Friday, January 7, 2011

ਦਸਮ ਗ੍ਰੰਥ ਰਾਹੀ ਮਨੂੰ ਸਿਮ੍ਰਤੀ ਦਾ ਪ੍ਰਚਾਰ


ਸਿੱਖਾਂ ਨੂੰ ਗੁਰਮਤਿ ਮਾਰਗ ਤੋਂ ਤੋੜ ਕੇ ਅਤੇ ਕਰਮਕਾਂਡੀ ਗ੍ਰੰਥਾਂ ਵੱਲ ਧਕੇਲਣ ਲਈ ਬਹੁਤ ਚਾਲਾਂ ਚਲੀਆਂ ਗਈਆਂ ਅਤੇ ਚਲੀਆਂ ਜਾ ਰਹੀਆਂ ਹਨ। ਜੇਕਰ ਅਸੀ ਨਾਂ ਜਾਗੇ ਤਾਂ ਇਹ ਚਾਲਾਂ ਅੱਗੇ ਨੂੰ ਵੀ ਚਲਦੀਆਂ ਰਹਿਣੀਆਂ ਹਨ। ਇਨ੍ਹਾਂ ਹੀ ਚਾਲਾਂ ਦਾ ਇੱਕ ਹਿਸਾ ਹੈ ਦਸਮ ਗ੍ਰੰਥ। ਇਸ ਕਿਤਾਬ ਦਾ ਨਾਮ ਵੀ ਦਸਮ ਗ੍ਰੰਥ ਸਿੱਖਾਂ ਨੂੰ ਮੂਰਖ ਬਣਾਉਣ ਲਈ ਹੀ ਰੱਖਿਆ ਗਿਆ ਹੈ। ਇਸ ਦਾ ਗੁਰੂ ਦਸਮ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਜੀ, ਨਾਲ ਕੋਈ ਵੀ ਸੰਬੰਧ ਨਹੀ ਹੈ। ਦਸਮ ਗ੍ਰੰਥ ਮਨਮਤੀ, ਗੁਰਮਤਿ ਤੋ ਵਿਰੁਧ, ਵਿਚਾਂਰਾਂ ਨਾਲ ਭਰਿਆ ਪਿਆ ਹੈ। ਇਸ ਦਾ ਇੱਕ ਹਿੱਸਾ ਹੈ 24 ਅਵਤਾਰ। ਇਸ ਰਚਨਾਂ, 24 ਅਵਤਾਰ, ਵਿੱਚ ਵਿਸ਼ਨੂੰ ਦੇ ਘੜੇ ਹੋਏ 24 ਅਵਤਾਰਾਂ ਦੀ ਕਥਾ ਹੈ। ਇਸ ਦਾ ਲਿਖਾਰੀ ਹੈ ਕਵੀ ਸ਼ਯਾਮ ਜੋ ਕਿ ਆਪਣੇ ਨਾਮ ਨੂੰ ਇਸ ਰਚਨਾਂ ਵਿੱਚ ਵਾਰ-ਵਾਰ ਵਰਤਦਾ ਹੈ। ਇਸ ਦਾ ਇੱਕ ਨਮੂੰਨਾ ਹੇਠਾਂ ਪੇਸ਼ ਹੈ: -
ਅਬਿ ਚਉਬੀਸ ਉਚਰੌ ਅਵਤਾਰਾ। ਜਿਹ ਬਿਧਿ ਤਿਨ ਕਾ ਲਖਾ ਅਖਾਰਾ। ਸੁਨੀਅਹੁ ਸੰਤ ਸਬੈ ਚਿਤ ਲਾਈ। ਬਰਨਤ ਸੑਯਾਮ ਜਥਾ ਮਤਿ ਭਾਈ। 1. {24 ਅਵਤਾਰ 1}
ਅਰਥ
ਹੁਣ ਮੈਂ ਚੌਵੀ ਅਵਤਾਰਾਂ ਦੀ ਉਹ ਕਥਾ ਬਰਨਣ ਕਰਦਾ ਹਾਂ ਜਿਸ ਤਰਾਂ ਦੀ ਉਨ੍ਹਾਂ ਨੇ ਖੇਡ ਰਚੀ। ਹੇ ਸਾਰੇ ਸੰਤੋ! ਆਪਣਾ ਮਨ ਲਗਾ ਕੇ ਇਸ ਨੂੰ ਸੁਣੋ। ਸਯਾਮ (ਕਵੀ ਆਪਣਾ ਨਾਮ ਦੱਸ ਰਿਹਾ ਹੈ) ਆਪਣੀ ਬੁਧੀ ਅਨੁਸਾਰ, ਜਿਸ ਤਰਾਂ ਚੰਗਾ ਲੱਗਾ, ਬਰਨਣ ਕਰ ਰਿਹਾ ਹੈ। 1.
ਸੋ, ਉਪਰ ਦਰਸਾਈ ਚੌਪਈ ਵਿੱਚ ਕਵੀ ਸਯਾਮ ਸਾਫ ਲਿਖ ਰਿਹਾ ਹੈ ਕਿ ਚੌਵੀ ਅਵਤਾਰਾਂ ਦਾ ਲਿਖਾਰੀ ਉਹ ਆਪ ਹੈ; ਪਰ ਅਕਲ ਦੇ ਦੁਸ਼ਮਣ ਫਿਰ ਵੀ ਚੌਵੀ ਅਵਤਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾਂ ਕਹੀ ਜਾ ਰਹੇ ਹਨ। ਜਿਹੜੇ ਲੋਕਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਅਤੇ ਕਵੀ ਸਯਾਮ ਦਾ ਫਰਕ ਪਤਾ ਨਹੀਂ ਲਗਦਾ, ਉਨ੍ਹਾਂ ਨੂੰ ਅਕਲਮੰਦ ਸਮਝਣਾ ਬੇਵਕੂਫੀ ਹੈ। ਚਲੋ! ਇਨ੍ਹਾਂ ਨੂੰ ਅਕਾਲ ਪੁਰਖੁ ਸੋਝੀ ਬਖਸ਼ੇ। ਚੌਵੀ ਅਵਤਾਰਾਂ ਵਿਚੋ ਇੱਕ ਅਵਤਾਰ ਮਨੁ ਅਵਤਾਰ ਹੈ। ਇਹ ਉਹ ਹੀ ਅਵਤਾਰ ਹੈ ਜਿਸ ਨੂੰ ਅਸੀ ਮਨੂ ਨਾਮ ਨਾਲ ਜਾਣਦੇ ਹਾਂ। ਇਸ ਨੇ ਹੀ ਮਨੂ ਸਿਮਿਰਤੀ ਦਾ ਉਚਾਰਣ ਅਤੇ ਪ੍ਰਚਾਰ ਕੀਤਾ। ਇਸ ਦੀਆਂ ਲਿਖਤਾਂ ਬਾਰੇ ਜਾਨਣ ਤੋਂ ਪਹਿਲਾਂ, ਮਨੂ ਬਾਰੇ ਦਸਮ ਗ੍ਰੰਥ ਦਾ ਵਿਚਾਰ ਜਾਣ ਲੈਣਾ ਜਰੂਰੀ ਹੈ ਕਿਉਕਿ ਵਿਸ਼ਾ ਦਸਮ ਗ੍ਰੰਥ ਨਾਲ ਜੁੜਿਆ ਹੋਇਆ ਹੈ।
ਮਨੁ ਹਵੈ ਰਾਜ ਵਤਾਰ ਅਵਤਾਰਾ। ਮਨੁ ਸਿਮਿਰਿਤਹਿ ਪ੍ਰਚੁਰ ਜਗਿ ਕਰਾ। ਕਸਲ ਕੁਪੰਥੀ ਪੰਥਿ ਚਲਾਏ। ਪਾਪ ਕਰਮ ਤੇ ਲੋਗ ਹਟਾਏ। 3. ਰਾਜ ਅਵਤਾਰ ਭਯੋ ਮਨੁ ਰਾਜਾ। ਸਰਬ ਹੀ ਸਿਰਜੇ ਧਰਮ ਕੇ ਸਾਜਾ। ਪਾਪ ਕਰਾ ਤਾ ਕੋ ਗਹਿ ਮਾਰਾ। ਸਕਲ ਪ੍ਰਜਾ ਕਹੁ ਮਾਰਗਿ ਡਾਰਾ। 4. ਪਾਪ ਕਰਾ ਜਾ ਹੀ ਤਹ ਮਾਰਸ। ਸਕਲ ਪ੍ਰਜਾ ਕਹੁ ਧਰਮ ਸਿਖਾਰਸ। ਨਾਮ ਦਾਨ ਸਬਹੂਨ ਸਿਖਾਰਾ। ਸ੍ਰਾਵਗ ਪੰਥ ਦੂਰ ਕਰਿ ਡਾਰਾ। 5. ਜੇ ਜੇ ਭਾਜਿ ਦੂਰ ਕਹੁ ਗਏ। ਸ੍ਰਾਵਗ ਧਰਮਿ ਸੋਊ ਰਹਿ ਗਏ। ਅਉਰ ਪ੍ਰਜਾ ਸਬ ਮਾਰਗਿ ਲਾਈ। ਕੁਪੰਥ ਪੰਥ ਤੇ ਸੁਪੰਥ ਚਲਾਈ। 6. ਰਾਜ ਅਵਤਾਰ ਭਯੋ ਮਨੁ ਰਾਜਾ। ਕਰਮ ਧਰਮ ਜਗ ਕੋ ਭਲੁ ਸਾਜਾ। ਸਕਲ ਕੁਪੰਥੀ ਪੰਥ ਚਲਾਏ। ਪਾਪ ਕਰਮ ਤੇ ਧਰਮ ਲਗਾਏ। 7. ਪੰਥ ਕੁਪੰਥੀ ਸਬ ਲਗੇ ਸ੍ਰਾਵਗ ਮਤ ਭਯੋ ਦੂਰ। ਮਨੁ ਰਾਜਾ ਕੋ ਜਗਤ ਮੋ ਰਹਿਯੋ ਸੁਜਸੁ ਭਰਪੂਰ। 8. {24 ਅਵਤਾਰ 40}
ਅਰਥ
ਮਨੂ ਰਾਜੇ ਦਾ ਅਵਤਾਰ ਧਾਰਨ ਕਰਕੇ ਵਿਸ਼ਨੂੰ ਆਇਆ ਅਤੇ ਮਨੂ ਸਿਮਰਤੀ ਦਾ ਸਾਰੇ ਜਗਤ ਵਿੱਚ ਪ੍ਰਚਾਰ ਕੀਤਾ। ਉਸ ਨੇ ਸਾਰੇ ਕੁਪੰਥੀਆਂ (ਜੈਨੀ ਲੋਕਾਂ) ਨੂੰ ਸਹੀ ਮਾਰਗ ਉਪਰ ਤੋਰਿਆ। ਉਸ ਨੇ ਲੋਕਾਂ ਨੂੰ ਪਾਪ ਕਰਨ ਤੋ ਰੋਕ ਦਿੱਤਾ। 3. ਵਿਸ਼ਨੂੰ ਨੇ ਰਾਜ ਅਵਤਾਰ ਦੇ ਰੂਪ ਵਿੱਚ ਜਨਮ ਲਿਆ ਅਤੇ ਉਸ ਨੇ ਧਰਮ ਦੇ ਸਾਰੇ ਪ੍ਰਬੰਧ ਨਿਯਤ ਕਰ ਦਿੱਤੇ। ਹਰੇਕ ਪਾਪ ਕਰਨ ਵਾਲੇ ਨੂੰ ਉਸ ਨੇ ਫੜ ਕੇ ਮਾਰ ਦਿੱਤਾ। ਇਸ ਤਰਾਂ ਸਾਰੀ ਲੋਕਾਈ ਨੂੰ ਉਸ ਨੇ ਸਹੀ ਮਾਰਗ ਉਪਰ ਤੋਰ ਦਿੱਤਾ। 4. ਜਿਸ ਕਿਸੇ ਨੇ ਵੀ ਪਾਪ ਕੀਤਾ, ਉਸ ਨੂੰ ਮਾਰ ਦਿੱਤਾ ਗਿਆ। ਸਾਰੇ ਲੋਕਾਂ ਨੂੰ ਉਸ ਨੇ ਧਰਮ ਦਾ ਰਾਹ ਸਿਖਾ ਦਿੱਤਾ। ਉਸ ਨੇ ਸਾਰਿਆਂ ਨੂੰ ਨਾਮ ਅਤੇ ਦਾਨ ਦੀ ਰੀਤ ਸਿਖਾ ਦਿੱਤੀ। ਜੈਨ ਮਤ ਨੂੰ ਖਤਮ ਕਰ ਦਿੱਤਾ। 5. ਜੋ ਜੋ ਜੈਨੀ ਨੱਠ ਕੇ ਦੂਰ ਦੁਰਾਡੇ ਦੇਸ਼ਾਂ ਨੂੰ ਚਲੇ ਗਏ, ਉਹ ਹੀ ਕੇਵਲ ਜੈਨ ਮਤ ਵਿੱਚ ਰਹਿ ਗਏ। ਬਾਕੀ ਦੇ ਸਾਰੇ ਲੋਕਾਂ ਨੂੰ ਸਹੀ ਮਾਰਗ ਉਪਰ ਪਾ ਦਿੱਤਾ ਅਤੇ ਲੋਕਾਂ ਨੂੰ ਗਲਤ ਰਸਤੇ ਤੋਂ ਰੋਕ ਕੇ, ਸਹੀ ਮਾਰਗ ਉਪਰ ਤੋਰ ਦਿੱਤਾ। 6. ਇਸ ਤਰਾਂ ਦਾ ਮਨੁ ਰਾਜੇ ਦਾ ਅਵਤਾਰ ਹੋਇਆ ਅਤੇ ਉਸ ਨੇ ਜਗਤ ਵਿੱਚ ਧਰਮ ਦਾ ਪ੍ਰਚਾਰ ਕੀਤਾ। ਸਾਰੇ ਕੁਪੰਥੀਆਂ (ਜੈਨੀਆਂ) ਨੂੰ ਸਹੀ ਮਾਰਗ ਉਪਰ ਤੋਰ ਦਿੱਤਾ। ਸਾਰਿਆਂ ਨੂੰ ਪਾਪ ਕਰਮਾਂ ਤੋ ਰੋਕ ਕੇ ਧਰਮ ਦੇ ਕਰਮਾਂ ਵਿੱਚ ਲਗਾ ਦਿੱਤਾ। 7. ਸਾਰੇ ਜੈਨੀ ਮਾਰਗ ਉਪਰ ਤੁਰ ਪਏ ਅਤੇ ਜੈਨ ਮਤ ਖਤਮ ਹੋ ਗਿਆ। ਇਸ ਤਰਾਂ ਨਾਲ ਮਨੁ ਰਾਜੇ ਦਾ ਉਜਲਾ ਯਸ਼ ਦੁਨੀਆਂ ਵਿੱਚ ਪ੍ਰਸਿਧ ਹੋ ਗਿਆ। 8.
ਉਪਰ ਦਿੱਤੀ ਦਸਮ ਗ੍ਰੰਥ ਦੀ ਇਸ ਲਿਖਤ ਵਿੱਚ ਕਵੀ ਇਹ ਕਹਿਣਾ ਚਾਹੁੰਦਾ ਹੈ ਕਿ: -
ਮਨੂ ਰਾਜਾ ਧਰਮ ਚਲਾਉਣ ਆਇਆ ਸੀ।
ਉਸ ਨੇ ਲੋਕਾਂ ਨੂੰ ਮਨੂੰ ਸਿਮਰਤੀ ਰਾਹੀ ਪਾਪ ਤੋ ਹਟਾ ਕੇ ਧਰਮ ਮਾਰਗ ਉਪਰ ਤੋਰਿਆ।
ਉਪਰ ਦਿੱਤੀਆਂ ਦਸਮ ਗ੍ਰੰਥ ਦੀਆਂ ਤੁਕਾਂ ਵਿੱਚ ਬਾਰ ਬਾਰ ਇਹ ਕਿਹਾ ਗਿਆ ਹੈ ਕਿ ਮਨੂ ਨੇ ਧਰਮ ਚਲਾਇਆ ਅਤੇ ਲੋਕਾਂ ਨੂੰ ਪਾਪ ਕਰਨ ਤੋਂ ਹਟਾ ਦਿੱਤਾ। ਕਵੀ ਸਯਾਮ ਨੇ ਇਹ ਨਹੀ ਲਿਖਿਆ ਕਿ ਮਨੂ ਨੇ ਕੀ ਧਰਮ ਚਲਾਇਆ ਅਤੇ ਕਿਹੜੇ ਪਾਪ ਕਰਮ ਕਰਨ ਤੋਂ ਮਨੁਖਤਾ ਨੂੰ ਰੋਕਿਆ। ਉਸ ਨੇ ਇਹ ਇਸ ਕਾਰਨ ਕਰਕੇ ਨਹੀ ਲਿਖਿਆ ਕਿਉਕਿ ਮਨੂ ਨੇ ਨਾ ਤਾ ਕੋਈ ਧਰਮ ਦਾ ਰਾਹ ਚਲਾਇਆ ਅਤੇ ਨਾ ਕਿਸੇ ਨੂੰ ਪਾਪ ਕਰਨ ਤੋ ਰੋਕਿਆ। ਜੈਨੀਆਂ ਨੂੰ ਮਾਰਨਾ ਕੋਈ ਧਰਮ ਕਰਨ ਨਹੀ ਹੈ, ਨਾ ਸੀ ਅਤੇ ਨਾ ਹੋ ਸਕਦਾ ਹੈ। ਇਸ ਕਰਕੇ, ਮਨੂ ਕੀ ਧਰਮ ਚਲਾਉਣ ਆਇਆ ਸੀ ਅਤੇ ਉਸ ਨੇ ਕਿਸ ਤਰਾਂ ਦਾ ਧਰਮ ਚਲਾਇਆ, ਇਹ ਅਸੀ ਮਨੂ ਸਿਮਰਤੀ ਰਾਹੀਂ ਜਾਣ ਸਕਦੇ ਹਾਂ। ਮਨੂ ਸਿਮਰਤੀ ਨੂੰ ਮਨੂ ਦੇ ਧਰਮ ਵਾਲੇ ਆਪਣੇ ਧਰਮ ਦਾ ਕਾਨੂੰਨ ਮੰਨਦੇ ਹਨ। ਸਿਮਰਤੀਆਂ ਅਤੇ ਅਵਤਾਰਵਾਦ ਬਾਰੇ ਸਾਨੂੰ ਗੁਰਬਾਣੀ ਤੋ ਸੇਧ ਲੈਣੀ ਜਰੂਰੀ ਹੈ।
ਅਵਤਾਰਵਾਰ ਬਾਰੇ:
ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ॥ ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ॥ 7॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 423}
ਅਰਥ
(ਵਿਸ਼ਨੂੰ, ਕ੍ਰਿਸ਼ਨ, ਰਾਮ, ਆਦਿਕ) ਵਖਰੇ-ਵਖਰੇ ਸਮੇ ਦੇ ਰਾਜਿਆਂ ਨੂੰ ਲੋਕੀ ਰੱਬ ਜਾਣ ਕੇ, ਉਨ੍ਹਾਂ ਨੂੰ ਧਿਆਉਦੇ ਅਤੇ ਸਲਾਹੁੰਦੇ ਆ ਰਹੇ ਹਨ। ਉਨ੍ਹਾਂ ਨੇ ਵੀ ਉਸ ਅਕਾਲ ਪੁਰਖੁ ਸਤਿਗੁਰੂ ਦਾ ਅੰਤ ਨਹੀ ਪਾਇਆ। ਇਸ ਕਰਕੇ ਇਨ੍ਹਾਂ ਦੇਵਤਿਆਂ ਦਾ ਕੀ ਆਖ ਕੇ ਵਿਚਾਰ ਕੀਤਾ ਜਾਵੇ? । 7.
ਉਪਰ ਦਿੱਤੇ ਗੁਰਬਾਣੀ ਫੁਰਮਾਨ ਵਿੱਚ ਸਪਸਟ ਕਿਹਾ ਗਿਆ ਹੈ ਕਿ ਦੇਵਤੇ ਅਖਵਾਉਣ ਵਾਲੇ ਅਵਤਾਰੀ (ਜਨਮ ਲੈਣ ਵਾਲੇ) ਰਾਜੇ ਹੀ ਸਨ। ਇਹ ਕੋਈ ਅਕਾਲ ਪੁਰਖੁ ਦੇ ਅਵਤਾਰ ਨਹੀ ਸਨ ਕਿਉਕਿ ਅਕਾਲ ਪੁਰਖੁ ਤਾ ਜਨਮ ਨਹੀ ਲੈਂਦਾ। ਗੁਰਬਾਣੀ ਦਾ ਫੁਰਮਾਨ ਹੈ: -
ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥ 3॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 1136}
ਅਰਥ
ਉਹ ਮੁਖ ਜਲ ਜਾਵੇ, ਜਿਹੜਾ ਕਹਿੰਦਾ ਹੈ ਕਿ ਪ੍ਰਭੂ ਪਰਮਾਤਮਾ ਸਰੀਰ ਧਾਰਦਾ ਹੈ। 3.
ਇਸ ਕਰ ਕੇ ਇਹ ਰਾਜੇ ਰੱਬ ਦੀ ਰਜਾ ਨਾਲੋ ਟੁਟੇ ਹੋਏ ਸਨ ਅਤੇ ਧਰਮ ਇਨ੍ਹਾਂ ਦੇ ਨੇੜੇ ਨਹੀ ਸੀ ਕਿਉਕਿ ਜਿਹੜਾ ਬੰਦਾ ਆਪ ਰੱਬ ਬਣਿਆ ਫਿਰੇ, ਉਹ ਹੰਕਾਰੀ ਹੋਇਆ ਕਰਦਾ ਹੈ। ਹੰਕਾਰੀ ਆਪਣੇ ਆਪ ਵਿੱਚ ਹੀ ਗਵਾਚ ਜਾਂਦਾ ਹੈ। ਹੰਕਾਰੀ ਮਨੁਖਾਂ ਦੀ ਹਾਲਤ ਬਾਰੇ ਜਾਨਣ ਲਈ ਗੁਰਬਾਣੀ ਦਾ ਗਿਆਨ ਪ੍ਰਾਪਤ ਕਰੋ। ਹੰਕਾਰੀ ਮਨੁਖਾਂ ਨੂੰ ਸਤਿਗੁਰ ਦੇ ਦੀਦਾਰ ਨਹੀਂ ਹੁੰਦੇ। ਫਿਰ ਮਨੂ ਦੇ ਰੂਪ ਵਿੱਚ ਵਿਸ਼ਨੂੰ ਦੇਵਤੇ ਨੇ ਕੀ ਅਵਤਾਰ ਧਾਰਿਆ ਅਤੇ ਕੀ ਧਰਮ ਚਲਾਇਆ? ਸਾਫ ਅਤੇ ਸਪਸਟ ਹੈ ਕਿ ਇਹ ਅਵਤਾਰਾਂ ਦੀ ਕਥਾ ਲਿਖਣ ਵਾਲਾ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਤਾਂ ਕੀ, ਗੁਰਮਤਿ ਦਾ ਗਿਆਨੀ ਵੀ ਨਹੀ ਸੀ।
ਸਿੰਮ੍ਰਿਤੀਆਂ ਬਾਰੇ:
ਦੂਸਰਾ ਮਨੂ ਨੇ ਮਨੂ ਸਿਮਰਤੀ ਦਾ ਪ੍ਰਚਾਰ ਕੀਤਾ। ਮਨੂ ਸਿਮਰਤੀ ਦੀ ਪੜਚੋਲ ਕਰਨ ਤੋ ਪਹਿਲਾ ਗੁਰਬਾਣੀ ਦਾ ਸਿਮਰਤੀਆ ਬਾਬਤ ਫੁਰਮਾਨ ਪੜ ਲੈਣਾ ਜਰੂਰੀ ਹੈ। ਗੁਰਬਾਣੀ ਕਹਿੰਦੀ ਹੈ: -
ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ॥ ਸਾਂਕਲ ਜੇਵਰੀ ਲੈ ਹੈ ਆਈ॥ 1॥ ਆਪਨ ਨਗਰੁ ਆਪ ਤੇ ਬਾਧਿਆ॥ ਮੋਹ ਕੈ ਫਾਧਿ ਕਾਲ ਸਰੁ ਸਾਂਧਿਆ॥ 1॥ ਰਹਾਉ॥ ਕਟੀ ਨ ਕਟੈ ਤੂਟਿ ਨਹ ਜਾਈ॥ ਸਾ ਸਾਪਨਿ ਹੋਇ ਜਗ ਕਉ ਖਾਈ॥ 2॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 329}
ਅਰਥ
ਇਹ ਸਿੰਮ੍ਰਿਤੀਆ, ਜੋ ਬੇਦਾਂ ਦੇ ਅਧਾਰ ਤੇ ਬਣੀਆਂ ਹਨ, ਇਹ ਜਾਤ-ਪਾਤ ਦੇ ਸੰਗਲ ਅਤੇ ਕਰਮਕਾਂਡਾਂ ਦੀਆਂ ਰੱਸੀਆਂ ਲੈ ਕੇ ਆਈਆਂ ਹਨ। 1. ਇਨ੍ਹਾਂ ਨੇ ਆਪਣੇ ਚੇਲੇ ਆਪ ਹੀ ਜਾਤ-ਪਾਤ ਅਤੇ ਕਰਮਕਾਂਡਾਂ ਵਿੱਚ ਫਸਾਏ ਹੋਏ ਹਨ। ਇਨ੍ਹਾਂ ਨੇ ਚੇਲਿਆ ਨੂੰ ਸੁਰਗ, ਵਧੀਆ ਜਨਮ, ਆਦਿਕ ਦੇ ਮੋਹ ਵਿੱਚ ਫਸਾ ਦਿੱਤਾ ਹੈ ਅਤੇ ਮੌਤ ਦੇ ਡਰ ਨਾਲ ਡਰਾ ਦਿੱਤਾ ਹੈ। 1. ਇਨ੍ਹਾਂ ਦੀ ਸਿਖਿਆ ਦੀ ਜਕੜ ਲੋਕਾਂ ਕੋਲੋ ਨਾਂ ਕਟੀ ਜਾ ਰਹੀ ਹੈ ਅਤੇ ਨਾਂ ਤੋੜੀ ਜਾ ਰਹੀ ਹੈ। ਇਹ ਸਿਖਿਆ ਤਾਂ ਸਪਣੀ ਵਾਂਗੂੰ ਜਗਤ ਨੂੰ ਖਾ ਰਹੀ ਹੈ। 2.
ਗੁਰਬਾਣੀ ਕਹਿੰਦੀ ਹੈ ਕਿ ਜਿਸ ਤਰਾਂ ਸਪਣੀ ਆਪਣੇ ਬੱਚਿਆਂ ਨੂੰ ਖਾ ਜਾਂਦੀ ਹੈ, ਇਸੇ ਤਰਾਂ ਸਿੰਮ੍ਰਿਤੀਆਂ ਆਪਣੇ ਚੇਲਿਆਂ ਅਤੇ ਜਗਤ ਨੂੰ ਖਾ ਰਹੀਆਂ ਹਨ। ਸੋ, ਬੇਦ, ਸਿਮਰਤੀਆਂ ਲੋਕਾਂ ਨੂੰ ਭਰਮ, ਜਾਤ-ਪਾਤ ਅਤੇ ਕਰਮਕਾਂਡ ਵਿੱਚ ਫਸਾ ਰਹੀਆਂ ਹਨ। ਇਨ੍ਹਾਂ ਵਿੱਚ ਧਰਮ ਨਹੀ ਹੈ ਅਤੇ ਲੋਕਾਂ ਲਈ ਸੰਗਲ ਅਤੇ ਰੱਸੀਆਂ ਸਮਾਨ ਹਨ। ਇਨ੍ਹਾਂ ਤੋ ਪਰੇ ਰਹੋ। ਗੁਰਬਾਣੀ ਦਾ ਇੱਕ ਹੋਰ ਪ੍ਰਮਾਣ ਪੜੋ: -
ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ॥ ਤਤੈ ਸਾਰ ਨ ਜਾਣੀ ਗੁਰੂ ਬਾਝਹੁ ਤਤੈ ਸਾਰ ਨ ਜਾਣੀ॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 920}
ਅਰਥ
ਸਿਮ੍ਰਿਤਿ ਅਤੇ ਸਾਸਤਰ ਪਾਪ ਪੁੰਨ ਦੀ ਗੱਲ ਬਹੁਤ ਕਰਦੇ ਹਨ ਪਰ ਅਸਲੀਅਤ ਨਹੀ ਜਾਣਦੇ। ਗੁਰੂ ਤੋ ਬਿਨਾ ਅਸਲੀਅਤ ਸਮਝ ਨਹੀ ਆ ਸਕਦੀ।
ਇਥੇ ਗੁਰਬਾਣੀ ਸਪਸਟ ਕਰਦੀ ਹੈ ਕਿ ਸਿਮ੍ਰਿਤਿ ਸਾਸਤਰ ਵਿੱਚ ਧਰਮ ਦਾ ਰਾਹ ਨਹੀ ਹੈ ਅਤੇ ਮਨੁਖ ਲਈ ਸਹੀ ਸੇਧ ਨਹੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਨਿਵਾਜੀ ਸੀ ਸੋ ਉਨ੍ਹਾਂ ਨੂੰ ਗੁਰਬਾਣੀ ਦਾ ਪੂਰਨ ਗਿਆਨ ਸੀ। ਫਿਰ ਗੁਰੂ ਜੀ ਗੁਰਬਾਣੀ ਵਿਰੁਧ ਲਿਖਤ ਕਿਉ ਲਿਖਦੇ? ਇਸ ਕਰਕੇ ਇਹ ਲਿਖਤ ਗੁਰੂ ਗੋਬਿੰਦ ਸਿੰਘ ਜੀ ਦੀ ਨਹੀ ਹੈ ਅਤੇ ਕਵੀ ਸਯਾਮ ਦੀ ਹੈ ਕਿਉਕਿ ਉਹ ਆਪਣਾ ਨਾਮ ਵੀ ਲਿਖ ਰਿਹਾ ਹੈ।
ਮਨੂ ਸਿਮਰਤੀ ਦੀ ਸਿਖਿਆ
ਮਨੂ ਸਿਮਰਤੀਆਂ ਵਿਚੋ ਬਹੁਤ ਹਵਾਲੇ ਦਿੱਤੇ ਜਾ ਸਕਦੇ ਹਨ ਪਰ ਇਥੇ ਥੋੜੇ ਬਹੁਤ ਹੀ ਵਿਚਾਰੇ ਜਾਣਗੇ।
ਅਧਿਆਇ 3, ਸਲੋਕ 13 ਅਤੇ 14 à ਬ੍ਰਾਹਮਣ ਪਹਿਲਾ ਬ੍ਰਾਹਮਣ ਲੜਕੀ ਨਾਲ ਹੀ ਵਿਆਹ ਕਰਾਵੇ ਪਰ ਬਾਅਦ ਵਿੱਚ ਕਿਸੇ ਵੀ ਜਾਤ ਦੀਆਂ ਲੜਕੀਆਂ ਨੂੰ ਕਾਮ ਤ੍ਰਿਪਤੀ ਲਈ ਵਿਆਹ ਸਕਦਾ ਹੈ। ਬਾਕੀ ਸ਼ੂਦਰ, ਸ਼ੂਦਰ ਲੜਕੀ ਨਾਲ ਹੀ ਵਿਆਹ ਕਰਵਾ ਸਕਦਾ ਹੈ; ਵੈਸ਼, ਵੈਸ਼ ਲੜਕੀ ਨਾਲ ਹੀ ਵਿਆਹ ਕਰਵਾ ਸਕਦਾ ਹੈ ਅਤੇ ਖਤਰੀ, ਖਤਰੀ ਲੜਕੀ ਨਾਲ ਹੀ ਵਿਆਹ ਕਰਵਾ ਸਕਦਾ ਹੈ।
ਅਧਿਆਇ 9, ਸਲੋਕ 18 à ਔਰਤਾਂ ਨੂੰ ਵੇਦ ਪੜਨ ਦਾ ਅਧਿਕਾਰ ਨਹੀ ਹੈ। ਕਿਉਕਿ ਉਹ ਵੇਦ ਨਹੀ ਪੜ ਸਕਦੀਆਂ, ਉਹ ਅਪਵਿਤ੍ਰ ਹਨ।
ਕੀ ਇਹ ਕੋਈ ਧਰਮ ਦਾ ਕੰਮ ਹੈ? ਇਹ ਘੋਰ ਪਾਪ ਨਹੀ ਹੈ ਤਾਂ ਹੋਰ ਕੀ ਹੈ? ਕੀ ਖੱਤਰੀਆਂ ਦੀਆਂ, ਸ਼ੂਦਰਾਂ ਦੀਆਂ ਅਤੇ ਵੈਸ਼ਾਂ ਦੀਆਂ ਲੜਕੀਆਂ ਮਨੁਖ ਨਹੀ ਹਨ? ਕੀ ਇਹ ਔਰਤਾਂ ਨਾਲ ਭੈੜਾ ਸਲੂਕ ਨਹੀ ਹੈ? ਕੀ ਕੋਈ ਬ੍ਰਾਹਮਣੀ ਕਈ ਵਿਆਹ ਕਰਵਾ ਸਕਦੀ ਹੈ? ਮਨੁਖੀ ਅਧਿਕਾਰ ਕਿਥੇ ਗਏ? ਸਿਖ ਧਰਮ ਵਿੱਚ ਔਰਤਾਂ ਨੂੰ ਬਰਾਬਰ ਦਾ ਹੱਕ ਹੈ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਨੂ ਦਾ ਸਿਧਾਂਤ ਕਦੇ ਵੀ ਪਰਵਾਨ ਨਹੀ ਹੋ ਸਕਦਾ। ਗੁਰਬਾਣੀ ਬੀਬੀਆਂ ਨੂੰ ਬਰਾਬਰ ਦਾ ਹੱਕ ਦਿੰਦੀ ਹੈ। ਗੁਰਬਾਣੀ ਦਾ ਫੁਰਮਾਨ ਪੜੋ: -
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 473}
ਅਰਥ
ਉਸ ਨੂੰ ਮੰਦਾ ਕਿਉ ਕਿਹਾ ਜਾਵੇ? ਜਿਸ ਨੇ ਤੈਨੂੰ ਪਵਿਤ੍ਰ ਅਖਵਾਉਣ ਵਾਲੇ ਨੂੰ ਜਨਮ ਦਿੱਤਾ? (ਰਾਜਾਨ ਦਾ ਮਤਲਬ ਪਵਿਤ੍ਰ ਅਖਵਾਉਣ ਵਾਲਾ ਹੁੰਦਾ ਹੈ।)
ਘਰ ਕੀ ਨਾਰਿ ਤਿਆਗੈ ਅੰਧਾ॥ ਪਰ ਨਾਰੀ ਸਿਉ ਘਾਲੈ ਧੰਧਾ॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 1165}
ਅਰਥ
ਆਪਣੀ ਇਸਤਰੀ ਨੂੰ ਛੱਡ ਕੇ ਹੋਰ ਇਸਤਰੀਆਂ ਵੱਲ ਝਾਕਣ ਵਾਲਾ ਮਨੁਖ ਆਤਮਕ ਤੌਰ ਤੇ ਅੰਧਾ ਹੁੰਦਾ ਹੈ।
ਉਪਰ ਸਬਦ ਵਿੱਚ ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਜਿਹੜਾ ਮਨੁਖ ਪਰਾਈ ਇਸਤਰੀ ਵੱਲ ਮਾੜੀ ਨਜਰ ਨਾਲ ਦੇਖੇ, ਉਹ ਆਤਮਕ ਤੌਰ ਤੇ ਅੰਧਾ ਹੁੰਦਾ ਹੈ। ਅਜਿਹਾ ਮਨੁਖ ਧਰਮੀ ਨਹੀ ਹੋ ਸਕਦਾ। ਇਸ ਸਿਧਾਂਤ ਦੇ ਵਿਰੁਧ ਮਨੂ ਨੇ ਬ੍ਰਾਹਮਣਾਂ ਨੂੰ ਜਿਸ ਇਸਤਰੀ ਨੂੰ ਮਰਜੀ, ਕਾਮ ਤ੍ਰਿਪਤੀ ਲਈ ਘਰ ਲਿਆਉਣ ਦੀ ਖੁਲ ਦਿੱਤੀ ਹੋਈ ਹੈ। ਕੀ ਮਨੂ ਧਰਮੀ ਕਹਾਉਣ ਦੇ ਲਾਇਕ ਸੀ? ਜੇ ਨਹੀ ਤਾ ਫਿਰ ਦਸਮ ਗ੍ਰੰਥ ਦਾ ਲਿਖਾਰੀ ਮਨੂ ਨੂੰ ਧਰਮੀ ਕਿਸ ਅਧਾਰ ਤੇ ਕਹਿ ਰਿਹਾ ਹੈ?
