ 10. ।
ਜ਼ਫਰਨਾਮਾ ਦੇ ਅਰਥ ਹਨ ਫਤਹ ਦੀ ਚਿੱਠੀ। ਕਵੀ ਨੇ ਇਹ ਚਿੱਠੀ ਪਾ: 10 ਦੇ ਮੁੱਖ ਤੋਂ ਉਚਾਰੀ ਦਰਸਾਈ ਹੈ।
ਕਮਾਲੇ ਕਰਾਮਾਤ ਕਾਇਮੁ ਕਰੀਮੁ।।
ਰਜਾਬਖਸ਼ ਰਾਜਿਕ ਰਹਾਕੁਨੰ ਰਹੀਮ।। (1)
(ਉਹ ਕਰਾਮਾਤ ਵਿੱਚ ਪੂਰਾ ਹੈ, ਅਚਲ ਹੈ, ਕ੍ਰਿਪਾਲੂ ਹੈ। ਜਿਹੜਾ ਉਸ ਦੇ ਭਾਣੇ ਵਿੱਚ ਚਲਦਾ ਹੈ, ਉਸ ਤੇ ਬਖਸ਼ਿਸ਼ ਕਰਨ ਵਾਲਾ, ਅੰਨ ਦਾਤਾ ਤੇ ਬੰਧਨ ਕਟਣ ਵਾਲਾ ਦਇਆਲ ਹੈ।)
ਗੁਜਾਰਿੰਦ ਏ ਕਾਰਿ ਆਲਮ ਕਬੀਰ।
ਸਨਾਜਿੰਦ ਏ ਇਲਮਿ ਆਲਮ ਅਮੀਰ। (12)
(ਜੋ ਸਾਰਿਆਂ ਤੋਂ ਵੱਡਾ ਜਗਤ ਦੇ ਕੰਮਾਂ ਨੂੰ ਚਲਾਉਣ ਵਾਲਾ ਹੈ, ਅਤੇ ਸੰਸਾਰ ਦੇ ਇਲਮ ਨੂੰ ਪਛਾਣਨ ਵਾਲਾ ਹੈ।)
ਪਹਿਲੇ 12 ਅੰਕਾਂ ਵਿੱਚ ਮੰਗਲਾਚਰਣ ਹੈ, ਅਕਾਲ ਪੁਰਖ ਦੀ ਉਸਤਤਿ ਮਾਲੂਮ ਹੁੰਦੀ ਹੈ। ਅਸੀਂ ਵਿਚਾਰ ਕਰ ਚੁਕੇ ਹਾਂ ਕਿ ਕਵੀ ਕਾਲ ਨੂੰ ਅਕਾਲ ਵੀ ਕਹਿੰਦਾ ਹੈ। ਵਾਸਤਵ ਵਿੱਚ ਇਹ ਕਾਲ ਉਸਤਤਿ ਹੈ।
ਜ਼ਫਰਨਾਮਾ ਦੀਆਂ 12 ਹਿਕਾਇਤਾਂ ਹਨ। ਪਹਿਲੀ ਹਿਕਾਇਤ ਔਰੰਗਜ਼ੇਬ ਨੂੰ ਚਿੱਠੀ ਦੇ ਰੂਪ ਵਿੱਚ ਹੈ। ਹਿਕਾਇਤ ਨੰ. 2 ਤੋਂ 12 ਤਕ ਤ੍ਰਿਯਾ ਚਰਿਤ੍ਰ ਵਰਗੀਆਂ ਫ਼ਾਰਸੀ ਬੋਲੀ ਵਿੱਚ ਵਿਭਚਾਰੀ ਤ੍ਰੀਮਤਾਂ ਦੀਆਂ ਕਹਾਣੀਆਂ ਹਨ। ਅਸੀਂ ਤ੍ਰਿਯਾ ਚਰਿਤ੍ਰ ਦੀ ਵਿਚਾਰ ਵਿੱਚ ਸਮਝ ਚੁੱਕੇ ਹਾਂ ਕਿ ਲਿਖਾਰੀ ਕਵੀ ਭਗਉਤੀ ਦੇਵੀ ਦਾ ਉਪਾਸ਼ਕ ਹੈ।
ਦਾਸਤਾਨ।। ਹਿਕਾਯਤ ਪਹਿਲੀ।।
ਮਰਾ ਏਤਬਾਰ ਬਰੀ ਕਸਤ ਨੇਸਤ।।
ਕਿ ਏਜਦ ਗੁਵਾਹ ਹਸਤੁ ਯਜਦਾ ਯਕੇਸਤ।। (13)
(ਐ ਔਰੰਗਜ਼ੇਬ, ਮੈਨੂੰ ਤੇਰੀ ਇਸ ਸੌਂਹ ਤੇ ਯਕੀਨ ਨਹੀਂ ਕਿ ਇੱਕ ਖ਼ੁਦਾ ਹੀ ਸਾਡੇ ਦੋਹਾਂ ਵਿੱਚ ਗਵਾਹ ਹੈ।)
ਨ ਕਰਤਹ ਮਰਾ ਏਤਬਾਰੇ ਬਰੋਸੁ।।
ਕਿ ਬਖਸੀ ਵਦੀਵਾਂ ਹਮਹ ਕਿਜਬਗੋਸਤ।। (14)
(ਤੇਰੇ ਫੌਜੀ ਜਰਨੈਲ ਤੇ ਮੁਸਾਹਬ ਸਭ ਝੂਠ ਬੋਲਣ ਵਾਲੇ ਹਨ। ਮੈਨੂੰ ਉਹਨਾਂ ਉਤੇ ਜ਼ਰਾ ਵੀ ਇਤਬਾਰ ਨਹੀਂ।)
ਸੁਰਿਜਨਹ ਚਿ ਕਾਰੇ ਕੁਨਦ ਚਿਹਲ ਨਰ।।
ਕਿ ਦਹਲਕ ਬਰਾਬਦ ਬਰੇ ਬੇਖਬਰ।। (19)
(ਮੇਰੇ ਚਾਲੀ ਭੁੱਖੇ ਆਦਮੀਆਂ ਤੇ ਦਸ ਲੱਖ ਫੌਜੀ ਅਚਾਨਕ ਆ ਪਏ, ਉਸ ਸਮੇਂ ਉਹ ਕੀ ਕਰ ਸਕਦੇ ਸਨ।)
ਨੋਟ: ਕੀ ਪਾ: 10 ਆਪਣੀ ਲਾਚਾਰੀ ਦੀ ਗਾਥਾ ਔਰੰਗਜ਼ੇਬ ਨੂੰ ਦੱਸਣਾ ਚਾਹੁੰਦੇ ਸਨ? (ਸਿੱਖ ਇਤਿਹਾਸ ਅਨੁਸਾਰ 40 ਸਿੰਘ ਜੰਗ ਵਿੱਚ ਜੂਝ ਕੇ ਸ਼ਹੀਦ ਹੋਏ ਸਨ।)
ਨ ਦਾਨਮ ਕਿ ਈਂ ਮਰਦ ਪੈਮਾਂ ਸ਼ਿਕਨ।।
ਕਿ ਦੌਲਤ ਪਰਸਤਸਤ ਓ ਈਮਾਂ ਫਿਕਨ।। (45)
(ਮੈਂ ਨਹੀਂ ਜਾਣਦਾ ਕਿ ਇਹ ਮਰਦ (ਔਰੰਗਜ਼ੇਬ) ਇਕਰਾਰ ਤੋੜਨ ਵਾਲਾ ਦੌਲਤ ਦਾ ਪੁਜਾਰੀ ਤੇ ਧਰਮ ਨੂੰ ਧੱਕਾ ਦੇਣ ਵਾਲਾ ਹੈ। ਭਾਵ ਇਸ ਆਦਮੀ ਦਾ ਧਰਮ ਤੇ ਕੋਈ ਯਕੀਨ ਨਹੀਂ।)
ਅਗਰ ਚਹਿ ਤੁਰਾ ਏਤਬਾਰ ਆਮਦੇ।।
ਕਮਰ ਬਸਤ ਏ ਪੇਸਵਾਰ ਆਮਦੇ।। (50)
ਅਗਰ ਹਜਰਤੇ ਖ਼ੁਦ ਸਿਤਾਦਹ ਸ਼ਵਦ।।
ਬ ਜਾਨੋ ਦਿਲੇ ਕਾਰ ਵਾਜ਼ਿਹ ਸ਼ਵਦ।। (52)
(ਐ ਬਾਦਸ਼ਾਹ! ਜੇ ਤੂੰ ਆਪ ਇਥੇ ਖੜਾ ਹੁੰਦਾ ਤਾਂ ਸਾਰੀ ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀ।)
ਸ਼ੁਮਾ ਰਾ ਫਰਜ਼ ਅਸਤ ਕਾਰੇ ਕੁਨੀ।।
ਬਮੂਜਬ ਨਵਿਸ਼ਤਹ ਸ਼ੁਮਾਰੇ ਕੁਨੀ।। (53)
(ਹੁਣ ਤੇਰਾ ਫਰਜ਼ ਬਣਣਾ ਹੈ ਕਿ ਤੂੰ ਜੋ ਵੀ ਅਮਲ ਕਰੇ, ਉਹ ਆਪਣੇ ਲਿਖੇ ਅਨੁਸਾਰ ਵਿਚਾਰ ਕਰਕੇ ਕਰੇ।)
ਬਿਯਾ ਤਾ ਸੁਖਨ ਖੁਦ ਜ਼ੁਬਾਨੀ ਕੁਨੇਮ।।
ਬਰੂਏ ਸ਼ੁਮਾ ਮਿਹਰਬਾਨੀ ਕੁਨੇਮ।। (60)
(ਤੂੰ ਏਥੇ ਕਾਂਗੜ ਵਿੱਚ ਆ ਜਾ, ਤਾਂ ਕਿ ਆਹਮੋ ਸਾਹਮਣੇ ਹੋ, ਜ਼ਬਾਨੀ ਗੱਲਬਾਤ ਕਰ ਲਈਏ।)
ਯਕੋ ਅਸਪ ਸ਼ਾਇਸਤਏ ਯਕ ਹਜ਼ਾਰ।।
ਬਯਾ ਤਾ ਬਗੀਰੀ ਬ ਮਨ ਈਂ ਦਿਯਾਰ।। (61)
(ਇੱਕ ਬਹੁਤ ਸੁੰਦਰ ਇੱਕ ਹਜ਼ਾਰ ਕੀਮਤ ਵਾਲਾ ਘੋੜਾ ਲੈ ਕੇ ਆ, ਫਿਰ ਮੇਰੇ ਕੋਲੋਂ ਇਹ ਇਲਾਕਾ ਲੈ ਲਵੀਂ।)
ਨੋਟ: ਪਾ: 10 ਔਰੰਗਜ਼ੇਬ ਨੂੰ ਘੋੜਾ ਲਿਆਉਣ ਲਈ ਨਹੀਂ ਕਹਿ ਸਕਦੇ। ਪਾ: 10 ਕਿਸੇ ਇਲਾਕੇ ਦੇ ਹੁਕਮਰਾਨ ਜਾਂ ਮਾਲਕ ਨਹੀਂ ਸਨ।
ਸ਼ਹਨਸ਼ਾਹਿ ਰਾ ਬੰਦਹੇ ਚਾਕਰੇਮ।।
ਅਗਰਹੁਕਮ ਆਬਦ ਬ ਜਾਂ ਹਾਜਰੇਮ।। (62)
(ਗਿਆਨੀ ਨਰੈਣ ਸਿੰਘ ਨੇ ਇਹ ਅਰਥ ਕੀਤੇ ਹਨ: ਅਕਾਲ ਪੁਰਖ ਜੋ ਬਾਦਸ਼ਾਹ ਹੈ ਉਸ ਦਾ ਮੈਂ ਚਾਕਰ ਤੇ ਸੇਵਕ ਹਾਂ। ਜੇ ਉਸ ਦਾ ਹੁਕਮ ਆ ਜਾਵੇ ਤਾਂ ਮੈਂ ਜਾਨ ਸਮੇਤ ਹਾਜ਼ਰ ਹਾਂ।) ਨਿਰਪੱਖ ਵਿਚਾਰ ਕਰੀਏ ਤਾਂ, ਸ਼ਾਹਨਸ਼ਾਹ ਨੂੰ ਚਿੱਠੀ ਲਿਖਦਿਆਂ ਕਵੀ ਪਾ: 10 ਵੱਲੋਂ ਇਹ ਕਹਿ ਰਿਹਾ ਹੈ, ਔਰੰਗਜ਼ੇਬ ਸ਼ਾਹਿਨਸ਼ਾਹ ਮੈਂ ਤੇਰਾ ਚਾਕਰ ਤੇ ਸੇਵਕ ਹਾਂ। ਜੇ ਤੇਰਾ ਹੁਕਮ ਆ ਜਾਵੇ ਤਾਂ ਮੈਂ ਜਾਨ ਸਮੇਤ ਹਾਜ਼ਰ ਹਾਂ।
ਨੋਟ: ਚਿੱਠੀ ਵਿੱਚ ਔਰੰਗਜ਼ੇਬ ਨੂੰ ਕਹਿਣਾ ਕਿ ਜੇ ਤੇਰਾ ਹੁਕਮ ਹੋਵੇ ਪਾਤਸ਼ਾਹੀ 10 ਦੀ ਸ਼ਖ਼ਸੀਅਤ ਦੇ ਵਿਪਰੀਤ ਹੈ, ਪਾ: 10 ਦੀ ਤੌਹੀਨ ਹੈ।
ਅਗਰਚੇ ਬਿਯਾਮਦ ਬਫੁਰਮਾਨੇ ਮਨ।।
ਹਜੂਰਤ ਬਿਆਯਮ ਹਮਹ ਜਾਨੇ ਤਨ।। (63)
(ਜੇ ਮੈਨੂੰ ਹੁਕਮ ਆ ਗਿਆ ਤਾਂ ਮੈਂ ਤੇਰੇ ਸਾਹਮਣੇ ਜਾਨ ਤੇ ਸਰੀਰ ਕਰਕੇ ਆ ਜਾਵਾਂਗਾ।)
ਨੋਟ: ਕੀ ਗੁਰੂ ਜੀ ਔਰੰਗਜ਼ੇਬ ਨੂੰ ਚਿੱਠੀ ਲਿਖ ਕੇ ਉਸਦੇ ਹੁਕਮ ਦੀ ਉਡੀਕ ਕਰ ਰਹੇ ਸਨ? ਇਹ ਕਿਸੇ ਬੇਬਸ ਇਨਸਾਨ ਦਾ ਕਹਿਣਾ ਹੀ ਹੋ ਸਕਦਾ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਔਰੰਗਜ਼ੇਬ ਦੀ ਹਰ ਕੋਸ਼ਿਸ਼ ਦੇ ਬਾਵਜੂਦ ਉਸਨੂੰ ਦਰਸ਼ਨ ਨਹੀਂ ਦਿੱਤੇ।
ਅਗਰ ਤੂੰ ਬਯੁਜਦਾਂ ਪਰਤਸੀ ਕੁਨੀ।।
ਬ ਕਾਰੇ ਮਰਾ ਈਂ ਨ ਸੁਸਤੀ ਕੁਨੀ।।
(ਜੇਕਰ ਤੂੰ ਪ੍ਰਭੂ ਦਾ ਪੁਜਾਰੀ ਹੈ, ਤਾਂ ਮੇਰੇ ਇਸ ਕੰਮ ਵਿੱਚ ਆਲਸ ਨਾ ਕਰੀ, ਭਾਵ ਮੈਨੂੰ ਮਿਲਨ ਵਿੱਚ ਢਿੱਲ ਨਾ ਕਰੀਂ।)
ਨੋਟ: ਕੀ ਪਾ: 10 ਹਰ ਤਰ੍ਹਾਂ ਨਾਲ ਪਰਮੇਸਰ ਦਾ ਵਾਸਤਾ ਪਾ ਕੇ ਔਰੰਗਜ਼ੇਬ ਨੂੰ ਮਿਲਣ ਲਈ ਬੇਨਤੀ ਕਰ ਰਹੇ ਹਨ?