ਅਧਿਆਇ 2, ਸਲੋਕ 13, 135 à ਦਸ ਸਾਲ ਦੇ ਬ੍ਰਾਹਮਣ ਅਤੇ ਸੌ ਸਾਲ ਦੇ ਖੱਤਰੀ ਨੂੰ ਕ੍ਰਮਵਾਰ ਪਿਤਾ ਅਤੇ ਪੁੱਤਰ ਸਮਝੋ।
ਅਧਿਆਇ 7, ਸਲੋਕ 61 à ਜੋ ਬ੍ਰਾਹਮਣ ਆਪਣੇ ਧਰਮ ਦੇ ਭੇਦ ਕਿਸੇ ਸ਼ੂਦਰ ਨੂੰ ਸਿਖਾਏਗਾ, ਉਹ ਉਸੇ ਸ਼ੂਦਰ ਦੇ ਨਾਲ ਨਰਕ ਵਿੱਚ ਜਾਏਗਾ।
ਅਧਿਆਇ 8, ਸਲੋਕ 22 à ਜਿਸ ਰਾਜੇ ਦੇ ਰਾਜ ਵਿੱਚ ਬ੍ਰਾਹਮਣ ਨਾਂ ਹੋਣ, ਉਹ ਰਾਜਾ ਪੀੜਤ ਹੋ ਕੇ ਨਸ਼ਟ ਹੋ ਜਾਂਦਾ ਹੈ।
ਅਧਿਆਇ 4, ਸਲੋਕ 60 à ਬ੍ਰਾਹਮਣ ਨੂੰ ਸ਼ੂਦਰ ਰਾਜੇ ਦੇ ਰਾਜ ਵਿੱਚ ਨਹੀ ਰਹਿਣਾ ਚਾਹੀਦਾ।
ਅਧਿਆਇ 1, ਸਲੋਕ 91 à ਪ੍ਰਮਾਤਾਮਾ ਨੇ ਸ਼ੂਦਰਾਂ ਨੂੰ ਬਾਕੀ ਤਿੰਨ ਵਰਗਾਂ (ਬ੍ਰਾਹਮਣ, ਖਤਰੀ ਅਤੇ ਵੈਸ਼) ਦੀ ਸੇਵਾ ਕਰਨ ਲਈ ਹੀ ਬਣਾਇਆ ਹੈ।
ਅਧਿਆਇ 9, ਸਲੋਕ 146 à ਪਤਨੀ, ਪੁੱਤਰ ਅਤੇ ਗੁਲਾਮ ਨੂੰ ਜਾਇਦਾਦ ਰੱਖਣ ਦਾ ਕੋਈ ਹੱਕ ਨਹੀ ਹੈ। ਇਹ ਸਾਰਾ ਧੰਨ ਉਸ ਦਾ ਹੈ, ਜਿਸ ਨਾਲ ਇਹ ਜੁੜੇ ਹੋਏ ਹਨ।
ਉਪਰ ਦਿੱਤੀਆਂ ਮਨੂ ਸਿਮਰਤੀ ਦੀਆਂ ਸਿਖਿਆਂਵਾਂ ਵਿਚੋ ਕੀ ਕੋਈ ਧਰਮ ਦੀ ਸਿਖਿਆ ਮਿਲੀ? ਇਹ ਜਾਤ-ਪਾਤ ਦੇ ਸੰਗਲ ਅਤੇ ਲੋਕਾਂ ਨਾਲ ਜਾਤ-ਪਾਤ ਦੇ ਅਧਾਰ ਤੇ ਵਿਤਕਰਾ, ਕੋਈ ਧਰਮ ਨਹੀ ਹੈ। ਬ੍ਰਾਹਮਣ ਜੋ ਮਰਜੀ ਪਾਪ ਕਰੇ, ਉਹ ਫਿਰ ਵੀ ਸੁਚਾ ਪਰ ਸ਼ੂਦਰ ਮਾੜੇ ਦਾ ਮਾੜਾ? ਗੁਰਬਾਣੀ ਹਰੇਕ ਮਨੁਖ ਨੂੰ ਬਰਾਬਰ ਦਾ ਅਧਿਕਾਰ ਦਿੰਦੀ ਹੈ। ਚਾਹੇ ਕੋਈ ਕਿਸੇ ਵੀ ਜਾਤ ਵਾਲਾ ਮੰਨਿਆ ਜਾਂਦਾ ਹੋਵੇ, ਚਾਹੇ ਉਹ ਮਰਦ ਹੋਵੇ ਜਾਂ ਔਰਤ, ਉਸ ਨੂੰ ਪਰਮਾਤਮਾ ਦੀ ਬੰਦਗੀ ਕਰਨ ਦਾ ਪੂਰਾ ਹੱਕ ਹੈ। ਗੁਰਬਾਣੀ ਕਿਸੇ ਬ੍ਰਾਹਮਣ ਦੀ ਬਣਾਈ ਜਾਤ ਪਾਤ ਨੂੰ ਨਹੀ ਮੰਨਦੀ ਅਤੇ ਨਾਂ ਹੀ ਬ੍ਰਾਹਮਣ ਜਾਤੀ ਦੇ ਮਨੁਖ ਨੂੰ ਕਿਸੇ ਨਾਲੋ ਵਧੀਆ ਮੰਨਦੀ ਹੈ। ਗੁਰਬਾਣੀ ਵਿੱਚ ਬੰਦੇ ਦੇ ਕੀਤੇ ਕੰਮਾ ਨੂੰ ਪਰਧਾਨ ਰੱਖਿਆ ਗਿਆ ਹੈ। ਹਰ ਮਨੁਖ ਨੂੰ ਧਰਮ ਕਰਮ ਕਰਨ ਦਾ ਅਧਿਕਾਰ ਹੈ। ਗੁਰਬਾਣੀ ਦੇ ਪਹਿਲਾਂ ਦਿੱਤੇ ਗਏ ਪ੍ਰਮਾਣ ਵਿੱਚ ਜਾਤ-ਪਾਤ ਦਾ ਖੰਡਣ ਸਾਫ ਮਿਲਦਾ ਹੈ। ਹੋਰ ਸ਼ਬਦ ਪੜੋ: -
ਹਮਰੀ ਜਾਤਿ ਪਤਿ ਸਚੁ ਨਾਉ॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 353}
ਅਰਥ
ਸਾਡੀ ਜਾਤ-ਪਾਤ ਸਚੇ ਪ੍ਰਮਾਤਾਮਾ ਦਾ ਸੱਚ ਹੈ।
ਸਚ ਤਾਂ ਇਹ ਹੈ ਕਿ ਸਾਰੇ ਮਨੁਖ ਇੱਕ ਪ੍ਰਭੂ ਦੇ ਪੈਦਾ ਕੀਤੇ ਹਨ। ਕੋਈ ਵੀ ਜਨਮ ਕਾਰਨ ਕਿਸੇ ਨਾਲੋਂ ਵੱਡਾ ਜਾਂ ਛੋਟਾ ਨਹੀ ਹੈ।
ਤੁਮ ਕਤ ਬ੍ਰਾਹਮਣ ਹਮ ਕਤ ਸੂਦ॥ ਹਮ ਕਤ ਲੋਹੂ ਤੁਮ ਕਤ ਦੂਧ॥ 3॥ ਕਹੁ ਕਬੀਰ ਜੋ ਬ੍ਰਹਮੁ ਬੀਚਾਰੈ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ॥ 4॥ 7॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 324}
ਅਰਥ
ਤੂੰ ਕਦੋਂ ਦਾ ਬ੍ਰਾਹਮਣ (ਪਵਿਤ੍ਰ) ਹੋ ਗਿਆ ਅਤੇ ਅਸੀ ਕਦੋਂ ਦੇ ਸ਼ੂਦਰ (ਪਾਪੀ, ਅਧਰਮੀ) ਹੋ ਗਏ? ਅਸੀ ਕਦੋਂ ਲਹੂ ਹੋ ਗਏ ਅਤੇ ਤੂੰ ਦੁਧ ਬਣ ਗਿਆ? । 3. ਕਬੀਰ ਕਹਿੰਦੇ ਹਨ, ਜਿਹੜਾ ਮਨੁਖ ਬ੍ਰਹਮ (ਪ੍ਰਭੂ) ਦੀ ਵਿਚਾਰ ਕਰਦਾ ਹੈ, ਅਸੀ ਉਸ ਨੂੰ ਹੀ ਬ੍ਰਾਹਮਣ ਮੰਨਦੇ ਹਾਂ। 4. 7.
ਮਨੁਖਤਾ ਨੂੰ ਖੋਰਾ ਲਾਉਣ ਵਾਲੇ ਬ੍ਰਾਹਮਣ ਦਾ ਗੁਰਮਤਿ ਵਿੱਚ ਖੰਡਨ ਕੀਤਾ ਗਿਆ ਹੈ ਅਤੇ ਸੱਚੇ ਸੁਚੇ ਮਨੁਖ ਨੂੰ ਬ੍ਰਾਹਮਣ ਮੰਨਿਆ ਗਿਆ ਹੈ। ਮਨੂ ਕਹਿੰਦਾ ਹੈ ਕਿ ਸ਼ੂਦਰਾਂ ਨੂੰ ਪ੍ਰਭੂ ਦਾ ਨਾਮ ਸਿਮਰਨ ਕਰਨ ਦੀ ਇਜਾਜਤ ਨਹੀ ਹੋ ਸਕਦੀ। ਗੁਰਬਾਣੀ ਫੁਰਮਾਨ ਹੈ: -
ਖਤ੍ਰੀ ਬ੍ਰਾਹਮਣ ਸੂਦ ਵੈਸ ਸਭ ਏਕੈ ਨਾਮਿ ਤਰਾਨਥ॥ ਗੁਰੁ ਨਾਨਕੁ ਉਪਦੇਸੁ ਕਹਤੁ ਹੈ ਜੋ ਸੁਨੈ ਸੋ ਪਾਰਿ ਪਰਾਨਥ॥ 4॥ 1॥ 10॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 1001}
ਅਰਥ
ਚਾਹੇ ਕੋਈ ਖੱਤਰੀ, ਬ੍ਰਾਹਮਣ, ਸ਼ੂਦਰ ਜਾਂ ਵੈਸ਼ ਹੋਵੇ ਭਾਵ ਕੋਈ ਵੀ ਮਨੁਖ ਹੋਵੇ, ਮਨੁਖ ਸਿਰਫ ਕੇਵਲ ਹਰੀ ਦੇ ਨਾਮ ਨਾਲ ਹੀ ਇਸ ਸੰਸਾਰ-ਸਮੁੰਦਰ ਤੋ ਤਰ ਸਕਦਾ ਹੈ। ਜਿਹੜਾ ਮਨੁਖ ਗੁਰੁ ਨਾਨਕੁ ਦਾ ਦਿੱਤਾ ਹੋਇਆ ਉਪਦੇਸ਼ ਧਾਰਨ ਕਰ ਲੈਂਦਾ ਹੈ, ਉਹ ਮਨੁਖ ਇਸ ਸੰਸਾਰ-ਸਮੁੰਦਰ ਤੋ ਮੁਕਤ ਹੋ ਜਾਂਦਾ ਹੈ। 4. 1. 10.
ਮਨੂ ਕਹਿੰਦਾ ਹੈ ਕਿ ਜਿਹੜਾ ਬ੍ਰਾਹਮਣ ਕਿਸੇ ਸ਼ੂਦਰ ਨੂੰ ਧਰਮ ਦੀ ਸਿਖਿਆ ਦਊ, ਉਹ ਨਰਕ ਵਿੱਚ ਜਾਊ ਪਰ ਗੁਰਬਾਣੀ ਕਹਿੰਦੀ ਹੈ ਕਿ ਜਿਹੜਾ ਧਰਮ ਦੀ ਸਿਖਿਆ ਲਊ, ਉਹ ਆਪ ਵੀ ਤਰੂ ਅਤੇ ਸਿਖਿਆ ਦੇਣ ਵਾਲਾ ਵੀ ਤਰੂ।
ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 10}
ਅਰਥ
ਸਾਰੇ ਜੀਵ ਉਸ ਪ੍ਰਮਾਤਮਾ ਦੇ ਬਣਾਏ ਹੋਏ ਹਨ, ਉਹ ਹੀ ਸਭ ਨੂੰ ਦਾਤਾਂ ਦੇਣ ਵਾਲਾ ਹੈ।
ਇਹ ਸਬਦ ਜਾਤ-ਪਾਤ ਦੀ ਵੰਡ ਦਾ ਖੰਡਨ ਕਰਦਾ ਹੈ ਕਿਉਕਿ ਸਾਰੇ ਜੀਵ ਉਸ ਅਕਾਲ ਪੁਰਖੁ ਨੇ ਪੈਦਾ ਕੀਤੇ ਹਨ ਅਤੇ ਉਹ ਕਿਸੇ ਨੂੰ ਜਾਤ ਪਾਤ ਦੇ ਹਿਸਾਬ ਨਾਲ ਨਹੀ ਦੇਖਦਾ। ਫਿਰ ਮਨੂ ਸਿਮਰਤੀ ਦਾ ਬ੍ਰਾਹਮਣ ਨੂੰ ਉਚਾ ਦਿਖਾਉਣਾ ਅਤੇ ਸ਼ੂਦਰਾਂ ਨੂੰ ਨੀਵਾਂ ਦਿਖਾਉਣਾ ਕਿਸੇ ਵੀ ਤਰਾਂ ਧਰਮ ਨਹੀ ਹੋ ਸਕਦਾ।
ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 747}
ਅਰਥ
ਖਤ੍ਰੀ, ਬ੍ਰਾਹਮਣ, ਸੂਦ ਅਤੇ ਵੈਸ਼ ਭਾਵ ਸਾਰੇ ਮਨੁਖਾਂ ਨੂੰ ਇੱਕ ਹੀ ਉਪਦੇਸ਼ ਹੈ।
ਗੁਰੂ ਮਹਾਰਾਜ ਫੁਰਮਾਉਂਦੇ ਹਨ ਕਿ ਸਾਰਿਆ ਮਨੁਖਾਂ ਨੂੰ ਇਕੋ ਉਪਦੇਸ਼ ਹੈ, ਇਕੋ ਹੁਕਮ ਹੈ। ਇਸ ਕਰਕੇ ਮਨੁਖ ਨੂੰ ਕਿਸੇ ਵੀ ਹੋਰ ਮਨੁਖ ਦੀ ਗੁਲਾਮੀ ਕਰਨ ਦੀ ਜਰੂਰਤ ਨਹੀ। ਸ਼ੂਦਰ ਨੂੰ ਕਿਸੇ ਬ੍ਰਾਹਮਣ ਦਾ ਗੁਲਾਮ ਹੋਣ ਦੀ ਲੋੜ ਨਹੀ। ਗੁਰਬਾਣੀ ਕਹਿੰਦੀ ਹੈ: -
ਏਕੈ ਪਾਥਰ ਕੀਜੈ ਭਾਉ॥ ਦੂਜੈ ਪਾਥਰ ਧਰੀਐ ਪਾਉ॥ ਜੇ ਓਹੁ ਦੇਉ ਤ ਓਹੁ ਭੀ ਦੇਵਾ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ॥ 4॥ 1॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 525}
ਅਰਥ
ਪੰਡਤ ਇੱਕ ਪੱਥਰ ਦੀ ਪੂਜਾ ਕਰਦਾ ਅਤੇ ਕਰਾਉਂਦਾ ਹੈ ਪਰ ਦੂਜੇ ਪੱਥਰ ਉਪਰ ਪੈਰ ਧਰਦਾ ਹੈ। ਜੇ ਮੂਰਤੀ ਵਾਲਾ ਪੱਥਰ ਦੇਵਤਾ ਹੈ ਤਾਂ ਜਿਸ ਪੱਥਰ ਉਪਰ ਪੈਰ ਰੱਖਿਆ ਜਾਂਦਾ ਹੈ, ਉਹ ਵੀ ਦੇਵਤਾ ਹੈ। ਨਾਮਦੇਵ ਕਹਿੰਦੇ ਹਨ, ਮੈ ਤਾਂ ਉਸ ਕਰਤਾਰ, ਅਕਾਲ ਪੁਰਖੁ ਦੀ ਸੇਵਾ ਕਰਦਾ ਹਾਂ। ਕਿਸੇ ਮਨੁਖ ਦੀ ਜਾਂ ਉਸ ਦੇ ਬਣਾਏ ਹੋਏ ਪੱਥਰਾਂ ਦੀ ਨਹੀ। 4. 1.
ਜਦ ਗੁਰਬਾਣੀ ਵਿੱਚ ਸਿਰਫ ਹਰੀ ਪ੍ਰਮੇਸ਼ਵਰ ਦੀ ਸੇਵਾ ਕਰਨ ਨੂੰ ਕਿਹਾ ਗਿਆ ਹੈ ਤਾਂ ਫਿਰ ਬ੍ਰਾਹਮਣ ਦੀ ਸੇਵਾ ਕਰਨੀ ਜਾਂ ਪੂਜਾ ਕਰਨੀ ਗੁਰਮਤਿ ਦੇ ਵਿਰੁਧ ਹੈ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਨੂ ਵਰਗੇ ਮਨੁਖਤਾ ਨੂੰ ਭਟਕਾਉਣ ਵਾਲੇ, ਸਮਾਜ ਵਿੱਚ ਵੰਡੀਆਂ ਪਾਉਣ ਵਾਲੇ, ਲੋਕਾਂ ਨੂੰ ਜਾਤਾਂ-ਪਾਤਾਂ ਵਿੱਚ ਵੰਡਣ ਵਾਲੇ ਅਤੇ ਇਸਤਰੀਆਂ ਨੂੰ ਨੀਚ ਸਮਝਣ ਵਾਲੇ ਮਨੁਖ ਨੂੰ ਕਦੀ ਵੀ ਧਰਮੀ ਪ੍ਰਵਾਨ ਨਹੀ ਕਰ ਸਕਦੇ ਅਤੇ ਨਾਂ ਹੀ ਕੀਤਾ। ਰਾਹ ਪੱਧਰਾ ਹੈ ਕਿ ਇਹ ਦਸਮ ਗ੍ਰੰਥ ਨਾਮ ਦਾ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨੇ ਨਹੀ ਲਿਖਿਆ ਅਤੇ ਲਿਖਵਾਇਆ ਵੀ ਨਹੀ ਕਿਉਕਿ ਇਹ ਗੁਰਮਤਿ ਨੇ ਸਿਧਾਂਤ ਉਪਰ ਖਰਾ ਨਹੀ ਉਤਰਦਾ। ਦਸਮ ਗ੍ਰੰਥ ਨੂੰ ਲਿਖਣਾ, ਪ੍ਰਚਾਰਨਾ ਅਤੇ ਸਿਖਾਂ ਦਾ ਹਿੱਸਾ ਬਨਾਉਣਾ, ਇਹ ਸਾਰਾ ਕੰਮ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖਾਂ ਨੂੰ ਕਰਮਕਾਂਡੀ ਅਤੇ ਮਨੂ ਮਿਸਰਤੀ ਵਿੱਚ ਵਿਸ਼ਵਾਸ ਰੱਖਣ ਵਾਲੇ ਸਾਬਤ ਕਰਨ ਲਈ ਹੈ। ਅਸਲ ਵਿੱਚ ਸਿੱਖ ਵਿਰੋਧੀਆਂ ਦੀ ਸੋਚਣੀ ਇਹ ਹੈ ਕਿ ਜੇਕਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਹੇਠ ਮਨੂਵਾਦੀ ਸਿਧਾਂਤ ਨੂੰ ਧਰਮ ਪ੍ਰਚਾਰ ਦਿੱਤਾ ਜਾਵੇ ਤਾਂ ਮਨੂਵਾਦ ਨੂੰ ਸਿੱਖ ਗਲਤ ਕਹਿਣ ਜੋਗੇ ਨਹੀ ਰਹਿਣਗੇ। ਸਾਨੂੰ ਸੁਚੇਤ ਹੋਣ ਦੀ ਲੋੜ ਹੈ, ਇਨ੍ਹਾਂ ਕੋਝੀਆਂ ਚਾਲਾਂ ਤੋ ਬਚਣ ਦੀ ਲੋੜ ਹੈ ਅਤੇ ਇਸ ਅਖੌਤੀ ਦਸਮ ਗ੍ਰੰਥ ਵਿਰੁਧ ਅਵਾਜ ਬੁਲੰਦ ਕਰਨ ਦੀ ਜਰੂਰਤ ਹੈ। ਜਾਗੋ ਸਿਖੋ ਜਾਗੋ! ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਲਉ ਅਤੇ ਧਾਰਨ ਕਰੋ।
ਹਰਮਨਜੀਤ ਸਿੰਘ ਅਕਾਲੀ

ਜ਼ਫ਼ਰਨਾਮਾ ਪਾ: 10 (12)


(ਦਸਮ ਗ੍ਰੰਥ, ਪੰਨਾ 1389 - 1427)
ਭੂਮਿਕਾ:
ਭਾਈ ਚਤਰ ਸਿੰਘ ਜੀਵਨ ਸਿੰਘ ਦੇ ਛਪੇ ਦਸਮ ਗ੍ਰੰਥ ਵਿੱਚ “ਜ਼ਫਰਨਾਮਹ” ਦਾ ਪਹਿਲਾ ਬੰਦ “ਕਮਾਲਿ ਕਰਾਮਾਤ ਕਾਇਮ ਕਰੀਮ।। ਰਜ਼ਾ ਬਖਸ਼ ਰਾਜਿਕ ਰਿਹਾਕੁਨ ਰਹੀਮ।।” ਹੈ। ਇਸ ਦੇ 115 ਬੰਦ ਹਨ।
ਜ਼ਫਰ ਨਾਮਹ ਸਟੀਕ (ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਪੁਸਤਕ ਨੰ. 160) ਵਿੱਚ ਛਾਪੇ ਵਾਲੇ ਦਸਮ ਗ੍ਰੰਥ ਤੋਂ ਪਹਿਲਾਂ 23 ਹੋਰ ਬੰਦ ਹਨ। ਭਾਈ ਸਾਹਿਬ ਭਾਈ ਵੀਰ ਸਿੰਘ ਦੀ ਪੁਸਤਕ “ਕਲਗੀਧਰ ਚਮਤਕਾਰ” ਪੰਨਾ 107, 108, 109 ਵਿੱਚ ਇਹ ਪਹਿਲੇ 23 ਬੰਦ ਹੀ ਅਰਥਾਂ ਸਮੇਤ ਦਿੱਤੇ ਹਨ। ਉਰਦੂ ਬੋਲੀ ਵਿੱਚ ਜ਼ਫਰ ਨਾਮਹ (ਨਾਨਕ ਚੰਦ ਨਾਜ਼) ਇਥੋਂ ਹੀ ਸ਼ੁਰੂ ਹੁੰਦਾ ਹੈ।
ਅਸੀਂ ਜ਼ਫਰ ਨਾਮਹ ਦੀ ਵਿਚਾਰ ਭਾਈ ਸਾਹਿਬ ਵੀਰ ਸਿੰਘ ਦੇ ਅਰਥਾਂ ਤੋਂ ਸ਼ੁਰੂ ਕਰਦੇ ਹਾਂ।
ਨਾਮਹ (ਪੱਤ੍ਰ), ਗੁਰੂ ਗੋਬਿੰਦ ਸਿੰਘ ਬਾ (ਬਨਾਮ) ਔਰੰਗਜ਼ੇਬ
ਬਨਾਮੇ ਖੁਦਾਵੰਦ ਤੇਗੋ ਤਬਰ ਖੁਦਾਵੰਦੇ ਤੀਰੋ ਸਨਾਨੋ ਸਿਪਰਾ
(ਤਲਵਾਰ ਤੇ ਤਬਰ ਦੇ ਮਾਲਕ (ਖ਼ੁਦਾ) ਦੇ ਨਾਮ ਨਾਲ, ਤੀਰ ਅਣੀ ਤੇ ਢਾਲ ਦੇ ਮਾਲਕ (ਖ਼ੁਦਾ ਦੇ ਨਾਮ ਨਾਲ))
(ਨਾਨਕ ਚੰਦ ਨਾਜ਼ ਨੇ ਉਰਦੂ ਭਾਸ਼ਾ ਵਿੱਚ ਜ਼ਫਰਨਾਮੇ ਦਾ ਅਨੁਵਾਦ ਕਰਦਿਆਂ, ਬਨਾਮ ਦੇ ਅਰਥ ਕਸਮ ਕੀਤੇ ਹਨ। ਗੁਰੂ ਜੀ ਨੇ ਹਥਿਆਰਾਂ ਦੀ ਕਸਮ ਖਾਣ ਤੋਂ ਬਾਦ ਚਿੱਠੀ ਦਾ ਆਰੰਭ ਕੀਤਾ ਹੈ।) ਅਸੀਂ ਗੁਰਸਿੱਖ ਕਦੇ ਨਹੀਂ ਮੰਨ ਸਕਦੇ ਕਿ ਪਾ: 10 ਨੇ ਹਥਿਆਰਾਂ ਦੀ ਕਸਮ ਖਾਧੀ ਹੋਵੇ।
ਤ੍ਰਿਆ ਚਰਿਤ੍ਰ ਦੇ ਮੰਗਲਾਚਰਣ ਤੇ ਅੰਕ 1 ਵਿੱਚ ਅਸੀਂ ਵਿਚਾਰ ਕੀਤੀ ਸੀ ਕਿ ਦੁਰਗਾ, ਭਗਉਤੀ ਦੇਵੀ ਦਾ ਉਪਾਸ਼ਕ ਕਵੀ ਮੰਗਲਾਚਰਣ ਵਿੱਚ ਕਹਿੰਦਾ ਹੈ ਸ੍ਰੀ ਭਗਉਤੀ ਜੀ ਸਹਾਇ, ਅੰਕ ਪਹਿਲਾ ਵਿੱਚ ਕਹਿੰਦਾ ਹੈ ਕਿ ਹੇ ਭਗਉਤੀ ਮਾਂ ਤੂੰ ਹੀ ਖੜਗਧਾਰੀ ਹੈ, ਤੂਹੀ ਤਲਵਾਰ ਦਾਤੀ ਆਦਿ ਹੈ, ਤੂੰ ਹੀ ਜੋਗ ਮਾਯਾ ਹੈ। ਕਵੀ ਭਗਉਤੀ ਨੂੰ ਸਭ ਤੋਂ ਉੱਚੀ ਹਸਤੀ, ਕਾਲ ਪੁਰਖ ਤੋਂ ਉਪਜੀ ਭਗਉਤੀ ਨੂੰ ਹੀ ਅਕਾਲ ਪੁਰਖ ਕਹਿੰਦਾ ਹੈ, ਪਰਮੇਸ਼ਰ ਮੰਨਦਾ ਹੈ। ਵੇਦ ਸ਼ਾਸਤਰਾਂ, ਤੇ ਕਵੀ ਨੂੰ ਅਕਾਲ ਪੁਰਖ ਦੀ ਪਛਾਨ ਨਹੀਂ ਤੇ ਇਹ ਕਾਲ ਪੁਰਖ ਨੂੰ ਉਹ ਸਭ ਗੁਣ ਦਿੰਦੇ ਹਨ, ਜੋ ਗੁਣ ਗੁਰਬਾਣੀ ਇੱਕ ਏਕੰਕਾਰ ਇਕੋ ਇੱਕ ਹਸਤੀ, ਅਕਾਲ ਪੁਰਖ ਨੂੰ ਦਿੰਦੀ ਹੈ।
ਗੁਰੂ ਗੋਬਿੰਦ ਸਿੰਘ ਜੀ ਸ਼ਸਤਰਾਂ ਦੀ ਕਸਮ ਨਹੀਂ ਖਾ ਸਕਦੇ। ਦਸਮ ਗ੍ਰੰਥ ਦੀਆਂ ਰਚਨਾਵਾਂ ਵਿਂਚ ਖੜਗਧਾਰੀ ਤੇ ਸ਼ਸਤਰਾ ਅਸਤ੍ਰਾ ਵਾਲੀ ਦੇਵੀ ਭਗੌਤੀ ਤੇ ਦੁਰਗਾ ਨੂੰ ਕਿਹਾ ਗਿਆ ਹੈ। ਇਸ ਮੁਢਲੀ ਵਿਚਾਰ ਤੋਂ ਹੀ ਅਸੀਂ ਕਹਿ ਸਕਦੇ ਹਾਂ ਕਿ ਇਹ ਰਚਨਾਂ ਪਾ: 10 ਦੀ ਨਹੀਂ ਹੈ। ਸ਼ਸਤਰਾਂ ਦੀ ਵਿਚਾਰ ਅਸੀਂ ਸ਼ਸਤਰ ਨਾਮ ਮਾਲਾ ਵਿੱਚ ਵੀ ਕੀਤੀ ਹੈ।
ਸਿੱਖ ਇਤਿਹਾਸ ਦੇ ਉਘੇ ਲਿਖਾਰੀ ਡਾ. ਸੰਗਤ ਸਿੰਘ ਨੇ ਆਪਣੀ ਪੁਸਤਕ ‘ਇਤਿਹਾਸ `ਚ ਸਿੱਖ’ ਪੰਜਾਬੀ ਬੋਲੀ ਵਾਲੀ ਛਾਪ 1999 ਦੇ ਪੰਨਾ 75 ਵਿੱਖ ਲਿਖਿਆ ਹੈ ਕਿ ਮਾਛੀਵਾੜੇ ਦੇ ਜੰਗਲ ਤੋਂ ਬਾਦ ਗੁਰੂ ਗੋਬਿੰਦ ਸਿੰਘ ਜੀ ਦੀਨਾ ਪੁੱਜੇ, ਜਿੱਥੇ ਉਹਨਾਂ ਨੇ ਔਰੰਗਜ਼ੇਬ ਵੱਲ ਦਸੰਬਰ 1705 ਵਿੱਚ ਆਪਣੀ ਫਤਹ ਦਾ ਪੱਤਰ ਜ਼ਫਰਨਾਮਾ ਲਿਖ ਕੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਹੱਥ ਭੇਜਿਆ। ਫੁਟਨੋਟ ਵਿੱਚ ਲਿਖਿਆ ਹੈ ਕਿ ਇਨਾਇਤੁੱਲਾ ਦੀ ਇਹਕਾਮਇ ਆਲਮਗੀਰੀ ਵਿੱਚ ਜ਼ਫਰਨਾਮੇ ਨੂੰ ਗੁਰੂ ਜੀ ਵੱਲੋਂ ਦਿੱਤੀ ਦਰਖਾਸਤ (ਬੇਨਤੀ) ਕਹਿ ਕੇ ਇਸ ਦਾ ਜ਼ਿਕਰ ਕੀਤਾ ਹੋਇਆ ਹੈ। Irwin ਵੀ ਵਾਹਿਦ ਦੇ ਆਧਾਰ ਤੇ ਇਹੋ ਜ਼ਿਕਰ ਕਰਦਾ ਹੈ।
ਸਿੱਖ ਇਤਿਹਾਸ ਦੇ ਪੱਖੋਂ, ਅਸੀਂ ਸਮਝ ਸਕਦੇ ਹਾਂ ਕਿ ਗੁਰੂ ਜੀ ਨੇ ਇੱਕ ਚਿੱਠੀ ਔਰੰਗਜ਼ੇਬ ਬਾਦਸ਼ਾਹ ਨੂੰ ਲਿਖੀ। ਇਤਿਹਾਸ ਸਾਨੂੰ ਇਹ ਨਹੀਂ ਦੱਸਦਾ ਕਿ ਗੁਰੂ ਜੀ ਨੇ ਚਿੱਠੀ ਵਿੱਚ ਕੀ ਸ਼ਬਦ ਵਰਤੇ ਸਨ।
ਗੁਰਸਿੱਖਾਂ ਨੇ ਦਸਮ ਗ੍ਰੰਥ ਵਿੱਚ ਦਰਜ ਚਿੱਠੀ, ‘ਜ਼ਫਰਨਾਮਾ ਪਾ: 10’, 1 ਓਅੰ ਹੁਕਮ ਸੱਤ, ਸ੍ਰੀ ਵਾਹਿਗੁਰੂ ਜੀ ਕੀ ਫਤਹ, ਜ਼ਫਰਨਾਮਾ ਸ੍ਰੀ ਮੁਖਵਾਕ ਪਾਤਸ਼ਾਹੀ 10, ਪੜ੍ਹ ਕੇ ਇਹ ਸਮਝ ਲਿਆ ਕਿ ਇਹ ਫ਼ਾਰਸੀ ਵਿੱਚ ਕਵਿਤਾ ਰੂਪ ਚਿੱਠੀ, ਪਾ: 10 ਨੇ ਲਿਖੀ ਸੀ।
ਅਸੀਂ ਚਿੱਠੀ ਦਾ ਅਨੁਵਾਦ ਕਰਕੇ ਇਹ ਫੈਸਲਾ ਕਰਨਾ ਹੈ ਕਿ ਇਹ ਚਿੱਠੀ ਭਗਉਤੀ ਦੇ ਪੁਜਾਰੀ ਕਿਸੇ ਕਵੀ ਨੇ, ਗੁਰੂ ਜੀ ਵੱਲੋਂ ਲਿਖੀ ਦਰਸਾਈ ਹੈ, ਤੇ ਸਾਨੂੰ ਭੁਲੇਖੇ ਵਿੱਚ ਪਾਉਣ ਲਈ ਮੰਗਲਾਚਰਣ ਵਿੱਚ ਪਾ: 10 ਦਾ ਨਾਮ ਲਿਖ ਦਿੱਤਾ ਹੈ। ਰਚਨਾ ਨੂੰ ਪੜ੍ਹਨ ਵਿਚਾਰਨ ਨਾਲ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਹ ਫਤਹ ਦੀ ਚਿੱਠੀ ਨਹੀਂ, ਗੁਜ਼ਾਰਿਸ਼ ਦੀ ਚਿੱਠੀ ਬਣ ਕੇ ਉਭਰੀ ਹੈ। ਅਸੀਂ ਇਹ ਨਿਰਣਾ ਕਰਨਾ ਹੈ ਕਿ ਕੀ ਨਿਰਭੈ ਯੋਧਾ, ਪਾ: 10, ਔਰੰਗਜ਼ੇਬ ਕੋਲ ਆਪਣੀ ਲਾਚਾਰੀ ਦੱਸ ਕੇ, ਬਾਦਸ਼ਾਹ ਨਾਲ ਮੁਲਾਕਾਤ ਲਈ ਹਾੜੇ ਕੱਢਦੇ ਹਨ।
ੴ ਹੁਕਮਸੱਤ
ਸ੍ਰੀ ਵਾਹਿਗੁਰੂ ਜੀ ਕੀ ਫਤਹ।।
ਜ਼ਫਰਨਾਮਾ ਸ੍ਰੀ ਮੁਖਵਾਕ ਪਾਤਿਸਾਹੀ 10. ।
ਜ਼ਫਰਨਾਮਾ ਦੇ ਅਰਥ ਹਨ ਫਤਹ ਦੀ ਚਿੱਠੀ। ਕਵੀ ਨੇ ਇਹ ਚਿੱਠੀ ਪਾ: 10 ਦੇ ਮੁੱਖ ਤੋਂ ਉਚਾਰੀ ਦਰਸਾਈ ਹੈ।
ਕਮਾਲੇ ਕਰਾਮਾਤ ਕਾਇਮੁ ਕਰੀਮੁ।।
ਰਜਾਬਖਸ਼ ਰਾਜਿਕ ਰਹਾਕੁਨੰ ਰਹੀਮ।। (1)
(ਉਹ ਕਰਾਮਾਤ ਵਿੱਚ ਪੂਰਾ ਹੈ, ਅਚਲ ਹੈ, ਕ੍ਰਿਪਾਲੂ ਹੈ। ਜਿਹੜਾ ਉਸ ਦੇ ਭਾਣੇ ਵਿੱਚ ਚਲਦਾ ਹੈ, ਉਸ ਤੇ ਬਖਸ਼ਿਸ਼ ਕਰਨ ਵਾਲਾ, ਅੰਨ ਦਾਤਾ ਤੇ ਬੰਧਨ ਕਟਣ ਵਾਲਾ ਦਇਆਲ ਹੈ।)
ਗੁਜਾਰਿੰਦ ਏ ਕਾਰਿ ਆਲਮ ਕਬੀਰ।
ਸਨਾਜਿੰਦ ਏ ਇਲਮਿ ਆਲਮ ਅਮੀਰ। (12)
(ਜੋ ਸਾਰਿਆਂ ਤੋਂ ਵੱਡਾ ਜਗਤ ਦੇ ਕੰਮਾਂ ਨੂੰ ਚਲਾਉਣ ਵਾਲਾ ਹੈ, ਅਤੇ ਸੰਸਾਰ ਦੇ ਇਲਮ ਨੂੰ ਪਛਾਣਨ ਵਾਲਾ ਹੈ।)
ਪਹਿਲੇ 12 ਅੰਕਾਂ ਵਿੱਚ ਮੰਗਲਾਚਰਣ ਹੈ, ਅਕਾਲ ਪੁਰਖ ਦੀ ਉਸਤਤਿ ਮਾਲੂਮ ਹੁੰਦੀ ਹੈ। ਅਸੀਂ ਵਿਚਾਰ ਕਰ ਚੁਕੇ ਹਾਂ ਕਿ ਕਵੀ ਕਾਲ ਨੂੰ ਅਕਾਲ ਵੀ ਕਹਿੰਦਾ ਹੈ। ਵਾਸਤਵ ਵਿੱਚ ਇਹ ਕਾਲ ਉਸਤਤਿ ਹੈ।
ਜ਼ਫਰਨਾਮਾ ਦੀਆਂ 12 ਹਿਕਾਇਤਾਂ ਹਨ। ਪਹਿਲੀ ਹਿਕਾਇਤ ਔਰੰਗਜ਼ੇਬ ਨੂੰ ਚਿੱਠੀ ਦੇ ਰੂਪ ਵਿੱਚ ਹੈ। ਹਿਕਾਇਤ ਨੰ. 2 ਤੋਂ 12 ਤਕ ਤ੍ਰਿਯਾ ਚਰਿਤ੍ਰ ਵਰਗੀਆਂ ਫ਼ਾਰਸੀ ਬੋਲੀ ਵਿੱਚ ਵਿਭਚਾਰੀ ਤ੍ਰੀਮਤਾਂ ਦੀਆਂ ਕਹਾਣੀਆਂ ਹਨ। ਅਸੀਂ ਤ੍ਰਿਯਾ ਚਰਿਤ੍ਰ ਦੀ ਵਿਚਾਰ ਵਿੱਚ ਸਮਝ ਚੁੱਕੇ ਹਾਂ ਕਿ ਲਿਖਾਰੀ ਕਵੀ ਭਗਉਤੀ ਦੇਵੀ ਦਾ ਉਪਾਸ਼ਕ ਹੈ।
ਦਾਸਤਾਨ।। ਹਿਕਾਯਤ ਪਹਿਲੀ।।
ਮਰਾ ਏਤਬਾਰ ਬਰੀ ਕਸਤ ਨੇਸਤ।।
ਕਿ ਏਜਦ ਗੁਵਾਹ ਹਸਤੁ ਯਜਦਾ ਯਕੇਸਤ।। (13)
(ਐ ਔਰੰਗਜ਼ੇਬ, ਮੈਨੂੰ ਤੇਰੀ ਇਸ ਸੌਂਹ ਤੇ ਯਕੀਨ ਨਹੀਂ ਕਿ ਇੱਕ ਖ਼ੁਦਾ ਹੀ ਸਾਡੇ ਦੋਹਾਂ ਵਿੱਚ ਗਵਾਹ ਹੈ।)
ਨ ਕਰਤਹ ਮਰਾ ਏਤਬਾਰੇ ਬਰੋਸੁ।।
ਕਿ ਬਖਸੀ ਵਦੀਵਾਂ ਹਮਹ ਕਿਜਬਗੋਸਤ।। (14)
(ਤੇਰੇ ਫੌਜੀ ਜਰਨੈਲ ਤੇ ਮੁਸਾਹਬ ਸਭ ਝੂਠ ਬੋਲਣ ਵਾਲੇ ਹਨ। ਮੈਨੂੰ ਉਹਨਾਂ ਉਤੇ ਜ਼ਰਾ ਵੀ ਇਤਬਾਰ ਨਹੀਂ।)
ਸੁਰਿਜਨਹ ਚਿ ਕਾਰੇ ਕੁਨਦ ਚਿਹਲ ਨਰ।।
ਕਿ ਦਹਲਕ ਬਰਾਬਦ ਬਰੇ ਬੇਖਬਰ।। (19)
(ਮੇਰੇ ਚਾਲੀ ਭੁੱਖੇ ਆਦਮੀਆਂ ਤੇ ਦਸ ਲੱਖ ਫੌਜੀ ਅਚਾਨਕ ਆ ਪਏ, ਉਸ ਸਮੇਂ ਉਹ ਕੀ ਕਰ ਸਕਦੇ ਸਨ।)
ਨੋਟ: ਕੀ ਪਾ: 10 ਆਪਣੀ ਲਾਚਾਰੀ ਦੀ ਗਾਥਾ ਔਰੰਗਜ਼ੇਬ ਨੂੰ ਦੱਸਣਾ ਚਾਹੁੰਦੇ ਸਨ? (ਸਿੱਖ ਇਤਿਹਾਸ ਅਨੁਸਾਰ 40 ਸਿੰਘ ਜੰਗ ਵਿੱਚ ਜੂਝ ਕੇ ਸ਼ਹੀਦ ਹੋਏ ਸਨ।)
ਨ ਦਾਨਮ ਕਿ ਈਂ ਮਰਦ ਪੈਮਾਂ ਸ਼ਿਕਨ।।
ਕਿ ਦੌਲਤ ਪਰਸਤਸਤ ਓ ਈਮਾਂ ਫਿਕਨ।। (45)
(ਮੈਂ ਨਹੀਂ ਜਾਣਦਾ ਕਿ ਇਹ ਮਰਦ (ਔਰੰਗਜ਼ੇਬ) ਇਕਰਾਰ ਤੋੜਨ ਵਾਲਾ ਦੌਲਤ ਦਾ ਪੁਜਾਰੀ ਤੇ ਧਰਮ ਨੂੰ ਧੱਕਾ ਦੇਣ ਵਾਲਾ ਹੈ। ਭਾਵ ਇਸ ਆਦਮੀ ਦਾ ਧਰਮ ਤੇ ਕੋਈ ਯਕੀਨ ਨਹੀਂ।)
ਅਗਰ ਚਹਿ ਤੁਰਾ ਏਤਬਾਰ ਆਮਦੇ।।
ਕਮਰ ਬਸਤ ਏ ਪੇਸਵਾਰ ਆਮਦੇ।। (50)
ਅਗਰ ਹਜਰਤੇ ਖ਼ੁਦ ਸਿਤਾਦਹ ਸ਼ਵਦ।।
ਬ ਜਾਨੋ ਦਿਲੇ ਕਾਰ ਵਾਜ਼ਿਹ ਸ਼ਵਦ।। (52)
(ਐ ਬਾਦਸ਼ਾਹ! ਜੇ ਤੂੰ ਆਪ ਇਥੇ ਖੜਾ ਹੁੰਦਾ ਤਾਂ ਸਾਰੀ ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀ।)
ਸ਼ੁਮਾ ਰਾ ਫਰਜ਼ ਅਸਤ ਕਾਰੇ ਕੁਨੀ।।
ਬਮੂਜਬ ਨਵਿਸ਼ਤਹ ਸ਼ੁਮਾਰੇ ਕੁਨੀ।। (53)
(ਹੁਣ ਤੇਰਾ ਫਰਜ਼ ਬਣਣਾ ਹੈ ਕਿ ਤੂੰ ਜੋ ਵੀ ਅਮਲ ਕਰੇ, ਉਹ ਆਪਣੇ ਲਿਖੇ ਅਨੁਸਾਰ ਵਿਚਾਰ ਕਰਕੇ ਕਰੇ।)
ਬਿਯਾ ਤਾ ਸੁਖਨ ਖੁਦ ਜ਼ੁਬਾਨੀ ਕੁਨੇਮ।।
ਬਰੂਏ ਸ਼ੁਮਾ ਮਿਹਰਬਾਨੀ ਕੁਨੇਮ।। (60)
(ਤੂੰ ਏਥੇ ਕਾਂਗੜ ਵਿੱਚ ਆ ਜਾ, ਤਾਂ ਕਿ ਆਹਮੋ ਸਾਹਮਣੇ ਹੋ, ਜ਼ਬਾਨੀ ਗੱਲਬਾਤ ਕਰ ਲਈਏ।)
ਯਕੋ ਅਸਪ ਸ਼ਾਇਸਤਏ ਯਕ ਹਜ਼ਾਰ।।
ਬਯਾ ਤਾ ਬਗੀਰੀ ਬ ਮਨ ਈਂ ਦਿਯਾਰ।। (61)
(ਇੱਕ ਬਹੁਤ ਸੁੰਦਰ ਇੱਕ ਹਜ਼ਾਰ ਕੀਮਤ ਵਾਲਾ ਘੋੜਾ ਲੈ ਕੇ ਆ, ਫਿਰ ਮੇਰੇ ਕੋਲੋਂ ਇਹ ਇਲਾਕਾ ਲੈ ਲਵੀਂ।)
ਨੋਟ: ਪਾ: 10 ਔਰੰਗਜ਼ੇਬ ਨੂੰ ਘੋੜਾ ਲਿਆਉਣ ਲਈ ਨਹੀਂ ਕਹਿ ਸਕਦੇ। ਪਾ: 10 ਕਿਸੇ ਇਲਾਕੇ ਦੇ ਹੁਕਮਰਾਨ ਜਾਂ ਮਾਲਕ ਨਹੀਂ ਸਨ।
ਸ਼ਹਨਸ਼ਾਹਿ ਰਾ ਬੰਦਹੇ ਚਾਕਰੇਮ।।
ਅਗਰਹੁਕਮ ਆਬਦ ਬ ਜਾਂ ਹਾਜਰੇਮ।। (62)
(ਗਿਆਨੀ ਨਰੈਣ ਸਿੰਘ ਨੇ ਇਹ ਅਰਥ ਕੀਤੇ ਹਨ: ਅਕਾਲ ਪੁਰਖ ਜੋ ਬਾਦਸ਼ਾਹ ਹੈ ਉਸ ਦਾ ਮੈਂ ਚਾਕਰ ਤੇ ਸੇਵਕ ਹਾਂ। ਜੇ ਉਸ ਦਾ ਹੁਕਮ ਆ ਜਾਵੇ ਤਾਂ ਮੈਂ ਜਾਨ ਸਮੇਤ ਹਾਜ਼ਰ ਹਾਂ।) ਨਿਰਪੱਖ ਵਿਚਾਰ ਕਰੀਏ ਤਾਂ, ਸ਼ਾਹਨਸ਼ਾਹ ਨੂੰ ਚਿੱਠੀ ਲਿਖਦਿਆਂ ਕਵੀ ਪਾ: 10 ਵੱਲੋਂ ਇਹ ਕਹਿ ਰਿਹਾ ਹੈ, ਔਰੰਗਜ਼ੇਬ ਸ਼ਾਹਿਨਸ਼ਾਹ ਮੈਂ ਤੇਰਾ ਚਾਕਰ ਤੇ ਸੇਵਕ ਹਾਂ। ਜੇ ਤੇਰਾ ਹੁਕਮ ਆ ਜਾਵੇ ਤਾਂ ਮੈਂ ਜਾਨ ਸਮੇਤ ਹਾਜ਼ਰ ਹਾਂ।
ਨੋਟ: ਚਿੱਠੀ ਵਿੱਚ ਔਰੰਗਜ਼ੇਬ ਨੂੰ ਕਹਿਣਾ ਕਿ ਜੇ ਤੇਰਾ ਹੁਕਮ ਹੋਵੇ ਪਾਤਸ਼ਾਹੀ 10 ਦੀ ਸ਼ਖ਼ਸੀਅਤ ਦੇ ਵਿਪਰੀਤ ਹੈ, ਪਾ: 10 ਦੀ ਤੌਹੀਨ ਹੈ।
ਅਗਰਚੇ ਬਿਯਾਮਦ ਬਫੁਰਮਾਨੇ ਮਨ।।
ਹਜੂਰਤ ਬਿਆਯਮ ਹਮਹ ਜਾਨੇ ਤਨ।। (63)
(ਜੇ ਮੈਨੂੰ ਹੁਕਮ ਆ ਗਿਆ ਤਾਂ ਮੈਂ ਤੇਰੇ ਸਾਹਮਣੇ ਜਾਨ ਤੇ ਸਰੀਰ ਕਰਕੇ ਆ ਜਾਵਾਂਗਾ।)
ਨੋਟ: ਕੀ ਗੁਰੂ ਜੀ ਔਰੰਗਜ਼ੇਬ ਨੂੰ ਚਿੱਠੀ ਲਿਖ ਕੇ ਉਸਦੇ ਹੁਕਮ ਦੀ ਉਡੀਕ ਕਰ ਰਹੇ ਸਨ? ਇਹ ਕਿਸੇ ਬੇਬਸ ਇਨਸਾਨ ਦਾ ਕਹਿਣਾ ਹੀ ਹੋ ਸਕਦਾ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਔਰੰਗਜ਼ੇਬ ਦੀ ਹਰ ਕੋਸ਼ਿਸ਼ ਦੇ ਬਾਵਜੂਦ ਉਸਨੂੰ ਦਰਸ਼ਨ ਨਹੀਂ ਦਿੱਤੇ।
ਅਗਰ ਤੂੰ ਬਯੁਜਦਾਂ ਪਰਤਸੀ ਕੁਨੀ।।
ਬ ਕਾਰੇ ਮਰਾ ਈਂ ਨ ਸੁਸਤੀ ਕੁਨੀ।।
(ਜੇਕਰ ਤੂੰ ਪ੍ਰਭੂ ਦਾ ਪੁਜਾਰੀ ਹੈ, ਤਾਂ ਮੇਰੇ ਇਸ ਕੰਮ ਵਿੱਚ ਆਲਸ ਨਾ ਕਰੀ, ਭਾਵ ਮੈਨੂੰ ਮਿਲਨ ਵਿੱਚ ਢਿੱਲ ਨਾ ਕਰੀਂ।)
ਨੋਟ: ਕੀ ਪਾ: 10 ਹਰ ਤਰ੍ਹਾਂ ਨਾਲ ਪਰਮੇਸਰ ਦਾ ਵਾਸਤਾ ਪਾ ਕੇ ਔਰੰਗਜ਼ੇਬ ਨੂੰ ਮਿਲਣ ਲਈ ਬੇਨਤੀ ਕਰ ਰਹੇ ਹਨ?
ਇਸ ਪਹਿਲੀ ਹਿਕਾਯਤ ਦੀ ਕਹਾਣੀ ਵਿੱਚ 115 ਬੰਦ ਹਨ। ਇਸ ਸਾਰੀ ਚਿੱਠੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਲਾਚਾਰ, ਬੇਬਸ, ਵਕਤ ਦੇ ਬਾਦਸ਼ਾਹ ਕੋਲ ਉਸ ਦੇ ਜਰਨੈਲਾਂ, ਤੇ ਕਾਜ਼ੀਆਂ ਦੀਆਂ ਸ਼ਿਕਾਇਤਾਂ, ਆਪਣੇ ਉਪਰ ਜ਼ੁਲਮ ਕਰਨ ਵਾਲੇ ਔਰੰਗਜ਼ੇਬ ਕੋਲ ਕੀਤੀਆਂ ਦਰਸਾਈਆਂ ਗਈਆਂ ਹਨ। ਇਹ ਉਸ ਨਿਰਭੈ ਯੋਧਾ, ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਦੇ ਉਲਟ ਸੰਦੇਸ਼ ਦੇਣ ਵਾਲੀ ਰਚਨਾ ਹੈ। ਗੁਰੂ ਗੋਬਿੰਦ ਸਿੰਘ ਤੇ ਜੰਗਾਂ ਵਿੱਚ ਸ਼ਹੀਦ ਹੋਏ ਸਿੰਘਾਂ ਤੇ ਹੋਰ ਸਿੰਘ ਬਹਾਦਰਾਂ ਦੀ ਤੌਹੀਨ ਹੈ। ਇਸ ਰਚਨਾ ਨੂੰ ਨਿਰਪੱਖ ਹੋ ਕੇ ਪੜ੍ਹਨ ਨਾਲ ਇਹ ਹੀ ਨਤੀਜਾ ਨਿਕਲਦਾ ਹੈ। ਕਿਸੇ ਹਿੰਦੂ, ਮੁਸਲਮਾਨ, ਈਸਾਈ ਜਾਂ ਹੋਰ ਨਿਰਪੱਖ ਇਨਸਾਨ ਨੂੰ ਇਹ ਰਚਨਾ ਪੜ੍ਹ ਕੇ ਪੁਛੋ ਕਿ ਉਹ ਗੁਰੂ ਗੋਬਿੰਦ ਸਿੰਘ ਬਾਰੇ ਇਸ ਆਧਾਰ ਤੇ ਕੀ ਸੋਚਦਾ ਹੈ? ਇਸ ਪਹਿਲੀ ਹਿਕਾਅਤ ਤੋ ਅਗੇ ਦੂਸਰੀ ਹੈ ਤੇ ਜਫਰਨਾਮਾ ਦੀ ਸਾਰੀ ਰਚਨਾ 12ਵੀਂ ਹਿਕਾਅਤ ਤੇ ਸਮਾਪਤ ਹੁੰਦੀ ਹੈ।
ਗਿਆਨੀ ਭਾਗ ਸਿੰਘ ਆਪਣੀ ਪੁਸਤਕ ਵਿੱਚ ਕੁੱਝ ਹਿਕਾਇਤਾਂ ਦੀ ਵਿਚਾਰ ਵਿਸਥਾਰ ਨਾਲ ਕਰਦੇ ਹਨ। ਹਿਕਾਇਤਾਂ ਤ੍ਰਿਯ ਚਰਿਤ੍ਰ ਵਰਗੀਆਂ ਫ਼ਾਰਸੀ ਬੋਲੀ ਵਿੱਚ ਵਿਭਚਾਰੀ ਤ੍ਰੀਮਤਾਂ ਦੀਆਂ ਕਹਾਣੀਆਂ ਹਨ। ਇਸ ਤੋਂ ਅੱਗੇ ਗਿਆਨੀ ਭਾਗ ਸਿੰਘ ਜੀ ਦੀ ਪੁਸਤਕ ਦੇ ਪੰਜ ਪੰਨਿਆਂ ਦੀ ਨਕਲ ਹੈ (ਪੰਨਾ 101 ਤੋਂ 105) -
ਦੂਜੀ ਹਿਕਾਇਤ ਦੇ 139 ਬੰਦ ਹਨ ਜਿੰਨ੍ਹਾਂ ਦਾ ਸੰਖੇਪਕ ਸਾਰ ਇਹ ਹੈ ਕਿ ਇੱਕ ਉੱਤਰ ਦੇਸ਼ ਦਾ ਰਾਜਾ ਹਰਿਦੁਆਰ ਆ ਕੇ ਆਪਣੀ ਕੰਨਯਾ ਬਚਿਤ੍ਰਮਤੀ ਦਾ ਸ੍ਹਯੰਬਰ ਰਚਦਾ ਹੈ। ਉਹ ਅਨੇਕਾਂ ਰਾਜਕੁਮਾਰਾਂ ਵਿਚੋਂ ਇੱਕ ਸੂਰਮਾ ਸੁਭਟ ਸਿੰਘ ਪਸੰਦ ਕਰਦੀ ਹੈ। … ਸੁਭਟ ਸਿੰਘ ਕਹਿੰਦਾ ਹੈ ਕਿ ਮੇਰੀ ਇੱਕ ਰਾਣੀ ਅਗੇ ਹੈ, ਇਸ ਲਈ ਮੈਂ ਦੂਜਾ ਵਿਆਹ ਨਹੀਂ ਕਰਾਉਂਦਾ … ਰਾਜੇ ਵਲੋਂ ਇੱਕ ਮੰਨਿਆ-ਪ੍ਰਮੰਨਿਆ ਕਰਮ-ਕਾਂਡੀ ਬ੍ਰਾਹਮਣ ਜਾ ਕੇ ਸੁਭਟ ਸਿੰਘ ਨੂੰ ਬਚਿਤ੍ਰਮਤੀ ਲਈ ਮਜਬੂਰ ਕਰਦਾ ਹੈ … ਸੁਭਟ ਸਿੰਘ ਕੁਰਾਨ ਅਤੇ ਰਸੂਲ ਦੀ ਕਸਮ ਚੁਕ ਕੇ ਕਹਿੰਦਾ ਹੈ ਕਿ ਮੈਂ ਦੂਜਾ ਵਿਆਹ ਨਹੀਂ ਕਰਾਉਣਾ, ਜਿਵੇਂ ਕਿ-
ਕਿ ਈਂ ਰਾ ਮਨ ਹਰਗਿਜ਼ ਨ ਕਰਦਮ ਕਬੂਲ,
ਕਿ ਕਉਲੇ ਕੁਰਾਨਸਤ ਕਸਮੇ ਰਸੂਲ।। (ਬੰਦ 35)
ਬਚਿਤ੍ਰਮਤੀ ਗੁੱਸੇ ਵਿੱਚ ਆ ਕੇ ਕਹਿੰਦੀ ਹੈ ਕਿ ਹੁਣ ਮੈਂ ਉਸ ਨੂੰ ਵਰ੍ਹਾਂਗੀ ਜੋ ਮੇਰੇ ਨਾਲ ਜੁੱਧ ਕਰਕੇ ਮੈਨੂੰ ਹਰਾਵੇ … ਜੰਗ ਛਿੜਦੀ ਹੈ ਜਿਸ ਵਿੱਚ ਬੰਦੀ, ਜੋਧਪੁਰ, ਅੰਬੇਰ, ਚੀਨ ਆਦਿਕ ਵਡਿਆਂ-ਵਡਿਆਂ ਮੁਲਕਾਂ ਦੇ ਅਨੇਕਾਂ ਰਾਜੇ ਇਕੱਲੀ ਬਚਿਤ੍ਰਮਤੀ ਹਥੋਂ ਮਾਰੇ ਜਾਂਦੇ ਹਨ। ਸੁਭਟ ਸਿੰਘ ਦੀ ਵਾਰੀ ਆਉਂਦੀ ਹੈ ਜਿਸ ਨੂੰ ਮੱਥੇ ਵਿੱਚ ਤੀਰ ਮਾਰ ਕੇ ਡੇਗਦੀ ਹੈ … ਇੱਕ ਹੋਰ ਤੀਰ ਉਸਦੀ ਸ਼ਾਹਰੱਗ ਵਿੱਚ ਮਾਰ ਕੇ ਬੇਹੋਸ਼ ਕਰ ਦਿੰਦੀ ਹੈ, ਫਿਰ ਉਸਦੀ ਪਹਿਲੀ ਰਾਣੀ ਦਾ ਰੂਪ ਬਣਾ ਕੇ ਪਾਣੀ ਪਿਲਾਉਂਦੀ ਹੋਈ, ਉਸਨੂੰ ਹੋਸ਼ ਵਿੱਚ ਲਿਆਉਂਦੀ ਹੈ … ਸੁਭਟ ਸਿੰਘ ਉਸਨੂੰ ਆਪਣੀ ਪਹਿਲੀ ਰਾਣੀ ਸਮਝ ਕੇ ਆਉਣ ਦਾ ਕਾਰਣ ਪੁੱਛਦਾ ਹੈ ਜਿਸ ਦਾ ਉਤਰ ਇਹ ਦਿੰਦੀ ਹੈ ਕਿ ਤੁਸੀਂ ਜਿਊਂਦੇ ਹੋਵੋ ਤਾਂ ਮਲ੍ਹਮ-ਪੱਟੀ ਆਦਿਕ ਦੀ ਸੇਵਾ ਕਰਾਂਗੀ, ਨਹੀਂ ਤਾਂ ਤੁਹਾਡੀ ਲਾਸ਼ ਲੈ ਆਵਾਂਗੀ … ਸੁਭਟ ਸਿੰਘ ਪ੍ਰਸੰਨ ਹੋ ਕੇ ਕਹਿੰਦਾ ਹੈ ਕਿ ਕੁੱਝ ਮੰਗ … ਉਤਰ ਇਹ ਦਿੰਦੀ ਹੈ ਕਿ ਤੁਸੀਂ ਮਰ ਕੇ ਨਵੇਂ ਸਿਰ ਜਨਮ ਲਿਆ ਹੈ, ਇਸ ਲਈ ਤੁਸੀਂ ਮੇਰੇ ਨਾਲ ਨਵੇਂ ਸਿਰਿਓਂ ਲਾਵਾਂ ਲੈ ਲਵੋ। ਫਿਰ ਅਗਨੀ ਪ੍ਰਚੰਡ ਕਰਕੇ ਚਾਰ ਫੇਰੇ ਲੈਣ ਉਪ੍ਰੰਤ ਰਥ ਵਿੱਚ ਬਿਠਾ ਕੇ ਆਪਣੇ ਡੇਰੇ ਲਿਆਉਂਦੀ ਹੈ। ਸੁਭਟ ਸਿੰਘ ਚੰਗੀ ਹੋਸ਼ ਆ ਜਾਣ ਤੇ ਪੁੱਛਦਾ ਹੈ ਕਿ ਹੁਣ ਮੈਂ ਕਿਥੇ ਹਾਂ ਅਤੇ ਤੂੰ ਕੌਣ ਹੈ, ਜਿਸਦਾ ਉਤਰ ਇਹ ਦਿੰਦੀ ਹੈ ਕਿ ਮੈਂ ਬਚਿਤ੍ਰਮਤੀ ਹਾਂ ਜਿਸਨੇ ਤੁਸਾਨੂੰ ਜੰਗ ਵਿੱਚ ਬੇਹੋਸ਼ ਕਰਨ ਉਪ੍ਰੰਤ ਤੁਸਾਡੇ ਨਾਲ ਫੇਰੇ ਲੈ ਕੇ ਵਿਆਹ ਕਰਾ ਲਿਆ ਹੈ … ਇਸ ਤੋਂ ਅੱਗੇ ਅਸ਼ਲੀਲਕ ਵਰਨਣ ਹੈ, ਉਹ ਲਿਖਣ ਤੋਂ ਲੇਖਣੀ ਕੰਬਦੀ ਹੈ - ਪਾਠਕ ਆਪ ਹੀ ਵੇਖ ਸਕਦੇ ਹਨ।
ਨੋਟ: ਇਸ ਹਿਕਾਇਤ ਅਤੇ 52ਵੇਂ ਤ੍ਰਿਯਾ ਚਰਿਤ੍ਰ ਵਿੱਚ ਕੋਈ ਭਿੰਨ-ਭੇਦ ਨਹੀਂ, ਕੇਵਲ ਹਿੰਦੀ ਭਾਸ਼ਾ ਅਤੇ ਫ਼ਾਰਸੀ ਜ਼ਬਾਨ ਦਾ ਅੰਤਰ ਹੈ। ਤ੍ਰਿਯਾ ਚਰਿਤ੍ਰ ਵਿੱਚ ਬਚਿਤ੍ਰਮਤੀ ਦੇ ਪਿਤਾ ਦਾ ਨਾਮ ਬਿਜੈ ਸਿੰਘ ਹੈ ਅਤੇ ਉਸਨੂੰ ਸੂਰਜਬੰਸ਼ੀ ਲਿਖਿਆ ਹੈ ਪਰ ਕੁਰਾਨ ਆਦਿਕ ਦੀ ਸੌਗੰਧ ਨਹੀਂ ਲਿਖੀ। ਕਦੇ ਇਸ ਹਿਕਾਇਤ ਦੇ ਸ਼ਾਇਰ ਤੋਂ ਪੁਛਿਆ ਜਾਵੇ ਕਿ ਹਿੰਦੂ ਧਰਮ ਦੇ ਇੱਕ ਮੰਨੇ-ਪ੍ਰਮੰਨੇ ਮਹਾਨ ਤੀਰਥ ਹਰਿਦੁਆਰ ਉਤੇ ਇੱਕ ਸੂਰਜਬੰਸ਼ੀ ਹਿੰਦੂ ਰਾਜੇ ਵਲੋਂ ਸੁਅੰਬਰ ਹੈ ਅਤੇ ਇੱਕ ਕਰਮਕਾਂਡੀ ਬ੍ਰਾਹਮਣ ਵਿਚੋਲਗੀ ਕਰ ਰਿਹਾ ਹੈ ਪਰ ਇੱਕ ਹਿੰਦੂ ਸੁਭਟ ਸਿੰਘ ਕੁਰਾਨ ਸ਼ਰੀਫ਼ ਅਤੇ ਹਜ਼ਰਤ ਮੁਹੰਮਦ ਸਾਹਿਬ ਦੀ ਕਸਮ ਚੁਕਦਾ ਹੈ, ਤਾਂ ਕੀ ਉਤਰ ਦੇਵੇਗਾ।
ਮੁੱਕਦੀ ਗੱਲ ਇਹ ਕਿ ਇਹ ਹਿਕਾਇਤ ਜੋ ਤ੍ਰੀਯਾ ਚਰਿਤ੍ਰਾਂ ਵਿਚੋਂ 52ਵੇਂ ਚਰਿਤ੍ਰ ਦਾ ਦੂਜਾ ਰੂਪ ਅਤੇ ਨਿਰਾ ਕੁਫ਼ਰ ਤੋਲਿਆ ਹੋਇਆ ਹੈ, ਉਹ ਦਸਵੇਂ ਗੁਰਦੇਵ ਵਲੋਂ ਔਰੰਗਜ਼ੇਬ ਨੂੰ ਲਿਖ ਭੇਜਣੀ ਸਿੱਧ ਕਰਨ ਵਾਲਾ ਜਾਣ-ਬੁੱਝ ਕੇ ਗੁਰਸਿੱਖਾਂ ਨੂੰ ਧੋਖਾ ਨਹੀਂ ਦੇ ਰਿਹਾ, ਤਾਂ ਹੋਰ ਕੀ ਹੈ?