ਇਸ ਪਹਿਲੀ ਹਿਕਾਯਤ ਦੀ ਕਹਾਣੀ ਵਿੱਚ 115 ਬੰਦ ਹਨ। ਇਸ ਸਾਰੀ ਚਿੱਠੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਲਾਚਾਰ, ਬੇਬਸ, ਵਕਤ ਦੇ ਬਾਦਸ਼ਾਹ ਕੋਲ ਉਸ ਦੇ ਜਰਨੈਲਾਂ, ਤੇ ਕਾਜ਼ੀਆਂ ਦੀਆਂ ਸ਼ਿਕਾਇਤਾਂ, ਆਪਣੇ ਉਪਰ ਜ਼ੁਲਮ ਕਰਨ ਵਾਲੇ ਔਰੰਗਜ਼ੇਬ ਕੋਲ ਕੀਤੀਆਂ ਦਰਸਾਈਆਂ ਗਈਆਂ ਹਨ। ਇਹ ਉਸ ਨਿਰਭੈ ਯੋਧਾ, ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਦੇ ਉਲਟ ਸੰਦੇਸ਼ ਦੇਣ ਵਾਲੀ ਰਚਨਾ ਹੈ। ਗੁਰੂ ਗੋਬਿੰਦ ਸਿੰਘ ਤੇ ਜੰਗਾਂ ਵਿੱਚ ਸ਼ਹੀਦ ਹੋਏ ਸਿੰਘਾਂ ਤੇ ਹੋਰ ਸਿੰਘ ਬਹਾਦਰਾਂ ਦੀ ਤੌਹੀਨ ਹੈ। ਇਸ ਰਚਨਾ ਨੂੰ ਨਿਰਪੱਖ ਹੋ ਕੇ ਪੜ੍ਹਨ ਨਾਲ ਇਹ ਹੀ ਨਤੀਜਾ ਨਿਕਲਦਾ ਹੈ। ਕਿਸੇ ਹਿੰਦੂ, ਮੁਸਲਮਾਨ, ਈਸਾਈ ਜਾਂ ਹੋਰ ਨਿਰਪੱਖ ਇਨਸਾਨ ਨੂੰ ਇਹ ਰਚਨਾ ਪੜ੍ਹ ਕੇ ਪੁਛੋ ਕਿ ਉਹ ਗੁਰੂ ਗੋਬਿੰਦ ਸਿੰਘ ਬਾਰੇ ਇਸ ਆਧਾਰ ਤੇ ਕੀ ਸੋਚਦਾ ਹੈ? ਇਸ ਪਹਿਲੀ ਹਿਕਾਅਤ ਤੋ ਅਗੇ ਦੂਸਰੀ ਹੈ ਤੇ ਜਫਰਨਾਮਾ ਦੀ ਸਾਰੀ ਰਚਨਾ 12ਵੀਂ ਹਿਕਾਅਤ ਤੇ ਸਮਾਪਤ ਹੁੰਦੀ ਹੈ।
ਗਿਆਨੀ ਭਾਗ ਸਿੰਘ ਆਪਣੀ ਪੁਸਤਕ ਵਿੱਚ ਕੁੱਝ ਹਿਕਾਇਤਾਂ ਦੀ ਵਿਚਾਰ ਵਿਸਥਾਰ ਨਾਲ ਕਰਦੇ ਹਨ। ਹਿਕਾਇਤਾਂ ਤ੍ਰਿਯ ਚਰਿਤ੍ਰ ਵਰਗੀਆਂ ਫ਼ਾਰਸੀ ਬੋਲੀ ਵਿੱਚ ਵਿਭਚਾਰੀ ਤ੍ਰੀਮਤਾਂ ਦੀਆਂ ਕਹਾਣੀਆਂ ਹਨ। ਇਸ ਤੋਂ ਅੱਗੇ ਗਿਆਨੀ ਭਾਗ ਸਿੰਘ ਜੀ ਦੀ ਪੁਸਤਕ ਦੇ ਪੰਜ ਪੰਨਿਆਂ ਦੀ ਨਕਲ ਹੈ (ਪੰਨਾ 101 ਤੋਂ 105) -
ਦੂਜੀ ਹਿਕਾਇਤ ਦੇ 139 ਬੰਦ ਹਨ ਜਿੰਨ੍ਹਾਂ ਦਾ ਸੰਖੇਪਕ ਸਾਰ ਇਹ ਹੈ ਕਿ ਇੱਕ ਉੱਤਰ ਦੇਸ਼ ਦਾ ਰਾਜਾ ਹਰਿਦੁਆਰ ਆ ਕੇ ਆਪਣੀ ਕੰਨਯਾ ਬਚਿਤ੍ਰਮਤੀ ਦਾ ਸ੍ਹਯੰਬਰ ਰਚਦਾ ਹੈ। ਉਹ ਅਨੇਕਾਂ ਰਾਜਕੁਮਾਰਾਂ ਵਿਚੋਂ ਇੱਕ ਸੂਰਮਾ ਸੁਭਟ ਸਿੰਘ ਪਸੰਦ ਕਰਦੀ ਹੈ। … ਸੁਭਟ ਸਿੰਘ ਕਹਿੰਦਾ ਹੈ ਕਿ ਮੇਰੀ ਇੱਕ ਰਾਣੀ ਅਗੇ ਹੈ, ਇਸ ਲਈ ਮੈਂ ਦੂਜਾ ਵਿਆਹ ਨਹੀਂ ਕਰਾਉਂਦਾ … ਰਾਜੇ ਵਲੋਂ ਇੱਕ ਮੰਨਿਆ-ਪ੍ਰਮੰਨਿਆ ਕਰਮ-ਕਾਂਡੀ ਬ੍ਰਾਹਮਣ ਜਾ ਕੇ ਸੁਭਟ ਸਿੰਘ ਨੂੰ ਬਚਿਤ੍ਰਮਤੀ ਲਈ ਮਜਬੂਰ ਕਰਦਾ ਹੈ … ਸੁਭਟ ਸਿੰਘ ਕੁਰਾਨ ਅਤੇ ਰਸੂਲ ਦੀ ਕਸਮ ਚੁਕ ਕੇ ਕਹਿੰਦਾ ਹੈ ਕਿ ਮੈਂ ਦੂਜਾ ਵਿਆਹ ਨਹੀਂ ਕਰਾਉਣਾ, ਜਿਵੇਂ ਕਿ-
ਕਿ ਈਂ ਰਾ ਮਨ ਹਰਗਿਜ਼ ਨ ਕਰਦਮ ਕਬੂਲ,
ਕਿ ਕਉਲੇ ਕੁਰਾਨਸਤ ਕਸਮੇ ਰਸੂਲ।। (ਬੰਦ 35)
ਬਚਿਤ੍ਰਮਤੀ ਗੁੱਸੇ ਵਿੱਚ ਆ ਕੇ ਕਹਿੰਦੀ ਹੈ ਕਿ ਹੁਣ ਮੈਂ ਉਸ ਨੂੰ ਵਰ੍ਹਾਂਗੀ ਜੋ ਮੇਰੇ ਨਾਲ ਜੁੱਧ ਕਰਕੇ ਮੈਨੂੰ ਹਰਾਵੇ … ਜੰਗ ਛਿੜਦੀ ਹੈ ਜਿਸ ਵਿੱਚ ਬੰਦੀ, ਜੋਧਪੁਰ, ਅੰਬੇਰ, ਚੀਨ ਆਦਿਕ ਵਡਿਆਂ-ਵਡਿਆਂ ਮੁਲਕਾਂ ਦੇ ਅਨੇਕਾਂ ਰਾਜੇ ਇਕੱਲੀ ਬਚਿਤ੍ਰਮਤੀ ਹਥੋਂ ਮਾਰੇ ਜਾਂਦੇ ਹਨ। ਸੁਭਟ ਸਿੰਘ ਦੀ ਵਾਰੀ ਆਉਂਦੀ ਹੈ ਜਿਸ ਨੂੰ ਮੱਥੇ ਵਿੱਚ ਤੀਰ ਮਾਰ ਕੇ ਡੇਗਦੀ ਹੈ … ਇੱਕ ਹੋਰ ਤੀਰ ਉਸਦੀ ਸ਼ਾਹਰੱਗ ਵਿੱਚ ਮਾਰ ਕੇ ਬੇਹੋਸ਼ ਕਰ ਦਿੰਦੀ ਹੈ, ਫਿਰ ਉਸਦੀ ਪਹਿਲੀ ਰਾਣੀ ਦਾ ਰੂਪ ਬਣਾ ਕੇ ਪਾਣੀ ਪਿਲਾਉਂਦੀ ਹੋਈ, ਉਸਨੂੰ ਹੋਸ਼ ਵਿੱਚ ਲਿਆਉਂਦੀ ਹੈ … ਸੁਭਟ ਸਿੰਘ ਉਸਨੂੰ ਆਪਣੀ ਪਹਿਲੀ ਰਾਣੀ ਸਮਝ ਕੇ ਆਉਣ ਦਾ ਕਾਰਣ ਪੁੱਛਦਾ ਹੈ ਜਿਸ ਦਾ ਉਤਰ ਇਹ ਦਿੰਦੀ ਹੈ ਕਿ ਤੁਸੀਂ ਜਿਊਂਦੇ ਹੋਵੋ ਤਾਂ ਮਲ੍ਹਮ-ਪੱਟੀ ਆਦਿਕ ਦੀ ਸੇਵਾ ਕਰਾਂਗੀ, ਨਹੀਂ ਤਾਂ ਤੁਹਾਡੀ ਲਾਸ਼ ਲੈ ਆਵਾਂਗੀ … ਸੁਭਟ ਸਿੰਘ ਪ੍ਰਸੰਨ ਹੋ ਕੇ ਕਹਿੰਦਾ ਹੈ ਕਿ ਕੁੱਝ ਮੰਗ … ਉਤਰ ਇਹ ਦਿੰਦੀ ਹੈ ਕਿ ਤੁਸੀਂ ਮਰ ਕੇ ਨਵੇਂ ਸਿਰ ਜਨਮ ਲਿਆ ਹੈ, ਇਸ ਲਈ ਤੁਸੀਂ ਮੇਰੇ ਨਾਲ ਨਵੇਂ ਸਿਰਿਓਂ ਲਾਵਾਂ ਲੈ ਲਵੋ। ਫਿਰ ਅਗਨੀ ਪ੍ਰਚੰਡ ਕਰਕੇ ਚਾਰ ਫੇਰੇ ਲੈਣ ਉਪ੍ਰੰਤ ਰਥ ਵਿੱਚ ਬਿਠਾ ਕੇ ਆਪਣੇ ਡੇਰੇ ਲਿਆਉਂਦੀ ਹੈ। ਸੁਭਟ ਸਿੰਘ ਚੰਗੀ ਹੋਸ਼ ਆ ਜਾਣ ਤੇ ਪੁੱਛਦਾ ਹੈ ਕਿ ਹੁਣ ਮੈਂ ਕਿਥੇ ਹਾਂ ਅਤੇ ਤੂੰ ਕੌਣ ਹੈ, ਜਿਸਦਾ ਉਤਰ ਇਹ ਦਿੰਦੀ ਹੈ ਕਿ ਮੈਂ ਬਚਿਤ੍ਰਮਤੀ ਹਾਂ ਜਿਸਨੇ ਤੁਸਾਨੂੰ ਜੰਗ ਵਿੱਚ ਬੇਹੋਸ਼ ਕਰਨ ਉਪ੍ਰੰਤ ਤੁਸਾਡੇ ਨਾਲ ਫੇਰੇ ਲੈ ਕੇ ਵਿਆਹ ਕਰਾ ਲਿਆ ਹੈ … ਇਸ ਤੋਂ ਅੱਗੇ ਅਸ਼ਲੀਲਕ ਵਰਨਣ ਹੈ, ਉਹ ਲਿਖਣ ਤੋਂ ਲੇਖਣੀ ਕੰਬਦੀ ਹੈ - ਪਾਠਕ ਆਪ ਹੀ ਵੇਖ ਸਕਦੇ ਹਨ।
ਨੋਟ: ਇਸ ਹਿਕਾਇਤ ਅਤੇ 52ਵੇਂ ਤ੍ਰਿਯਾ ਚਰਿਤ੍ਰ ਵਿੱਚ ਕੋਈ ਭਿੰਨ-ਭੇਦ ਨਹੀਂ, ਕੇਵਲ ਹਿੰਦੀ ਭਾਸ਼ਾ ਅਤੇ ਫ਼ਾਰਸੀ ਜ਼ਬਾਨ ਦਾ ਅੰਤਰ ਹੈ। ਤ੍ਰਿਯਾ ਚਰਿਤ੍ਰ ਵਿੱਚ ਬਚਿਤ੍ਰਮਤੀ ਦੇ ਪਿਤਾ ਦਾ ਨਾਮ ਬਿਜੈ ਸਿੰਘ ਹੈ ਅਤੇ ਉਸਨੂੰ ਸੂਰਜਬੰਸ਼ੀ ਲਿਖਿਆ ਹੈ ਪਰ ਕੁਰਾਨ ਆਦਿਕ ਦੀ ਸੌਗੰਧ ਨਹੀਂ ਲਿਖੀ। ਕਦੇ ਇਸ ਹਿਕਾਇਤ ਦੇ ਸ਼ਾਇਰ ਤੋਂ ਪੁਛਿਆ ਜਾਵੇ ਕਿ ਹਿੰਦੂ ਧਰਮ ਦੇ ਇੱਕ ਮੰਨੇ-ਪ੍ਰਮੰਨੇ ਮਹਾਨ ਤੀਰਥ ਹਰਿਦੁਆਰ ਉਤੇ ਇੱਕ ਸੂਰਜਬੰਸ਼ੀ ਹਿੰਦੂ ਰਾਜੇ ਵਲੋਂ ਸੁਅੰਬਰ ਹੈ ਅਤੇ ਇੱਕ ਕਰਮਕਾਂਡੀ ਬ੍ਰਾਹਮਣ ਵਿਚੋਲਗੀ ਕਰ ਰਿਹਾ ਹੈ ਪਰ ਇੱਕ ਹਿੰਦੂ ਸੁਭਟ ਸਿੰਘ ਕੁਰਾਨ ਸ਼ਰੀਫ਼ ਅਤੇ ਹਜ਼ਰਤ ਮੁਹੰਮਦ ਸਾਹਿਬ ਦੀ ਕਸਮ ਚੁਕਦਾ ਹੈ, ਤਾਂ ਕੀ ਉਤਰ ਦੇਵੇਗਾ।
ਮੁੱਕਦੀ ਗੱਲ ਇਹ ਕਿ ਇਹ ਹਿਕਾਇਤ ਜੋ ਤ੍ਰੀਯਾ ਚਰਿਤ੍ਰਾਂ ਵਿਚੋਂ 52ਵੇਂ ਚਰਿਤ੍ਰ ਦਾ ਦੂਜਾ ਰੂਪ ਅਤੇ ਨਿਰਾ ਕੁਫ਼ਰ ਤੋਲਿਆ ਹੋਇਆ ਹੈ, ਉਹ ਦਸਵੇਂ ਗੁਰਦੇਵ ਵਲੋਂ ਔਰੰਗਜ਼ੇਬ ਨੂੰ ਲਿਖ ਭੇਜਣੀ ਸਿੱਧ ਕਰਨ ਵਾਲਾ ਜਾਣ-ਬੁੱਝ ਕੇ ਗੁਰਸਿੱਖਾਂ ਨੂੰ ਧੋਖਾ ਨਹੀਂ ਦੇ ਰਿਹਾ, ਤਾਂ ਹੋਰ ਕੀ ਹੈ?