ਹਿਕਾਇਤ ਚੌਥੀ ਦੇ ਕੁਲ 51 ਬੰਦ ਹਨ, ਜਿੰਨ੍ਹਾਂ ਦਾ ਨਿਚੋੜ ਇਹ ਹੈ ਕਿ ਇੱਕ ਕਾਜ਼ੀ ਦੀ ਔਰਤ ਇੱਕ ਰਾਜੇ ਉਤੇ ਮੋਹਿਤ ਹੋ ਕੇ ਆਪਣੀ ਮਲੀਨ ਵਾਸ਼ਨਾ ਪ੍ਰਗਟ ਕਰਦੀ ਹੈ … ਰਾਜਾ ਕਹਿੰਦਾ ਹੈ ਕਿ ਤੂੰ ਪਹਿਲਾਂ ਆਪਣੇ ਘਰਵਾਲੇ ਦਾ ਸਿਰ ਵੱਢ ਲਿਆਵੇਂ ਤਾਂ ਮੈਂ ਤੈਨੂੰ ਆਪਣੇ ਘਰ ਰਖ ਲਵਾਂਗਾ … ਤੁਰਕਨੀ ਘਰ ਆ ਕੇ ਸੁੱਤੇ ਪਏ ਕਾਜ਼ੀ ਦਾ ਸਿਰ ਵੱਢ ਕੇ ਲਹੂ ਲਿਬੜਿਆ ਸਿਰ ਰਾਜੇ ਨੂੰ ਆ ਕੇ ਵਿਖਾਉਂਦੀ ਹੈ … ਰਾਜਾ ਸਿਰ ਵੇਖ ਕੇ ਡਰਦਾ ਹੋਇਆ ਕਹਿੰਦਾ ਹੈ ਕਿ ਤੂੰ ਆਪਣੇ ਖਸਮ ਨੂੰ ਵੱਢ ਛੱਡਿਆ ਹੈ, ਰੱਬ ਜਾਣੇ ਕਿ ਤੂੰ ਮੇਰੇ ਨਾਲ ਕੀ ਕੁੱਝ ਕਰੇਂਗੀ, ਇਸ ਲਈ ਇਥੋਂ ਚਲੀ ਜਾ।
ਤੁਰਕਨੀ ਗੁੱਸੇ ਨਾਲ ਭਰੀ ਹੋਈ ਰਾਜੇ ਦੀ ਅਖੋਂ ਬਚਾ ਕੇ ਵੱਢਿਆ ਹੋਇਆ ਸਿਰ ਉਥੇ ਹੀ ਰਖ ਦਿੰਦੀ ਹੈ ਤੇ ਘਰ ਆ ਕੇ ਰੋਣ-ਪਿੱਟਣ ਲਗ ਜਾਂਦੀ ਹੈ … ਲੋਕਾਂ ਦਾ ਇਕੱਠ ਹੋ ਜਾਣ ਤੇ ਕਹਿੰਦੀ ਹੈ ਕਿ ਕੋਈ ਜ਼ਾਲਮ ਕਾਜ਼ੀ ਸਾਹਿਬ ਦਾ ਸਿਰ ਵੱਢ ਕੇ ਲੈ ਗਿਆ ਹੈ … ਫਿਰ ਵੱਢੇ ਹੋਏ ਸਿਰ ਵਿਚੋਂ ਡੁਲ੍ਹਦੇ ਲਹੂ ਦੇ ਨਿਸ਼ਾਨਾਂ ਉਤੇ ਲੋਕਾਂ ਨੂੰ ਲਿਜਾ ਕੇ ਸਿਰ ਵਿਖਾਉਂਦੀ ਹੈ … ਲੋਕ ਵੱਢੇ ਹੋਏ ਸਿਰ ਸਮੇਤ ਰਾਜੇ ਨੂੰ ਜਹਾਂਗੀਰ ਦੇ ਪੇਸ਼ ਕਰਦੇ ਹਨ … ਜਹਾਂਗੀਰ ਰਾਜੇ ਨੂੰ ਤੁਰਕਨੀ ਦੇ ਹਵਾਲੇ ਕਰ ਦਿੰਦਾ ਹੈ। ਤੁਰਕਨੀ ਉਸਨੂੰ ਜਲਾਦਾਂ ਦੇ ਹਵਾਲੇ ਕਰਨ ਲਗਦੀ ਹੈ ਤਾਂ ਰਾਜੇ ਵਲੋਂ ਅੱਖ ਦੇ ਇਸ਼ਾਰੇ ਰਾਹੀਂ ਤੁਰਕਨੀ ਦੀ ਰਜ਼ਾਮੰਦੀ ਮੰਨ ਜਾਣ ਉਤੇ ਉਸਦੀ ਜਾਨ ਬਖਸ਼ੀ ਕਰਕੇ ਆਪ ਮੱਕੇ ਵੱਲ ਨੂੰ ਟੁਰ ਪੈਂਦੀ ਹੈ … ਕੁੱਝ ਦੂਰ ਜਾ ਕੇ ਲੋਕਾਂ ਵਲੋਂ ਅੱਖ ਬਚਾਉਂਦੀ ਹੋਈ ਰਾਜੇ ਕੋਲ ਆ ਜਾਂਦੀ ਹੈ।
ਹੁਣ ਵੇਖੋ ਤ੍ਰੀਯਾ ਚਰਿਤ੍ਰਾਂ ਵਿਚੋਂ 267ਵਾਂ ਚਰਿਤ੍ਰ ਜਿਸਦੇ ਕੁਲ 22 ਬੰਦ ਹਨ ਅਤੇ ਇੰਨ-ਬਿੰਨ ਉਤੇ ਲਿਖੀ ਚੌਥੀ ਹਿਕਾਇਤ ਦਾ ਹਿੰਦੀ ਭਾਸ਼ਾ ਵਿੱਚ ਰੂਪ ਚਿਤਰਿਆ ਹੈ ਤੇ ਨਾਲ ਹੀ ਉਸ ਰਾਜੇ ਦਾ ਨਾਮ ਵੀ ਰੂਪ ਸੈਨ ਲਿਖਿਆ ਹੋਇਆ ਹੈ।
ਸ਼ੋਕ ਕਿ ਇਹੋ ਜਿਹੇ ਗਪੌੜ (ਜਿੰਨ੍ਹਾਂ ਤੋਂ ਵੱਡੇ-ਵੱਡੇ ਗਪੌੜੀ ਵੀ ਨੱਕ ਵੱਟ ਲੈਣ) ਵੀ ਅਰਸ਼ੀ ਪ੍ਰੀਤਮ ਦਸ਼ਮੇਸ਼ ਵਲੋਂ ਔਰੰਗਜ਼ੇਬ ਨੂੰ ਲਿਖ ਭੇਜਣੇ ਦਰਸਾਉਣ ਵਾਲੇ ਵਿਦਵਾਨ ਸੱਜਣ ਜ਼ਫ਼ਰਨਾਮੇ ਤੋਂ ਪਿਛਲੀਆਂ ਹਿਕਾਇਤਾਂ ਅਤੇ ਤ੍ਰੀਯਾ ਚਰਿਤ੍ਰਾਂ ਦਾ ਪਾਜ ਉਘੇੜਨ ਦੀ ਥਾਵੇਂ ਉਲਟੀ ਦਸ਼ਮੇਸ਼ ਸਿੱਧ ਕਰਨ ਉਤੇ ਤੁਲੇ ਹੋਏ ਹਨ।
ਜ਼ਫ਼ਰਨਾਮੇ ਤੋਂ ਬਿਨਾ 11ਵੀਂ ਅੰਤਲੀ ਹਿਕਾਇਤ ਦੇ 21 ਬੰਦ ਹਨ ਜਿੰਨ੍ਹਾਂ ਦਾ ਸਿੱਟਾ ਇਹ ਹੈ ਕਿ ਇੱਕ ਰਹੀਮ ਖ਼ਾਨ ਪਠਾਣ ਦੀ ਔਰਤ ਆਪਣੇ ਯਾਰ ਹਸਨ ਖ਼ਾਨ ਨੂੰ ਘਰ ਬੁਲਾ ਕੇ ਵਿਭਚਾਰ ਕਰਦੀ ਹੈ … ਕੋਈ ਆਦਮੀ ਰਹੀਮ ਖ਼ਾਨ ਨੂੰ ਖਬਰ ਦਿੰਦਾ ਹੈ … ਉਹ ਗੁੱਸੇ ਭਰਿਆ ਤਲਵਾਰ ਫੜ ਕੇ ਘਰ ਆਉਂਦਾ ਹੈ … ਪਠਾਣੀ ਆਪਣੇ ਯਾਰ ਨੂੰ ਵੇਖ ਕੇ ਦੇਗ਼ ਅੰਦਰ ਗੋਸ਼ਤ ਰਿੰਨ੍ਹ ਕੇ ਰਹੀਮ ਖ਼ਾਨ ਨੂੰ ਖੁਆ ਕੇ ਖੁਸ਼ ਕਰ ਦਿੰਦੀ ਹੈ, ਉਹ ਖਬਰ ਦੇਣ ਵਾਲੇ ਨੂੰ ਉਲਟਾ ਝੂਠਾ ਸਮਝ ਕੇ ਵੱਢ ਛੱਡਦਾ ਹੈ।
ਕੁਰਬਾਨ ਜਾਈਏ ਇਸ ਸ਼ਾਇਰ ਤੋਂ ਜੋ ਅੱਖ ਦੇ ਪਲਕਾਰੇ ਵਿੱਚ ਹਸਨ ਖ਼ਾਨ ਨੂੰ ਵੱਢ ਕੇ ਉਸਦਾ ਖੂਨ ਅਤੇ ਹੱਡੀ-ਪਸਲੀ ਆਦਿਕ ਉਸੇ ਵੇਲੇ ਕਿਨਾਰੇ ਲਾ ਕੇ ਗੋਸ਼ਤ ਵੀ ਖਾ-ਖੁਵਾ ਦਿੰਦਾ ਹੈ, ਹਾਲਾਂਕਿ ਇਹ ਘਟਨਾ ਸੁਪਨੇ ਵਿੱਚ ਵੀ ਵੇਖੀ ਜਾਵੇ ਤਾਂ ਵੀ ਕੁੱਝ ਨਾ ਕੁੱਝ ਵਕਤ ਜ਼ਰੂਰ ਲਗ ਜਾਂਦਾ ਹੈ।
ਹੁਣ ਵੇਖੋ ਤ੍ਰੀਯਾ ਚਰਿਤ੍ਰ 221 ਜਿਸਦੇ ਕੇਵਲ 7 ਬੰਦ ਹਨ ਪਰ ਹਿੰਦੀ ਭਾਸ਼ਾ ਦੇ ਲਿਬਾਸ ਵਿੱਚ ਪ੍ਰਤੱਖ ਹੀ ਉਪਰਲੀ ਹਿਕਾਇਤ ਦਿੱਸਦੀ ਹੈ। ਹਾਂ, ਕੁੱਝ ਨਾਵਾਂ ਵਿੱਚ ਅਦਲਾ-ਬਦਲੀ ਹੈ ਜਿਵੇਂ ਕਿ ਹਿਕਾਇਤ ਵਿੱਚ ਪਠਾਣ ਦਾ ਨਾਮ ਰਹੀਮਖ਼ਾਨ ਲਿਖਿਆ ਹੈ ਪਰ ਇਥੇ ਸੰਮਨਖ਼ਾਨ ਹੈ ਅਤੇ ਪਠਾਣੀ ਦਾ ਨਾਮ ਹਿਕਾਇਤ ਵਿੱਚ ਤਾਂ ਹੈ ਹੀ ਨਹੀਂ ਪਰ ਇਥੇ ‘ਸ੍ਰੀ ਮ੍ਰਿਗਰਾਜਮਤੀ’ ਲਿਖਿਆ ਹੈ (ਵਾਹ ਰੇ ਕਵੀ ਜੀ ਮਹਾਰਾਜ) ਘਰਵਾਲੇ ਦਾ ਨਾਮ ਸੰਮਨਖ਼ਾਨ ਪਰ ਘਰਵਾਲੀ ਦਾ ਨਾਮ ਸ੍ਰੀ ਮ੍ਰਿਗਰਾਜਮਤੀ - ‘ਮੂੰਹ ਗਊ ਦਾ, ਧੜ ਗਧੇ ਦਾ’ ਵਾਲੀ ਕਹਾਵਤ ਵਾਂਗੂ ਕਿਹਾ ਢੁਕਵਾਂ ਜੋੜ ਹੈ। ਪਠਾਣੀ ਦੇ ਯਾਰ ਦਾ ਹਿਕਾਇਤ ਵਿੱਚ ਨਾਮ ਹਸਨਖ਼ਾਨ ਹੈ ਪਰ ਇਥੇ ਸ਼ਾਦੀਖ਼ਾਨ ਲਿਖਿਆ ਹੈ।
8 ਵੀਂ ਹਿਕਾਇਤ ਦੇ 47 ਬੰਦ ਹਨ ਪਰ ਕਹਾਣੀ 40 ਬੰਦਾਂ ਉੱਤੇ ਮੱਕ ਜਾਂਦੀ ਹੈ, ਬਾਕੀ ਦੇ ਅੰਕ ਅਉਕਵੇਂ ਜਿਹੇ ਹਨ ਭਾਵ ਹਿਕਾਇਤ ਨਾਲ ਮੇਲ ਨਹੀਂ ਖਾਂਦੇ। ਹਿਕਾਇਤ ਦਾ ਸੰਕੋਚਵਾਂ ਸਾਰ ਇਹ ਹੈ ਕਿ ਬਾਦਸ਼ਾਹ ਆਜ਼ਮਸ਼ਾਹ ਦੀ ਬੇਗ਼ਮ ਆਪਣੇ ਯਾਰ ਨੂੰ ਘਰ ਬੁਲਾਉਂਦੀ ਹੈ, ਜਿਸ ਦੇ ਦੋ-ਦੋ ਨੌਜਵਾਨ ਹਾਥੀਆਂ ਵਰਗੀ ਡੀਲ-ਡੌਲ ਵਾਲੇ ਪੁੱਤਰਾਂ ਨੂੰ ਸੁਤਿਆਂ ਵੇਖ ਉਹ ਘਬਰਾ ਕੇ ਕਹਿੰਦਾ ਹੈ ਕਿ ਇਹਨਾਂ ਨੂੰ ਜਾਗ ਆ ਗਈ ਤਾਂ ਮੈਨੂੰ ਮਾਰ ਸੁਟਣਗੇ, ਇਸ ਲਈ ਪਹਿਲੇ ਇਹਨਾਂ ਦਾ ਕੋਈ ਬੰਦੋਬਸਤ ਕਰਕੇ ਫਿਰ ਮੈਨੂੰ ਬੁਲਾਈਂ, ਇਹ ਕਹਿ ਕੇ ਵਾਪਸ ਚਲਾ ਜਾਂਦਾ ਹੈ।
ਬੇਗ਼ਮ ਦੋਹਾਂ ਪੁੱਤਰਾਂ ਨੂੰ ਸ਼ਰਾਬ ਰਾਹੀਂ ਮਸਤ ਕਰਕੇ ਵੱਢ ਸੁੱਟਣ ਉਪ੍ਰੰਤ ਰੋਣ-ਪਿੱਟਣ ਲਗ ਜਾਂਦੀ ਹੈ … ਲੋਕਾਂ ਦਾ ਇਕੱਠ ਵੇਖ ਕੇ ਇਹ ਦੱਸਦੀ ਹੈ ਕਿ ਇਹਨਾਂ ਦੋਹਾਂ ਸ਼ਰਾਬ ਪੀ ਕੇ ਬੇਹੋਸ਼ੀ ਵਿੱਚ ਇਕ-ਦੈਜੇ ਨੂੰ ਕਤਲ ਕਰ ਦਿੱਤਾ ਹੈ … ਫਿਰ ਫਟੇ-ਪੁਰਾਣੇ ਕਪੜੇ ਪਾ ਕੇ ਫਕੀਰਨੀ ਰੂਪ ਵਿੱਚ ਜੰਗਲ ਚਲੀ ਜਾਂਦੀ ਹੈ … ਉਜਾੜ ਵਿੱਚ ਸ਼ਿਵ ਜੀ ਮਹਾਰਾਜ ਦਰਸ਼ਨ ਦੇ ਕੇ ਪੁੱਛਦੇ ਹਨ ਕਿ ਤੂੰ ‘ਹੂਰ’ ਹੈ ਜਾਂ ‘ਪਰੀ’ ਅਥਵਾ ਆਕਾਸ਼ੋਂ ਉਤਰਿਆ ਚੰਦ੍ਰਮਾ ਹੈ … ਉਤਰ ਦਿੰਦੀ ਹੈ ਕਿ ਮੈਂ ਬਿਲਸ਼ਿਤਾਂ ਦੇਸ਼ ਦੇ ਬਾਦਸ਼ਾਹ ਦੀ ਬੇਟੀ ਹਾਂ … ਸ਼ਿਵ ਜੀ ਪ੍ਰਸੰਨ ਹੋ ਕੇ ਕਹਿੰਦੇ ਹਨ ਕਿ ਵਰ ਮੰਗ … ਵਰ ਇਹ ਮੰਗਦੀ ਹੈ ਕਿ ਮੈਂ ਬੁਢਿਉਂ ਜਵਾਨ ਹੋ ਕੇ ਆਪਣੇ ਯਾਰ ਨੂੰ ਮਿਲ ਪਵਾਂ।
ਵਰ ਪ੍ਰਾਪਤੀ ਉਪ੍ਰੰਤ ਯਾਰ ਦੇ ਖੂਹ ਉਤੇ ਜਾ ਬੈਠਦੀ ਹੈ … ਯਾਰ ਨੂੰ ਆਉਂਦਿਆਂ ਵੇਖ ਬਾਰ੍ਹਾਂਸਿੰਗ੍ਹੇ ਦਾ ਰੂਪ ਧਾਰ ਕੇ ਦੌੜਦੀ ਹੈ … ਯਾਰ ਵੀ ਉਸਦੇ ਪਿਛੇ-ਪਿਛੇ ਘੋੜਾ ਦੁੜਾਉਂਦਾ ਹੈ … ਬਹੁਤ ਦੂਰ ਜਾ ਕੇ ਖ਼ੂਬਸੂਰਤ ਨੌਜਵਾਨ ਬਣ ਜਾਂਦੀ ਹੈ ਅਤੇ ਯਾਰ ਨਾਲ ਚਲੀ ਜਾਂਦੀ ਹੈ।
ਹੁਣ ਉਤੇ ਲਿਖੇ ਕੋਰੇ ਦੇ ਕੋਰੇ ਝੂਠ ਨੂੰ ਸੱਚ ਮੰਨਿਆ ਜਾਵੇ ਤਾਂ ਇਹ ਵੀ ਮੰਨਣਾ ਪਵੇਗਾ ਕਿ ਬਾਦਸ਼ਾਹ ਦੀ ਬੇਗ਼ਮ ਨੇ ਬੁਢਾਪੇ ਵਿੱਚ ਹੁੰਦਿਆਂ ਵੀ ਯਾਰ ਦੀ ਪ੍ਰਸੰਨਤਾ ਲਈ ਆਪਣੇ ਪਾਲੇ-ਪੋਸੇ ਵੱਡੀ ਡੀਲ-ਡੌਲ ਵਾਲੇ ਦੋਹਾਂ ਪੁੱਤਰਾਂ ਨੂੰ ਆਪਣੀ ਹਥੀਂ ਕੋਹ ਸੁੱਟਿਆ …. ਫਿਰ ਹਾਲ ਪਾਹਰਿਆ ਸੁਣ ਕੇ ਆਏ ਲੋਕਾਂ ਵਿਚੋਂ ਕਿਸੇ ਨੂੰ ਵੀ ਉਸਦੀ ਕੋਝੀ ਕਰਤੂਤ ਦਾ ਪਤਾ ਨਾ ਲੱਗਾ … ਫਿਰ ਉਜਾੜ ਵਿੱਚ ਜਾਂਦੀ ਹੋਈ ਵਿਭਚਾਰਣ ਨੂੰ ਸ਼ਿਵ ਜੀ ਮਹਾਰਾਜ ਦੇ ਦਰਸ਼ਨ ਹੋ ਜਾਣ ਵਾਲੀ ਗੱਪ ਵੀ ਮੰਨਣੀ ਪਵੇਗੀ, ਇਤਨਾ ਹੀ ਨਹੀਂ ਇਹ ਨਿਸ਼ਚਾ ਵੀ ਕਰਨਾ ਪਵੇਗਾ ਕਿ ਤ੍ਰਿਕਾਲਿਗ (ਭੂਤ ਭਵਿਖਯਾਤ ਵਰਤਮਾਨ ਦੇ ਗਯਾਤਾ) ਸ਼ਿਵ ਜੀ ਭਗਵਾਨ ਨੂੰ ਵੀ ਉਸਦੇ ਘੋਰ ਪਾਪ ਦੀ ਗਿਆਤ ਨਾ ਹੋਈ ਜਿਸ ਲਈ ਉਨ੍ਹਾਂ ਨੇ ਪੁੱਛਿਆ ਕਿ ਤੂੰ ‘ਹੂਰ’ ਹੈਂ ਜਾਂ ‘ਪਰੀ’ ਅਥਵਾ …
ਇਥੇ ਹੀ ਬਸ ਨਹੀਂ, ਇਹ ਪ੍ਰਤੀਤ ਵੀ ਕਰਨੀ ਪਵੇਗੀ ਕਿ ਉਸ ਕਾਮਾਗਨੀ ਵਿੱਚ ਸੜੀ-ਭੁੱਜੀ ਵਿਭਚਾਰਣ ਉਤੇ ਸ਼ਿਵਸ਼ੰਕਰ ਇਤਨਾ ਰੀਝੇ ਜੋ ਉਸ ਦੀ ਇੱਛਿਆ ਅਨੁਸਾਰ ਜੋ ਕੁੱਝ ਵੀ ਬਣਨਾ ਚਾਹੇ, ਉਹ ਰੂਪ ਧਾਰ ਕੇ ਯਾਰ ਨੂੰ ਮਿਲ ਪੈਣ ਦਾ ਵਰ ਦੇਣ ਤਕ ਵੀ ਤਿਆਰ ਹੋ ਗਏ, ਜਿਸ ਕਰਕੇ ਉਸ ਨੇ ਪਹਿਲਾਂ ਬਾਰਾਂਸਿੰਗ੍ਹੇ ਦਾ ਰੂਪ ਧਾਰ ਲਿਆ, ਫਿਰ ਨੌਜਵਾਨ ਕੁੜੀ ਬਣ ਗਈ … ਇਤਿਆਦਿਕ ਉਪ੍ਰੋਕਤ ਸਾਰੇ ਦੇ ਸਾਰੇ ਗਪੌੜੇ ਸੱਤ-ਸੱਤ ਕਰਕੇ ਮੰਨਣੇ ਪੈਣਗੇ।
ਸੱਚ ਪੁਛੋ ਤਾਂ ਇਹਨਾਂ ਹਿਕਾਇਤਾਂ ਵਿੱਚ ਸ਼ਾਇਰ ਨੇ ਫ਼ਾਰਸੀ ਜ਼ਬਾਨ ਵਰਤ ਕੇ ਹੇਠ ਲਿਖੀ ਪ੍ਰਚਲਤ ਕਹਾਵਤ ਪ੍ਰਤੱਖ ਕਰਕੇ ਵਿਖਾ ਦਿੱਤੀ ਹੈ ਕਿ - ਝੂਠ ਬੋਲੋ ਰੱਜ ਰੱਜ ਕੇ, ਫਿਰ ਸੌਂ ਜਾਵੋ ਮੂੰਹ ਕੱਜ ਕੇ।
ਹਿਕਾਇਤ 9ਵੀਂ ਦੇ 44 ਬੰਦ ਹਨ ਜਿੰਨ੍ਹਾਂ ਦਾ ਸੰਖੇਪਕੀ ਵੇਰਵਾ ਇਹ ਹੈ ਕਿ ਫਿਰੰਗ-ਦੇਸ਼ ਦੇ ਬਾਦਸ਼ਾਹ ਦੀ ਰਾਣੀ ਆਪਣੇ ਯਾਰ ਨੂੰ ਬੁਲਾ ਕੇ ਇੱਕ ਨਾਈਂ (ਹਜਾਮ) ਕੋਲੋਂ ਮੋਚਨੇ ਨਾਲ ਉਸ ਦੀ ਦਾੜ੍ਹੀ ਦੇ ਵਾਲ ਪੁਟਵਾ ਕੇ ਜਨਾਨੇ ਕਪੜਿਆਂ ਵਿੱਚ ਗੋਲੀ ਦੇ ਰੂਪ ਅੰਦਰ ਆਪਣੇ ਕੋਲ ਵਿਭਚਾਰ ਹਿਤ ਰਖਦੀ ਹੈ।
ਇਕ ਦਿਨ ਬਾਦਸ਼ਾਹ ਉਸ ਨੂੰ ਖੂਬਸੂਰਤ ਔਰਤ ਸਮਝ ਕੇ ਕਾਮ-ਵਾਸ਼ਨਾ ਅਧੀਨ ਇੱਕ ਨੌਕਰਾਨੀ ਭੇਜ ਕੇ ਬੁਲਾਉਂਦਾ ਹੈ ਜਿਸ ਦਾ ਉਤਰ ਦਿੱਤੇ ਬਿਨਾ ਚੁਪ-ਚਾਪ ਰਾਣੀ ਕੋਲ ਜਾ ਕੇ ਕਹਿੰਦੀ ਹੈ ਕਿ ਮੈਨੂੰ ਸਚ-ਮੁਚ ਦੀ ਇਸਤਰੀ ਸਮਝ ਕੇ ਬਾਦਸ਼ਾਹ ਨੇ ਬੁਲਾਇਆ ਹੈ, ਕਿਹਾ ਚੰਗਾ ਹੋਵੇ ਕਿ ਮੈਂ ਇਥੋਂ ਚਲਾ ਜਾਵਾਂ, ਨਹੀਂ ਤੇ ਭੇਦ ਖੁਲ੍ਹ ਜਾਣ ਉਤੇ ਤੂੰ ਅਤੇ ਮੈਂ ਦੋਵੇਂ ਹੀ ਮਾਰੇ ਜਾਵਾਂਗੇ … ਰਾਣੀ ਕਹਿੰਦੀ ਹੈ ਕਿ ਡਰ ਨਹੀਂ, ਮੈਂ ਤੈਨੂੰ ਚਾਰ ਮਹੀਨੇ ਹੋਰ ਵੀ ਆਪਣੇ ਕੋਲ ਰਖ ਕੇ ਰੰਗ-ਰਲੀਆਂ … ਰਾਤ ਨੂੰ ਬਾਦਸ਼ਾਹ ਕਾਮਵਸ ਹੋ ਕੇ ਨਵੀਂ ਬਣੀ ਗੋਲੀ ਕੋਲ ਆਉਂਦਾ ਹੈ … ਰਾਣੀ ਉਸ ਗੋਲੀ ਨੂੰ ਆਪਣੇ ਕੋਲ ਸੁਵਾ ਲੈਂਦੀ ਹੈ। ਬਾਦਸ਼ਾਹ ਸਮਝਦਾ ਹੈ ਕਿ ਇਸ ਗੋਲੀ ਨੇ ਰਾਣੀ ਨੂੰ ਮੇਰੇ ਬਾਬਤ ਦੱਸ ਦਿੱਤਾ ਹੋਣਾ ਹੈ, ਜਿਸ ਲਈ ਰਾਣੀ ਨੇ ਖਬਰਦਾਰ ਹੋ ਕੇ ਇਸਨੂੰ ਆਪਣੇ ਕੋਲ ਸੁਵਾ ਲਿਆ ਹੈ, ਬਾਦਸ਼ਾਹ ਵਾਪਸ ਚਲਾ ਜਾਂਦਾ ਹੈ।
ਦੂਜੀ ਰਾਤ ਨੂੰ ਫਿਰ ਆਉਂਦਾ ਹੈ ਤਾਂ ਉਸਨੂੰ ਰਾਣੀ ਕੋਲ ਸੁਤਿਆਂ ਵੇਖ ਵਾਪਸ ਮੁੜ ਜਾਂਦਾ ਹੈ … ਇਸੇ ਤਰ੍ਹਾਂ ਪੰਜ-ਛੇ ਰਾਤਾਂ ਫੇਰ ਮਾਰ-ਮਾਰ ਕੇ ਮੁੜਦਾ ਹੋਇਆ ਕਾਮਾਤੁਰ ਹੋ ਕੇ ਕਚੀਚੀਆਂ ਵੱਟਦਾ-ਵੱਟਦਾ ਆਪਣੇ ਆਪ ਇਹੋ ਜਿਹੀਆਂ ਬੇਸ਼ਰਮ ਗੱਲਾਂ ਕਰਦਾ ਹੈ ਜੋ ਲਿਖਣ ਤੋਂ ਕਲਮ ਰੁੱਕਦੀ ਹੈ ਅਤੇ ਵਿਚਾਰ ਸ਼ਕਤੀ ਵੀ ਲਿਖਣ ਦੀ ਆਗਿਆ ਦੇਣ ਤੋਂ ਅਸਮਰੱਥ ਹੈ।
ਕੁਝ ਵੀ ਹੋਵੇ ਇਹ ਜ਼ਰੂਰ ਮੰਨਣਾ ਪਵੇਗਾ ਕਿ ਇਹ ਹਿਕਾਇਤਾਂ ਅਤੇ ਚਰਿਤ੍ਰ ਅਸੰਭਵ ਤੋਂ ਵੀ ਅਸੰਭਵ ਹਨ, ਜਿੰਨ੍ਹਾਂ ਨੂੰ ਦਸਮ ਪਿਤਾ ਵਲੋਂ ਔਰੰਗਜ਼ੇਬ ਨੂੰ ਲਿਖ ਭੇਜਣਾ ਸਹੇ ਦੇ ਸਿੰਗਾਂ ਵਾਂਗੂ ਤ੍ਰੈ ਕਾਲ ਅਸੰਭਵ ਹੈ।
ਡਾ: ਗੁਰਮੁਖ ਸਿੰਘ

ਤ੍ਰਿਯਾ ਚਰਿਤ੍ਰ (11)


(ਦਸਮ ਗ੍ਰੰਥ, ਪੰਨਾ 809 - 1388)
ੴ ਸ੍ਰੀ ਵਾਹਿਗੁਰੂ ਜੀ ਕੀ ਫਤਹ।।
ਸ੍ਰੀ ਭਗਉਤੀ ਜੀ ਸਹਾਇ।।
ਅਬ ਪਖਿਆਨ ਚਰਿਤ੍ਰ ਲਿਖਯਤੇ।। ਪਾਤਸ਼ਾਹੀ 10. ।
ਭੁਜੰਗ ਛੰਦ।। ਤਵਪ੍ਰਸਾਦਿ।। (ਪੰਨਾ 809, ਦਸਮ ਗ੍ਰੰਥ)
ਮੰਗਲਾਚਰਨ ਵਿੱਚ ਕਵੀ ਭਗਉਤੀ ਦੇਵੀ ਤੋਂ ਸਹਾਇਤਾ ਦਾ ਜਾਚਕ ਹੈ। ਹਿੰਦੂ ਧਰਮ ਗ੍ਰੰਥ ਚਿਰਿਤੋਕ ਨਾਮੇ ਦਾ ਉਲੱਥਾ ਚਰਿਤ੍ਰੋਪਾਖਿਆਨ ਹੈ। ਇਸ ਰਚਨਾ ਵਿੱਚ 404 ਤ੍ਰੀਯ ਚਰਿਤ੍ਰ ਜਾਂ ਕਹਾਣੀਆਂ ਹਨ। ਇਨ੍ਹਾਂ ਚਰਿਤ੍ਰਾਂ ਵਿੱਚ ਉਨ੍ਹਾਂ ਇਸਤ੍ਰੀਆਂ ਦੀਆਂ ਕਹਾਣੀਆਂ ਹਨ, ਜੋ ਮਕਰ ਫ਼ਰੇਬ ਨਾਲ ਘਰ ਦੇ ਬਾਹਰ ਮਰਦਾਂ ਨੂੰ ਆਪਣੀ ਕਾਮ ਵਾਸ਼ਨਾ ਦੀ ਪੂਰਤੀ ਲਈ ਬੁਲਾਉਂਦੀਆਂ ਹਨ ਤੇ ਮਜਬੂਰ ਕਰ ਦਿੰਦੀਆਂ ਹਨ। ਇਹ ਆਪਣੇ ਇਸ਼ਟ ‘ਭਗਉਤੀ/ਕਾਲ’ ਆਦਿ ਪਾਸ ਬੇਨਤੀਆਂ ਵੀ ਕਰਦੀਆਂ ਹਨ। ਇਨ੍ਹਾਂ ਚਰਿਤ੍ਰਾਂ ਨੂੰ ਪੜ੍ਹਨ ਸੁਣਨ ਵਾਲੇ ਮਨੁੱਖਾਂ ਅਤੇ ਤ੍ਰੀਮਤਾਂ ਦੇ ਮਨਾਂ ਵਿੱਚ ਕਾਮ ਦਾ ਇਤਨਾ ਪ੍ਰਭਾਉ ਪੈਦਾ ਹੁੰਦਾ ਹੈ ਕਿ ਅਕਲ ਅਤੇ ਮਤ ਦਾ ਸੰਤੁਲਨ ਬਿਗੜ ਜਾਂਦਾ ਹੈ। ਸਦਾਚਾਰੀ ਮਨੁੱਖ ਵੀ ਕਾਮ ਦੇ ਅਧੀਨ ਹੋ ਕੇ ਕੁਕਰਮ ਕਰਦਾ ਹੈ। ਫੜਿਆ ਜਾਵੇ ਤਾਂ ਸਮਾਜ ਵਿੱਚ ਸ਼ਰਮਸਾਰ ਅਤੇ ਖੁਆਰ ਹੁੰਦਾ ਹੈ, ਤੇ ਸਰਕਾਰ ਕਰੜੇ ਦੰਡ ਦਿੰਦੀ ਹੈ। ਇਸ ਅਪਰਾਧ ਨੂੰ ਧਰਮ ਰਾਜ ਅੱਗੇ ਛੁਪਾਇਆ ਨਹੀਂ ਜਾ ਸਕਦਾ ਤੇ ਉਹ ਵੀ ਮਰਨ ਉਪਰੰਤ ਦੰਡ ਦਿੰਦਾ ਹੈ। ਇਹ ਚਰਿਤ੍ਰ ਕਿਸੇ ਘਰ ਵੀ ਪੜ੍ਹੇ, ਸੁਣੇ ਨਹੀਂ ਜਾ ਸਕਦੇ।
ਗੁਰਬਾਣੀ ਇਸ ਤਰ੍ਹਾਂ ਉਪਦੇਸ਼ ਦਿੰਦੀ ਹੈ:
ਦੇਇ ਕਿਵਾੜ ਅਨਿਕ ਪੜਦੇ ਮਹਿ ਪਰ ਦਾਰਾ ਸੰਗਿ ਫਾਕੈ॥
ਚਿਤ੍ਰ ਗੁਪਤੁ ਜਬ ਲੇਖਾ ਮਾਗਹਿ ਤਬ ਕਉਣੁ ਪੜਦਾ ਤੇਰਾ ਢਾਕੈ॥
(ਪੰਨਾ 616, ਗੁਰੂ ਗ੍ਰੰਥ ਸਾਹਿਬ)
ਮਨੁੱਖ ਦਰਵਾਜ਼ੇ ਬੰਦ ਕਰਕੇ ਅਨੇਕਾਂ ਪਰਦਿਆਂ ਵਿੱਚ ਪਰਾਈ ਇਸਤ੍ਰੀ ਨਾਲ ਕੁਕਰਮ ਕਰਦਾ ਹੈ, ਜਦੋਂ ਧਰਮਰਾਜ ਦੇ ਦੂਤ ਹਿਸਾਬ ਮੰਗਣਗੇ ਤਦੋਂ ਕੋਈ ਵੀ ਉਨ੍ਹਾਂ ਦੀਆਂ ਕਰਤੂਤਾਂ ਉੱਤੇ ਪਰਦਾ ਨਹੀਂ ਪਾ ਸਕਦਾ।
ਸਾਡੇ ਕੁੱਝ ਵਿਦਵਾਨ ਇਸ ਰਚਨਾ ਨੂੰ ਪਾਤਸ਼ਾਹੀ 10 ਦੀ ਕ੍ਰਿਤ ਸਾਬਤ ਕਰਨ ਲਈ ਦਲੀਲ ਦਿੰਦੇ ਹਨ ਕਿ ਗੁਰੂ ਜੀ ਨੇ ਇਨ੍ਹਾਂ ਵਿਭਚਾਰੀ ਔਰਤਾਂ ਦੇ ਚਰਿਤ੍ਰ ਇਸ ਲਈ ਵਰਨਣ ਕੀਤੇ ਹਨ ਕਿ ਗੁਰਸਿੱਖ ਇਨ੍ਹਾਂ ਨੂੰ ਪੜ੍ਹ ਕੇ ਆਪਣੇ ਸਵੈ ਧਰਮ ਜਤ ਸਤ ਵਿੱਚ ਪਰਪੱਕ ਰਹਿਣ। ਇਹ ਉਨ੍ਹਾਂ ਦੀ ਗ਼ਲਤ ਸੋਚ ਅਤੇ ਗ਼ਲਤ ਬਿਆਨੀ ਹੈ। ਇਹ ਅਜੀਬ ਸੋਚ ਹੈ। ਕੀ ਉਹ ਭੁੱਲ ਗਏ ਕਿ ਇਨ੍ਹਾਂ ਚਰਿਤ੍ਰਾਂ ਨੂੰ ਪੜ੍ਹ ਸੁਣ ਕੇ ਕਾਮ ਵਾਸ਼ਨਾ ਭੜਕਦੀ ਹੈ ਤੇ ਮਨੁੱਖ ਬੇਬਸ ਹੋ ਕਾਮ ਦੀ ਪੂਰਤੀ ਲਈ ਕੁਕਰਮ ਕਰ ਬੈਠਦਾ ਹੈ।
ਸਾਡੇ ਵਿਦਵਾਨ ਭਗਉਤੀ ਦੇ ਅਰਥ ਪਰਮਾਤਮਾ, ਅਕਾਲ ਪੁਰਖ, ਇਹ ਭਰੋਸਾ ਦੁਆਉਣ ਲਈ ਕਰਦੇ ਹਨ ਕਿ ਰਚਨਾ ਪਾਤਸ਼ਾਹੀ ਦਸਵੀਂ ਦੀ ਕ੍ਰਿਤ ਹੈ।
ਭਗਉਤੀ ਦਾ ਸਰੂਪ ਕਵੀ ਨੇ ਰਚਨਾ ਦੇ ਆਰੰਭ ਵਿੱਚ ਹੀ ਬਿਆਨ ਕੀਤਾ ਹੈ। ਇਹੋ ਹੀ ਭਗਉਤੀ ਦਾ ਸਹੀ ਸਰੂਪ ਹੈ। ਇਸ ਵਿੱਚ ਭਗਉਤੀ ਦੇਵੀ ਦੇ ਅਨੇਕ ਨਾਮਾਂ ਦੀ ਸੂਚੀ ਦਿੱਤੀ ਹੈ। ਅਸੀਂ ਰਚਨਾ ਦੇ ਪਹਿਲੇ ਪਦੇ ਤੋਂ ਸ਼ੁਰੂ ਕਰਦੇ ਹਾਂ।
ਤੁਹੀ ਖਡਗਧਾਰਾ, ਤੁਹੀ ਬਾਢਵਾਰੀ।। ਤੁਹੀ ਤੀਰ ਤਰਵਾਰ ਕਾਤੀ ਕਟਾਰੀ।।
ਹਲੱਬੀ ਜੁਨੱਬੀ ਮਗਰਬੀ ਤੁਹੀ ਹੈਂ।। ਨਿਹਾਰੋ ਜਹਾਂ ਆਪੁ ਠਾਢੀ ਵਹੀ ਹੈ। 1.
ਅੰਕ 1 - ਭਗਉਤੀ ਦੇਵੀ ਤੂੰ ਹੀ ਖੜਗ ਦੀ ਧਾਰ ਅਤੇ ਤੂੰ ਹੀ ਵੱਢਣ ਵਾਲੀ ਤਲਵਾਰ ਹੈਂ। ਤੂੰ ਹੀ ਤੀਰ, ਤਲਵਾਰ, ਕਾਤੀ, ਕਟਾਰੀ, ਹਲਥੀ, ਜੁਨਬੀ, ਮਗਰਬੀ (ਆਦਿ ਇਲਾਕਿਆਂ ਦੇ ਸ਼ਸਤ੍ਰ ਅਸਤ੍ਰ) ਹੈਂ। ਜਿਥੇ ਵੀ ਵੇਖਦਾ ਹਾਂ, ਉਥੇ ਹੀ (ਤੂੰ) ਆਪ ਖੜੋਤੀ ਹੋਈ ਹੈਂ।
ਤੁਹੀ ਜੋਗ ਮਾਯਾ ਤੁਹੀ ਬਾਕ ਬਾਨੀ।। ਤੁਹੀ ਆਪੁ ਰੂਪਾ ਤੁਹੀ ਸ੍ਰੀ ਭਵਾਨੀ।।
ਤੁਹੀ ਬਿਸਨ ਤੂੰ ਬ੍ਰਹਮ ਤੂ ਰੁਦ੍ਰ ਰਾਜੈ। ਤੁਹੀ ਬਿਸਵਮਾਤਾ ਸਦਾ ਜੈ ਬਿਰਾਜੈ।।
ਅੰਕ 2 - ਤੂੰ ਹੀ ਜੋਗ ਮਾਇਆ, ਤੂੰ ਹੀ ਸਰਸਵਤੀ, ਤੂੰ ਹੀ ਚੁਸਤ (ਅਪੁ) ਰੂਪ ਵਾਲੀ ਅਤੇ ਤੂੰ ਹੀ ਸ੍ਰੀ ਭਵਾਨੀ ਹੈਂ। ਤੂੰ ਹੀ ਵਿਸ਼ਨੂੰ, ਬ੍ਰਹਮਾ ਅਤੇ ਰੁਦ੍ਰ (ਦੇ ਰੂਪ ਵਿੱਚ) ਸੁਭਾਇਮਾਨ ਹੈਂ। ਤੂੰ ਹੀ ਵਿਸ਼ਵ ਮਾਤਾ (ਵਜੋਂ) ਸਦਾ ਵਿਜੈਈ (ਰੂਪ ਵਿੱਚ) ਬਿਰਾਜਮਾਨ ਹੈਂ।
ਤੁਹੀ ਦੇਵ ਤੂ ਦੈਤ ਤੈ ਜਛੁ ਉਪਾਏ। ਤੁਹੀ ਤੁਰਕ ਹਿੰਦੂ ਜਗਤ ਮੈ ਬਨਾਏ
ਤੁਹੀ ਪੰਥ ਹ੍ਹੈ ਅਵਤਰੀ ਸ੍ਰਿਸਟਿ ਮਾਹੀ। ਤੁਹੀ ਬਕ੍ਰਤ ਤੇ ਬ੍ਰਹਮ ਬਾਦੋ ਬਕਾਹੀ।
ਅੰਕ 3 - ਤੂੰ ਹੀ ਦੇਵਤੇ, ਦੈਂਤ, ਯਕਸ਼, ਤੁਰਕ, ਹਿੰਦੂ ਆਦਿ ਨੂੰ ਜਗਤ ਵਿੱਚ ਬਣਾਇਆ ਹੈ। ਤੂੰ ਹੀ ਇਸ ਸ੍ਰਿਸ਼ਟੀ ਵਿੱਚ (ਭਿੰਨ ਭਿੰਨ) ਪੰਥਾਂ (ਮਾਰਗਾਂ) ਦੇ ਰੂਪ ਵਿੱਚ ਉਤਰੀ ਹੈਂ। ਤੂੰ ਹੀ ਮੂੰਹ ਤੋਂ ਬ੍ਰਹਮ ਸਬੰਧੀ ਵਾਦ-ਵਿਵਾਦ ਕਰਨ ਵਾਲਿਆਂ ਨੂੰ ਪੈਦਾ ਕੀਤਾ ਹੈ।
ਤੁਹੀ ਬਿਕ੍ਰਤ ਤੁਹੀ ਚਾਰੁ ਨੈਨਾ। ਤੁਹੀ ਰੂਪ ਬਾਲਾ ਤੁਹੀ ਬਕ੍ਰ ਬੈਨਾ।
ਤੁਹੀ ਬਕ੍ਰ ਤੇ ਬੇਦ ਚਾਰੋ ਉਚਾਰੇ। ਤੁਮੀ ਸੁੰਭ ਨੈਸੁੰਭ ਦਾਨੌ ਸੰਘਾਰੇ। 4.
ਅੰਕ 4 - ਤੰ ਹੀ ਭਿਆਨਕ ਰੂਪ ਵਾਲੀ ਅਤੇ ਸੁੰਦਰ ਨੈਣਾਂ ਵਾਲੀ ਹੈਂ। ਤੂੰ ਹੀ ਬਾਲਿਕਾ ਰੂਪ ਵਾਲੀ ਅਤੇ ਟੇਢੇ ਬੋਲਾਂ ਵਾਲੀ ਹੈਂ। ਤੂੰ ਹੀ (ਆਪਣੇ) ਮੂੰਹ ਤੋਂ ਚਾਰ ਵੇਦ ਉਚਾਰੇ ਹਨ। ਤੂੰ ਹੀ ਸੁੰਭ ਅਤੇ ਨਿਸੁੰਭ (ਨਾਂ ਵਾਲੇ) ਦੈਂਤਾਂ ਨੂੰ ਮਾਰਿਆ ਹੈ।
ਤੁਹੀ ਰਾਮ ਦ੍ਹੈਕੈ ਹਠੀ ਦੈਤ ਘਾਯੋ।। (ਅੰਕ 6)
ਤੂਹੀ ਕ੍ਰਿਸਨ ਹਵੈ ਕੇਸ ਕੇਸੀ ਖਪਾਯੋ। ਤੁਹੀ ਜਾਲਪਾ ਕਾਲਕਾ ਕੈ ਬਖਾਨੀ।
(ਤੈਨੂੰ ਹੀ ਕਾਲਕਾ ਕਿਹਾ ਜਾਂਦਾ ਹੈ)
ਤੁਮੈ ਲੋਗ ਉਗ੍ਰਾ ਅਤਿਉਗ੍ਰਾ ਬਖਾਨੈ। ਤੁਮੈ ਅਦ੍ਰਜਾ ਬ੍ਹਯਾਸ ਬਾਨੀ ਪਛਾਨੈ।
ਤੁਮੀ ਸੇਸ ਕੀ ਆਪੁ ਸੇਜਾ ਬਨਾਈ। ਤੁਹੀ ਕੇਸਰ ਬਾਹਨੀ ਕੈ ਕਹਾਈ। 8.
ਅੰਕ 8 - ਤੈਨੂੰ ਹੀ ਲੋਕੀਂ ਕ੍ਰੋਧ ਕਰਨ ਵਾਲੀ ਅਤਿ ਉਗ੍ਰਾ ਕਹਿੰਦੇ ਹਨ। ਤੈਨੂੰ ਹੀ ਪਾਰਬਤੀ (ਅਦ੍ਰਜਾ) ਅਤੇ ਬਿਆਸ-ਬਾਣੀ ਵਜੋਂ ਪਛਾਣਦੇ ਹਨ। ਤੂੰ ਆਪ ਹੀ ਸ਼ੇਸ਼ਨਾਗ ਦੀ ਸੇਜ ਬਣਾਈ ਹੈ। ਤੂੰ ਹੀ ਸ਼ੇਰ ਦੇ ਵਾਹਨ ਵਾਲੀ ਅਖਵਾਉਂਦੀ ਹੈਂ।
ਗੁਰਬਾਣੀ ਅਨੁਸਾਰ ਸਭ ਦੇਵੀ ਅਤੇ ਦੇਵਤੇ ਅਕਾਲ ਪੁਰਖ ਦੀ ਮਾਇਆ ਹਨ। ਗੁਰਬਾਣੀ ਕੇਵਲ ਇੱਕ ਏਕੰਕਾਰ, ਇਕੋ ਇੱਕ ਸਦੀਵ ਹਸਤੀ ਜੋਤਿ ਰੂਪ ਅਕਾਲ ਪੁਰਖ ਦੀ ਸਿਫ਼ਤ ਸਾਲਾਹ ਤੇ ਜਪ ਸਿਮਰਨ ਦਾ ਉਪਦੇਸ਼ ਦਿੰਦੀ ਹੈ। ਦੇਵੀ ਦੇਵਤਿਆਂ ਦੀ ਉਸਤਤਿ ਜਪ ਅਤੇ ਸਿਮਰਨ ਵੇਦ ਮਤ ਹੈ। ਦਸਾਂ ਪਾਤਸ਼ਾਹੀਆਂ ਨੇ ਵੇਦ ਮਤ ਦਾ ਖੰਡਨ ਕੀਤਾ ਅਤੇ ਹਿੰਦੂਆਂ ਤੋਂ ਸਿੱਖ ਬਣੇ।
ਤੁਹੀ ਚੋਦਹੂ ਲੋਕ ਕੀ ਰਾਜਧਾਨੀ। … ਤੁਹੀ ਅਸ਼ਟਹਾਥ ਮੈ ਅਸਤ੍ਰ ਧਾਕੇ। 11.