ਹਿਕਾਇਤ ਚੌਥੀ ਦੇ ਕੁਲ 51 ਬੰਦ ਹਨ, ਜਿੰਨ੍ਹਾਂ ਦਾ ਨਿਚੋੜ ਇਹ ਹੈ ਕਿ ਇੱਕ ਕਾਜ਼ੀ ਦੀ ਔਰਤ ਇੱਕ ਰਾਜੇ ਉਤੇ ਮੋਹਿਤ ਹੋ ਕੇ ਆਪਣੀ ਮਲੀਨ ਵਾਸ਼ਨਾ ਪ੍ਰਗਟ ਕਰਦੀ ਹੈ … ਰਾਜਾ ਕਹਿੰਦਾ ਹੈ ਕਿ ਤੂੰ ਪਹਿਲਾਂ ਆਪਣੇ ਘਰਵਾਲੇ ਦਾ ਸਿਰ ਵੱਢ ਲਿਆਵੇਂ ਤਾਂ ਮੈਂ ਤੈਨੂੰ ਆਪਣੇ ਘਰ ਰਖ ਲਵਾਂਗਾ … ਤੁਰਕਨੀ ਘਰ ਆ ਕੇ ਸੁੱਤੇ ਪਏ ਕਾਜ਼ੀ ਦਾ ਸਿਰ ਵੱਢ ਕੇ ਲਹੂ ਲਿਬੜਿਆ ਸਿਰ ਰਾਜੇ ਨੂੰ ਆ ਕੇ ਵਿਖਾਉਂਦੀ ਹੈ … ਰਾਜਾ ਸਿਰ ਵੇਖ ਕੇ ਡਰਦਾ ਹੋਇਆ ਕਹਿੰਦਾ ਹੈ ਕਿ ਤੂੰ ਆਪਣੇ ਖਸਮ ਨੂੰ ਵੱਢ ਛੱਡਿਆ ਹੈ, ਰੱਬ ਜਾਣੇ ਕਿ ਤੂੰ ਮੇਰੇ ਨਾਲ ਕੀ ਕੁੱਝ ਕਰੇਂਗੀ, ਇਸ ਲਈ ਇਥੋਂ ਚਲੀ ਜਾ।
ਤੁਰਕਨੀ ਗੁੱਸੇ ਨਾਲ ਭਰੀ ਹੋਈ ਰਾਜੇ ਦੀ ਅਖੋਂ ਬਚਾ ਕੇ ਵੱਢਿਆ ਹੋਇਆ ਸਿਰ ਉਥੇ ਹੀ ਰਖ ਦਿੰਦੀ ਹੈ ਤੇ ਘਰ ਆ ਕੇ ਰੋਣ-ਪਿੱਟਣ ਲਗ ਜਾਂਦੀ ਹੈ … ਲੋਕਾਂ ਦਾ ਇਕੱਠ ਹੋ ਜਾਣ ਤੇ ਕਹਿੰਦੀ ਹੈ ਕਿ ਕੋਈ ਜ਼ਾਲਮ ਕਾਜ਼ੀ ਸਾਹਿਬ ਦਾ ਸਿਰ ਵੱਢ ਕੇ ਲੈ ਗਿਆ ਹੈ … ਫਿਰ ਵੱਢੇ ਹੋਏ ਸਿਰ ਵਿਚੋਂ ਡੁਲ੍ਹਦੇ ਲਹੂ ਦੇ ਨਿਸ਼ਾਨਾਂ ਉਤੇ ਲੋਕਾਂ ਨੂੰ ਲਿਜਾ ਕੇ ਸਿਰ ਵਿਖਾਉਂਦੀ ਹੈ … ਲੋਕ ਵੱਢੇ ਹੋਏ ਸਿਰ ਸਮੇਤ ਰਾਜੇ ਨੂੰ ਜਹਾਂਗੀਰ ਦੇ ਪੇਸ਼ ਕਰਦੇ ਹਨ … ਜਹਾਂਗੀਰ ਰਾਜੇ ਨੂੰ ਤੁਰਕਨੀ ਦੇ ਹਵਾਲੇ ਕਰ ਦਿੰਦਾ ਹੈ। ਤੁਰਕਨੀ ਉਸਨੂੰ ਜਲਾਦਾਂ ਦੇ ਹਵਾਲੇ ਕਰਨ ਲਗਦੀ ਹੈ ਤਾਂ ਰਾਜੇ ਵਲੋਂ ਅੱਖ ਦੇ ਇਸ਼ਾਰੇ ਰਾਹੀਂ ਤੁਰਕਨੀ ਦੀ ਰਜ਼ਾਮੰਦੀ ਮੰਨ ਜਾਣ ਉਤੇ ਉਸਦੀ ਜਾਨ ਬਖਸ਼ੀ ਕਰਕੇ ਆਪ ਮੱਕੇ ਵੱਲ ਨੂੰ ਟੁਰ ਪੈਂਦੀ ਹੈ … ਕੁੱਝ ਦੂਰ ਜਾ ਕੇ ਲੋਕਾਂ ਵਲੋਂ ਅੱਖ ਬਚਾਉਂਦੀ ਹੋਈ ਰਾਜੇ ਕੋਲ ਆ ਜਾਂਦੀ ਹੈ।
ਹੁਣ ਵੇਖੋ ਤ੍ਰੀਯਾ ਚਰਿਤ੍ਰਾਂ ਵਿਚੋਂ 267ਵਾਂ ਚਰਿਤ੍ਰ ਜਿਸਦੇ ਕੁਲ 22 ਬੰਦ ਹਨ ਅਤੇ ਇੰਨ-ਬਿੰਨ ਉਤੇ ਲਿਖੀ ਚੌਥੀ ਹਿਕਾਇਤ ਦਾ ਹਿੰਦੀ ਭਾਸ਼ਾ ਵਿੱਚ ਰੂਪ ਚਿਤਰਿਆ ਹੈ ਤੇ ਨਾਲ ਹੀ ਉਸ ਰਾਜੇ ਦਾ ਨਾਮ ਵੀ ਰੂਪ ਸੈਨ ਲਿਖਿਆ ਹੋਇਆ ਹੈ।
ਸ਼ੋਕ ਕਿ ਇਹੋ ਜਿਹੇ ਗਪੌੜ (ਜਿੰਨ੍ਹਾਂ ਤੋਂ ਵੱਡੇ-ਵੱਡੇ ਗਪੌੜੀ ਵੀ ਨੱਕ ਵੱਟ ਲੈਣ) ਵੀ ਅਰਸ਼ੀ ਪ੍ਰੀਤਮ ਦਸ਼ਮੇਸ਼ ਵਲੋਂ ਔਰੰਗਜ਼ੇਬ ਨੂੰ ਲਿਖ ਭੇਜਣੇ ਦਰਸਾਉਣ ਵਾਲੇ ਵਿਦਵਾਨ ਸੱਜਣ ਜ਼ਫ਼ਰਨਾਮੇ ਤੋਂ ਪਿਛਲੀਆਂ ਹਿਕਾਇਤਾਂ ਅਤੇ ਤ੍ਰੀਯਾ ਚਰਿਤ੍ਰਾਂ ਦਾ ਪਾਜ ਉਘੇੜਨ ਦੀ ਥਾਵੇਂ ਉਲਟੀ ਦਸ਼ਮੇਸ਼ ਸਿੱਧ ਕਰਨ ਉਤੇ ਤੁਲੇ ਹੋਏ ਹਨ।
ਜ਼ਫ਼ਰਨਾਮੇ ਤੋਂ ਬਿਨਾ 11ਵੀਂ ਅੰਤਲੀ ਹਿਕਾਇਤ ਦੇ 21 ਬੰਦ ਹਨ ਜਿੰਨ੍ਹਾਂ ਦਾ ਸਿੱਟਾ ਇਹ ਹੈ ਕਿ ਇੱਕ ਰਹੀਮ ਖ਼ਾਨ ਪਠਾਣ ਦੀ ਔਰਤ ਆਪਣੇ ਯਾਰ ਹਸਨ ਖ਼ਾਨ ਨੂੰ ਘਰ ਬੁਲਾ ਕੇ ਵਿਭਚਾਰ ਕਰਦੀ ਹੈ … ਕੋਈ ਆਦਮੀ ਰਹੀਮ ਖ਼ਾਨ ਨੂੰ ਖਬਰ ਦਿੰਦਾ ਹੈ … ਉਹ ਗੁੱਸੇ ਭਰਿਆ ਤਲਵਾਰ ਫੜ ਕੇ ਘਰ ਆਉਂਦਾ ਹੈ … ਪਠਾਣੀ ਆਪਣੇ ਯਾਰ ਨੂੰ ਵੇਖ ਕੇ ਦੇਗ਼ ਅੰਦਰ ਗੋਸ਼ਤ ਰਿੰਨ੍ਹ ਕੇ ਰਹੀਮ ਖ਼ਾਨ ਨੂੰ ਖੁਆ ਕੇ ਖੁਸ਼ ਕਰ ਦਿੰਦੀ ਹੈ, ਉਹ ਖਬਰ ਦੇਣ ਵਾਲੇ ਨੂੰ ਉਲਟਾ ਝੂਠਾ ਸਮਝ ਕੇ ਵੱਢ ਛੱਡਦਾ ਹੈ।
ਕੁਰਬਾਨ ਜਾਈਏ ਇਸ ਸ਼ਾਇਰ ਤੋਂ ਜੋ ਅੱਖ ਦੇ ਪਲਕਾਰੇ ਵਿੱਚ ਹਸਨ ਖ਼ਾਨ ਨੂੰ ਵੱਢ ਕੇ ਉਸਦਾ ਖੂਨ ਅਤੇ ਹੱਡੀ-ਪਸਲੀ ਆਦਿਕ ਉਸੇ ਵੇਲੇ ਕਿਨਾਰੇ ਲਾ ਕੇ ਗੋਸ਼ਤ ਵੀ ਖਾ-ਖੁਵਾ ਦਿੰਦਾ ਹੈ, ਹਾਲਾਂਕਿ ਇਹ ਘਟਨਾ ਸੁਪਨੇ ਵਿੱਚ ਵੀ ਵੇਖੀ ਜਾਵੇ ਤਾਂ ਵੀ ਕੁੱਝ ਨਾ ਕੁੱਝ ਵਕਤ ਜ਼ਰੂਰ ਲਗ ਜਾਂਦਾ ਹੈ।
ਹੁਣ ਵੇਖੋ ਤ੍ਰੀਯਾ ਚਰਿਤ੍ਰ 221 ਜਿਸਦੇ ਕੇਵਲ 7 ਬੰਦ ਹਨ ਪਰ ਹਿੰਦੀ ਭਾਸ਼ਾ ਦੇ ਲਿਬਾਸ ਵਿੱਚ ਪ੍ਰਤੱਖ ਹੀ ਉਪਰਲੀ ਹਿਕਾਇਤ ਦਿੱਸਦੀ ਹੈ। ਹਾਂ, ਕੁੱਝ ਨਾਵਾਂ ਵਿੱਚ ਅਦਲਾ-ਬਦਲੀ ਹੈ ਜਿਵੇਂ ਕਿ ਹਿਕਾਇਤ ਵਿੱਚ ਪਠਾਣ ਦਾ ਨਾਮ ਰਹੀਮਖ਼ਾਨ ਲਿਖਿਆ ਹੈ ਪਰ ਇਥੇ ਸੰਮਨਖ਼ਾਨ ਹੈ ਅਤੇ ਪਠਾਣੀ ਦਾ ਨਾਮ ਹਿਕਾਇਤ ਵਿੱਚ ਤਾਂ ਹੈ ਹੀ ਨਹੀਂ ਪਰ ਇਥੇ ‘ਸ੍ਰੀ ਮ੍ਰਿਗਰਾਜਮਤੀ’ ਲਿਖਿਆ ਹੈ (ਵਾਹ ਰੇ ਕਵੀ ਜੀ ਮਹਾਰਾਜ) ਘਰਵਾਲੇ ਦਾ ਨਾਮ ਸੰਮਨਖ਼ਾਨ ਪਰ ਘਰਵਾਲੀ ਦਾ ਨਾਮ ਸ੍ਰੀ ਮ੍ਰਿਗਰਾਜਮਤੀ - ‘ਮੂੰਹ ਗਊ ਦਾ, ਧੜ ਗਧੇ ਦਾ’ ਵਾਲੀ ਕਹਾਵਤ ਵਾਂਗੂ ਕਿਹਾ ਢੁਕਵਾਂ ਜੋੜ ਹੈ। ਪਠਾਣੀ ਦੇ ਯਾਰ ਦਾ ਹਿਕਾਇਤ ਵਿੱਚ ਨਾਮ ਹਸਨਖ਼ਾਨ ਹੈ ਪਰ ਇਥੇ ਸ਼ਾਦੀਖ਼ਾਨ ਲਿਖਿਆ ਹੈ।
8 ਵੀਂ ਹਿਕਾਇਤ ਦੇ 47 ਬੰਦ ਹਨ ਪਰ ਕਹਾਣੀ 40 ਬੰਦਾਂ ਉੱਤੇ ਮੱਕ ਜਾਂਦੀ ਹੈ, ਬਾਕੀ ਦੇ ਅੰਕ ਅਉਕਵੇਂ ਜਿਹੇ ਹਨ ਭਾਵ ਹਿਕਾਇਤ ਨਾਲ ਮੇਲ ਨਹੀਂ ਖਾਂਦੇ। ਹਿਕਾਇਤ ਦਾ ਸੰਕੋਚਵਾਂ ਸਾਰ ਇਹ ਹੈ ਕਿ ਬਾਦਸ਼ਾਹ ਆਜ਼ਮਸ਼ਾਹ ਦੀ ਬੇਗ਼ਮ ਆਪਣੇ ਯਾਰ ਨੂੰ ਘਰ ਬੁਲਾਉਂਦੀ ਹੈ, ਜਿਸ ਦੇ ਦੋ-ਦੋ ਨੌਜਵਾਨ ਹਾਥੀਆਂ ਵਰਗੀ ਡੀਲ-ਡੌਲ ਵਾਲੇ ਪੁੱਤਰਾਂ ਨੂੰ ਸੁਤਿਆਂ ਵੇਖ ਉਹ ਘਬਰਾ ਕੇ ਕਹਿੰਦਾ ਹੈ ਕਿ ਇਹਨਾਂ ਨੂੰ ਜਾਗ ਆ ਗਈ ਤਾਂ ਮੈਨੂੰ ਮਾਰ ਸੁਟਣਗੇ, ਇਸ ਲਈ ਪਹਿਲੇ ਇਹਨਾਂ ਦਾ ਕੋਈ ਬੰਦੋਬਸਤ ਕਰਕੇ ਫਿਰ ਮੈਨੂੰ ਬੁਲਾਈਂ, ਇਹ ਕਹਿ ਕੇ ਵਾਪਸ ਚਲਾ ਜਾਂਦਾ ਹੈ।
ਬੇਗ਼ਮ ਦੋਹਾਂ ਪੁੱਤਰਾਂ ਨੂੰ ਸ਼ਰਾਬ ਰਾਹੀਂ ਮਸਤ ਕਰਕੇ ਵੱਢ ਸੁੱਟਣ ਉਪ੍ਰੰਤ ਰੋਣ-ਪਿੱਟਣ ਲਗ ਜਾਂਦੀ ਹੈ … ਲੋਕਾਂ ਦਾ ਇਕੱਠ ਵੇਖ ਕੇ ਇਹ ਦੱਸਦੀ ਹੈ ਕਿ ਇਹਨਾਂ ਦੋਹਾਂ ਸ਼ਰਾਬ ਪੀ ਕੇ ਬੇਹੋਸ਼ੀ ਵਿੱਚ ਇਕ-ਦੈਜੇ ਨੂੰ ਕਤਲ ਕਰ ਦਿੱਤਾ ਹੈ … ਫਿਰ ਫਟੇ-ਪੁਰਾਣੇ ਕਪੜੇ ਪਾ ਕੇ ਫਕੀਰਨੀ ਰੂਪ ਵਿੱਚ ਜੰਗਲ ਚਲੀ ਜਾਂਦੀ ਹੈ … ਉਜਾੜ ਵਿੱਚ ਸ਼ਿਵ ਜੀ ਮਹਾਰਾਜ ਦਰਸ਼ਨ ਦੇ ਕੇ ਪੁੱਛਦੇ ਹਨ ਕਿ ਤੂੰ ‘ਹੂਰ’ ਹੈ ਜਾਂ ‘ਪਰੀ’ ਅਥਵਾ ਆਕਾਸ਼ੋਂ ਉਤਰਿਆ ਚੰਦ੍ਰਮਾ ਹੈ … ਉਤਰ ਦਿੰਦੀ ਹੈ ਕਿ ਮੈਂ ਬਿਲਸ਼ਿਤਾਂ ਦੇਸ਼ ਦੇ ਬਾਦਸ਼ਾਹ ਦੀ ਬੇਟੀ ਹਾਂ … ਸ਼ਿਵ ਜੀ ਪ੍ਰਸੰਨ ਹੋ ਕੇ ਕਹਿੰਦੇ ਹਨ ਕਿ ਵਰ ਮੰਗ … ਵਰ ਇਹ ਮੰਗਦੀ ਹੈ ਕਿ ਮੈਂ ਬੁਢਿਉਂ ਜਵਾਨ ਹੋ ਕੇ ਆਪਣੇ ਯਾਰ ਨੂੰ ਮਿਲ ਪਵਾਂ।
ਵਰ ਪ੍ਰਾਪਤੀ ਉਪ੍ਰੰਤ ਯਾਰ ਦੇ ਖੂਹ ਉਤੇ ਜਾ ਬੈਠਦੀ ਹੈ … ਯਾਰ ਨੂੰ ਆਉਂਦਿਆਂ ਵੇਖ ਬਾਰ੍ਹਾਂਸਿੰਗ੍ਹੇ ਦਾ ਰੂਪ ਧਾਰ ਕੇ ਦੌੜਦੀ ਹੈ … ਯਾਰ ਵੀ ਉਸਦੇ ਪਿਛੇ-ਪਿਛੇ ਘੋੜਾ ਦੁੜਾਉਂਦਾ ਹੈ … ਬਹੁਤ ਦੂਰ ਜਾ ਕੇ ਖ਼ੂਬਸੂਰਤ ਨੌਜਵਾਨ ਬਣ ਜਾਂਦੀ ਹੈ ਅਤੇ ਯਾਰ ਨਾਲ ਚਲੀ ਜਾਂਦੀ ਹੈ।
ਹੁਣ ਉਤੇ ਲਿਖੇ ਕੋਰੇ ਦੇ ਕੋਰੇ ਝੂਠ ਨੂੰ ਸੱਚ ਮੰਨਿਆ ਜਾਵੇ ਤਾਂ ਇਹ ਵੀ ਮੰਨਣਾ ਪਵੇਗਾ ਕਿ ਬਾਦਸ਼ਾਹ ਦੀ ਬੇਗ਼ਮ ਨੇ ਬੁਢਾਪੇ ਵਿੱਚ ਹੁੰਦਿਆਂ ਵੀ ਯਾਰ ਦੀ ਪ੍ਰਸੰਨਤਾ ਲਈ ਆਪਣੇ ਪਾਲੇ-ਪੋਸੇ ਵੱਡੀ ਡੀਲ-ਡੌਲ ਵਾਲੇ ਦੋਹਾਂ ਪੁੱਤਰਾਂ ਨੂੰ ਆਪਣੀ ਹਥੀਂ ਕੋਹ ਸੁੱਟਿਆ …. ਫਿਰ ਹਾਲ ਪਾਹਰਿਆ ਸੁਣ ਕੇ ਆਏ ਲੋਕਾਂ ਵਿਚੋਂ ਕਿਸੇ ਨੂੰ ਵੀ ਉਸਦੀ ਕੋਝੀ ਕਰਤੂਤ ਦਾ ਪਤਾ ਨਾ ਲੱਗਾ … ਫਿਰ ਉਜਾੜ ਵਿੱਚ ਜਾਂਦੀ ਹੋਈ ਵਿਭਚਾਰਣ ਨੂੰ ਸ਼ਿਵ ਜੀ ਮਹਾਰਾਜ ਦੇ ਦਰਸ਼ਨ ਹੋ ਜਾਣ ਵਾਲੀ ਗੱਪ ਵੀ ਮੰਨਣੀ ਪਵੇਗੀ, ਇਤਨਾ ਹੀ ਨਹੀਂ ਇਹ ਨਿਸ਼ਚਾ ਵੀ ਕਰਨਾ ਪਵੇਗਾ ਕਿ ਤ੍ਰਿਕਾਲਿਗ (ਭੂਤ ਭਵਿਖਯਾਤ ਵਰਤਮਾਨ ਦੇ ਗਯਾਤਾ) ਸ਼ਿਵ ਜੀ ਭਗਵਾਨ ਨੂੰ ਵੀ ਉਸਦੇ ਘੋਰ ਪਾਪ ਦੀ ਗਿਆਤ ਨਾ ਹੋਈ ਜਿਸ ਲਈ ਉਨ੍ਹਾਂ ਨੇ ਪੁੱਛਿਆ ਕਿ ਤੂੰ ‘ਹੂਰ’ ਹੈਂ ਜਾਂ ‘ਪਰੀ’ ਅਥਵਾ …
ਇਥੇ ਹੀ ਬਸ ਨਹੀਂ, ਇਹ ਪ੍ਰਤੀਤ ਵੀ ਕਰਨੀ ਪਵੇਗੀ ਕਿ ਉਸ ਕਾਮਾਗਨੀ ਵਿੱਚ ਸੜੀ-ਭੁੱਜੀ ਵਿਭਚਾਰਣ ਉਤੇ ਸ਼ਿਵਸ਼ੰਕਰ ਇਤਨਾ ਰੀਝੇ ਜੋ ਉਸ ਦੀ ਇੱਛਿਆ ਅਨੁਸਾਰ ਜੋ ਕੁੱਝ ਵੀ ਬਣਨਾ ਚਾਹੇ, ਉਹ ਰੂਪ ਧਾਰ ਕੇ ਯਾਰ ਨੂੰ ਮਿਲ ਪੈਣ ਦਾ ਵਰ ਦੇਣ ਤਕ ਵੀ ਤਿਆਰ ਹੋ ਗਏ, ਜਿਸ ਕਰਕੇ ਉਸ ਨੇ ਪਹਿਲਾਂ ਬਾਰਾਂਸਿੰਗ੍ਹੇ ਦਾ ਰੂਪ ਧਾਰ ਲਿਆ, ਫਿਰ ਨੌਜਵਾਨ ਕੁੜੀ ਬਣ ਗਈ … ਇਤਿਆਦਿਕ ਉਪ੍ਰੋਕਤ ਸਾਰੇ ਦੇ ਸਾਰੇ ਗਪੌੜੇ ਸੱਤ-ਸੱਤ ਕਰਕੇ ਮੰਨਣੇ ਪੈਣਗੇ।
ਸੱਚ ਪੁਛੋ ਤਾਂ ਇਹਨਾਂ ਹਿਕਾਇਤਾਂ ਵਿੱਚ ਸ਼ਾਇਰ ਨੇ ਫ਼ਾਰਸੀ ਜ਼ਬਾਨ ਵਰਤ ਕੇ ਹੇਠ ਲਿਖੀ ਪ੍ਰਚਲਤ ਕਹਾਵਤ ਪ੍ਰਤੱਖ ਕਰਕੇ ਵਿਖਾ ਦਿੱਤੀ ਹੈ ਕਿ - ਝੂਠ ਬੋਲੋ ਰੱਜ ਰੱਜ ਕੇ, ਫਿਰ ਸੌਂ ਜਾਵੋ ਮੂੰਹ ਕੱਜ ਕੇ।
ਹਿਕਾਇਤ 9ਵੀਂ ਦੇ 44 ਬੰਦ ਹਨ ਜਿੰਨ੍ਹਾਂ ਦਾ ਸੰਖੇਪਕੀ ਵੇਰਵਾ ਇਹ ਹੈ ਕਿ ਫਿਰੰਗ-ਦੇਸ਼ ਦੇ ਬਾਦਸ਼ਾਹ ਦੀ ਰਾਣੀ ਆਪਣੇ ਯਾਰ ਨੂੰ ਬੁਲਾ ਕੇ ਇੱਕ ਨਾਈਂ (ਹਜਾਮ) ਕੋਲੋਂ ਮੋਚਨੇ ਨਾਲ ਉਸ ਦੀ ਦਾੜ੍ਹੀ ਦੇ ਵਾਲ ਪੁਟਵਾ ਕੇ ਜਨਾਨੇ ਕਪੜਿਆਂ ਵਿੱਚ ਗੋਲੀ ਦੇ ਰੂਪ ਅੰਦਰ ਆਪਣੇ ਕੋਲ ਵਿਭਚਾਰ ਹਿਤ ਰਖਦੀ ਹੈ।
ਇਕ ਦਿਨ ਬਾਦਸ਼ਾਹ ਉਸ ਨੂੰ ਖੂਬਸੂਰਤ ਔਰਤ ਸਮਝ ਕੇ ਕਾਮ-ਵਾਸ਼ਨਾ ਅਧੀਨ ਇੱਕ ਨੌਕਰਾਨੀ ਭੇਜ ਕੇ ਬੁਲਾਉਂਦਾ ਹੈ ਜਿਸ ਦਾ ਉਤਰ ਦਿੱਤੇ ਬਿਨਾ ਚੁਪ-ਚਾਪ ਰਾਣੀ ਕੋਲ ਜਾ ਕੇ ਕਹਿੰਦੀ ਹੈ ਕਿ ਮੈਨੂੰ ਸਚ-ਮੁਚ ਦੀ ਇਸਤਰੀ ਸਮਝ ਕੇ ਬਾਦਸ਼ਾਹ ਨੇ ਬੁਲਾਇਆ ਹੈ, ਕਿਹਾ ਚੰਗਾ ਹੋਵੇ ਕਿ ਮੈਂ ਇਥੋਂ ਚਲਾ ਜਾਵਾਂ, ਨਹੀਂ ਤੇ ਭੇਦ ਖੁਲ੍ਹ ਜਾਣ ਉਤੇ ਤੂੰ ਅਤੇ ਮੈਂ ਦੋਵੇਂ ਹੀ ਮਾਰੇ ਜਾਵਾਂਗੇ … ਰਾਣੀ ਕਹਿੰਦੀ ਹੈ ਕਿ ਡਰ ਨਹੀਂ, ਮੈਂ ਤੈਨੂੰ ਚਾਰ ਮਹੀਨੇ ਹੋਰ ਵੀ ਆਪਣੇ ਕੋਲ ਰਖ ਕੇ ਰੰਗ-ਰਲੀਆਂ … ਰਾਤ ਨੂੰ ਬਾਦਸ਼ਾਹ ਕਾਮਵਸ ਹੋ ਕੇ ਨਵੀਂ ਬਣੀ ਗੋਲੀ ਕੋਲ ਆਉਂਦਾ ਹੈ … ਰਾਣੀ ਉਸ ਗੋਲੀ ਨੂੰ ਆਪਣੇ ਕੋਲ ਸੁਵਾ ਲੈਂਦੀ ਹੈ। ਬਾਦਸ਼ਾਹ ਸਮਝਦਾ ਹੈ ਕਿ ਇਸ ਗੋਲੀ ਨੇ ਰਾਣੀ ਨੂੰ ਮੇਰੇ ਬਾਬਤ ਦੱਸ ਦਿੱਤਾ ਹੋਣਾ ਹੈ, ਜਿਸ ਲਈ ਰਾਣੀ ਨੇ ਖਬਰਦਾਰ ਹੋ ਕੇ ਇਸਨੂੰ ਆਪਣੇ ਕੋਲ ਸੁਵਾ ਲਿਆ ਹੈ, ਬਾਦਸ਼ਾਹ ਵਾਪਸ ਚਲਾ ਜਾਂਦਾ ਹੈ।
ਦੂਜੀ ਰਾਤ ਨੂੰ ਫਿਰ ਆਉਂਦਾ ਹੈ ਤਾਂ ਉਸਨੂੰ ਰਾਣੀ ਕੋਲ ਸੁਤਿਆਂ ਵੇਖ ਵਾਪਸ ਮੁੜ ਜਾਂਦਾ ਹੈ … ਇਸੇ ਤਰ੍ਹਾਂ ਪੰਜ-ਛੇ ਰਾਤਾਂ ਫੇਰ ਮਾਰ-ਮਾਰ ਕੇ ਮੁੜਦਾ ਹੋਇਆ ਕਾਮਾਤੁਰ ਹੋ ਕੇ ਕਚੀਚੀਆਂ ਵੱਟਦਾ-ਵੱਟਦਾ ਆਪਣੇ ਆਪ ਇਹੋ ਜਿਹੀਆਂ ਬੇਸ਼ਰਮ ਗੱਲਾਂ ਕਰਦਾ ਹੈ ਜੋ ਲਿਖਣ ਤੋਂ ਕਲਮ ਰੁੱਕਦੀ ਹੈ ਅਤੇ ਵਿਚਾਰ ਸ਼ਕਤੀ ਵੀ ਲਿਖਣ ਦੀ ਆਗਿਆ ਦੇਣ ਤੋਂ ਅਸਮਰੱਥ ਹੈ।
ਕੁਝ ਵੀ ਹੋਵੇ ਇਹ ਜ਼ਰੂਰ ਮੰਨਣਾ ਪਵੇਗਾ ਕਿ ਇਹ ਹਿਕਾਇਤਾਂ ਅਤੇ ਚਰਿਤ੍ਰ ਅਸੰਭਵ ਤੋਂ ਵੀ ਅਸੰਭਵ ਹਨ, ਜਿੰਨ੍ਹਾਂ ਨੂੰ ਦਸਮ ਪਿਤਾ ਵਲੋਂ ਔਰੰਗਜ਼ੇਬ ਨੂੰ ਲਿਖ ਭੇਜਣਾ ਸਹੇ ਦੇ ਸਿੰਗਾਂ ਵਾਂਗੂ ਤ੍ਰੈ ਕਾਲ ਅਸੰਭਵ ਹੈ।
ਡਾ: ਗੁਰਮੁਖ ਸਿੰਘ

ਤ੍ਰਿਯਾ ਚਰਿਤ੍ਰ (11)


(ਦਸਮ ਗ੍ਰੰਥ, ਪੰਨਾ 809 - 1388)
ੴ ਸ੍ਰੀ ਵਾਹਿਗੁਰੂ ਜੀ ਕੀ ਫਤਹ।।
ਸ੍ਰੀ ਭਗਉਤੀ ਜੀ ਸਹਾਇ।।
ਅਬ ਪਖਿਆਨ ਚਰਿਤ੍ਰ ਲਿਖਯਤੇ।। ਪਾਤਸ਼ਾਹੀ 10. ।
ਭੁਜੰਗ ਛੰਦ।। ਤਵਪ੍ਰਸਾਦਿ।। (ਪੰਨਾ 809, ਦਸਮ ਗ੍ਰੰਥ)
ਮੰਗਲਾਚਰਨ ਵਿੱਚ ਕਵੀ ਭਗਉਤੀ ਦੇਵੀ ਤੋਂ ਸਹਾਇਤਾ ਦਾ ਜਾਚਕ ਹੈ। ਹਿੰਦੂ ਧਰਮ ਗ੍ਰੰਥ ਚਿਰਿਤੋਕ ਨਾਮੇ ਦਾ ਉਲੱਥਾ ਚਰਿਤ੍ਰੋਪਾਖਿਆਨ ਹੈ। ਇਸ ਰਚਨਾ ਵਿੱਚ 404 ਤ੍ਰੀਯ ਚਰਿਤ੍ਰ ਜਾਂ ਕਹਾਣੀਆਂ ਹਨ। ਇਨ੍ਹਾਂ ਚਰਿਤ੍ਰਾਂ ਵਿੱਚ ਉਨ੍ਹਾਂ ਇਸਤ੍ਰੀਆਂ ਦੀਆਂ ਕਹਾਣੀਆਂ ਹਨ, ਜੋ ਮਕਰ ਫ਼ਰੇਬ ਨਾਲ ਘਰ ਦੇ ਬਾਹਰ ਮਰਦਾਂ ਨੂੰ ਆਪਣੀ ਕਾਮ ਵਾਸ਼ਨਾ ਦੀ ਪੂਰਤੀ ਲਈ ਬੁਲਾਉਂਦੀਆਂ ਹਨ ਤੇ ਮਜਬੂਰ ਕਰ ਦਿੰਦੀਆਂ ਹਨ। ਇਹ ਆਪਣੇ ਇਸ਼ਟ ‘ਭਗਉਤੀ/ਕਾਲ’ ਆਦਿ ਪਾਸ ਬੇਨਤੀਆਂ ਵੀ ਕਰਦੀਆਂ ਹਨ। ਇਨ੍ਹਾਂ ਚਰਿਤ੍ਰਾਂ ਨੂੰ ਪੜ੍ਹਨ ਸੁਣਨ ਵਾਲੇ ਮਨੁੱਖਾਂ ਅਤੇ ਤ੍ਰੀਮਤਾਂ ਦੇ ਮਨਾਂ ਵਿੱਚ ਕਾਮ ਦਾ ਇਤਨਾ ਪ੍ਰਭਾਉ ਪੈਦਾ ਹੁੰਦਾ ਹੈ ਕਿ ਅਕਲ ਅਤੇ ਮਤ ਦਾ ਸੰਤੁਲਨ ਬਿਗੜ ਜਾਂਦਾ ਹੈ। ਸਦਾਚਾਰੀ ਮਨੁੱਖ ਵੀ ਕਾਮ ਦੇ ਅਧੀਨ ਹੋ ਕੇ ਕੁਕਰਮ ਕਰਦਾ ਹੈ। ਫੜਿਆ ਜਾਵੇ ਤਾਂ ਸਮਾਜ ਵਿੱਚ ਸ਼ਰਮਸਾਰ ਅਤੇ ਖੁਆਰ ਹੁੰਦਾ ਹੈ, ਤੇ ਸਰਕਾਰ ਕਰੜੇ ਦੰਡ ਦਿੰਦੀ ਹੈ। ਇਸ ਅਪਰਾਧ ਨੂੰ ਧਰਮ ਰਾਜ ਅੱਗੇ ਛੁਪਾਇਆ ਨਹੀਂ ਜਾ ਸਕਦਾ ਤੇ ਉਹ ਵੀ ਮਰਨ ਉਪਰੰਤ ਦੰਡ ਦਿੰਦਾ ਹੈ। ਇਹ ਚਰਿਤ੍ਰ ਕਿਸੇ ਘਰ ਵੀ ਪੜ੍ਹੇ, ਸੁਣੇ ਨਹੀਂ ਜਾ ਸਕਦੇ।