(ਤੁਹੀ ਅਠ ਬਾਹਾਂ ਤੇ ਅਠ ਹੱਥ ਵਿੱਚ ਅਸਤ੍ਰ ਫੜੇ ਹਨ)
ਜਯੰਤੀ ਤੁਹੀ ਮੰਗਲਾ ਰੂਪ ਕਾਲੀ।। (ਦੇਵ, ਦੇਵੀ) (ਅੰਕ 12)
(ਤੂੰ ਹੀ ਕਾਲੀ ਦੇਵੀ ਹੈ)
ਕਪਾਲਨਿ ਤੂਹੀ ਹੈ ਤੂੰ ਹੀ ਭੱਦ੍ਰਕਾਲੀ।।
(ਤੂੰ ਹੀ ਮੁਰਦਿਆਂ ਦੀਆਂ ਖੋਪਰੀਆਂ ਗਲ ਪਾਉਣ ਵਾਲੀ ਹੈ)
ਦੁਰਗਾ ਤੂੰ ਛਿਮਾ ਤੂੰ ਸਿਵਾ ਰੂਪ ਤੋਰੋ।।
(ਦੁਰਗਾ ਤੇ ਸਿਵਾ ਤੇਰੇ ਹੀ ਰੂਪ ਹਨ)
ਤੁਧਾਤ੍ਰੀ ਸ੍ਹਾਹਾ ਨਮਸਕਾਰ ਮੋਰੋ।।
(ਕਵੀ ਦੇਵੀ ਦੇ ਅਨੇਕ ਰੂਪ ਦਰਸਾਉਂਦਾ ਹੈ ਤੇ ਇਸ ਭਗਉਤੀ ਦੇਵੀ ਨੂੰ ਨਮਸਕਾਰ ਕਰਦਾ ਹੈ)
ਚੰਡੀ ਚਰਿਤ੍ਰ ਦੇ ਪਹਿਲੇ ਅਧਿਆਏ ਵਿੱਚ 48 ਅੰਕ ਹਨ। ਉਪ੍ਰੰਤ ਲਿਖਿਆ ਹੈ -
ਇਤਿ ਸ੍ਰੀ ਚਰਿਤ੍ਰ ਪਖਯਾਨੇ ਚੰਡੀ ਚਰਿਤ੍ਰ ਪ੍ਰਥਮ ਧਯਾਇ।।
ਸਮਾਪਤਮ ਸਤੁ ਸੁਭਗ ਸਤ (48) ਅਫਜੂ (ਚਲਦਾ ਪ੍ਰਸੰਗ)
ਇਸ ਰਚਨਾ ਵਿੱਚ ਦੇਵੀ ਭਗਉਤੀ ਨੂੰ ਨਮਸਕਾਰ ਕਰਦੇ ਹੋਇਆਂ ਉਸ ਦੇ ਸਰੂਪ, ਸਮਰਥਾ ਅਤੇ ਕਰਤਵਾਂ ਉਤੇ ਝਾਤ ਪਾਈ ਹੈ। ਤੇ ਉਸ ਤੋਂ ਹੀ ਸਾਰੀ ਸ੍ਰਿਸ਼ਟੀ, ਸਾਰੇ ਦੇਵੀ ਦੇਵਤਿਆਂ ਦੇ ਕੌਤਕਾਂ ਦੀ ਹੋਂਦ ਦੱਸੀ ਗਈ ਹੈ। ਸਾਰੀ ਰਚਨਾ ਪਾ: 10 ਦੇ ਦਰਬਾਰ ਨੂੰ ਬਦਨਾਮ ਕਰਨ ਦਾ ਉਪਰਾਲਾ ਹੈ।
(ਪੰਨਾ 1359, ਦਸਮ ਗ੍ਰੰਥ, 404 ਵਾਂ ਚਰਿਤ੍ਰ)
ਸਬੁਧਿ ਬਾਚ।। ਚੌਪਈ।। ਸੱਤ ਸੰਧਿ ਇੱਕ ਭੂਪ ਭਨਿਜੈ।। ਪ੍ਰਥਮੇ ਸਤਿਜੁਗ ਬੀਚ ਕਹਿਜੈ।। ਜਿਹ ਜਸ ਪੁਰੀ ਚੌਦਹੂੰ ਛਾਯੋ।। ਨਾਰਦ ਰਿਖਿ ਤਬ ਰਾਇ ਮੰਗਾਯੋ।। 1।। ਸਭ ਦੇਵਨ ਕੋ ਰਾਜਾ ਭਯੋ।। ਬ੍ਰਹਮਾ ਤਿਲਕ ਆਪੁ ਤਿਹ ਦਿਯੋ।। ਨਿਹਕੰਟਕ ਸੁਰ ਕਿਯਾ ਸਬ।। ਦਾਨਵ ਮਾਰ ਨਿਕਾਰ ਦਏ ਜਬ।। 2. । ਇਤਿ ਦਿਸਿ ਦੂਲਹ ਦੇਈ ਕੁਮਾਰੀ।। ਸੱਸਤਰ ਸਾਜਿ ਰਥਿ ਕਰੀ ਸਵਾਰੀ।। ਸਸਤਰਨ ਕਰਿ ਪ੍ਰਨਾਮ ਤਿਹਕਾਲਾ।। ਛਾਡਤ ਭੀ ਰਨ ਬਿਸਿਖਿ ਕਰਾਲਾ।। 41।। (ਹਥਿਆਰਾਂ ਨੂੰ ਨਮਸਕਾਰ ਕੀਤੀ।) ਚਿੱਤ ਮੋਂ ਕਿਯਾ ਕਾਲਕਾ ਧਯਾਨਾ।। ਦਰਸਨ ਦਿਆ ਆਨਿ ਭਗਵਾਨਾ।।
(ਚਿੱਤ ਵਿੱਚ ਕਾਲਕਾ ਦਾ ਧਿਆਨ ਧਰਿਆ, ਕਾਲਕਾ ਭਗਵਾਨ ਨੇ ਦਰਸ਼ਨ ਦਿੱਤਾ।)
ਕਰਿ ਪ੍ਰਨਾਮ ਚਰਨਨ ਉਠਿ ਪਰੀ ਬਿਨਤੀ ਭਾਂਤਿ ਅਨਿਕ ਤਨ ਕਰੀ।। 52. ।
ਸੱਤ ਕਾਲ ਮੈ ਦਾਸ ਤਿਹਾਰੀ।। ਅਪਨੀ ਜਾਨ ਕਰੋ ਪ੍ਰਤਿਪਾਰੀ।।
(ਬਾਲਾ ਨੇ ਉਠ ਕੇ ਪ੍ਰਨਾਮ ਕੀਤਾ ਅਤੇ ਉਨ੍ਹਾ ਦੇ ਚਰਨਾ ਉਤੇ ਡਿੱਗ ਪਈ ਤੇ ਅਨੇਕ ਤਰਾਂ ਬੇਨਤੀ ਕੀਤੀ। ਹੇ ਸੱਤ ਕਾਲ ਮੇ ਤੁਹਾਡੀ ਦਾਸੀ ਹਾਂ। ਆਪਣੀ ਜਾਣ ਕੇ ਮੇਰੀ ਪ੍ਰਤਿਪਾਲਣਾ ਕਰੋ। ਕਵੀ ਕਾਲਕਾ ਨੂੰ ਸਤਕਾਲ ਕਹਿੰਦਾ ਹੈ।)
ਗੁਨ ਅਵਗੁਨ ਮੁਰ ਕਛੁ ਨ ਨਿਹਾਰਹੁ।।
ਬਾਹਿ ਗਹੇ ਕੀ ਲਾਜ ਬਿਚਾਰਹੁ।। 53. ।
(ਮੇਰਾ ਗੁਨ ਅਵਗੁਨ ਨ ਬਿਚਾਰੋ, ਲੜ ਲਗੀ ਦੀ ਲਾਜ ਰਖੋ।)
ਹਮ ਹੈ ਸਰਨਿ ਤੋਰ ਮਹਾ ਰਾਜਾ।। ਤੁਮ ਕਹਿ ਬਾਂਹਿ ਗਹੇ ਕੀ ਲਾਜਾ।।
ਜੌ ਤਵ ਭਗਤ ਨੈਕ ਦੁਖ ਪੈਹੈ। ਦੀਨ ਦਇਆਲ ਪ੍ਰਭ ਬਿਰਦੁ ਲਜੈ ਹੈ।।
ਔ ਕਹ ਲਗਿ ਮੈ ਕਰੌ ਪੁਕਾਰਾ।। ਤੈ ਘਟਿ ਘਟਿ ਕੀ ਜਾਨਨਹਾਰਾ।।
(ਇਹ ਸਭ ਬੇਨਤੀਆਂ ਕਾਲਕਾ ਭਗਵਾਨ ਪਾਸ ਹੋ ਰਹੀਆਂ ਹਨ।)
ਹਥਿਆਰਾਂ ਨੂੰ ਨਮਸਕਾਰ ਕੀਤੀ।
ਕਾਲਕਾ ਦਾ ਧਿਆਨ ਧਰਿਆ - ਕਾਲਕਾ ਨੂੰ ਭਗਵਾਨ ਕਿਹਾ।
ਕਾਲਕਾ ਨੂੰ ਸੱਤ ਕਾਲ ਕਿਹਾ ਹੈ।
ਜੋ ਤੁਹਾਡੇ ਭਗਤਾਂ ਨੂੰ ਦੁਖ ਦਿੰਦੇ ਹਨ -
ਤੁਸੀਂ ਘਟਿ ਘਟਿ ਦੇ ਜਾਨਨਹਾਰ ਹੋ।
ਜਦੋਂ ਅਸੀਂ ਪੰਨਾ 1386 ਤੇ ਕਬਿਯੋਬਾਚ ਬੇਨਤੀ ਚੌਪਈ ਦੀ ਵਿਚਾਰ ਕਰਾਂਗੇ, ਤਾਂ ਉਪਰ ਦਿੱਤੇ ਸਭ ਸ਼ਬਦ ਕਾਲਕਾ, ਖੜਗਕੇਤ ਆਦਿ ਲਈ ਵਰਤੇ ਹਨ।
ਵੇਦ ਸ਼ਾਸਤਰ ਸਿੰਮ੍ਰਿਤੀਆਂ ਓਮ ਨੂੰ ਸੱਤ ਕਹਿੰਦੇ ਹਨ, ਕਾਲ ਨੂੰ ਸੱਤ ਕਹਿੰਦੇ ਹਨ, ਕਾਲਕਾ ਦਾ ਧਿਆਨ ਧਰਦੇ ਹਨ, ਕਾਲਕਾ ਨੂੰ ਹੀ ਭਗਵਾਨ ਪਰਮੇਸਰ ਜਾਣਦੇ ਹਨ, ਉਸਨੂੰ ਹੀ ਪ੍ਰਨਾਮ ਕਰਦੇ ਹਨ। ਭਗਤ ਵੀ ਉਸ ਦੇ ਹੀ ਹਨ, ਕਾਲਕਾ ਨੂੰ ਹੀ ਘਟਿ ਘਟਿ ਦਾ ਜਾਨਨਹਾਰ ਕਹਿੰਦੇ ਹਨ। ਇਹਨਾਂ ਨੂੰ ਕਾਲ ਤੇ ਅਕਾਲ ਵਿੱਚ ਫਰਕ ਨਹੀਂ ਦਿੱਸਦਾ।
ਗੁਰਬਾਣੀ ਕੇਵਲ ਅਕਾਲ ਪੁਰਖ ਦੀ ਉਸਤਤਿ ਅਰਾਧਨਾ, ਜਪ ਸਿਮਰਨ ਗੁਰਸ਼ਬਦਿ ਦੁਆਰਾ ਕਰਦੀ ਹੈ। ਕਾਲ, ਅਕਾਲ ਪੁਰਖ ਦੇ ਹੁਕਮ ਵਿੱਚ ਕਾਰ ਕਰਦਾ ਹੈ। ਇਹ ਵਿਚਾਰ ਅਸੀਂ ਭਾਗ 3 ਵਿੱਚ ਕਰ ਚੁਕੇ ਹਾਂ।
ਅੰਕ 74 ਦਾਨਵ ਮਹਾਕਾਲ ਨੂੰ ਮਾਰਨ ਲਈ ਆਏ।
ਅੰਕ 76
ਚਾਹਤ ਮਹਾਕਾਲ ਕਹ ਮਾਰੋ।। ਮਹਾ ਮੂਰਖ ਨਹਿ ਕਰਤ ਬਿਚਾਰੋ।।
ਜਿਨ ਸਭ ਜਗ ਕਾ ਕਰਾ ਪਸਾਰਾ।। ਤਾਂਹਿ ਚਾਹਤ ਹੈ ਮੂੜ੍ਹ ਸੰਘਾਰਾ।।
ਅੰਕ 77
ਠੋਕਿ ਠੋਕਿ ਭੁਜ ਦੰਡਨ ਜੋਧਾ।। ਧਾਵਤ ਮਹਾਕਾਲ ਪਰ ਕ੍ਰੋਧਾ।।
ਬੀਸ ਪਦੁਮ ਦਾਨਵ ਤਵ ਭਯੋ।। ਨਾਸ ਕਰਨ ਕਾਲੀ ਕੋ ਭਯੋ।।
ਸਾਰੀ ਕਹਾਣੀ ਕਾਲੀ ਦੇਵੀ ਆਦਿ ਤੇ ਦੈਤਾਂ ਦੇ ਯੁਧਾਂ ਦੀ ਹੈ।।
ਅੰਕ 91
ਤੁਮ ਹੋ ਸਕਲ ਲੋਕ ਸਿਰਤਾਜਾ।। ਗਰਬਨ ਗੰਜ ਗਰੀਬ ਨਿਵਾਜਾ।।
ਆਦਿ ਅਕਾਲ ਅਜੋਨਿ ਬਿਨਾ ਭੈ, ਨਿਰਭੈ ਨਿਰਲੰਬ ਜਗਤ ਮੈ।।
ਇਸ ਕਥਾ ਵਿੱਚ ਕਵੀ ਕਾਲ ਨੂੰ ਅਕਾਲ ਕਹਿੰਦਾ ਹੈ, ਅਜੋਨੀ ਕਹਿੰਦਾ ਹੈ, ਨਿਰਭੈ ਆਦਿ ਕਹਿੰਦਾ ਹੈ। ਕਵੀ ਨੂੰ ਕਾਲ ਤੇ ਅਕਾਲ ਵਿੱਚ ਭੇਦ ਨਹੀਂ ਦਿੱਸਦਾ।
ਮੂਲ ਮੰਤ੍ਰ ਦੀ ਵਿਚਾਰ ਵਿੱਚ ਅਸੀਂ ਦੇਖਿਆ ਸੀ ਕਿ ਕੇਵਲ ਅਕਾਲ ਪੁਰਖ ਇੱਕ ਏਕੰਕਾਰ ਜੋਤਿ ਰੂਪ ਹੀ ਅਜੋਨੀ ਹੈ, ਨਿਰਭੈ ਹੈ, ਅਕਾਲ ਹੈ। ਕਾਲ ਆਦਿ ਸਭ ਸੰਸਾਰ ਉਸ ਦੇ ਭੈ ਤੇ ਹੁਕਮ ਵਿੱਚ ਹਨ। ਕੇਵਲ ਅਕਾਲ ਹੀ ਅਜੂਨੀ ਹੈ, ਉਹ ਅਬਿਨਾਸ਼ੀ ਹੈ, ਉਹ ਨਿਰਵੈਰ ਹੈ, ਉਥੇ ਸ਼ਸਤਰ, ਲੜਾਈ, ਜੰਗ ਯੁੱਧ ਨਹੀਂ। ਉਥੇ ਕਾਮ ਨਹੀਂ, ‘ਨਾ ਤਿਸੁ ਕਾਮ ਨ ਨਾਰੀ’ ਵਾਲੀ ਨਿਰਗੁਣ ਅਵਸਥਾ ਹੈ।
ਉਪਰ ਦਿੱਤੇ ਵਿਚਾਰਾਂ ਨੂੰ ਸਮਝ ਕੇ ਜਦੋਂ ਅਸੀਂ ਕਬਿਯੋਬਾਚ ਬੇਨਤੀ ਚੌਪਈ ਦੀ ਵਿਚਾਰ ਕਰਾਂਗੇ, ਤਾਂ ਸਾਨੂੰ ਸਪਸ਼ਟ ਦਿੱਸੇਗਾ ਕਿ ਸਾਰੀ ਰਚਨਾ ਤੇ ਚੌਪਈ ਕਵੀ ਦੀ ਕਾਲ ਕਾਲਕਾ, ਭਵਾਨੀ, ਭਗਵਾਨ ਦੁਰਗਾ ਦੇਵੀ ਦੀ ਉਸਤਤਿ ਵਿੱਚ ਲਿਖੀ ਹੈ। ਅਸੀਂ ਇਸ ਬਿਖਮ ਭੁੱਲ ਕਰਕੇ ਇਸ ਬਿਖ ਰੂਪ ਚੌਪਈ ਦੇ ਪਾਠ ਕਰਦੇ ਹਾਂ। ਇਥੋਂ ਤਾਈਂ ਅੰਮ੍ਰਿਤ ਛਕਾਨ ਵੇਲੇ ਵੀ, ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਲਈ ਕਬਿਯੋਬਾਚ ਬੇਨਤੀ ਚੌਪਈ ਦਾ ਪਾਠ ਕੀਤਾ ਜਾਂਦਾ ਹੈ। ਨਹੀਂ ਜਾਣਦੇ ਇਸ ਬਿਖ ਰੂਪ ਬਾਣੀ ਦਾ ਅਸਰ ਕਿੰਨਾ ਅੰਮ੍ਰਿਤ ਸੰਚਾਰ ਵੇਲੇ ਗੁਰਸਿੱਖਾਂ ਵਿੱਚ ਹੁੰਦਾ ਹੈ। ਸ਼ਾਇਦ ਇਸੇ ਭੁੱਲ ਕਾਰਣ ਪੰਥ ਵਿੱਚ ਗਿਰਾਵਟ ਆ ਰਹੀ ਹੈ। ਅਸੀਂ ਨਵੀਂ ਜਾਣਕਾਰੀ ਤੋਂ ਬਾਦ ਵੀ ਸੁਧਾਰ ਕਰ ਲਈਏ ਤਾਂ ਗੁਰੂ ਜੀ ਤੋਂ ਭੁੱਲ ਬਖਸ਼ਾ ਸਕਦੇ ਹਾਂ।
ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਸਮੇਂ ਪਾ: 10 ਨੇ ਪੰਜ ਬਾਣੀਆਂ ਦਾ ਪਾਠ ਕੀਤਾ, ਜਿਸ ਵਿੱਚ ਇਹ ਚੌਪਈ ਵੀ ਸੀ। ਕੁੱਝ ਵਿਦਵਾਨ ਕਹਿੰਦੇ ਹਨ ਕਿ ਗੁਰੂ ਜੀ ਨੇ ਕੇਵਲ ਤਿੰਨ ਬਾਣੀਆਂ ਦਾ ਪਾਠ ਕੀਤਾ। ਕੁੱਝ ਵਿਦਵਾਨਾਂ ਅਨੁਸਾਰ ਪਾ: 10 ਨੇ ਬਾਣੀ ਦਾ ਪਾਠ ਕਰਦਿਆਂ ਅੰਮ੍ਰਿਤ ਤਿਆਰ ਕੀਤਾ। ਕਿਹੜੀਆਂ ਬਾਣੀਆਂ ਦਾ ਪਾਠ ਗੁਰੂ ਜੀ ਨੇ ਕੀਤਾ, ਭਾਈ ਮਨੀ ਸਿੰਘ ਤੇ ਨਵਾਬ ਕਪੂਰ ਸਿੰਘ ਆਦਿ ਨੇ ਕੀਤਾ, ਵਿਚਾਰ ਯੋਗ ਮਸਲਾ ਹੈ।
ਕਬਿਯੋਬਾਚ ਬੇਨਤੀ।।
ਚੌਪਈ।।
ਹਮਰੀ ਕਰੋ ਹਾਥ ਦੈ ਰਛਾ।।
ਇਹ ਸਾਰੀ ਰਛਾ ਕਾਲੀ, ਮਹਾਂਕਾਲ ਤੋਂ ਕਵੀ ਮੰਗ ਰਿਹਾ ਹੈ। ਅਸੀਂ ਵਿਚਾਰ ਕਰ ਚੁਕੇ ਹਾਂ ਕਿ ਗੁਰਸਿੱਖ ਗੁਰਮਤਿ ਸਿਮਰਨ ਕਰਦੇ ਹਨ ਤੇ ਕਾਲ ਉਤੇ ਜਿੱਤ ਪ੍ਰਾਪਤ ਕਰਕੇ, ਅਬਿਨਾਸੀ, ਸਦ ਜੀਵਤ ਅਵਸਥਾ ਨੂੰ ਪ੍ਰਾਪਤ ਹੁੰਦੇ ਹਨ।
ਅੰਕ 381 ਸ੍ਰੀ ਅਸਿਧੁਜ ਜੁ ਕਰੀਯਹੁ ਰਛਾ।।
ਸ੍ਰੀ ਅਸਿਧੁਜ - ਤਲਵਾਰ ਧਾਰਨ ਵਾਲੀ ਦੇਵੀ ਦੁਰਗਾ।
ਅੰਕ 392 ਤਾ ਕਉ ਕਰਿ ਪਾਹਨ ਅਨੁਮਾਨਤ।।
ਮਹਾ ਮੂੜ ਕਛ ਭੇਦ ਨ ਜਾਨਤ।।
ਮਹਾਂ ਦੇਵ ਕਉ ਕਹਤ ਸਦਾ ਸਿਵ।। ਨਿਰੰਕਾਰ ਕਾ ਚੀਨਤਿ ਨਹ ਭਿਵ।।
ਕਵੀ ਕਾਲ ਕਾਲਕਾ ਨੂੰ ਹੀ ਨਿਰੰਕਾਰ ਕਹਿੰਦਾ ਹੈ। ਗੁਰਸਿੱਖ ਅਕਾਲ ਪੁਰਖ ਨੂੰ ਨਿਰੰਕਾਰ ਕਹਿੰਦੇ ਹਨ, ਇਸੇ ਲਈ ਸਿੱਖ ਧੋਖੇ ਵਿੱਚ ਚੌਪਈ ਨੂੰ ਪੜ੍ਹਦੇ ਹਨ।
ਚਰਿਤ੍ਰ ਪਖਿਆਨ ਦੀ ਸੋਲ੍ਹਵੀਂ ਤੇ ਇਕੀਸਵੀਂ ਕਥਾ ਦੀ ਵਿਚਾਰ ਅਸੀਂ ਹੇਠਾਂ ਲਿਖੀ ਹੈ।
ਸੋਲ੍ਹਵੀਂ ਕਥਾ ਛੱਜੀਆਂ ਦੀ: (ਪੰਨਾ 829, ਦਸਮ ਗ੍ਰੰਥ)
ਇਸ ਕਥਾ ਵਿੱਚ ਕਵੀ ਨੇ ਇਸ ਨੂੰ ਪਾ: 10 ਦੀ ਆਤਮ ਕਥਾ ਜਨਾਉਣ ਦੀ ਘਿਨੌਨੀ ਹਰਕਤ ਕੀਤੀ ਹੈ।
ਸਤਲੁਜ ਦਰਿਆ ਦੇ ਕੰਢੇ ਇੱਕ ਰਾਜਾ ਬੜਾ ਸੁਖੀ ਰਹਿੰਦਾ ਸੀ। ਇੱਕ ਸੁੰਦਰ ਵੇਸ਼ਵਾ ਛੱਜੀਆ ਸੀ। ਉਹ ਪੈਸਿਆਂ ਦਾ ਲਾਲਚ ਕਰਕੇ ਰਾਜੇ ਦੇ ਘਰ ਆਈ ਤੇ ਤੱਕਦਿਆਂ ਹੀ ਰਾਜੇ ਤੇ ਮੋਹਤ ਹੋ ਗਈ ਤੇ ਉਸਨੂੰ ਇਕਾਂਤ ਵਿੱਚ ਮਿਲਣ ਲਈ ਜੰਤ੍ਰ, ਮੰਤ੍ਰ, ਜਾਦੂ ਟੋਣੇ ਤੇ ਚਲਿੰਤਰ ਕੀਤੇ, ਪਰ ਰਾਜਾ ਵੱਸ ਵਿੱਚ ਨਹੀਂ ਆਇਆ।
ਹਾਰ ਕੇ ਛੱਜੀਆ ਨੇ ਭਗਵੇ ਬਸਤਰ ਪਾ ਕੇ ਜੋਗੀ ਦਾ ਭੇਸ ਬਣਾਇਆ ਤੇ ਰਾਜੇ ਦੇ ਦਰਬਾਰ ਵਿੱਚ ਜਾ ਕੇ ਨਮਸਕਾਰ ਕੀਤੀ, ਜਿਸਨੂੰ ਤੱਕ ਕੇ ਰਾਜਾ ਬਹੁਤ ਪ੍ਰਸੰਨ ਹੋਇਆ।
ਰਾਜੇ ਦਿਲ ਵਿੱਚ ਸੋਚਿਆ ਕਿ ਜਾਤੇ ਕਛ ਸੰਗ੍ਰਹੋ ਮੰਤ੍ਰ, ਅਰਥਾਤ ਕੁੱਝ ਮੰਤਰ ਸਿੱਖਣ ਲਈ ਜੋਗੀ ਦੇ ਘਰ ਇੱਕ ਦੂਤ ਭੇਜਿਆ।
ਰਾਜਾ ਮੰਤ੍ਰ ਸਿੱਖਣ ਲਈ ਐਨਾ ਉਤਾਵਲਾ ਸੀ ਕਿ ਉਹ ਦੂਤ ਦੇ ਕਹਿਣ ਅਨੁਸਾਰ ਅੱਧੀ ਰਾਤ ਦੇ ਸਮੇਂ ਵੇਸਵਾ ਦੇ ਘਰ ਪਹੁੰਚਿਆ। ਵੇਸਵਾ ਨੇ ਆਪਣੀ ਜਿਨਸੀ ਭੁੱਖ ਮਿਟਾਉਣ ਲਈ ਬਹੁਤ ਤਰਲੇ ਕੀਤੇ ਪਰ ਰਾਜਾ ਨਾ ਮੰਨਿਆ ਤੇ ਧਮਕੀਆਂ ਦੀ ਕੋਈ ਪਰਵਾਹ ਨ ਕਰਦਿਆਂ, ਬਹੁਤ ਮੁਸ਼ਕਲ ਨਾਲ, ਝੂਠਾ ਚਰਿੱਤਰ ਵੇਖ ਕੇ ਧਰਮ ਬਚਾ ਕੇ ਵਾਪਸ ਆਇਆ।
ਇਕੀਸਵੀਂ ਕਥਾ ਅਨੂਪ ਕੌਰ ਦੀ: (ਪੰਨਾ 838, ਦਸਮ ਗ੍ਰੰਥ)
ਇਸ ਕਥਾ ਵਿੱਚ ਵੀ ਇੱਕ ਰਾਜਾ ਅਨੰਦਪੁਰ ਗਾਂਵ ਵਿੱਚ, ਸਤਲੁਜ ਦੇ ਕੰਢੇ, ਨੈਣਾ ਦੇਵੀ ਦੇ ਨੇੜੇ, ਕਹਿਲੂਰ ਰਿਆਸਤ ਵਿੱਚ ਰਹਿੰਦਾ ਸੀ, ਜਿਸ ਦੀ ਸਿੱਖੀ ਸੇਵਕੀ ਵੀ ਬਹੁਤ ਸੀ ਤੇ ਮਨ ਬਾਂਛਤ ਫਲ ਪਾਉਂਦਾ ਸੀ।
ਇਕ ਧਨਵਾਨ, ਸੁੰਦਰ ਇਸਤ੍ਰੀ ਰਾਜੇ ਤੇ ਮੋਹਿਤ ਹੋ ਗਈ। ਉਸ ਦੇ ਨਾਮ ਅਨੂਪ ਕੌਰ ਤੋਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਸ ਦਾ ਸਬੰਧ ਸਿੱਖ ਘਰਾਣੇ ਨਾਲ ਸੀ। ਰਾਜੇ ਦੇ ਮਨ ਵਿੱਚ ਮੰਤ੍ਰ ਸਿੱਖਣ ਦੀ ਪ੍ਰਬਲ ਇੱਛਾ ਸੀ ਤੇ ਇਸੇ ਹੀ ਕਮਜ਼ੋਰੀ ਦਾ ਲਾਭ ਉਠਾਉਂਦਿਆਂ, ਅਨੂਪ ਕੌਰ ਨੇ ਚਾਲ ਖੇਡ ਕੇ ਰਾਜੇ ਨੂੰ ਆਪਣੇ ਘਰ ਵਿੱਚ ਬੁਲਾਉਣ ਦੀ ਵਿਉਂਤ ਬਣਾਈ, ਜਿਹੜੀ ਸਫਲ ਸਿੱਧ ਹੋਈ।
ਰਾਜਾ, ਸਾਧਾਰਣ ਰਾਜਾ ਨਹੀਂ ਸੀ, ਭਗਵਤੀ ਦਾ ਉਪਾਸ਼ਕ ਸੀ, ਕਿਉਂਕਿ ਉਹ ਤਪੱਸਵੀ ਦੇ ਭੇਸ ਵਿੱਚ ਭਗਵਤੀ ਦਾ ਸਿਮਰਨ ਕਰਦਾ ਹੋਇਆ ਉਸ ਇਸਤ੍ਰੀ ਦੇ ਘਰ ਪੁੱਜਿਆ। ਅਨੂਪ ਕੌਰ ਦੀ ਕਾਮ ਵਾਸਨਾ ਏਨੀ ਵੱਧ ਗਈ ਕਿ ਉਹ ਇਹ ਕਹਿਣੋ ਰਹਿ ਨ ਸਕੀ ਕਿ ਮੈਂ ਭੋਗ ਕੀਤੇ ਬਿਨਾ ਤੁਹਾਨੂੰ ਜਾਣ ਨਹੀਂ ਦੇਵਾਂਗੀ, ਤੁਹਾਡੇ ਵੈਰਾਗ ਵਿੱਚ ਹੀ ਸੜ ਜਾਵਾਂਗੀ ਤੇ ਜ਼ਹਿਰ ਪੀ ਕੇ ਮਰ ਜਾਵਾਂਗੀ। ਰਾਜਾ ਡਰ ਗਿਆ ਕਿ ਜੇ ਮੈਨੂੰ ਇਹ ਭਗਵਤੀ ਦੀ ਸੌਂਹ ਦੇ ਦੇਵੇਗੀ ਤਾਂ ਮੈਨੂੰ ਨਿਰਸੰਕੋਚ ਹੋ ਕੇ ਇਹਦੇ ਨਾਲ ਰੰਮਣ ਕਰਨਾ ਪਵੇਗਾ। ਇਸ ਮੌਕੇ ਤੇ ਦੋਹਾਂ ਧਿਰਾਂ ਵਲੋਂ ਜਿਹੜੀਆਂ ਦਲੀਲਾਂ ਦਿੱਤੀਆਂ ਗਈਆਂ, ਉਹ ਕਮਾਲ ਦੀਆਂ ਹਨ। ਰਾਜੇ ਦੁਆਰਾ ਇਹ ਉਚਾਰਿਆ ਛੰਦ ਗੁਰ ਇਤਿਹਾਸ ਦਾ ਹਿੱਸਾ ਬਣਿਆ ਹੋਇਆ ਹੈ।
ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ।
ਪੁਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ।
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ।
ਪਰਨਾਰੀ ਕੀ ਸੇਜ ਭੁਲਿ ਸੁਪਨੇ ਹੂੰ ਨ ਜੈਯਹੁ।
ਰਾਜੇ ਨੇ ਇਹ ਵੀ ਆਖਿਆ ਕਿ ਹੇ ਇਸਤ੍ਰੀ! ਸਾਡੇ ਪਾਸ ਦੇਸ ਦੇਸਾਂਤਰਾਂ ਤੋਂ ਮਰਦ ਇਸਤ੍ਰੀਆਂ ਆਉਂਦੇ ਹਨ ਤੇ ਮਨ ਬਾਂਛਤ ਵਰ ਮੰਗ ਕੇ ਤੇ ਗੁਰੂ ਜਾਣ ਕੇ ਸੀਸ ਝੁਕਾਉਂਦੇ ਹਨ। ਉਹ ਸਿੱਖ ਮੇਰੇ ਪੁੱਤਰ ਹਨ ਤੇ ਇਸਤ੍ਰੀਆਂ ਮੇਰੀਆਂ ਧੀਆਂ ਹਨ, ਤੂੰ ਆਪ ਹੀ ਦੱਸ ਇਹਨਾਂ ਨਾਲ ਭੋਗ ਕਿਵੇਂ ਕੀਤਾ ਜਾਵੇ?