ਗੁਰਬਾਣੀ ਇਸ ਤਰ੍ਹਾਂ ਉਪਦੇਸ਼ ਦਿੰਦੀ ਹੈ:
ਦੇਇ ਕਿਵਾੜ ਅਨਿਕ ਪੜਦੇ ਮਹਿ ਪਰ ਦਾਰਾ ਸੰਗਿ ਫਾਕੈ॥
ਚਿਤ੍ਰ ਗੁਪਤੁ ਜਬ ਲੇਖਾ ਮਾਗਹਿ ਤਬ ਕਉਣੁ ਪੜਦਾ ਤੇਰਾ ਢਾਕੈ॥
(ਪੰਨਾ 616, ਗੁਰੂ ਗ੍ਰੰਥ ਸਾਹਿਬ)
ਮਨੁੱਖ ਦਰਵਾਜ਼ੇ ਬੰਦ ਕਰਕੇ ਅਨੇਕਾਂ ਪਰਦਿਆਂ ਵਿੱਚ ਪਰਾਈ ਇਸਤ੍ਰੀ ਨਾਲ ਕੁਕਰਮ ਕਰਦਾ ਹੈ, ਜਦੋਂ ਧਰਮਰਾਜ ਦੇ ਦੂਤ ਹਿਸਾਬ ਮੰਗਣਗੇ ਤਦੋਂ ਕੋਈ ਵੀ ਉਨ੍ਹਾਂ ਦੀਆਂ ਕਰਤੂਤਾਂ ਉੱਤੇ ਪਰਦਾ ਨਹੀਂ ਪਾ ਸਕਦਾ।
ਸਾਡੇ ਕੁੱਝ ਵਿਦਵਾਨ ਇਸ ਰਚਨਾ ਨੂੰ ਪਾਤਸ਼ਾਹੀ 10 ਦੀ ਕ੍ਰਿਤ ਸਾਬਤ ਕਰਨ ਲਈ ਦਲੀਲ ਦਿੰਦੇ ਹਨ ਕਿ ਗੁਰੂ ਜੀ ਨੇ ਇਨ੍ਹਾਂ ਵਿਭਚਾਰੀ ਔਰਤਾਂ ਦੇ ਚਰਿਤ੍ਰ ਇਸ ਲਈ ਵਰਨਣ ਕੀਤੇ ਹਨ ਕਿ ਗੁਰਸਿੱਖ ਇਨ੍ਹਾਂ ਨੂੰ ਪੜ੍ਹ ਕੇ ਆਪਣੇ ਸਵੈ ਧਰਮ ਜਤ ਸਤ ਵਿੱਚ ਪਰਪੱਕ ਰਹਿਣ। ਇਹ ਉਨ੍ਹਾਂ ਦੀ ਗ਼ਲਤ ਸੋਚ ਅਤੇ ਗ਼ਲਤ ਬਿਆਨੀ ਹੈ। ਇਹ ਅਜੀਬ ਸੋਚ ਹੈ। ਕੀ ਉਹ ਭੁੱਲ ਗਏ ਕਿ ਇਨ੍ਹਾਂ ਚਰਿਤ੍ਰਾਂ ਨੂੰ ਪੜ੍ਹ ਸੁਣ ਕੇ ਕਾਮ ਵਾਸ਼ਨਾ ਭੜਕਦੀ ਹੈ ਤੇ ਮਨੁੱਖ ਬੇਬਸ ਹੋ ਕਾਮ ਦੀ ਪੂਰਤੀ ਲਈ ਕੁਕਰਮ ਕਰ ਬੈਠਦਾ ਹੈ।
ਸਾਡੇ ਵਿਦਵਾਨ ਭਗਉਤੀ ਦੇ ਅਰਥ ਪਰਮਾਤਮਾ, ਅਕਾਲ ਪੁਰਖ, ਇਹ ਭਰੋਸਾ ਦੁਆਉਣ ਲਈ ਕਰਦੇ ਹਨ ਕਿ ਰਚਨਾ ਪਾਤਸ਼ਾਹੀ ਦਸਵੀਂ ਦੀ ਕ੍ਰਿਤ ਹੈ।
ਭਗਉਤੀ ਦਾ ਸਰੂਪ ਕਵੀ ਨੇ ਰਚਨਾ ਦੇ ਆਰੰਭ ਵਿੱਚ ਹੀ ਬਿਆਨ ਕੀਤਾ ਹੈ। ਇਹੋ ਹੀ ਭਗਉਤੀ ਦਾ ਸਹੀ ਸਰੂਪ ਹੈ। ਇਸ ਵਿੱਚ ਭਗਉਤੀ ਦੇਵੀ ਦੇ ਅਨੇਕ ਨਾਮਾਂ ਦੀ ਸੂਚੀ ਦਿੱਤੀ ਹੈ। ਅਸੀਂ ਰਚਨਾ ਦੇ ਪਹਿਲੇ ਪਦੇ ਤੋਂ ਸ਼ੁਰੂ ਕਰਦੇ ਹਾਂ।
ਤੁਹੀ ਖਡਗਧਾਰਾ, ਤੁਹੀ ਬਾਢਵਾਰੀ।। ਤੁਹੀ ਤੀਰ ਤਰਵਾਰ ਕਾਤੀ ਕਟਾਰੀ।।
ਹਲੱਬੀ ਜੁਨੱਬੀ ਮਗਰਬੀ ਤੁਹੀ ਹੈਂ।। ਨਿਹਾਰੋ ਜਹਾਂ ਆਪੁ ਠਾਢੀ ਵਹੀ ਹੈ। 1.
ਅੰਕ 1 - ਭਗਉਤੀ ਦੇਵੀ ਤੂੰ ਹੀ ਖੜਗ ਦੀ ਧਾਰ ਅਤੇ ਤੂੰ ਹੀ ਵੱਢਣ ਵਾਲੀ ਤਲਵਾਰ ਹੈਂ। ਤੂੰ ਹੀ ਤੀਰ, ਤਲਵਾਰ, ਕਾਤੀ, ਕਟਾਰੀ, ਹਲਥੀ, ਜੁਨਬੀ, ਮਗਰਬੀ (ਆਦਿ ਇਲਾਕਿਆਂ ਦੇ ਸ਼ਸਤ੍ਰ ਅਸਤ੍ਰ) ਹੈਂ। ਜਿਥੇ ਵੀ ਵੇਖਦਾ ਹਾਂ, ਉਥੇ ਹੀ (ਤੂੰ) ਆਪ ਖੜੋਤੀ ਹੋਈ ਹੈਂ।
ਤੁਹੀ ਜੋਗ ਮਾਯਾ ਤੁਹੀ ਬਾਕ ਬਾਨੀ।। ਤੁਹੀ ਆਪੁ ਰੂਪਾ ਤੁਹੀ ਸ੍ਰੀ ਭਵਾਨੀ।।
ਤੁਹੀ ਬਿਸਨ ਤੂੰ ਬ੍ਰਹਮ ਤੂ ਰੁਦ੍ਰ ਰਾਜੈ। ਤੁਹੀ ਬਿਸਵਮਾਤਾ ਸਦਾ ਜੈ ਬਿਰਾਜੈ।।
ਅੰਕ 2 - ਤੂੰ ਹੀ ਜੋਗ ਮਾਇਆ, ਤੂੰ ਹੀ ਸਰਸਵਤੀ, ਤੂੰ ਹੀ ਚੁਸਤ (ਅਪੁ) ਰੂਪ ਵਾਲੀ ਅਤੇ ਤੂੰ ਹੀ ਸ੍ਰੀ ਭਵਾਨੀ ਹੈਂ। ਤੂੰ ਹੀ ਵਿਸ਼ਨੂੰ, ਬ੍ਰਹਮਾ ਅਤੇ ਰੁਦ੍ਰ (ਦੇ ਰੂਪ ਵਿੱਚ) ਸੁਭਾਇਮਾਨ ਹੈਂ। ਤੂੰ ਹੀ ਵਿਸ਼ਵ ਮਾਤਾ (ਵਜੋਂ) ਸਦਾ ਵਿਜੈਈ (ਰੂਪ ਵਿੱਚ) ਬਿਰਾਜਮਾਨ ਹੈਂ।
ਤੁਹੀ ਦੇਵ ਤੂ ਦੈਤ ਤੈ ਜਛੁ ਉਪਾਏ। ਤੁਹੀ ਤੁਰਕ ਹਿੰਦੂ ਜਗਤ ਮੈ ਬਨਾਏ
ਤੁਹੀ ਪੰਥ ਹ੍ਹੈ ਅਵਤਰੀ ਸ੍ਰਿਸਟਿ ਮਾਹੀ। ਤੁਹੀ ਬਕ੍ਰਤ ਤੇ ਬ੍ਰਹਮ ਬਾਦੋ ਬਕਾਹੀ।
ਅੰਕ 3 - ਤੂੰ ਹੀ ਦੇਵਤੇ, ਦੈਂਤ, ਯਕਸ਼, ਤੁਰਕ, ਹਿੰਦੂ ਆਦਿ ਨੂੰ ਜਗਤ ਵਿੱਚ ਬਣਾਇਆ ਹੈ। ਤੂੰ ਹੀ ਇਸ ਸ੍ਰਿਸ਼ਟੀ ਵਿੱਚ (ਭਿੰਨ ਭਿੰਨ) ਪੰਥਾਂ (ਮਾਰਗਾਂ) ਦੇ ਰੂਪ ਵਿੱਚ ਉਤਰੀ ਹੈਂ। ਤੂੰ ਹੀ ਮੂੰਹ ਤੋਂ ਬ੍ਰਹਮ ਸਬੰਧੀ ਵਾਦ-ਵਿਵਾਦ ਕਰਨ ਵਾਲਿਆਂ ਨੂੰ ਪੈਦਾ ਕੀਤਾ ਹੈ।
ਤੁਹੀ ਬਿਕ੍ਰਤ ਤੁਹੀ ਚਾਰੁ ਨੈਨਾ। ਤੁਹੀ ਰੂਪ ਬਾਲਾ ਤੁਹੀ ਬਕ੍ਰ ਬੈਨਾ।
ਤੁਹੀ ਬਕ੍ਰ ਤੇ ਬੇਦ ਚਾਰੋ ਉਚਾਰੇ। ਤੁਮੀ ਸੁੰਭ ਨੈਸੁੰਭ ਦਾਨੌ ਸੰਘਾਰੇ। 4.
ਅੰਕ 4 - ਤੰ ਹੀ ਭਿਆਨਕ ਰੂਪ ਵਾਲੀ ਅਤੇ ਸੁੰਦਰ ਨੈਣਾਂ ਵਾਲੀ ਹੈਂ। ਤੂੰ ਹੀ ਬਾਲਿਕਾ ਰੂਪ ਵਾਲੀ ਅਤੇ ਟੇਢੇ ਬੋਲਾਂ ਵਾਲੀ ਹੈਂ। ਤੂੰ ਹੀ (ਆਪਣੇ) ਮੂੰਹ ਤੋਂ ਚਾਰ ਵੇਦ ਉਚਾਰੇ ਹਨ। ਤੂੰ ਹੀ ਸੁੰਭ ਅਤੇ ਨਿਸੁੰਭ (ਨਾਂ ਵਾਲੇ) ਦੈਂਤਾਂ ਨੂੰ ਮਾਰਿਆ ਹੈ।
ਤੁਹੀ ਰਾਮ ਦ੍ਹੈਕੈ ਹਠੀ ਦੈਤ ਘਾਯੋ।। (ਅੰਕ 6)
ਤੂਹੀ ਕ੍ਰਿਸਨ ਹਵੈ ਕੇਸ ਕੇਸੀ ਖਪਾਯੋ। ਤੁਹੀ ਜਾਲਪਾ ਕਾਲਕਾ ਕੈ ਬਖਾਨੀ।
(ਤੈਨੂੰ ਹੀ ਕਾਲਕਾ ਕਿਹਾ ਜਾਂਦਾ ਹੈ)
ਤੁਮੈ ਲੋਗ ਉਗ੍ਰਾ ਅਤਿਉਗ੍ਰਾ ਬਖਾਨੈ। ਤੁਮੈ ਅਦ੍ਰਜਾ ਬ੍ਹਯਾਸ ਬਾਨੀ ਪਛਾਨੈ।
ਤੁਮੀ ਸੇਸ ਕੀ ਆਪੁ ਸੇਜਾ ਬਨਾਈ। ਤੁਹੀ ਕੇਸਰ ਬਾਹਨੀ ਕੈ ਕਹਾਈ। 8.
ਅੰਕ 8 - ਤੈਨੂੰ ਹੀ ਲੋਕੀਂ ਕ੍ਰੋਧ ਕਰਨ ਵਾਲੀ ਅਤਿ ਉਗ੍ਰਾ ਕਹਿੰਦੇ ਹਨ। ਤੈਨੂੰ ਹੀ ਪਾਰਬਤੀ (ਅਦ੍ਰਜਾ) ਅਤੇ ਬਿਆਸ-ਬਾਣੀ ਵਜੋਂ ਪਛਾਣਦੇ ਹਨ। ਤੂੰ ਆਪ ਹੀ ਸ਼ੇਸ਼ਨਾਗ ਦੀ ਸੇਜ ਬਣਾਈ ਹੈ। ਤੂੰ ਹੀ ਸ਼ੇਰ ਦੇ ਵਾਹਨ ਵਾਲੀ ਅਖਵਾਉਂਦੀ ਹੈਂ।
ਗੁਰਬਾਣੀ ਅਨੁਸਾਰ ਸਭ ਦੇਵੀ ਅਤੇ ਦੇਵਤੇ ਅਕਾਲ ਪੁਰਖ ਦੀ ਮਾਇਆ ਹਨ। ਗੁਰਬਾਣੀ ਕੇਵਲ ਇੱਕ ਏਕੰਕਾਰ, ਇਕੋ ਇੱਕ ਸਦੀਵ ਹਸਤੀ ਜੋਤਿ ਰੂਪ ਅਕਾਲ ਪੁਰਖ ਦੀ ਸਿਫ਼ਤ ਸਾਲਾਹ ਤੇ ਜਪ ਸਿਮਰਨ ਦਾ ਉਪਦੇਸ਼ ਦਿੰਦੀ ਹੈ। ਦੇਵੀ ਦੇਵਤਿਆਂ ਦੀ ਉਸਤਤਿ ਜਪ ਅਤੇ ਸਿਮਰਨ ਵੇਦ ਮਤ ਹੈ। ਦਸਾਂ ਪਾਤਸ਼ਾਹੀਆਂ ਨੇ ਵੇਦ ਮਤ ਦਾ ਖੰਡਨ ਕੀਤਾ ਅਤੇ ਹਿੰਦੂਆਂ ਤੋਂ ਸਿੱਖ ਬਣੇ।
ਤੁਹੀ ਚੋਦਹੂ ਲੋਕ ਕੀ ਰਾਜਧਾਨੀ। … ਤੁਹੀ ਅਸ਼ਟਹਾਥ ਮੈ ਅਸਤ੍ਰ ਧਾਕੇ। 11.
(ਤੁਹੀ ਅਠ ਬਾਹਾਂ ਤੇ ਅਠ ਹੱਥ ਵਿੱਚ ਅਸਤ੍ਰ ਫੜੇ ਹਨ)
ਜਯੰਤੀ ਤੁਹੀ ਮੰਗਲਾ ਰੂਪ ਕਾਲੀ।। (ਦੇਵ, ਦੇਵੀ) (ਅੰਕ 12)
(ਤੂੰ ਹੀ ਕਾਲੀ ਦੇਵੀ ਹੈ)
ਕਪਾਲਨਿ ਤੂਹੀ ਹੈ ਤੂੰ ਹੀ ਭੱਦ੍ਰਕਾਲੀ।।
(ਤੂੰ ਹੀ ਮੁਰਦਿਆਂ ਦੀਆਂ ਖੋਪਰੀਆਂ ਗਲ ਪਾਉਣ ਵਾਲੀ ਹੈ)
ਦੁਰਗਾ ਤੂੰ ਛਿਮਾ ਤੂੰ ਸਿਵਾ ਰੂਪ ਤੋਰੋ।।
(ਦੁਰਗਾ ਤੇ ਸਿਵਾ ਤੇਰੇ ਹੀ ਰੂਪ ਹਨ)
ਤੁਧਾਤ੍ਰੀ ਸ੍ਹਾਹਾ ਨਮਸਕਾਰ ਮੋਰੋ।।
(ਕਵੀ ਦੇਵੀ ਦੇ ਅਨੇਕ ਰੂਪ ਦਰਸਾਉਂਦਾ ਹੈ ਤੇ ਇਸ ਭਗਉਤੀ ਦੇਵੀ ਨੂੰ ਨਮਸਕਾਰ ਕਰਦਾ ਹੈ)
ਚੰਡੀ ਚਰਿਤ੍ਰ ਦੇ ਪਹਿਲੇ ਅਧਿਆਏ ਵਿੱਚ 48 ਅੰਕ ਹਨ। ਉਪ੍ਰੰਤ ਲਿਖਿਆ ਹੈ -
ਇਤਿ ਸ੍ਰੀ ਚਰਿਤ੍ਰ ਪਖਯਾਨੇ ਚੰਡੀ ਚਰਿਤ੍ਰ ਪ੍ਰਥਮ ਧਯਾਇ।।
ਸਮਾਪਤਮ ਸਤੁ ਸੁਭਗ ਸਤ (48) ਅਫਜੂ (ਚਲਦਾ ਪ੍ਰਸੰਗ)
ਇਸ ਰਚਨਾ ਵਿੱਚ ਦੇਵੀ ਭਗਉਤੀ ਨੂੰ ਨਮਸਕਾਰ ਕਰਦੇ ਹੋਇਆਂ ਉਸ ਦੇ ਸਰੂਪ, ਸਮਰਥਾ ਅਤੇ ਕਰਤਵਾਂ ਉਤੇ ਝਾਤ ਪਾਈ ਹੈ। ਤੇ ਉਸ ਤੋਂ ਹੀ ਸਾਰੀ ਸ੍ਰਿਸ਼ਟੀ, ਸਾਰੇ ਦੇਵੀ ਦੇਵਤਿਆਂ ਦੇ ਕੌਤਕਾਂ ਦੀ ਹੋਂਦ ਦੱਸੀ ਗਈ ਹੈ। ਸਾਰੀ ਰਚਨਾ ਪਾ: 10 ਦੇ ਦਰਬਾਰ ਨੂੰ ਬਦਨਾਮ ਕਰਨ ਦਾ ਉਪਰਾਲਾ ਹੈ।
(ਪੰਨਾ 1359, ਦਸਮ ਗ੍ਰੰਥ, 404 ਵਾਂ ਚਰਿਤ੍ਰ)
ਸਬੁਧਿ ਬਾਚ।। ਚੌਪਈ।। ਸੱਤ ਸੰਧਿ ਇੱਕ ਭੂਪ ਭਨਿਜੈ।। ਪ੍ਰਥਮੇ ਸਤਿਜੁਗ ਬੀਚ ਕਹਿਜੈ।। ਜਿਹ ਜਸ ਪੁਰੀ ਚੌਦਹੂੰ ਛਾਯੋ।। ਨਾਰਦ ਰਿਖਿ ਤਬ ਰਾਇ ਮੰਗਾਯੋ।। 1।। ਸਭ ਦੇਵਨ ਕੋ ਰਾਜਾ ਭਯੋ।। ਬ੍ਰਹਮਾ ਤਿਲਕ ਆਪੁ ਤਿਹ ਦਿਯੋ।। ਨਿਹਕੰਟਕ ਸੁਰ ਕਿਯਾ ਸਬ।। ਦਾਨਵ ਮਾਰ ਨਿਕਾਰ ਦਏ ਜਬ।। 2. । ਇਤਿ ਦਿਸਿ ਦੂਲਹ ਦੇਈ ਕੁਮਾਰੀ।। ਸੱਸਤਰ ਸਾਜਿ ਰਥਿ ਕਰੀ ਸਵਾਰੀ।। ਸਸਤਰਨ ਕਰਿ ਪ੍ਰਨਾਮ ਤਿਹਕਾਲਾ।। ਛਾਡਤ ਭੀ ਰਨ ਬਿਸਿਖਿ ਕਰਾਲਾ।। 41।। (ਹਥਿਆਰਾਂ ਨੂੰ ਨਮਸਕਾਰ ਕੀਤੀ।) ਚਿੱਤ ਮੋਂ ਕਿਯਾ ਕਾਲਕਾ ਧਯਾਨਾ।। ਦਰਸਨ ਦਿਆ ਆਨਿ ਭਗਵਾਨਾ।।
(ਚਿੱਤ ਵਿੱਚ ਕਾਲਕਾ ਦਾ ਧਿਆਨ ਧਰਿਆ, ਕਾਲਕਾ ਭਗਵਾਨ ਨੇ ਦਰਸ਼ਨ ਦਿੱਤਾ।)
ਕਰਿ ਪ੍ਰਨਾਮ ਚਰਨਨ ਉਠਿ ਪਰੀ ਬਿਨਤੀ ਭਾਂਤਿ ਅਨਿਕ ਤਨ ਕਰੀ।। 52. ।
ਸੱਤ ਕਾਲ ਮੈ ਦਾਸ ਤਿਹਾਰੀ।। ਅਪਨੀ ਜਾਨ ਕਰੋ ਪ੍ਰਤਿਪਾਰੀ।।
(ਬਾਲਾ ਨੇ ਉਠ ਕੇ ਪ੍ਰਨਾਮ ਕੀਤਾ ਅਤੇ ਉਨ੍ਹਾ ਦੇ ਚਰਨਾ ਉਤੇ ਡਿੱਗ ਪਈ ਤੇ ਅਨੇਕ ਤਰਾਂ ਬੇਨਤੀ ਕੀਤੀ। ਹੇ ਸੱਤ ਕਾਲ ਮੇ ਤੁਹਾਡੀ ਦਾਸੀ ਹਾਂ। ਆਪਣੀ ਜਾਣ ਕੇ ਮੇਰੀ ਪ੍ਰਤਿਪਾਲਣਾ ਕਰੋ। ਕਵੀ ਕਾਲਕਾ ਨੂੰ ਸਤਕਾਲ ਕਹਿੰਦਾ ਹੈ।)
ਗੁਨ ਅਵਗੁਨ ਮੁਰ ਕਛੁ ਨ ਨਿਹਾਰਹੁ।।
ਬਾਹਿ ਗਹੇ ਕੀ ਲਾਜ ਬਿਚਾਰਹੁ।। 53. ।
(ਮੇਰਾ ਗੁਨ ਅਵਗੁਨ ਨ ਬਿਚਾਰੋ, ਲੜ ਲਗੀ ਦੀ ਲਾਜ ਰਖੋ।)
ਹਮ ਹੈ ਸਰਨਿ ਤੋਰ ਮਹਾ ਰਾਜਾ।। ਤੁਮ ਕਹਿ ਬਾਂਹਿ ਗਹੇ ਕੀ ਲਾਜਾ।।
ਜੌ ਤਵ ਭਗਤ ਨੈਕ ਦੁਖ ਪੈਹੈ। ਦੀਨ ਦਇਆਲ ਪ੍ਰਭ ਬਿਰਦੁ ਲਜੈ ਹੈ।।
ਔ ਕਹ ਲਗਿ ਮੈ ਕਰੌ ਪੁਕਾਰਾ।। ਤੈ ਘਟਿ ਘਟਿ ਕੀ ਜਾਨਨਹਾਰਾ।।
(ਇਹ ਸਭ ਬੇਨਤੀਆਂ ਕਾਲਕਾ ਭਗਵਾਨ ਪਾਸ ਹੋ ਰਹੀਆਂ ਹਨ।)
ਹਥਿਆਰਾਂ ਨੂੰ ਨਮਸਕਾਰ ਕੀਤੀ।
ਕਾਲਕਾ ਦਾ ਧਿਆਨ ਧਰਿਆ - ਕਾਲਕਾ ਨੂੰ ਭਗਵਾਨ ਕਿਹਾ।
ਕਾਲਕਾ ਨੂੰ ਸੱਤ ਕਾਲ ਕਿਹਾ ਹੈ।
ਜੋ ਤੁਹਾਡੇ ਭਗਤਾਂ ਨੂੰ ਦੁਖ ਦਿੰਦੇ ਹਨ -
ਤੁਸੀਂ ਘਟਿ ਘਟਿ ਦੇ ਜਾਨਨਹਾਰ ਹੋ।
ਜਦੋਂ ਅਸੀਂ ਪੰਨਾ 1386 ਤੇ ਕਬਿਯੋਬਾਚ ਬੇਨਤੀ ਚੌਪਈ ਦੀ ਵਿਚਾਰ ਕਰਾਂਗੇ, ਤਾਂ ਉਪਰ ਦਿੱਤੇ ਸਭ ਸ਼ਬਦ ਕਾਲਕਾ, ਖੜਗਕੇਤ ਆਦਿ ਲਈ ਵਰਤੇ ਹਨ।
ਵੇਦ ਸ਼ਾਸਤਰ ਸਿੰਮ੍ਰਿਤੀਆਂ ਓਮ ਨੂੰ ਸੱਤ ਕਹਿੰਦੇ ਹਨ, ਕਾਲ ਨੂੰ ਸੱਤ ਕਹਿੰਦੇ ਹਨ, ਕਾਲਕਾ ਦਾ ਧਿਆਨ ਧਰਦੇ ਹਨ, ਕਾਲਕਾ ਨੂੰ ਹੀ ਭਗਵਾਨ ਪਰਮੇਸਰ ਜਾਣਦੇ ਹਨ, ਉਸਨੂੰ ਹੀ ਪ੍ਰਨਾਮ ਕਰਦੇ ਹਨ। ਭਗਤ ਵੀ ਉਸ ਦੇ ਹੀ ਹਨ, ਕਾਲਕਾ ਨੂੰ ਹੀ ਘਟਿ ਘਟਿ ਦਾ ਜਾਨਨਹਾਰ ਕਹਿੰਦੇ ਹਨ। ਇਹਨਾਂ ਨੂੰ ਕਾਲ ਤੇ ਅਕਾਲ ਵਿੱਚ ਫਰਕ ਨਹੀਂ ਦਿੱਸਦਾ।
ਗੁਰਬਾਣੀ ਕੇਵਲ ਅਕਾਲ ਪੁਰਖ ਦੀ ਉਸਤਤਿ ਅਰਾਧਨਾ, ਜਪ ਸਿਮਰਨ ਗੁਰਸ਼ਬਦਿ ਦੁਆਰਾ ਕਰਦੀ ਹੈ। ਕਾਲ, ਅਕਾਲ ਪੁਰਖ ਦੇ ਹੁਕਮ ਵਿੱਚ ਕਾਰ ਕਰਦਾ ਹੈ। ਇਹ ਵਿਚਾਰ ਅਸੀਂ ਭਾਗ 3 ਵਿੱਚ ਕਰ ਚੁਕੇ ਹਾਂ।
ਅੰਕ 74 ਦਾਨਵ ਮਹਾਕਾਲ ਨੂੰ ਮਾਰਨ ਲਈ ਆਏ।
ਅੰਕ 76
ਚਾਹਤ ਮਹਾਕਾਲ ਕਹ ਮਾਰੋ।। ਮਹਾ ਮੂਰਖ ਨਹਿ ਕਰਤ ਬਿਚਾਰੋ।।
ਜਿਨ ਸਭ ਜਗ ਕਾ ਕਰਾ ਪਸਾਰਾ।। ਤਾਂਹਿ ਚਾਹਤ ਹੈ ਮੂੜ੍ਹ ਸੰਘਾਰਾ।।
ਅੰਕ 77
ਠੋਕਿ ਠੋਕਿ ਭੁਜ ਦੰਡਨ ਜੋਧਾ।। ਧਾਵਤ ਮਹਾਕਾਲ ਪਰ ਕ੍ਰੋਧਾ।।
ਬੀਸ ਪਦੁਮ ਦਾਨਵ ਤਵ ਭਯੋ।। ਨਾਸ ਕਰਨ ਕਾਲੀ ਕੋ ਭਯੋ।।
ਸਾਰੀ ਕਹਾਣੀ ਕਾਲੀ ਦੇਵੀ ਆਦਿ ਤੇ ਦੈਤਾਂ ਦੇ ਯੁਧਾਂ ਦੀ ਹੈ।।
ਅੰਕ 91
ਤੁਮ ਹੋ ਸਕਲ ਲੋਕ ਸਿਰਤਾਜਾ।। ਗਰਬਨ ਗੰਜ ਗਰੀਬ ਨਿਵਾਜਾ।।
ਆਦਿ ਅਕਾਲ ਅਜੋਨਿ ਬਿਨਾ ਭੈ, ਨਿਰਭੈ ਨਿਰਲੰਬ ਜਗਤ ਮੈ।।
ਇਸ ਕਥਾ ਵਿੱਚ ਕਵੀ ਕਾਲ ਨੂੰ ਅਕਾਲ ਕਹਿੰਦਾ ਹੈ, ਅਜੋਨੀ ਕਹਿੰਦਾ ਹੈ, ਨਿਰਭੈ ਆਦਿ ਕਹਿੰਦਾ ਹੈ। ਕਵੀ ਨੂੰ ਕਾਲ ਤੇ ਅਕਾਲ ਵਿੱਚ ਭੇਦ ਨਹੀਂ ਦਿੱਸਦਾ।
ਮੂਲ ਮੰਤ੍ਰ ਦੀ ਵਿਚਾਰ ਵਿੱਚ ਅਸੀਂ ਦੇਖਿਆ ਸੀ ਕਿ ਕੇਵਲ ਅਕਾਲ ਪੁਰਖ ਇੱਕ ਏਕੰਕਾਰ ਜੋਤਿ ਰੂਪ ਹੀ ਅਜੋਨੀ ਹੈ, ਨਿਰਭੈ ਹੈ, ਅਕਾਲ ਹੈ। ਕਾਲ ਆਦਿ ਸਭ ਸੰਸਾਰ ਉਸ ਦੇ ਭੈ ਤੇ ਹੁਕਮ ਵਿੱਚ ਹਨ। ਕੇਵਲ ਅਕਾਲ ਹੀ ਅਜੂਨੀ ਹੈ, ਉਹ ਅਬਿਨਾਸ਼ੀ ਹੈ, ਉਹ ਨਿਰਵੈਰ ਹੈ, ਉਥੇ ਸ਼ਸਤਰ, ਲੜਾਈ, ਜੰਗ ਯੁੱਧ ਨਹੀਂ। ਉਥੇ ਕਾਮ ਨਹੀਂ, ‘ਨਾ ਤਿਸੁ ਕਾਮ ਨ ਨਾਰੀ’ ਵਾਲੀ ਨਿਰਗੁਣ ਅਵਸਥਾ ਹੈ।