ਅਨੂਪ ਕੌਰ ਨੇ ਚੋਰ-ਚੋਰ ਆਖ ਕੇ ਫੜਾਉਣ ਦੀ ਧਮਕੀ ਦਿੱਤੀ ਤੇ ਆਪਣੇ ਮਨੋਰਥ ਦੀ ਪੂਰਤੀ ਨਾ ਹੋਣ ਕਰਕੇ ਚੋਰ-ਚੋਰ ਦੀ ਉੱਚੀ ਧੁਨੀ ਲਗਾ ਹੀ ਦਿੱਤੀ। ਚੋਰ-ਚੋਰ ਦੀ ਆਵਾਜ਼ ਸੁਣ ਕੇ ਰਾਜਾ ਬਹੁਤ ਡਰਿਆ ਤੇ ਸੁਧ ਬੁਧ ਭੁਲਾ ਕੇ ਆਪਣੀ ਜੁੱਤੀ ਤੇ ਰੇਸ਼ਮੀ ਚਾਦਰ ਛੱਡ ਕੇ ਭੱਜ ਗਿਆ। ਭੁਲੇਖੇ ਵਿੱਚ ਅਨੂਪ ਕੌਰ ਦਾ ਭਰਾ ਫੜਿਆ ਗਿਆ, ਜਿਸ ਦੀ ਦਾਹੜੀ ਫੜ ਲਈ, ਪੱਗ ਉਤਾਰ ਦਿੱਤੀ, ਮੂੰਹ ਤੇ ਜੁੱਤੀਆਂ ਮਾਰੀਆਂ ਤੇ ਉਸੇ ਵੇਲੇ ਜੇਲ੍ਹ ਭੇਜ ਦਿੱਤਾ ਗਿਆ। ਅਗਲੇ ਦਿਨ ਰਾਜੇ ਨੇ ਅਨੂਪ ਕੌਰ ਨੂੰ ਦਰਬਾਰ ਵਿੱਚ ਬੁਲਾਇਆ ਤੇ ਰਾਤ ਦੀ ਘਟਨਾ ਨੂੰ ਮੁੱਖ ਰਖਦਿਆਂ ਯੋਗ ਫੈਸਲਾ ਸੁਣਾਇਆ।
ਇਹਨਾਂ ਦੋਨਾਂ ਕਥਾਵਾਂ ਤੋਂ ਇਹ ਨਿਸ਼ਕਰਸ਼ ਨਿਕਲਦਾ ਹੈ ਕਿ ਇਹ ਕਿਸੇ ਹੋਰ ਰਾਜੇ ਦੀ ਕਥਾ ਨਹੀਂ, ਗੁਰੂ ਗੋਬਿੰਦ ਸਿੰਘ ਜੀ ਦੀ ਕਥਾ ਹੈ। ਅਨੰਦਪੁਰ ਵਿੱਚ ਕੋਈ ਪੁਰਾਣਾ ਕਸਬਾ ਨਹੀਂ ਸੀ। ਗੁਰੂ ਤੇਗ਼ ਬਹਾਦਰ ਸਾਹਿਬ ਦੇ ਸਮੇਂ ਤੋਂ ਹੀ ਇਸਦਾ ਨਾਉਂ ਅਨੰਦਪੁਰ ਸਾਹਿਬ ਪਿਆ। ਕਿਸੇ ਹੋਰ ਰਾਜੇ ਦੇ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਂਜ ਇਸ ਨਾਲ ਸਾਰੇ ਸਹਿਮਤ ਹਨ।
ਸਿੱਖ ਜਗਤ ਦਾ ਇੱਕ ਵਰਗ ਇਹਨਾਂ ਕਥਾਵਾਂ ਨੂੰ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਮੰਨਦਾ ਹੈ। ਉਹ ਤਾਂ ਇਥੇ ਤਕ ਪਹੁੰਚਦਾ ਹੈ ਕਿ ਜਿਹੜਾ ਪੁਰਸ਼ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਨਹੀਂ ਮੰਨਦਾ, ਉਸਨੂੰ ਗਿਆਨ ਪ੍ਰਾਪਤ ਨਹੀਂ ਹੋ ਸਕਦਾ। ਦੂਜਾ ਵਰਗ ਕੁੱਝ ਚੋਣਵੀਂ ਰਚਨਾ ਨੂੰ ਹੀ ਦਸ਼ਮੇਸ਼ ਪਿਤਾ ਦੀ ਰਚਨਾ ਸਮਝਦਾ ਹੈ। ਉਸ ਅਨੁਸਾਰ ਕੋਈ ਪੂਰਨ ਗੁਰਸਿੱਖ ਵੀ ਇਸ ਤਰ੍ਹਾਂ ਦੀਆਂ ਕਥਾਵਾਂ ਰਚਨ ਕਰਨ ਤੋਂ ਸੰਕੋਚ ਕਰਦਾ ਹੋਵੇਗਾ। ਉਹ ਕਿਹੜਾ ਗੁਰਸਿੱਖ ਹੋਵੇਗਾ ਜਿਹੜਾ ਅੱਧੀ ਰਾਤ ਦੇ ਬਾਅਦ ਰਾਜੇ ਨੂੰ ਅੰਮ੍ਰਿਤ ਵੇਲਾ ਸੰਭਾਲਣ ਦੀ ਬਜਾਏ ਇੱਕ ਨਿਗੂਣੇ ਮੰਤਰ ਦੀ ਖਾਤਰ ਵੇਸਵਾ ਦੇ ਨਰਕ ਘੋਰ ਦੁਆਰ ਵਿੱਚ ਲਿੰਗ ਵਾਸ਼ਨਾ ਦੇ ਚਰਚਾ ਵਿੱਚ ਫੱਸਿਆ ਦਿਖਾਵੇਗਾ, ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਗੁਰਮੰਤਰ ਯਾਦ ਨਹੀਂ, ਭਗਵਤੀ ਦਾ ਸਿਮਰਨ ਯਾਦ ਹੈ, ਜਿਸਨੂੰ “ਪਾਰਬ੍ਰਹਮ ਗੁਰ ਨਾਨਕ ਸਾਖੀ” ਜੈਸੀ ਸ਼ਬਦਾਵਲੀ ਦਾ ਪਤਾ ਨਹੀਂ, ਪਰ ਭਗਵਤੀ ਦੀ ਕਸਮ ਖਾਣ ਉਪ੍ਰੰਤ ਕੁਕਰਮ ਕਰਨ ਦੀ ਬੇਬਸੀ ਜਾਂ ਮਜਬੂਰੀ ਦਾ ਪਤਾ ਹੈ, ਜਿਸ ਦੇ ਸਾਹਮਣੇ ਸਿੱਖੀ ਸਰੂਪ ਦੀ ਦੁਰਦਸ਼ਾ ਹੋਈ, ਦਾਹੜੀ ਫੜੀ ਗਈ, ਪੱਗ ਉਤਾਰੀ ਗਈ ਤੇ ਮੂੰਹ ਤੇ ਜੁੱਤੀਆਂ ਮਾਰੀਆਂ ਗਈਆਂ।
ਦੂਜੇ ਵਰਗ ਦੀ ਸੋਚਣੀ ਅਨੁਸਾਰ ਅਸੀਂ ਬਹੁਤ ਖੁਸ਼ ਹੁੰਦੇ ਹਾਂ ਕਿ ਇਹਨਾਂ ਕਥਾਵਾਂ ਵਿੱਚ ਰਾਜੇ ਦਾ ਚਾਲ-ਚਲਨ ਬਹੁਤ ਚੰਗਾ ਤੇ ਨਿਰਲੇਪ ਦਿਖਾਇਆ ਹੈ। ਇਸ ਪ੍ਰਸੰਨਤਾ ਅਧੀਨ ਸਾਨੂੰ ਗੁਰਮਤਿ ਕਸੌਟੀ ਦੀ ਵਰਤੋਂ ਕਰਨੀ ਵੀ ਜ਼ਰੂਰੀ ਨਹੀਂ ਭਾਸਦੀ। ਇਹਨਾਂ ਕਥਾਵਾਂ ਅਨੁਸਾਰ ਜੇ ਰਾਜੇ ਦੀ ਸਮੁੱਚੀ ਸ਼ਖ਼ਸੀਅਤ ਵੱਲ ਝਾਤ ਮਾਰੀਏ ਤਾਂ ਉਹ ਬੁਜ਼ਦਿਲ, ਡਰਪੋਕ ਤੇ ਬੇਬਸ ਨਜ਼ਰ ਆਵੇਗਾ। ਅਨੂਪ ਕੌਰ ਰਾਜੇ ਤੇ ਐਨੀ ਹਾਵੀ ਹੋ ਚੁਕੀ ਸੀ ਕਿ ਉਹ ਰਾਜੇ ਦੀ ਸ਼ਕਤੀ ਨੂੰ ਤੁੱਛ ਸਮਝਦੀ ਸੀ, ਇਸੇ ਕਰਕੇ ਉਸਨੇ ਰਾਜੇ ਨੂੰ ਆਖਿਆ ਕਿ ਮਨ ਕਰਕੇ ਮੇਰੇ ਨਾਲ ਭੋਗ ਕਰੋ ਨਹੀਂ ਤਾਂ ਮੇਰੀ ਲੱਤ ਥੱਲਿਓਂ ਹੋ ਕੇ ਨਿਕਲ ਜਾਵੋ। ਮਿੱਤਰ ਜੀ, ਅੱਜ ਮੈਂ ਤੁਹਾਨੂੰ ਆਪਣੇ ਹੱਥ ਨਾਲ ਫੜ ਕੇ ਸਾਰੀ ਰਾਤ ਚੂਰ-ਚੂਰ ਕਰਾਂਗੀ।
ਛੱਜੀਆ ਦੀ ਕਥਾ ਅਨੁਸਾਰ ਰਾਜਾ ਨੇ ਆਖਿਆ ਕਿ ਜੇ ਮੈਂ ਭੋਗ ਕਰਦਾ ਹਾਂ ਤਾਂ ਧਰਮ ਜਾਂਦਾ ਹੈ, ਜੇ ਦੌੜਦਾ ਹਾਂ ਤਾਂ ਬੰਨ੍ਹ ਲਿਆ ਜਾਵਾਂਗਾ। ਇਥੋਂ ਰਾਜਾ ਉਸ ਦੀ ਹਾਂ ਵਿੱਚ ਹਾਂ ਮਿਲਾਉਣ ਦਾ ਚਰਿੱਤਰ ਖੇਡ ਕੇ ਨੱਸ ਉੱਠਿਆ ਸੀ। ਰਾਜਾ ਕਿੰਨਾ ਡਰਦਾ ਸੀ, ਇਸ ਦਾ ਅਨੁਮਾਨ ਕਥਾ ਵਿੱਚ ਵਰਤੀ ਸ਼ਬਦਾਵਲੀ ਤੋਂ ਲਾਇਆ ਜਾ ਸਕਦਾ ਹੈ। ਕਦੇ ਉਸਨੂੰ ਘੋਰ ਨਰਕ ਵਿੱਚ ਪੈਣ ਦਾ ਡਰ ਹੈ, ਕਦੇ ਨੀਚ ਕੁਲ ਵਿੱਚ ਜਨਮ ਧਾਰਨ ਦਾ ਡਰ, ਕਦੇ ਭਗਵਤੀ ਦੀ ਸੌਂਹ ਤੋੜਨ ਦਾ ਡਰ। ਡਰ ਦੇ ਮਾਰੇ ਰਾਜੇ ਨੇ ਇਹ ਵੀ ਆਖਿਆ ਕਿ ਬਿਨਾ ਭੋਗ ਕੀਤੇ ਇਹ ਇਸਤ੍ਰੀ ਮਾਰ ਦੇਵੇਗੀ ਤੇ ਕਿੰਨਾ ਚੰਗਾ ਹੁੰਦਾ ਜੇ ਕੋਈ ਸਿੱਖ ਸੇਵਕ ਆ ਕੇ ਮੈਨੂੰ ਬਚਾ ਲਵੇ। ਚੋਰ-ਚੋਰ ਦੀ ਆਵਾਜ਼ ਸੁਣ ਕੇ ਰਾਜਾ ਐਨਾ ਡਰਿਆ ਕਿ ਰੇਸ਼ਮੀ ਚਾਦਰ ਤੇ ਜੁੱਤੀ ਛੱਡ ਕੇ ਭੱਜ ਗਿਆ।
ਅਗਲੇ ਦਿਨ ਰਾਜੇ ਨੇ ਦਰਬਾਰ ਵਿੱਚ ਜੋ ਫੈਸਲਾ ਕੀਤਾ, ਉਹ ਫੈਸਲਾ ਨਹੀਂ, ਸਮਝੌਤਾ ਸੀ। ਇਹ ਫੈਸਲਾ ਦਰਬਾਰ ਵਿੱਚ ਨਹੀਂ, ਇਕਾਂਤ ਵਿੱਚ ਹੋਇਆ ਸੀ ਜਿਸ ਦਾ ਸਾਰ ਇਹ ਸੀ - ‘ਇਸ ਤਰ੍ਹਾਂ ਦੀ ਗੱਲ ਮਨ ਵਿੱਚ ਨਹੀਂ ਲਿਆਉਣੀ, ਹੁਣ ਮੇਰਾ ਦੋਸ਼ ਮਾਫ਼ ਕਰਨਾ’, ਖੁਸ਼ ਕਰਨ ਲਈ ਵੀਹ ਹਜ਼ਾਰ ਟਕੇ ਛਿਮਾਹੀ ਦਿੱਤੇ ਗਏ।
ਇਹ ਕਥਾਵਾਂ ਪਾ: 10 ਦੀ ਸ਼ਖਸੀਅਤ ਤੇ ਆਚਰਣ ਉੱਤੇ ਵਿਉਂਤ ਅਨੁਸਾਰ ਕੀਤਾ ਗੁੱਝਾ ਵਾਰ, ਕਿਸੇ ਅਨਮਤੀ ਭਗਉਤੀ ਦੇ ਉਪਾਸ਼ਕ ਕਵੀ ਦੀ ਚਾਲ ਹਨ।
ਡਾ: ਗੁਰਮੁਖ ਸਿੰਘ

ਸ਼ਸਤ੍ਰ ਨਾਮ ਮਾਲਾ (10)


(ਦਸਮ ਗ੍ਰੰਥ ਪੰਨਾ 731 - 808)
ੴ ਵਾਹਿਗੁਰੂ ਜੀ ਕੀ ਫ਼ਤਹਿ
ਸ੍ਰੀ ਭਗਉਤੀ ਜੀ ਸਹਾਇ।।
ਅਥ ਸ੍ਰੀ ਸਸਤ੍ਰ ਨਾਮ ਮਾਲਾ ਪੁਰਾਣ ਲਿਖਯਤੇ।।
ਪਾਤਿਸਾਹੀ 10. ।
ਹੁਣ ਸ੍ਰੀ ਸ਼ਸਤ੍ਰ ਨਾਮ ਮਾਲਾ ਪੁਰਾਣ ਲਿਖਦੇ ਹਾਂ। ਕਵੀ ਰਚਨਾ ਆਰੰਭ ਕਰਨ ਤੋਂ ਪਹਿਲਾਂ ਸ੍ਰੀ ਭਗਉਤੀ ਜੀ ਸਹਾਇ ਲਿਖਦਾ ਹੈ। ਕਵੀ ਭਗਉਤੀ ਦੇਵੀ ਦਾ ਉਪਾਸ਼ਕ ਹੈ, ਤੇ ਭਗਉਤੀ ਤੋਂ ਸਹਾਇਤਾ ਮੰਗਦਾ ਹੈ।
ਅਨੇਕਾਂ ਅਸਤ੍ਰਾਂ ਸੰਸਤ੍ਰਾਂ ਵਿੱਚ ਭਗਉਤੀ ਦੀ ਸ਼ਕਤੀ ਵਰਤਦੀ ਹੈ। ਕਵੀ ਕਹਿੰਦਾ ਹੈ ਤਲਵਾਰ, ਕ੍ਰਿਪਾਨ ਆਦਿ ਤੂੰ ਹੀ ਹੈਂ। ਸੰਸਤਰ ਅਸਤਰ ਮੇਰੇ ਪੀਰ ਅਥਵਾ ਗੁਰੂ ਹਨ। ਕਵੀ ਸਸਤਰਾਂ ਅਸਤਰਾਂ ਦੀ ਪੂਜਾ ਕਰਦਾ ਹੈ ਤੇ ਸਸਤਰਾਂ ਦੇ ਨਾਮ ਲੈ ਕੇ ਸ਼ਸਤਰਾਂ ਦਾ ਜਪ ਕਰਦਾ ਹੈ।
ਗੁਰਮਤਿ ਵਿੱਚ ਪੂਜਾ ਸਭ ਦੇ ਮਾਲਕ, ਇਕੋ ਇੱਕ ਸਦੀਵ ਹਸਤੀ, ਹੁਕਮ ਰੂਪ ਅਕਾਲ ਪੁਰਖ ਦੀ ਹੁੰਦੀ ਹੈ। ਕਿਸੇ ਸ਼ਸਤਰ, ਦੇਵੀ ਦੇਵਤੇ ਦੀ ਪੂਜਾ ਤੋਂ ਗੁਰੂ ਜੀ ਵਰਜਦੇ ਹਨ।
ਪਾਤਸ਼ਾਹੀ 10, ਭਗਉਤੀ ਦੇ ਉਪਾਸ਼ਕ ਨਹੀਂ ਤੇ ਸ਼ਸਤਰਾਂ ਨੂੰ ਪੀਰ ਅਥਵਾ ਗੁਰੂ ਨਹੀਂ ਮੰਨਦੇ। ਇਹ ਰਚਨਾ ਪਾ: 10 ਕ੍ਰਿਤ ਨਹੀਂ ਹੋ ਸਕਦੀ।
ਦਸਮ ਪਾਤਸ਼ਾਹ, ਬ੍ਰਹਮ ਸਰੂਪ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਸਿੱਖ ਧਨ, ਸ਼ਸਤ੍ਰ, ਤਲਵਾਰ, ਬੰਦੂਕ, ਨੇਜ਼ਾ ਆਦਿ ਲਿਆ ਕੇ ਪਾ: 10 ਦੇ ਚਰਨਾਂ ਵਿੱਚ ਭੇਟਾ ਰਖਦੇ ਸਨ, ਤੇ ਅਰਦਾਸ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹਾਂ ਦੇ ਪਾਤਸ਼ਾਹ ਪਾਸ ਹੁੰਦੀ ਸੀ। ਸ਼ਸਤ੍ਰਾਂ ਦਾ ਸਥਾਨ ਗੁਰੂ ਚਰਨਾਂ ਵਿੱਚ ਸੀ, ਧਨ ਪਦਾਰਥਾਂ ਦਾ ਸਥਾਨ ਵੀ ਗੁਰ ਚਰਨਾਂ ਵਿੱਚ ਸੀ। ਇਹ ਵਿਧਾਨ ਛੇਵੇਂ ਪਾਤਸ਼ਾਹ ਦੇ ਸਮੇਂ ਵਿੱਚ ਵੀ ਸੀ, ਜੋ ਸ਼ਸਤਰਧਾਰੀ ਸੀ, ਜਿੰਨ੍ਹਾਂ ਨੇ ਚਾਰ ਜੰਗ ਲੜੇ ਤੇ ਸਭ ਵਿੱਚ ਜਿੱਤ ਪ੍ਰਾਪਤ ਕੀਤੀ।
ਸ਼ਸਤਰ ਨਾਮ ਮਾਲਾ ਦੇ ਕੁੱਝ ਪਦੇ ਅਸੀਂ ਹੇਠਾਂ ਦਿੱਤੇ ਹਨ:
ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ।
ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ। 3.
(ਤਲਵਾਰ, ਕ੍ਰਿਪਾਨ, ਖੰਡਾ, ਖੜਗ, ਬੰਦੂਕ, ਤਬਰ (ਛਵੀ), ਸੈਫ, ਸਰੋਹੀ ਅਤੇ ਸੈਹਥੀ (ਬਰਛੀ) ਆਦਿਕ ਇਹ (ਸ਼ਸਤ੍ਰ) ਮੇਰੇ ਪੀਰ (ਅਥਵਾ ਗੁਰੂ) ਹਨ।)
ਤੀਰ ਤੁਹੀ ਸੈਥੀ ਤੁਹੀ ਤੁਹੀ ਤਬਰ ਤਰਵਾਰਿ।
ਨਾਮ ਤਿਹਾਰੋ ਜੋ ਜਪੈ ਭਏ ਸਿੱਧੁ ਭਵ ਪਾਰ। 4.
(ਹੇ ਭਗਉਤੀ ਦੇਵੀ! ਤੂੰ ਹੀ ਤੀਰ ਹੈਂ, ਤੂੰ ਹੀ ਬਰਛੀ ਹੈਂ, ਤੂੰ ਹੀ ਛਵੀ ਅਤੇ ਤਲਵਾਰ ਹੈਂ। ਹੇ ਭਗਉਤੀ, ਜੋ ਤੇਰੇ ਨਾਮ ਨੂੰ ਜਪਦਾ ਹੈ (ਉਹ) ਭਵਸਾਗਰ ਤੋਂ ਪਾਰ ਹੋ ਜਾਂਦਾ ਹੈ।)
ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਅਰੁ ਤੀਰ।
ਤੁਹੀ ਨਿਸਾਨੀ ਜੀਤ ਕੀ ਆਜੁ ਤੁਹੀ ਜਗਬੀਰ। 5.
(ਤੂੰ ਹੀ ਕਾਲ ਹੈਂ, ਤੂੰ ਹੀ ਕਾਲੀ ਹੈਂ, ਤੂੰ ਹੀ ਤੇਗ ਅਤੇ ਤੀਰ ਹੈਂ। ਤੂੰ ਹੀ ਜਿੱਤ ਦੀ ਨਿਸ਼ਾਨੀ ਹੈਂ ਅਤੇ ਅੱਜ ਤੂੰ ਹੀ ਜਗਤ ਵਿੱਚ ਪਰਮ ਸ੍ਰੇਸ਼ਠ ਸੂਰਮਾ ਹੈਂ।)
ਸ੍ਰੀ ਤੁਹੀ ਸਭ ਕਾਰਨ ਤੁਹੀ ਤੂ ਬਿਦਯਾ ਕੋ ਸਾਰ।
ਤੁਮ ਸਭ ਕੋ ਉਪਹਾਜਹੀ ਤੁਮਹੀ ਲੇਹੁ ਉਬਾਰ। 8.
(ਤੂੰ ਹੀ ਮਾਇਆ ਹੈਂ, ਸਭ ਦਾ ਕਾਰਨ ਰੂਪ ਤੂੰ ਹੀ ਹੈਂ, ਤੂੰ ਹੀ ਵਿੱਦਿਆ ਦਾ ਸਾਰ ਹੈਂ। ਤੂੰ ਸਭ ਨੂੰ ਉਤਪੰਨ ਕਰਨ ਵਾਲੀ ਹੈਂ ਅਤੇ ਤੂੰ ਹੀ (ਸਾਰਿਆਂ ਨੂੰ) ਉਬਾਰਦੀ ਹੈਂ (ਰਖਿਆ ਕਰਦੀ ਹੈਂ)।)
(ਇਤਿ ਸ੍ਰੀ ਨਾਮ ਮਾਲਾ ਪੁਰਾਣ 27 ਪਦਿਆਂ ਉਪਰੰਤ ਲਿਖਿਆ ਹੈ। ਸ੍ਰੀ ਭਗਉਤੀ ਉਸਤਤ ਪ੍ਰਥਮ ਧਿਆਇ ਸਮਾਪਤਮ ਸਭ ਸੁਭਮ ਸਤ।)
ਗੁਰਮਤਿ ਵਿੱਚ ਜਪ, ਸਿਮਰਣ, ਅਰਾਧਨਾ, ਪੂਜਾ ਇੱਕ ਏਕੰਕਾਰ, ਇਕੋ ਇੱਕ ਸਦੀਵ ਹਸਤੀ, ਅਕਾਲ ਪੁਰਖ ਦੀ ਹੁੰਦੀ ਹੈ। ਕਿਸੇ ਹੋਰ ਸ਼ਕਤੀ, ਦੇਵੀ ਦੇਵਤਾ ਦੀ ਪੂਜਾ ਤੋਂ ਸਤਿਗੁਰੂ ਜੀ ਵਰਜਦੇ ਹਨ।
ਹਰਿ ਸਿਮਰਿ ਏਕੰਕਾਰ ਸਾਚਾ ਸਭੁ ਜਗਤੁ ਜਿੰਨ ਉਪਾਇਆ।।
(ਪੰਨਾ 1113, ਗੁਰੂ ਗ੍ਰੰਥ ਸਾਹਿਬ)
ਮਾਈ ਆਨ ਸਿਮਰਿ ਮਰ ਜਾਹਿ।।
ਤਿਆਗ ਗੋਬਿੰਦ ਜੀਅਨ ਕੋ ਦਾਤਾ ਮਾਇਆ ਸੰਗ ਲਪਟਾਹਿ।।
ਨਾਮ ਬਿਸਾਰ ਚਲੇ ਅਨਮਾਰਗ ਨਰਕ ਘੋਰ ਮਹਿ ਪਾਹਿ।।
(ਪੰਨਾ 1225, ਗੁਰੂ ਗ੍ਰੰਥ ਸਾਹਿਬ)
ਇਸ ਰਚਨਾ ਨੂੰ ਸ੍ਰੀ ਮੁਖਵਾਕ ਪਾ: 10, ਪਾ: 10 ਕ੍ਰਿਤ ਮੰਨੀਏ ਤਾਂ ਗੁਰੂ ਗੋਬਿੰਦ ਸਿੰਘ ਜੀ ਦੇਵੀ ਦੇਵਤਿਆਂ ਨੂੰ ਤੇ ਸ਼ਸਤਰਾਂ ਅਸਤਰਾਂ ਨੂੰ ਪੂਜਣ ਵਾਲੇ ਸਨ।
ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਪਾ: 10 ਕ੍ਰਿਤ ਦੇ ਮੰਨਨ ਕਰਕੇ ਹਜ਼ੂਰ ਸਾਹਿਬ ਵਿੱਚ ਸ਼ਸਤਰਾਂ ਦੀ ਪੂਜਾ ਹੁੰਦੀ ਹੈ ਤੇ ਦਸਮ ਗ੍ਰੰਥ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਵਿੱਚ ਕੀਤਾ ਜਾਂਦਾ ਹੈ।
ਅਸੀਂ ਹਥਲੀ ਪੁਸਤਕ ਦੇ ਪਹਿਲੇ ਭਾਗ ਵਿੱਚ ਵਿਚਾਰ ਕਰ ਚੁੱਕੇ ਹਾਂ ਕਿ 1725 ਤੋਂ ਬਾਦ 18ਵੀਂ ਤੇ 19ਵੀਂ ਸਦੀ ਵਿੱਚ, ਦਸਮ ਗ੍ਰੰਥ, ਸਰਬ ਲੋਹ ਗ੍ਰੰਥ ਤੇ ਅਨੇਕਾਂ ਰਹਿਤਨਾਮੇ ਛਪੇ। ਇਹਨਾਂ ਪੁਸਤਕਾਂ ਨੂੰ ਲਿਖਣ ਦਾ ਮੰਤਵ, ਸਿੱਖਾਂ ਨੂੰ ਗੁਮਰਾਹ ਕਰਨਾ ਸੀ ਤੇ ਸਿੱਖ ਮਤ ਨੂੰ ਵੇਦ ਮਤ ਵਿੱਚ ਰਲਾਨ ਦਾ ਸੀ। ਸਾਡੇ ਵਿਦਵਾਨਾਂ ਨੇ ਇਹਨਾਂ ਨੂੰ ਪਾ: 10 ਕ੍ਰਿਤ ਮੰਨਨ ਵਿੱਚ ਵੱਡੀ ਭੁੱਲ ਕੀਤੀ।
ਹੁਣ ਸਮਾਂ ਆ ਗਿਆ ਹੈ ਕਿ ਅਸੀਂ ਗੁਰਬਾਣੀ ਦੇ ਆਧਾਰ ਤੇ ਵਿਚਾਰ ਕਰਕੇ ਇਹਨਾਂ ਪੁਸਤਕਾਂ ਨੂੰ ਗੁਰਮਤਿ ਵਿਰੋਧੀ ਇਤਿਹਾਸ ਘੋਸ਼ਿਤ ਕਰੀਏ।
ਮਹਾਂਕਾਲ ਅਤੇ ਕਾਲਕਾ (ਮਹਾਂਕਾਲੀ) ਦੇ ਉਪਾਸ਼ਕਾਂ ਵਾਸਤੇ ਸ਼ਸਤਰਾਂ ਦੇ ਨਾਮ ਰਟਨੇ ਅਤੇ ਉਹਨਾਂ ਦੀ ਪੂਜਾ ਕਰਨੀ ਜ਼ਰੂਰੀ ਹੈ। ਇਹ ਸ਼ਸਤਰ ਨਾਮ ਮਾਲਾ ਪੁਰਾਣ ਕਿਸੇ ਸਾਕਤ ਮਤੀਏ ਕਵੀ ਦੀ ਰਚਨਾ ਹੈ।
ਗਿਆਨੀ ਭਾਗ ਸਿੰਘ ਨੇ ਆਪਣੀ ਪੁਸਤਕ ‘ਦਸਮ ਗ੍ਰੰਥ ਦਰਪਣ’ ਵਿੱਚ ਸ਼ਸਤ੍ਰ ਨਾਮ ਮਾਲਾ ਪੁਰਾਣ ਬਾਰੇ ਆਪਣੇ ਵਿਚਾਰ ਦਿੱਤੇ ਹਨ। ਇਸ ਤੋਂ ਅੱਗੇ ਸਾਰੇ ਵਿਚਾਰ ਗਿਆਨੀ ਭਾਗ ਸਿੰਘ ਦੇ ਲਿਖੇ ਹਨ।
ਪੁਸਤਕ ਦੇ ਪੰਨਾ 23 ਤੇ 24 ਵਿੱਚ ਲਿਖਿਆ ਹੈ - “ਅਠ੍ਹਾਰਾਂ ਪੁਰਾਣਾਂ ਵਿੱਚ ਉਪ੍ਰੇਕਤ ‘ਸ਼ਸਤ੍ਰ ਨਾਮ ਮਾਲਾ ਪੁਰਾਣ’ ਕੋਈ ਨਹੀਂ ਤੇ ਨਾ ਹੀ ਇਸ ਰਚਨਾ ਨੂੰ ਪੁਰਾਣ ਕਿਹਾ ਜਾ ਸਕਦਾ ਹੈ ਕਿਉਂਕਿ ਰਿਖੀ ਵਿਆਸ ਜੀ ਦੇ ਰਚੇ ਪ੍ਰਾਚੀਨ ਪ੍ਰਸੰਗਾਂ ਨੂੰ ਪੁਰਾਣ ਕਹਿੰਦੇ ਹਨ। ਦੂਜੀਆਂ ਭਾਸ਼ਾਵਾਂ ਵਿੱਚ ਪੁਰਾਣ ਨੂੰ ‘ਇਤਿਹਾਸ’ ਅਥਵਾ ‘ਤ੍ਹਾਰੀਖ’ ਜਾਂ ‘ਹਿਸਟਰੀ’ ਵੀ ਕਿਹਾ ਜਾਂਦਾ ਹੈ। ਜਿਵੇਂ ਕਿ ਵਿਸ਼ਨੂੰ, ਬ੍ਰਹਮਾਂਡ ਅਤੇ ਭਵਿੱਸ਼ ਪੁਰਾਣ ਦੇ ਪੰਜ ਲੱਖਣ ਦਰਸਾਏ ਗਏ ਹਨ, ਯਥਾ -
ਸਰਗਸ@, ਪ੍ਰਤਿਸਰਗਸ਼ਚ@ ਵਸ਼ੋ, ਮਨਵਂਤ੍ਰਾਣਿਚ।
ਵਂਸ਼ਾਨੁਚਰਿਤ ਚੈਵ, ਪੁਰਾਣਂ ਪਚ ਲਕਸ਼ਣਂ।
ਭਾਵ, ਸ੍ਰਿਸ਼ਟੀ ਦੀ ਸਾਜਨਾ, ਪ੍ਰਲੈ, (ਦੇਵਤਿਆਂ ਅਤੇ ਪਿਤਰਾਂ ਦੀ) ਬੰਸਾਵਲੀ ਮਨਵੰਤਰਾਂ (ਮਨੂ ਦੇ ਰਾਜ ਦੇ ਸਮੇਂ ਦੀ ਗਿਆਤ) ਅਤੇ ਵੰਸ਼ਾਂ ਦੇ ਚਰਿਤ੍ਰਾਂ (ਕਾਰਨਾਮਿਆਂ) ਦਾ ਜਿਸ ਗ੍ਰੰਥ ਵਿੱਚ ਵਰਨਣ ਹੋਵੇ, ਉਸਨੂੰ ਪੁਰਾਣ ਕਿਹਾ ਜਾਂਦਾ ਹੈ। ਸੰਸਕ੍ਰਿਤ ਭਾਸ਼ਾ ਦੇ ਪੁਰਾਤਨ ਕੋਸ਼ ‘ਅਮਰਕੋਸ਼’ ਵਿੱਚ ਵੀ ਪੁਰਾਣ ਦੇ ਇਹੀ ਪੰਜ ਲੱਛਣ ਦੱਸੇ ਗਏ ਹਨ। ਅਤੇ ਇਸ ਦੀ ਪੁਸ਼ਟੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਤ ਪੁਸਤਕ ‘ਹਿੰਦੂ ਮਿਥਿਹਾਸ ਕੋਸ਼’ ਦੇ ਪੰਨਾ 353 ਉਤੇ ਪੁਰਾਣਾਂ ਸਬੰਧੀ ਵੇਰਵੇ ਤੋਂ ਵੀ ਹੁੰਦੀ ਹੈ।