ਉਪਰ ਦਿੱਤੇ ਵਿਚਾਰਾਂ ਨੂੰ ਸਮਝ ਕੇ ਜਦੋਂ ਅਸੀਂ ਕਬਿਯੋਬਾਚ ਬੇਨਤੀ ਚੌਪਈ ਦੀ ਵਿਚਾਰ ਕਰਾਂਗੇ, ਤਾਂ ਸਾਨੂੰ ਸਪਸ਼ਟ ਦਿੱਸੇਗਾ ਕਿ ਸਾਰੀ ਰਚਨਾ ਤੇ ਚੌਪਈ ਕਵੀ ਦੀ ਕਾਲ ਕਾਲਕਾ, ਭਵਾਨੀ, ਭਗਵਾਨ ਦੁਰਗਾ ਦੇਵੀ ਦੀ ਉਸਤਤਿ ਵਿੱਚ ਲਿਖੀ ਹੈ। ਅਸੀਂ ਇਸ ਬਿਖਮ ਭੁੱਲ ਕਰਕੇ ਇਸ ਬਿਖ ਰੂਪ ਚੌਪਈ ਦੇ ਪਾਠ ਕਰਦੇ ਹਾਂ। ਇਥੋਂ ਤਾਈਂ ਅੰਮ੍ਰਿਤ ਛਕਾਨ ਵੇਲੇ ਵੀ, ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਲਈ ਕਬਿਯੋਬਾਚ ਬੇਨਤੀ ਚੌਪਈ ਦਾ ਪਾਠ ਕੀਤਾ ਜਾਂਦਾ ਹੈ। ਨਹੀਂ ਜਾਣਦੇ ਇਸ ਬਿਖ ਰੂਪ ਬਾਣੀ ਦਾ ਅਸਰ ਕਿੰਨਾ ਅੰਮ੍ਰਿਤ ਸੰਚਾਰ ਵੇਲੇ ਗੁਰਸਿੱਖਾਂ ਵਿੱਚ ਹੁੰਦਾ ਹੈ। ਸ਼ਾਇਦ ਇਸੇ ਭੁੱਲ ਕਾਰਣ ਪੰਥ ਵਿੱਚ ਗਿਰਾਵਟ ਆ ਰਹੀ ਹੈ। ਅਸੀਂ ਨਵੀਂ ਜਾਣਕਾਰੀ ਤੋਂ ਬਾਦ ਵੀ ਸੁਧਾਰ ਕਰ ਲਈਏ ਤਾਂ ਗੁਰੂ ਜੀ ਤੋਂ ਭੁੱਲ ਬਖਸ਼ਾ ਸਕਦੇ ਹਾਂ।
ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਸਮੇਂ ਪਾ: 10 ਨੇ ਪੰਜ ਬਾਣੀਆਂ ਦਾ ਪਾਠ ਕੀਤਾ, ਜਿਸ ਵਿੱਚ ਇਹ ਚੌਪਈ ਵੀ ਸੀ। ਕੁੱਝ ਵਿਦਵਾਨ ਕਹਿੰਦੇ ਹਨ ਕਿ ਗੁਰੂ ਜੀ ਨੇ ਕੇਵਲ ਤਿੰਨ ਬਾਣੀਆਂ ਦਾ ਪਾਠ ਕੀਤਾ। ਕੁੱਝ ਵਿਦਵਾਨਾਂ ਅਨੁਸਾਰ ਪਾ: 10 ਨੇ ਬਾਣੀ ਦਾ ਪਾਠ ਕਰਦਿਆਂ ਅੰਮ੍ਰਿਤ ਤਿਆਰ ਕੀਤਾ। ਕਿਹੜੀਆਂ ਬਾਣੀਆਂ ਦਾ ਪਾਠ ਗੁਰੂ ਜੀ ਨੇ ਕੀਤਾ, ਭਾਈ ਮਨੀ ਸਿੰਘ ਤੇ ਨਵਾਬ ਕਪੂਰ ਸਿੰਘ ਆਦਿ ਨੇ ਕੀਤਾ, ਵਿਚਾਰ ਯੋਗ ਮਸਲਾ ਹੈ।
ਕਬਿਯੋਬਾਚ ਬੇਨਤੀ।।
ਚੌਪਈ।।
ਹਮਰੀ ਕਰੋ ਹਾਥ ਦੈ ਰਛਾ।।
ਇਹ ਸਾਰੀ ਰਛਾ ਕਾਲੀ, ਮਹਾਂਕਾਲ ਤੋਂ ਕਵੀ ਮੰਗ ਰਿਹਾ ਹੈ। ਅਸੀਂ ਵਿਚਾਰ ਕਰ ਚੁਕੇ ਹਾਂ ਕਿ ਗੁਰਸਿੱਖ ਗੁਰਮਤਿ ਸਿਮਰਨ ਕਰਦੇ ਹਨ ਤੇ ਕਾਲ ਉਤੇ ਜਿੱਤ ਪ੍ਰਾਪਤ ਕਰਕੇ, ਅਬਿਨਾਸੀ, ਸਦ ਜੀਵਤ ਅਵਸਥਾ ਨੂੰ ਪ੍ਰਾਪਤ ਹੁੰਦੇ ਹਨ।
ਅੰਕ 381 ਸ੍ਰੀ ਅਸਿਧੁਜ ਜੁ ਕਰੀਯਹੁ ਰਛਾ।।
ਸ੍ਰੀ ਅਸਿਧੁਜ - ਤਲਵਾਰ ਧਾਰਨ ਵਾਲੀ ਦੇਵੀ ਦੁਰਗਾ।
ਅੰਕ 392 ਤਾ ਕਉ ਕਰਿ ਪਾਹਨ ਅਨੁਮਾਨਤ।।
ਮਹਾ ਮੂੜ ਕਛ ਭੇਦ ਨ ਜਾਨਤ।।
ਮਹਾਂ ਦੇਵ ਕਉ ਕਹਤ ਸਦਾ ਸਿਵ।। ਨਿਰੰਕਾਰ ਕਾ ਚੀਨਤਿ ਨਹ ਭਿਵ।।
ਕਵੀ ਕਾਲ ਕਾਲਕਾ ਨੂੰ ਹੀ ਨਿਰੰਕਾਰ ਕਹਿੰਦਾ ਹੈ। ਗੁਰਸਿੱਖ ਅਕਾਲ ਪੁਰਖ ਨੂੰ ਨਿਰੰਕਾਰ ਕਹਿੰਦੇ ਹਨ, ਇਸੇ ਲਈ ਸਿੱਖ ਧੋਖੇ ਵਿੱਚ ਚੌਪਈ ਨੂੰ ਪੜ੍ਹਦੇ ਹਨ।
ਚਰਿਤ੍ਰ ਪਖਿਆਨ ਦੀ ਸੋਲ੍ਹਵੀਂ ਤੇ ਇਕੀਸਵੀਂ ਕਥਾ ਦੀ ਵਿਚਾਰ ਅਸੀਂ ਹੇਠਾਂ ਲਿਖੀ ਹੈ।
ਸੋਲ੍ਹਵੀਂ ਕਥਾ ਛੱਜੀਆਂ ਦੀ: (ਪੰਨਾ 829, ਦਸਮ ਗ੍ਰੰਥ)
ਇਸ ਕਥਾ ਵਿੱਚ ਕਵੀ ਨੇ ਇਸ ਨੂੰ ਪਾ: 10 ਦੀ ਆਤਮ ਕਥਾ ਜਨਾਉਣ ਦੀ ਘਿਨੌਨੀ ਹਰਕਤ ਕੀਤੀ ਹੈ।
ਸਤਲੁਜ ਦਰਿਆ ਦੇ ਕੰਢੇ ਇੱਕ ਰਾਜਾ ਬੜਾ ਸੁਖੀ ਰਹਿੰਦਾ ਸੀ। ਇੱਕ ਸੁੰਦਰ ਵੇਸ਼ਵਾ ਛੱਜੀਆ ਸੀ। ਉਹ ਪੈਸਿਆਂ ਦਾ ਲਾਲਚ ਕਰਕੇ ਰਾਜੇ ਦੇ ਘਰ ਆਈ ਤੇ ਤੱਕਦਿਆਂ ਹੀ ਰਾਜੇ ਤੇ ਮੋਹਤ ਹੋ ਗਈ ਤੇ ਉਸਨੂੰ ਇਕਾਂਤ ਵਿੱਚ ਮਿਲਣ ਲਈ ਜੰਤ੍ਰ, ਮੰਤ੍ਰ, ਜਾਦੂ ਟੋਣੇ ਤੇ ਚਲਿੰਤਰ ਕੀਤੇ, ਪਰ ਰਾਜਾ ਵੱਸ ਵਿੱਚ ਨਹੀਂ ਆਇਆ।
ਹਾਰ ਕੇ ਛੱਜੀਆ ਨੇ ਭਗਵੇ ਬਸਤਰ ਪਾ ਕੇ ਜੋਗੀ ਦਾ ਭੇਸ ਬਣਾਇਆ ਤੇ ਰਾਜੇ ਦੇ ਦਰਬਾਰ ਵਿੱਚ ਜਾ ਕੇ ਨਮਸਕਾਰ ਕੀਤੀ, ਜਿਸਨੂੰ ਤੱਕ ਕੇ ਰਾਜਾ ਬਹੁਤ ਪ੍ਰਸੰਨ ਹੋਇਆ।
ਰਾਜੇ ਦਿਲ ਵਿੱਚ ਸੋਚਿਆ ਕਿ ਜਾਤੇ ਕਛ ਸੰਗ੍ਰਹੋ ਮੰਤ੍ਰ, ਅਰਥਾਤ ਕੁੱਝ ਮੰਤਰ ਸਿੱਖਣ ਲਈ ਜੋਗੀ ਦੇ ਘਰ ਇੱਕ ਦੂਤ ਭੇਜਿਆ।
ਰਾਜਾ ਮੰਤ੍ਰ ਸਿੱਖਣ ਲਈ ਐਨਾ ਉਤਾਵਲਾ ਸੀ ਕਿ ਉਹ ਦੂਤ ਦੇ ਕਹਿਣ ਅਨੁਸਾਰ ਅੱਧੀ ਰਾਤ ਦੇ ਸਮੇਂ ਵੇਸਵਾ ਦੇ ਘਰ ਪਹੁੰਚਿਆ। ਵੇਸਵਾ ਨੇ ਆਪਣੀ ਜਿਨਸੀ ਭੁੱਖ ਮਿਟਾਉਣ ਲਈ ਬਹੁਤ ਤਰਲੇ ਕੀਤੇ ਪਰ ਰਾਜਾ ਨਾ ਮੰਨਿਆ ਤੇ ਧਮਕੀਆਂ ਦੀ ਕੋਈ ਪਰਵਾਹ ਨ ਕਰਦਿਆਂ, ਬਹੁਤ ਮੁਸ਼ਕਲ ਨਾਲ, ਝੂਠਾ ਚਰਿੱਤਰ ਵੇਖ ਕੇ ਧਰਮ ਬਚਾ ਕੇ ਵਾਪਸ ਆਇਆ।
ਇਕੀਸਵੀਂ ਕਥਾ ਅਨੂਪ ਕੌਰ ਦੀ: (ਪੰਨਾ 838, ਦਸਮ ਗ੍ਰੰਥ)
ਇਸ ਕਥਾ ਵਿੱਚ ਵੀ ਇੱਕ ਰਾਜਾ ਅਨੰਦਪੁਰ ਗਾਂਵ ਵਿੱਚ, ਸਤਲੁਜ ਦੇ ਕੰਢੇ, ਨੈਣਾ ਦੇਵੀ ਦੇ ਨੇੜੇ, ਕਹਿਲੂਰ ਰਿਆਸਤ ਵਿੱਚ ਰਹਿੰਦਾ ਸੀ, ਜਿਸ ਦੀ ਸਿੱਖੀ ਸੇਵਕੀ ਵੀ ਬਹੁਤ ਸੀ ਤੇ ਮਨ ਬਾਂਛਤ ਫਲ ਪਾਉਂਦਾ ਸੀ।
ਇਕ ਧਨਵਾਨ, ਸੁੰਦਰ ਇਸਤ੍ਰੀ ਰਾਜੇ ਤੇ ਮੋਹਿਤ ਹੋ ਗਈ। ਉਸ ਦੇ ਨਾਮ ਅਨੂਪ ਕੌਰ ਤੋਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਸ ਦਾ ਸਬੰਧ ਸਿੱਖ ਘਰਾਣੇ ਨਾਲ ਸੀ। ਰਾਜੇ ਦੇ ਮਨ ਵਿੱਚ ਮੰਤ੍ਰ ਸਿੱਖਣ ਦੀ ਪ੍ਰਬਲ ਇੱਛਾ ਸੀ ਤੇ ਇਸੇ ਹੀ ਕਮਜ਼ੋਰੀ ਦਾ ਲਾਭ ਉਠਾਉਂਦਿਆਂ, ਅਨੂਪ ਕੌਰ ਨੇ ਚਾਲ ਖੇਡ ਕੇ ਰਾਜੇ ਨੂੰ ਆਪਣੇ ਘਰ ਵਿੱਚ ਬੁਲਾਉਣ ਦੀ ਵਿਉਂਤ ਬਣਾਈ, ਜਿਹੜੀ ਸਫਲ ਸਿੱਧ ਹੋਈ।
ਰਾਜਾ, ਸਾਧਾਰਣ ਰਾਜਾ ਨਹੀਂ ਸੀ, ਭਗਵਤੀ ਦਾ ਉਪਾਸ਼ਕ ਸੀ, ਕਿਉਂਕਿ ਉਹ ਤਪੱਸਵੀ ਦੇ ਭੇਸ ਵਿੱਚ ਭਗਵਤੀ ਦਾ ਸਿਮਰਨ ਕਰਦਾ ਹੋਇਆ ਉਸ ਇਸਤ੍ਰੀ ਦੇ ਘਰ ਪੁੱਜਿਆ। ਅਨੂਪ ਕੌਰ ਦੀ ਕਾਮ ਵਾਸਨਾ ਏਨੀ ਵੱਧ ਗਈ ਕਿ ਉਹ ਇਹ ਕਹਿਣੋ ਰਹਿ ਨ ਸਕੀ ਕਿ ਮੈਂ ਭੋਗ ਕੀਤੇ ਬਿਨਾ ਤੁਹਾਨੂੰ ਜਾਣ ਨਹੀਂ ਦੇਵਾਂਗੀ, ਤੁਹਾਡੇ ਵੈਰਾਗ ਵਿੱਚ ਹੀ ਸੜ ਜਾਵਾਂਗੀ ਤੇ ਜ਼ਹਿਰ ਪੀ ਕੇ ਮਰ ਜਾਵਾਂਗੀ। ਰਾਜਾ ਡਰ ਗਿਆ ਕਿ ਜੇ ਮੈਨੂੰ ਇਹ ਭਗਵਤੀ ਦੀ ਸੌਂਹ ਦੇ ਦੇਵੇਗੀ ਤਾਂ ਮੈਨੂੰ ਨਿਰਸੰਕੋਚ ਹੋ ਕੇ ਇਹਦੇ ਨਾਲ ਰੰਮਣ ਕਰਨਾ ਪਵੇਗਾ। ਇਸ ਮੌਕੇ ਤੇ ਦੋਹਾਂ ਧਿਰਾਂ ਵਲੋਂ ਜਿਹੜੀਆਂ ਦਲੀਲਾਂ ਦਿੱਤੀਆਂ ਗਈਆਂ, ਉਹ ਕਮਾਲ ਦੀਆਂ ਹਨ। ਰਾਜੇ ਦੁਆਰਾ ਇਹ ਉਚਾਰਿਆ ਛੰਦ ਗੁਰ ਇਤਿਹਾਸ ਦਾ ਹਿੱਸਾ ਬਣਿਆ ਹੋਇਆ ਹੈ।
ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ।
ਪੁਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ।
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ।
ਪਰਨਾਰੀ ਕੀ ਸੇਜ ਭੁਲਿ ਸੁਪਨੇ ਹੂੰ ਨ ਜੈਯਹੁ।
ਰਾਜੇ ਨੇ ਇਹ ਵੀ ਆਖਿਆ ਕਿ ਹੇ ਇਸਤ੍ਰੀ! ਸਾਡੇ ਪਾਸ ਦੇਸ ਦੇਸਾਂਤਰਾਂ ਤੋਂ ਮਰਦ ਇਸਤ੍ਰੀਆਂ ਆਉਂਦੇ ਹਨ ਤੇ ਮਨ ਬਾਂਛਤ ਵਰ ਮੰਗ ਕੇ ਤੇ ਗੁਰੂ ਜਾਣ ਕੇ ਸੀਸ ਝੁਕਾਉਂਦੇ ਹਨ। ਉਹ ਸਿੱਖ ਮੇਰੇ ਪੁੱਤਰ ਹਨ ਤੇ ਇਸਤ੍ਰੀਆਂ ਮੇਰੀਆਂ ਧੀਆਂ ਹਨ, ਤੂੰ ਆਪ ਹੀ ਦੱਸ ਇਹਨਾਂ ਨਾਲ ਭੋਗ ਕਿਵੇਂ ਕੀਤਾ ਜਾਵੇ?
ਅਨੂਪ ਕੌਰ ਨੇ ਚੋਰ-ਚੋਰ ਆਖ ਕੇ ਫੜਾਉਣ ਦੀ ਧਮਕੀ ਦਿੱਤੀ ਤੇ ਆਪਣੇ ਮਨੋਰਥ ਦੀ ਪੂਰਤੀ ਨਾ ਹੋਣ ਕਰਕੇ ਚੋਰ-ਚੋਰ ਦੀ ਉੱਚੀ ਧੁਨੀ ਲਗਾ ਹੀ ਦਿੱਤੀ। ਚੋਰ-ਚੋਰ ਦੀ ਆਵਾਜ਼ ਸੁਣ ਕੇ ਰਾਜਾ ਬਹੁਤ ਡਰਿਆ ਤੇ ਸੁਧ ਬੁਧ ਭੁਲਾ ਕੇ ਆਪਣੀ ਜੁੱਤੀ ਤੇ ਰੇਸ਼ਮੀ ਚਾਦਰ ਛੱਡ ਕੇ ਭੱਜ ਗਿਆ। ਭੁਲੇਖੇ ਵਿੱਚ ਅਨੂਪ ਕੌਰ ਦਾ ਭਰਾ ਫੜਿਆ ਗਿਆ, ਜਿਸ ਦੀ ਦਾਹੜੀ ਫੜ ਲਈ, ਪੱਗ ਉਤਾਰ ਦਿੱਤੀ, ਮੂੰਹ ਤੇ ਜੁੱਤੀਆਂ ਮਾਰੀਆਂ ਤੇ ਉਸੇ ਵੇਲੇ ਜੇਲ੍ਹ ਭੇਜ ਦਿੱਤਾ ਗਿਆ। ਅਗਲੇ ਦਿਨ ਰਾਜੇ ਨੇ ਅਨੂਪ ਕੌਰ ਨੂੰ ਦਰਬਾਰ ਵਿੱਚ ਬੁਲਾਇਆ ਤੇ ਰਾਤ ਦੀ ਘਟਨਾ ਨੂੰ ਮੁੱਖ ਰਖਦਿਆਂ ਯੋਗ ਫੈਸਲਾ ਸੁਣਾਇਆ।
ਇਹਨਾਂ ਦੋਨਾਂ ਕਥਾਵਾਂ ਤੋਂ ਇਹ ਨਿਸ਼ਕਰਸ਼ ਨਿਕਲਦਾ ਹੈ ਕਿ ਇਹ ਕਿਸੇ ਹੋਰ ਰਾਜੇ ਦੀ ਕਥਾ ਨਹੀਂ, ਗੁਰੂ ਗੋਬਿੰਦ ਸਿੰਘ ਜੀ ਦੀ ਕਥਾ ਹੈ। ਅਨੰਦਪੁਰ ਵਿੱਚ ਕੋਈ ਪੁਰਾਣਾ ਕਸਬਾ ਨਹੀਂ ਸੀ। ਗੁਰੂ ਤੇਗ਼ ਬਹਾਦਰ ਸਾਹਿਬ ਦੇ ਸਮੇਂ ਤੋਂ ਹੀ ਇਸਦਾ ਨਾਉਂ ਅਨੰਦਪੁਰ ਸਾਹਿਬ ਪਿਆ। ਕਿਸੇ ਹੋਰ ਰਾਜੇ ਦੇ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਂਜ ਇਸ ਨਾਲ ਸਾਰੇ ਸਹਿਮਤ ਹਨ।
ਸਿੱਖ ਜਗਤ ਦਾ ਇੱਕ ਵਰਗ ਇਹਨਾਂ ਕਥਾਵਾਂ ਨੂੰ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਮੰਨਦਾ ਹੈ। ਉਹ ਤਾਂ ਇਥੇ ਤਕ ਪਹੁੰਚਦਾ ਹੈ ਕਿ ਜਿਹੜਾ ਪੁਰਸ਼ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਨਹੀਂ ਮੰਨਦਾ, ਉਸਨੂੰ ਗਿਆਨ ਪ੍ਰਾਪਤ ਨਹੀਂ ਹੋ ਸਕਦਾ। ਦੂਜਾ ਵਰਗ ਕੁੱਝ ਚੋਣਵੀਂ ਰਚਨਾ ਨੂੰ ਹੀ ਦਸ਼ਮੇਸ਼ ਪਿਤਾ ਦੀ ਰਚਨਾ ਸਮਝਦਾ ਹੈ। ਉਸ ਅਨੁਸਾਰ ਕੋਈ ਪੂਰਨ ਗੁਰਸਿੱਖ ਵੀ ਇਸ ਤਰ੍ਹਾਂ ਦੀਆਂ ਕਥਾਵਾਂ ਰਚਨ ਕਰਨ ਤੋਂ ਸੰਕੋਚ ਕਰਦਾ ਹੋਵੇਗਾ। ਉਹ ਕਿਹੜਾ ਗੁਰਸਿੱਖ ਹੋਵੇਗਾ ਜਿਹੜਾ ਅੱਧੀ ਰਾਤ ਦੇ ਬਾਅਦ ਰਾਜੇ ਨੂੰ ਅੰਮ੍ਰਿਤ ਵੇਲਾ ਸੰਭਾਲਣ ਦੀ ਬਜਾਏ ਇੱਕ ਨਿਗੂਣੇ ਮੰਤਰ ਦੀ ਖਾਤਰ ਵੇਸਵਾ ਦੇ ਨਰਕ ਘੋਰ ਦੁਆਰ ਵਿੱਚ ਲਿੰਗ ਵਾਸ਼ਨਾ ਦੇ ਚਰਚਾ ਵਿੱਚ ਫੱਸਿਆ ਦਿਖਾਵੇਗਾ, ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਗੁਰਮੰਤਰ ਯਾਦ ਨਹੀਂ, ਭਗਵਤੀ ਦਾ ਸਿਮਰਨ ਯਾਦ ਹੈ, ਜਿਸਨੂੰ “ਪਾਰਬ੍ਰਹਮ ਗੁਰ ਨਾਨਕ ਸਾਖੀ” ਜੈਸੀ ਸ਼ਬਦਾਵਲੀ ਦਾ ਪਤਾ ਨਹੀਂ, ਪਰ ਭਗਵਤੀ ਦੀ ਕਸਮ ਖਾਣ ਉਪ੍ਰੰਤ ਕੁਕਰਮ ਕਰਨ ਦੀ ਬੇਬਸੀ ਜਾਂ ਮਜਬੂਰੀ ਦਾ ਪਤਾ ਹੈ, ਜਿਸ ਦੇ ਸਾਹਮਣੇ ਸਿੱਖੀ ਸਰੂਪ ਦੀ ਦੁਰਦਸ਼ਾ ਹੋਈ, ਦਾਹੜੀ ਫੜੀ ਗਈ, ਪੱਗ ਉਤਾਰੀ ਗਈ ਤੇ ਮੂੰਹ ਤੇ ਜੁੱਤੀਆਂ ਮਾਰੀਆਂ ਗਈਆਂ।
ਦੂਜੇ ਵਰਗ ਦੀ ਸੋਚਣੀ ਅਨੁਸਾਰ ਅਸੀਂ ਬਹੁਤ ਖੁਸ਼ ਹੁੰਦੇ ਹਾਂ ਕਿ ਇਹਨਾਂ ਕਥਾਵਾਂ ਵਿੱਚ ਰਾਜੇ ਦਾ ਚਾਲ-ਚਲਨ ਬਹੁਤ ਚੰਗਾ ਤੇ ਨਿਰਲੇਪ ਦਿਖਾਇਆ ਹੈ। ਇਸ ਪ੍ਰਸੰਨਤਾ ਅਧੀਨ ਸਾਨੂੰ ਗੁਰਮਤਿ ਕਸੌਟੀ ਦੀ ਵਰਤੋਂ ਕਰਨੀ ਵੀ ਜ਼ਰੂਰੀ ਨਹੀਂ ਭਾਸਦੀ। ਇਹਨਾਂ ਕਥਾਵਾਂ ਅਨੁਸਾਰ ਜੇ ਰਾਜੇ ਦੀ ਸਮੁੱਚੀ ਸ਼ਖ਼ਸੀਅਤ ਵੱਲ ਝਾਤ ਮਾਰੀਏ ਤਾਂ ਉਹ ਬੁਜ਼ਦਿਲ, ਡਰਪੋਕ ਤੇ ਬੇਬਸ ਨਜ਼ਰ ਆਵੇਗਾ। ਅਨੂਪ ਕੌਰ ਰਾਜੇ ਤੇ ਐਨੀ ਹਾਵੀ ਹੋ ਚੁਕੀ ਸੀ ਕਿ ਉਹ ਰਾਜੇ ਦੀ ਸ਼ਕਤੀ ਨੂੰ ਤੁੱਛ ਸਮਝਦੀ ਸੀ, ਇਸੇ ਕਰਕੇ ਉਸਨੇ ਰਾਜੇ ਨੂੰ ਆਖਿਆ ਕਿ ਮਨ ਕਰਕੇ ਮੇਰੇ ਨਾਲ ਭੋਗ ਕਰੋ ਨਹੀਂ ਤਾਂ ਮੇਰੀ ਲੱਤ ਥੱਲਿਓਂ ਹੋ ਕੇ ਨਿਕਲ ਜਾਵੋ। ਮਿੱਤਰ ਜੀ, ਅੱਜ ਮੈਂ ਤੁਹਾਨੂੰ ਆਪਣੇ ਹੱਥ ਨਾਲ ਫੜ ਕੇ ਸਾਰੀ ਰਾਤ ਚੂਰ-ਚੂਰ ਕਰਾਂਗੀ।
ਛੱਜੀਆ ਦੀ ਕਥਾ ਅਨੁਸਾਰ ਰਾਜਾ ਨੇ ਆਖਿਆ ਕਿ ਜੇ ਮੈਂ ਭੋਗ ਕਰਦਾ ਹਾਂ ਤਾਂ ਧਰਮ ਜਾਂਦਾ ਹੈ, ਜੇ ਦੌੜਦਾ ਹਾਂ ਤਾਂ ਬੰਨ੍ਹ ਲਿਆ ਜਾਵਾਂਗਾ। ਇਥੋਂ ਰਾਜਾ ਉਸ ਦੀ ਹਾਂ ਵਿੱਚ ਹਾਂ ਮਿਲਾਉਣ ਦਾ ਚਰਿੱਤਰ ਖੇਡ ਕੇ ਨੱਸ ਉੱਠਿਆ ਸੀ। ਰਾਜਾ ਕਿੰਨਾ ਡਰਦਾ ਸੀ, ਇਸ ਦਾ ਅਨੁਮਾਨ ਕਥਾ ਵਿੱਚ ਵਰਤੀ ਸ਼ਬਦਾਵਲੀ ਤੋਂ ਲਾਇਆ ਜਾ ਸਕਦਾ ਹੈ। ਕਦੇ ਉਸਨੂੰ ਘੋਰ ਨਰਕ ਵਿੱਚ ਪੈਣ ਦਾ ਡਰ ਹੈ, ਕਦੇ ਨੀਚ ਕੁਲ ਵਿੱਚ ਜਨਮ ਧਾਰਨ ਦਾ ਡਰ, ਕਦੇ ਭਗਵਤੀ ਦੀ ਸੌਂਹ ਤੋੜਨ ਦਾ ਡਰ। ਡਰ ਦੇ ਮਾਰੇ ਰਾਜੇ ਨੇ ਇਹ ਵੀ ਆਖਿਆ ਕਿ ਬਿਨਾ ਭੋਗ ਕੀਤੇ ਇਹ ਇਸਤ੍ਰੀ ਮਾਰ ਦੇਵੇਗੀ ਤੇ ਕਿੰਨਾ ਚੰਗਾ ਹੁੰਦਾ ਜੇ ਕੋਈ ਸਿੱਖ ਸੇਵਕ ਆ ਕੇ ਮੈਨੂੰ ਬਚਾ ਲਵੇ। ਚੋਰ-ਚੋਰ ਦੀ ਆਵਾਜ਼ ਸੁਣ ਕੇ ਰਾਜਾ ਐਨਾ ਡਰਿਆ ਕਿ ਰੇਸ਼ਮੀ ਚਾਦਰ ਤੇ ਜੁੱਤੀ ਛੱਡ ਕੇ ਭੱਜ ਗਿਆ।
ਅਗਲੇ ਦਿਨ ਰਾਜੇ ਨੇ ਦਰਬਾਰ ਵਿੱਚ ਜੋ ਫੈਸਲਾ ਕੀਤਾ, ਉਹ ਫੈਸਲਾ ਨਹੀਂ, ਸਮਝੌਤਾ ਸੀ। ਇਹ ਫੈਸਲਾ ਦਰਬਾਰ ਵਿੱਚ ਨਹੀਂ, ਇਕਾਂਤ ਵਿੱਚ ਹੋਇਆ ਸੀ ਜਿਸ ਦਾ ਸਾਰ ਇਹ ਸੀ - ‘ਇਸ ਤਰ੍ਹਾਂ ਦੀ ਗੱਲ ਮਨ ਵਿੱਚ ਨਹੀਂ ਲਿਆਉਣੀ, ਹੁਣ ਮੇਰਾ ਦੋਸ਼ ਮਾਫ਼ ਕਰਨਾ’, ਖੁਸ਼ ਕਰਨ ਲਈ ਵੀਹ ਹਜ਼ਾਰ ਟਕੇ ਛਿਮਾਹੀ ਦਿੱਤੇ ਗਏ।
ਇਹ ਕਥਾਵਾਂ ਪਾ: 10 ਦੀ ਸ਼ਖਸੀਅਤ ਤੇ ਆਚਰਣ ਉੱਤੇ ਵਿਉਂਤ ਅਨੁਸਾਰ ਕੀਤਾ ਗੁੱਝਾ ਵਾਰ, ਕਿਸੇ ਅਨਮਤੀ ਭਗਉਤੀ ਦੇ ਉਪਾਸ਼ਕ ਕਵੀ ਦੀ ਚਾਲ ਹਨ।
ਡਾ: ਗੁਰਮੁਖ ਸਿੰਘ