ਤਾਂ ਤੇ ਦਸਮ ਗ੍ਰੰਥ ਵਿਚਲੀ ਸ਼ਸਤ੍ਰ ਨਾਮ ਮਾਲਾ ਪੁਰਾਣ ਨਾਮੀ ਰਚਨਾ ਪੁਰਾਣਾਂ ਦੇ ਉਪ੍ਰੋਕਤ ਲੱਛਣਾਂ ਤੇ ਪੂਰੀ ਨਹੀਂ ਉਤਰਦੀ ਤੇ ਨਾ ਹੀ ਇਸ ਰਚਨਾ ਵਿੱਚ ਇਤਿਹਾਸ ਨਾਲ ਮਿਲਦੇ ਕਿਸੇ ਪ੍ਰਸੰਗ ਦਾ ਵਰਨਣ ਹੈ। ਬਲਕਿ ਪਹਿਲੇ ਅਧਿਆਏ ਵਿੱਚ ਸ਼ਸਤਰਾਂ ਦੇ ਨਾਮ ਲੈ ਕੇ ਭਗਉਤੀ ਦੀ ਉਸਤਤਿ ਕਰਨ ਉਪ੍ਰੰਤ ਪਹੇਲੀਆਂ (ਬੁਝਾਰਤਾਂ) ਦੇ ਰੂਪ ਵਿੱਚ ਸ਼ਸਤਰਾਂ ਦੇ ਨਾਮ ਲਿਖੇ ਹਨ ਜਿੰਨ੍ਹਾਂ ਨੂੰ ਸਮਝਣ ਲਈ ਸਾਧਾਰਣ ਮਨੁੱਖ ਤਾਂ ਕਿਤੇ ਰਹੇ, ਚੰਗੀ ਭਲੀ ਸੂਝ-ਬੂਝ ਵਾਲੇ ਵਿਦਵਾਨਾਂ ਲਈ ਵੀ ਕਠਿਨ ਹੈ।
ਭਗਉਤੀ ਉਸਤਤਿ ਸਮੇਤ ਇਸ ਰਚਨਾ ਵਿੱਚ ਕੁਲ ਪੰਜ ਅਧਿਆਇ ਹਨ। ਖੜਗ (ਕ੍ਰਿਪਾਨ), ਚਕ੍ਰ, ਬਾਣ (ਤੀਰ), ਪਾਸ (ਫਾਹੀ) ਅਤੇ ਬੰਦੂਕ ਇਹ ਪੰਜ ਸ਼ਸਤਰ ਮੁਖ ਗਿਣੇ ਹਨ ਪ੍ਰੰਤੂ ਸ਼ਸਤਰਾਂ ਦੇ ਚਲਾਉਣ ਆਦਿਕ ਕਿਸੇ ਜੰਗੀ ਕਰਤਬ ਦੀ ਸਿੱਖਿਆ ਇਸ ਵਿੱਚ ਉੱਕੀ ਹੀ ਨਹੀਂ ਦਿੱਤੀ।
ਇਸ ਗ੍ਰੰਥ ਦੇ ਪਹਿਲੇ ਅਧਿਆਏ ਦੇ ਸ਼ੁਰੂ ਵਿੱਚ ਹੀ ਸ਼ਸਤਰਾਂ ਨੂੰ ਪੀਰ ਮੰਨਿਆ ਗਿਆ ਹੈ ਜੋ ਗੁਰਮਤਿ ਦੇ ਵਿਰੁਧ ਹੈ ਕਿਉਂਕਿ ਸਿੱਖ ਪੰਥ ਲਈ ਸ਼ਸਤਰਧਾਰੀ ਹੋਣਾ ਅਤੇ ਸ਼ਸਤਰਾਂ ਦੀ ਸਫਾਈ ਤਥਾ ਸੁਰਤ ਸੰਭਾਲ ਰਖਣੀ ਤਾਂ ਜ਼ਰੂਰੀ ਹੈ ਪਰ ਸ਼ਸਤਰਾਂ ਦੇ ਕੇਵਲ ਨਾਮ ਰੱਟਣੇ ਜਾਂ ਉਹਨਾਂ ਦੀ ਪੂਜਾ ਕਰਨੀ, ਸ਼ਸਤਰਾਂ ਅੱਗੇ ਮੱਥਾ ਟੇਕਣਾ, ਚੜ੍ਹਾਵੇ ਚਾੜ੍ਹਨੇ ਆਦਿਕ ਉਸੇ ਤਰ੍ਹਾਂ ਨਿਰੋਲ ਮਨਮਤਿ ਹੈ ਜਿਵੇਂ ਕਿ ਇੱਕ ਅਕਾਲ ਪੁਰਖ ਤੋਂ ਬਿਨਾ ਕਿਸੇ ਦੇਵੀ ਦੇਵਤੇ ਦੀ ਪੂਜਾ ਕਰਨੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਹੋਰ ਕਿਸੇ ਨੂੰ ਗੁਰੂ ਮੰਨਣਾ ਗੁਰਮਤਿ ਵਿਰੁੱਧ ਹੈ।
ਤਾਂ ਤੇ ਉਪ੍ਰੋਕਤ ‘ਸ਼ਸਤ੍ਰ ਨਾਮ ਮਾਲਾ ਪੁਰਾਣ’ ਕਿਸੇ ਸਾਕਤ ਮਤੀਏ ਕਵੀ ਨੇ ਆਪਣੀ ਮਨੌਤ ਅਨੁਸਾਰ ਲਿਖਿਆ ਹੈ ਕਿਉਂਕਿ ਮਹਾਂਕਾਲ ਅਤੇ ਕਾਲਿਕਾ (ਮਹਾਂਕਾਲੀ) ਦੇ ਉਪਾਸ਼ਕਾਂ ਵਾਸਤੇ ਸ਼ਸਤ੍ਰਾਂ ਦੇ ਨਾਮ ਰੱਟਣੇ ਅਤੇ ਉਹਨਾਂ ਦੀ ਪੂਜਾ ਕਰਨੀ ਜ਼ਰੂਰੀ ਹੈ। ਜਿਵੇਂ ਈਸਾਈ ਮਤ ਵਿੱਚ ਬਪਤਿਸਮਾ, ਹਿੰਦੂ ਕਰਮ ਕਾਂਡੀ ਵਾਸਤੇ ਯਗਯੋਪਵੀਤ (ਜਨੇਊ), ਮਸਲਮਾਨ ਲਈ ਸੁੰਨਤ ਦੀ ਰਸਮ, ਸਿੱਖਾਂ ਹਿਤ ਅੰਮ੍ਰਿਤ ਸੰਸਕਾਰ ਦੀ ਅਤਿਅੰਤ ਅਵੱਸ਼ਕਤਾ ਹੈ, ਤਿਵੇਂ ਹੀ ਸਾਕਤਾਂ ਵਾਸਤੇ ਉਹਨਾਂ ਦੇ ਇਸ਼ਟ ਸ਼ਕਤੀ ਦੇ ਹੇਤੂ ਸ਼ਸਤਰਾਂ ਦੀ ਪੂਜਾ ਨਿਹਾਇਤ ਜ਼ਰੂਰੀ ਹੈ। ਤਦੇ ਹੀ ਇਸ ਸ਼ਸਤ੍ਰ ਨਾਮ ਮਾਲਾ ਦੀ ਅਰੰਭਤਾ ਤੋਂ ਪਹਿਲਾਂ ਕਵੀ ਨੇ ਆਪਣੇ ਇਸ਼ਟ ਦਾ ਸੰਕੇਤ ਦਿੰਦਿਆਂ ‘ਸ੍ਰੀ ਭਗਉਤੀ ਜੀ ਸਹਾਇ’ ਲਿਖਿਆ ਹੈ ਅਤੇ ਸ਼ਸਤ੍ਰਾਂ ਦੇ ਨਾਮ ਲੈ-ਲੈ ਕੇ ਉਸ ਨੂੰ ਸੰਬੋਧਨ ਕੀਤਾ ਹੈ। ਤਾਂ ਤੇ ਮੰਨਣਾ ਪਵੇਗਾ ਕਿ ‘ਸ਼ਸਤ੍ਰ ਨਾਮ ਮਾਲਾ ਪੁਰਾਣ’ ਗੁਰਮਤਿ ਦਾ ਗ੍ਰੰਥ ਨਹੀਂ, ਅਸਲ ਵਿੱਚ ਇਹ ਸਾਕਤ ਮਤ ਦਾ ਗ੍ਰੰਥ ਹੈ ਜਿਸਨੂੰ ਇਸ ਸਾਕਤ ਮਤੀਏ ਕਵੀ ਨੇ ਆਪਣੇ ਵਲੋਂ ਰਚ ਕੇ ਗੁਰੂ ਕਲਗੀਧਰ ਜੀ ਵਲੋਂ ਦਰਸਾਉਣ ਹਿਤ ਇਸ ਦੇ ਸਿਰਲੇਖ ਨਾਲ ‘ਪਾਤਸ਼ਾਹੀ 10’ ਲਿਖ ਦਿੱਤਾ ਹੈ ਤਾਂ ਕਿ ਸਿੱਖ ਪੰਥ ਇਸ ਰਚਨਾ ਨੂੰ ਦਸ਼ਮੇਸ਼ ਕ੍ਰਿਤ ਸਮਝ ਕੇ ਪ੍ਰਮਾਣੀਕ ਮੰਨ ਲਵੇ ਅਤੇ ਇਸ ਤਰ੍ਹਾਂ ਅਕਾਲ ਪੁਰਖ ਦੀ ਪੂਜਾ ਦੇ ਮੁਕਾਬਲੇ ਉਤੇ ਭਾਂਤ-ਭਾਂਤ ਦੇ ਸ਼ਸਤਰਾਂ ਅਤੇ ਮਹਾਂਕਾਲ-ਕਾਲਿਕਾ ਦਾ ਉਪਾਸ਼ਕ ਜਾਂ ਪੁਜਾਰੀ ਬਣ ਜਾਵੇ। ਇਸ ਪ੍ਰਯੋਜਨ ਹਿਤ ਹੀ ਤਾਂ ਕਵੀ ਨੇ 1318 ਅੰਕੜਿਆਂ ਲਈ 91 ਸਫ਼ੇ ਕਾਲੇ ਕੀਤੇ ਹਨ।
ਉਪ੍ਰੋਕਤ ਵਿਚਾਰ ਤੋਂ ਸਿੱਧ ਹੋਇਆ ਕਿ ਇਹ ‘ਸ਼ਸਤ੍ਰ ਨਾਮ ਮਾਲਾ ਪੁਰਾਣ’ ਨਾਮੀ ਰਚਨਾ ਸਿੱਖ ਧਰਮ ਨੂੰ ਢਾਹ ਲਾਉਣ ਦੀਆਂ ਪੰਥ ਵਿਰੋਧੀ ਅਨਮਤੀਆਂ ਵਲੋਂ ਅਨੇਕਾਂ ਚਾਲਾਂ ਵਿਚੋਂ ਇੱਕ ਪ੍ਰਬਲ ਚਾਲ ਹੈ, ਜਿਸ ਤੋਂ ਸੁਚੇਤ ਅਤੇ ਸਾਵਧਾਨ ਰਹਿਣਾ ਅਤੀ ਜ਼ਰੂਰੀ ਹੈ।ਡਾ: ਗੁਰਮੁਖ ਸਿੰਘ

ਖਾਲਸਾ ਮਹਿਮਾ (9)


(ਦਸਮ ਗ੍ਰੰਥ, ਪੰਨਾ 716)
ੴ ਸ੍ਰੀ ਵਹਿਗੁਰੂ ਜੀ ਕੀ ਫਤਹ
ਸ਼੍ਰੀ ਮੁਖਵਾਕ ਪਾਤਿਸ਼ਾਹੀ “10”
ਛਾਪੇ ਦੇ ਗ੍ਰੰਥ ਵਿੱਚ ਸਿਰਲੇਖ ਖਾਲਸਾ ਮਹਿਮਾ ਨਹੀ ਲਿਖਿਆ। ਪੰਡਿਤ ਨਰੈਣ ਸਿੰਘ ਦੇ ਟੀਕੇ ਵਿੱਚ ਖਾਲਸਾ ਮਹਿਮਾ ਦੀ ਉਥਾਨਕਾ ਨੋਟ ਰੂਪ ਵਿੱਚ ਪੰਡਿਤ ਜੀ ਨੇ ਲਿਖੀ ਹੈ।
ਨੋਟ- ਪੰਡਤਾਂ ਦੇ ਪਾਜ ਉਘੇੜਨ ਲਈ ਸਤਿਗੁਰੂ ਜੀ ਨੇ ਨੈਨਾਂ ਦੇਵੀ ਤੇ ਯੱਗ ਕਰਨਾ ਅਰੰਭ ਕੀਤਾ, ਨਿਯਤ ਕੀਤੇ ਹੋਏ ਸਮੇ ਨਾਲੋ ਭੀ ਬਹੁਤ ਜਿਆਦਾ ਸਮਾ ਗੁਜਰ ਜਾਣ ਪੁਰ ਸਤਿਗੁਰੂ ਜੀ ਨੇ ਕੇਸ਼ਵ ਦਾਸ ਪੰਡਤ ਨੂੰ ਕਿਹਾ- ਕੀ ਕਾਰਣ ਹੈ, ਜੋ ਅਜੇ ਤਕ ਦੁਰਗਾ ਪ੍ਰਗਟ ਨਹੀਂ ਹੋਈ। ਪੰਡਿਤ ਨੇ ਸੋਚਿਆ ਅਜਿਹਾ ਪੱਜ ਲਾਈਏ, ਜਿਸ ਨੂੰ ਗੁਰੂ ਜੀ ਪੂਰਾ ਨਾ ਕਰ ਸਕਨ ਤੇ ਸਾਨੂੰ ਝੂਠਾ ਨਾ ਹੋਣਾ ਪਵੇ। ਇਸ ਲਈ ਉਸ ਨੇ ਕਹਿ ਦਿੱਤਾ-ਹੁਣ ਭਗਵਤੀ ਦੇ ਪਰਗਟ ਹੋਣ ਦੇ ਚਿੰਨ੍ਹ ਪਰਗਟ ਹੋ ਰਹੇ ਹਨ ਕੇਵਲ ਕੁਲੀਨਂ ਪੁਰਸ਼ ਦੀ ਬਲੀ ਦੇਣ ਦੀ ਲੋੜ ਹੈ। ਆਪ ਕੋਈ ਕੁਲੀਨ ਪੁਰਸ਼ ਮੰਗਵਾੳ, ਜਿਸਦੀ ਬਲੀ ਦਿੰਦਿਆਂ ਹੀ ਦੁਰਗਾ ਪਰਗਟ ਹੋ ਪਏਗੀ। ਇਹ ਸੁਣਦਿਆਂ ਹੀ ਸਤਿਗੁਰੂ ਜੀ ਨੇ ਫਰਮਾਨ ਕੀਤਾ ਕਿ ਆਪ ਦੇ ਹੁੰਦਿਆਂ ਮੈਨੂੰ ਹੋਰ ਕਿਸੇ ਕੁਲੀਨ ਦੀ ਆਵਸ਼ਕਤਾ ਹੀ ਕੀ ਹੈ। ਆਪਦੀ ਬਲੀ ਦੇਕੇ ਦੁਰਗਾ ਪਰਗਟ ਕਰਦਾ ਹਾਂ, ਅਤੇ ਭਗਵਤੀ ਤੋ ਵਰ ਲੈਕੇ ਫਿਰ ਆਪ ਨੂੰ ਜੀਂਉਦਾ ਕਰ ਲਾਵਾਂਗਾਂ। ਇਹ ਸੁਣਕੇ ਪੰਡਿਤ ਦੀ ਖਾਨਿਉ ਗਈ, ਝੱਟ ਇਸ਼ਨਾਨ ਦੇ ਬਾਹਨੇ ਪਹਾੜ ਤੋਂ ਹੇਠਾਂ ਉਤਰਿਆ, ਤੇ ਹਵਾ ਦਾ ਰੂਪ ਹੋ ਕੇ ਲਾ ਪਤਾ ਹੋ ਗਿਆ। ਕੇਸ਼ਵ ਦਾਸ ਨੂੰ ਗੁੰਮ ਹੁੰਦਾ ਵੇਖ ਕੇ ਅਤੇ ਉਸ ਨਾਲ ਹੋਏ ਬਚਨ ਬਿਲਾਸਾਂ ਨੂੰ ਯਾਦ ਕਰਦੇ, ਦੂਜੇ ਬ੍ਰਹਮਨਾ ਨੂੰ ਭੀ ਜਾਨ ਦੇ ਲਾਲੇ ਪੈ ਗਏ, ਉਹ ਭੀ ਕਈ ਤਰ੍ਹਾਂ ਦੇ ਹੀਲੇ ਬਹਾਨੇ ਬਣਾਕੇ ਖਿਸਕ ਗਏ। ਅੰਤ ਨੂੰ ਹਵਨ ਦੀ ਸਮਗ੍ਰੀ ਦੇ ਢੇਰ ਦੇ ਕੋਲ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਸਵਾ ਲਖ (ਇਕੱਲੇ) ਹੀ ਨੈਂਨਾ ਦੇਵੀ ਦੇ ਮੰਦਰ ਕੋਲ ਰਹਿ ਗਏ। ਆਪ ਜੀ ਨੇ ਪੰਡਤਾਂ ਦਾ ਛਲ-ਫਰੇਬ ਤੇ ਕਪਟ ਵੇਖ ਲਿਆ, ਉਸੇ ਵੇਲੇ ਹੀ ਸਾਰੀ ਸਾਮਗਰੀ ਕੁੰਡ ਦੇ ਵਿੱਚ ਸੁਟ ਦਿਤੀ। ਜਿਸਦੀ ਬੁਲੰਦ ਲਾਟ ਚੌਂਹਾ. ਕੁੰਟਾਂ ਵਿੱਚ ਦੂਰ-ਦੂਰ ਤਕ ਨਿਕਲੀ ਦਿਸਦੀ ਸੀ। ਭਜੇ ਜਾਂਦੇ ਕੇਸ਼ਵ ਦਾਸ ਨੂੰ ਅਨੁਮਾਨ ਹੋਇਆ ਕਿ ਦੇਵੀ ਪਰਗਟ ਹੋ ਗਈ ਹੈ, ਜਿਸਦਾ ਪ੍ਰਕਾਸ਼ ਇਹ ਚਮਕ ਰਿਹਾ ਹੈ, ਇਹ ਖਿਆਲ ਆਉਂਦਿਆਂ ਹੀ ਪਿਛੇ ਨੂੰ ਮੁੜ ਪਿਆ ਤੇ ਆਨੰਦ ਪੁਰ ਆ ਗਿਆ। ਹਵਨ ਦੀ ਸਾਰੀ ਸਾਮਗਰੀ ਇਕੋ ਵਾਰੀ ਅਗਨਿ ਵਿੱਚ ਪਾ ਕੇ ਸ਼੍ਰੀ ਗੁਰੂ ਜੀ ਭਗਉਂਤੀ (ਤਲਵਾਰ) ਨੂੰ ਹਥ ਵਿੱਚ ਫੜੇ ਹੋਏ ਅਨੰਦਪੁਰ ਆ ਗਏ, ਅਤੇ ਇਥੇ ਜੋ ਕੁੱਝ ਜਗ ਦੀ ਸਾਮਗਰੀ ਸੀ, ਉਹ ਸਭ ਨੂੰ ਵਰਤਾ ਦਿੱਤੀ। ਏਨੇ ਨੂੰ ਕੇਸ਼ਵ ਦਾਸ ਨੇ ਆਣ ਕੇ ਕਿਹਾ ਕਿ ਦੁਰਗਾ ਨੂੰ ਪਰਗਟ ਕਰਾ ਕੇ, ਮੈ ਆਪ ਜੀ ਨੂੰ ਏਡੇ ਪ੍ਰਤਾਪ ਵਾਲਾ ਕੀਤਾ ਹੈ, ਪਰ ਆਪ ਜੀ ਨੇ ਮੈਨੂੰ ਤਾਂ ਕਿਤੇ ਰਿਹਾ ਕਿਸੇ ਹੋਰ ਬ੍ਰਾਹਮਨ ਨੂੰ ਭੀ ਕੁੱਝ ਨਹੀ ਦਿੱਤਾ, ਅਤੇ ਜਿਹੜੇ ਪਦਾਰਥ ਸਾਡੇ ਹੱਕ ਦੇ ਸਨ, ਉਹ ਭੀ ਇਨ੍ਹਾਂ ਸ਼ੂਦਰ ਸਿੱਖਾਂ ਨੂੰ ਵੰਡ ਦਿੱਤੇ ਹਨ। ਇਹ ਆਪ ਨੇ ਯੋਗ ਨਹੀ ਕੀਤਾ। ਸਤਿਗੁਰੂ ਜੀ ਨੇ ਉਸ ਵੇਲੇ ਖਾਲਸੇ ਦੀ ਉਪਮਾ ਵਿੱਚ ਇਹ ਸ਼ਬਦ ਉਚਾਰੇ ਸਨ।
ਇਸ ਨੋਟ ਮੁਤਾਬਕ ਪੰਡਤ ਕੋਸ਼ਵ ਦਾਸ ਸਿੱਖਾਂ ਨੂੰ ਸ਼ੂਦਰ ਕਹਿੰਦਾ ਸੀ। ਹਿੰਦੂ ਸਮਾਜ ਵਿੱਚ ਜਾਤਪਾਤ ਦਾ ਭੇਦ ਦਸ ਗੁਰੂ ਪਾਤਸ਼ਾਹੀਆਂ ਨੇ ਮਿਟਾ ਦਿੱਤਾ ਸੀ। ਸਭ ਜਾਤੀਆਂ ਦੇ ਮਨੁਖ ਨਰ ਨਾਰੀ ਗੁਰੂ ਦਰਬਾਰ ਵਿੱਚ ਸੰਗਤਿ ਰੂਪ ਵਿੱਚ ਬੈਠਦੇ ਸਨ ਤੇ ਗੁਰੂ ਜੀ ਸਭ ਜਾਤੀਆਂ ਨੂੰ ਇੱਕ ਹੀ ਗੁਰਉਪਦੇਸ਼ ਦਿੰਦੇ ਸਨ।
ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸ ਚਹੁ ਵਰਨਾ ਕਉ ਸਾਝਾ।।
ਗੁਰਮੁਖਿ ਨਾਮੁ ਜਪੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ।।
(ਪੰਨਾ 747 ਗੁਰੂ ਗ੍ਰੰਥ ਸਾਹਿਬ)
ਵੇਦ ਮਤ ਅਨੁਸਾਰ ਬ੍ਰਹਾਮਣ ਸਭ ਤੋਂ ਉਚੀ ਜਾਤੀ ਹੈ, ਗਿਆਨ ਦਾਤਾ ਹੈ ਤੇ ਗੁਰੂ ਹੈ। ਖਤ੍ਰੀ ਸਦਾ ਦੇਸ ਦੀ ਰਖਿਆ ਲਈ ਜੰਗੀ ਸਿਖਿਆ ਸਿਖਦੇ ਹਨ, ਤੇ ਧਰਮਯੁਧ ਵਿੱਚ ਜਾਨਾਂ ਵਾਰਦੇ ਸਨ। ਹੋਰ ਜਾਤੀਆਂ ਸ਼ੂਦਰ ਨੂੰ ਛੋਹਦੇਂ ਨਹੀ, ਸ਼ੂਦਰ ਨੂੰ ਮੰਦਰ ਵਿੱਚ ਜਾਣ ਦਾ ਤੇ ਭਗਤੀ ਦਾ ਹੱਕ ਨਹੀ।
ਇਹ ਰਚਨਾ ਪੰਡਤ ਕੇਸ਼ਵ ਦਾਸ ਨੂੰ ਮੁਖਾਤਬ ਕਰ ਕੇ ਪ: 10 ਦੀ ਉਚਾਰੀ ਦਰਸਾਈ ਗਈ ਹੈ। ਅਸੀ ਕੁੱਝ ਪਦਿਆ ਦੇ ਅਰਥ ਕਰਦੇ ਹਾਂ।
ਸਵੈਯਾ
ਜੋ ਕਛੁ ਲੇਖ ਲਿਖਿਓ ਬਿਧਨਾ ਸੋਈ ਪਾਈਯਤ ਮਿਸ਼ਰਜੂ ਸ਼ੋਕ ਨਿਵਾਰੋ।। ਮੇਰੋ ਕਛੂ ਅਪਰਾਧ ਨਹੀ ਗਯੋ ਯਾਦ ਤੇ ਭੂਲ ਨਹ ਕੋਪੁ ਚਿਤਾਰੋ।। ਬਾਗੋ ਨਿਹਾਲੀ ਪਠੈ ਦੈਹੋ ਆਜੁ ਭਲੇ ਤੁਮ ਕੋ ਨਿਸਚੈ ਜੀਅ ਧਾਰੋ।। ਛੱਤ੍ਰੀ ਸਭੈ ਕ੍ਰਿਤ ਬਿੱਪਨ ਕੇ ਇਨਹੂੰ ਪੈ ਕਟਾਛ ਕ੍ਰਿਪਾ ਕੈ ਨਿਹਾਰੋ।। 1।।
1 ਜੋ ਕੁੱਝ ਵਿਧਾਤਾ ਨੇ ਲੇਖ ਲਿਖਿਆ ਹੈ, ਉਹੀ ਮਿਲਦਾ ਹੈ, ਹੇ ਮਿਸਰ ਜੀ। ਸ਼ੋਕ ਦੂਰ ਕਰ ਦਿਉ। ਇਸ ਵਿੱਚ ਮੇਰਾ ਕੋਈ ਅਪਰਾਧ ਨਹੀਂ। ਤੂੰ ਆਪ ਹੀ ਭੱਜ ਗਿਆ ਸੀ। ਤੈਨੂੰ ਸਭ ਯਾਦ ਹੈ। ਭੁੱਲ ਨਹੀ ਗਿਆ। ਹੁਣ ਮੇਰੇ ਵਲ ਕਰੋਧ ਭਰੇ ਨੈਣਾ ਨਾਲ ਨਾ ਵੇਖੋ।
2 ਮੈ ਅੱਜ ਹੀ ਤੈਨੁੰ ਚੰਗੇ ਚੰਗੇ ਪੋਸ਼ਾਕੇ ਤੇ ਬਿਸਤਰੇ ਭੇਜ ਦਿੰਦਾ ਹਾਂ, ਇਸ ਗਲ ਉਤੇ ਭਰੋਸਾ ਰਖ।
3 ਜਿਨਾ ਨੂੰ ਸੂਦਰ ਕਹਿੰਦੇ ਹੋ ਇਹ ਸਾਰੇ ਛਤ੍ਰੀ ਹਨ, ਅਤੇ ਬ੍ਰਹਮਨਾ ਦੇ ਕਰਮ ਕਰਨ ਵਾਲੇ ਹਨ, ਇਸ ਲਈ ਇਨਾਂ ਉਤੇ ਕ੍ਰਿਪਾ ਦੀ ਨਜਰ ਕਰ ਕੇ ਵੇਖੋ। ੦
ਅਸੀਂ ਵਿਚਾਰ ਕਰੀਏ
1. ਕੀ ਬ੍ਰਹਮਣ ਦੀ ਹਿੰਮਤ ਹੋ ਸਕਦੀ ਸੀ ਕਿ ਗੁਰੂ ਜੀ ਵਲ ਕ੍ਰੋਧ ਭਰੇ ਨੈਣਾਂ ਨਾਲ ਵੇਖੇ?
2. ਕੀ ਗੁਰੂ ਜੀ ਬ੍ਰਹਮਣ ਨੁੰ ਦਾਨ ਦਿੰਦੇ ਸਨ? ਗੁਰੂ ਜੀ ਤਾਂ ਉਚੀ ਨੀਂਵੀ ਜਾਤੀ ਨੂੰ ਇਕੋ ਜਿਹੇ ਦੇਖਦੇ ਸਨ।
3. ਕੀ ਗੁਰੂ ਜੀ ਬ੍ਰਹਮਣ ਨੂੰ ਕਹਿ ਸਕਦੇ ਸਨ ਕਿ ਜਿਨਾਂ ਗੁਰਸਿੱਖਾ ਨੂੰ ਤੁਸੀ ਸ਼ੂਦਰ ਕਹਿੰਦੇ ਹੋ, ਇਹ ਸਾਰੇ ਛਤ੍ਰੀ ਹਨ। ਕੀ ਗੁਰਸਿੱਖ ਛਤ੍ਰੀ ਹਨ? ਗੁਰੂ ਜੀ ਨੇ ਜਾਤਪਾਤ ਦਾ ਭੇਦ ਗੁਰੂ ਨਾਨਕ ਦੇ ਸਮੇ ਤੋ ਮਿਟਾ ਚੁਕੇ ਸਨ।
ਇਸ ਤਰ੍ਹਾਂ ਦੀ ਰਚਨਾ ਗੁਰੂ ਜੀ ਨੇ ਉਚਾਰੀ ਹੋਵੇ, ਇਹ ਮੁਮਕਿਨ ਨਹੀਂ।
ਜੁਧ ਜਿਤੇ ਇਨਹੀ ਕੇ ਪ੍ਰਸਾਦ ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ।।
ਅਘ ਅਉਘ ਟਰੇ ਇਨਹੀ ਕੇ ਪ੍ਰਸਾਦਿ
ਇਨਹੀ ਕੀ ਕ੍ਰਿਪਾ ਫੁਨ ਧਾਮ ਭਰੇ।।
(ਇਹਨਾਂ ਸਿੱਖਾਂ ਦੀ ਕਿਰਪਾ ਦੇ ਨਾਲ ਹੀ ਜੰਗ ਜਿੱਤੇ ਹਨ ਅਤੇ ਇਹਨਾਂ ਸਿੱਖਾਂ ਦੀ ਕਿਰਪਾ ਨਾਲ ਹੀ ਦਾਨ ਕੀਤੇ ਹਨ। ਇਹਨਾਂ ਸਿੱਖਾਂ ਦੀ ਕ੍ਰਿਪਾ ਨਾਲ ਸਾਰੇ ਪਾਪ ਮਿੱਟ ਗਏ ਹਨ ਅਤੇ ਇਹਨਾਂ ਸਿੱਖਾਂ ਦੀ ਕ੍ਰਿਪਾ ਨਾਲ ਹੀ ਪਦਾਰਥਾਂ ਨਾਲ ਘਰ ਭਰੇ ਹੋਏ ਹਨ।)
ਇਨਹੀ ਪ੍ਰਸਾਦਿ ਸੁ ਬਿਦਿਆ ਲਈ ਇਨਹੀ ਕੀ ਕ੍ਰਿਪਾ ਸਭ ਸੱਤ੍ਰ ਮਰੇ ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ ਨਹੀ ਮੋਸੋ ਗਰੀਬ ਕਰੋਰ ਪਰੇ।।
ਹੁਣ ਵਿਚਾਰ ਕਰੋ, ਕੀ ਗੁਰੂ ਜੀ ਦਾਨ ਲੈਣ ਦੀ ਬ੍ਰਾਹਮਣੀ ਰੀਤੀ ਦੇ ਕਾਇਲ ਸਨ? ਗੁਰਬਾਣੀ ਨੇ ਇਸ ਦਾ ਖੰਡਨ ਕੀਤਾ ਹੈ।
ਕੀ ਗੁਰੂ ਜੀ ਕਹਿ ਸਕਦੇ ਹਨ ਕਿ ਮੈਂ ਪਾਪ ਕੀਤੇ ਹਨ ਤੇ ਸਿੱਖਾਂ ਦੀ ਕ੍ਰਿਪਾ ਨਾਲ ਕੱਟੇ ਗਏ ਹਨ? ਕੀ ਗੁਰੂ ਜੀ ਨੇ ਸਿੱਖਾਂ ਦੀ ਕ੍ਰਿਪਾ ਨਾਲ ਵਿੱਦਿਆ ਲਈ?
ਪਾਤਸ਼ਾਹੀ ਦਸਵੀਂ ਦੀ ਸ਼ਖਸੀਅਤ ਅਸੀਂ ਗੁਰਬਾਣੀ ਵਿਚਾਰ ਵਿੱਚ ਬਿਆਨ ਕੀਤੀ ਹੈ। ਇਹ ਸਭ ਰਚਨਾ ਕਿਸੇ ਕਵੀ ਦੀ ਹੈ, ਤੇ ਗੁਰੂ ਜੀ ਦਾ ਅਪਮਾਨ ਹੈ। ਇਸ ਤੋਂ ਅੱਗੇ ਸਵੈਯਾ ਹੈ।
ਸੇਵ ਕਰੀ ਇਨਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀ ਕੋ।।
ਦਾਨ ਦਯੋ ਇਨਹੀ ਕੋ ਭਲੋ ਅਰੁ ਆਨ ਕੋ ਦਾਨ ਨਾ ਲਾਗਤ ਨੀਕੋ।।
ਆਗੈ ਫਲੈ ਇਨਹੀ ਕੋ ਦਿਯੋ ਜਗੁ ਮੈ ਜਸੁ ਅਉਰ ਦਯੋ ਸਭ ਫੀਕੋ।।
ਮੋ ਗ੍ਰਹਿ ਮਹਿ ਮਨ ਤੇ ਤਨ ਤੇ ਸਿਰ ਲਉ ਧਨ ਹੈ ਸਬ ਇਨਹੀ ਕੋ।।
ਬ੍ਰਾਹਮਣੀ ਮਤ ਅਨੁਸਾਰ ਸੇਵਾ ਬ੍ਰਾਹਮਣ ਦੀ ਹੁੰਦੀ ਹੈ, ਦਾਨ ਬ੍ਰਾਹਮਣ ਨੂੰ ਦਿੱਤਾ ਜਾਂਦਾ ਹੈ ਤੇ ਬ੍ਰਾਹਮਣ ਨੂੰ ਦਾਨ ਦਿੱਤੇ ਦੇ ਫਲ ਹਨ। ਗੁਰਮਤਿ ਵਿੱਚ ਬ੍ਰਾਹਮਣ ਜਾਂ ਹੋਰ ਗ੍ਰੰਥੀ ਆਦਿ, ਗੁਰੂ ਨਹੀਂ। ਨਾ ਹੀ ਇਸ ਤਰ੍ਹਾਂ ਦੇ ਦਾਨ ਦੇ ਕੋਈ ਗਰੀਬ ਗੁਰਬੇ ਦੀ ਸੇਵਾ ਨਾਲੋਂ ਵੱਧ ਫਲ ਹਨ। ਇਹ ਵਿਚਾਰ ਕੇਵਲ ਬ੍ਰਾਹਮਣ ਕਵੀ ਪ੍ਰਗਟ ਕਰ ਸਕਦਾ ਹੈ। ਅੱਗੇ ਵਾਲਾ ਦੋਹਰਾ ਇਹ ਪੂਰੀ ਤਰ੍ਹਾਂ ਸਾਬਿਤ ਕਰਦਾ ਹੈ ਕਿ ਇਹ ਚਲਦੀ ਰਚਨਾ ਬ੍ਰਾਹਮਣ ਕਵੀ ਦੀ ਹੈ।
ਚਟਮਟਾਇ ਚਿਤ ਮੈ ਜਰਯੋ ਤ੍ਰਿਣ ਜਿਉ ਕ੍ਰੋਧਿਤ ਹੋਇ।।
ਖੋਜ ਰੋਜ ਕੇ ਹੇਤ ਲਗ ਦਯੋ ਮਿਸ੍ਰ ਜੂ ਰੋਇ।।
(ਇਹ ਗੱਲ ਸੁਣਦੇ ਹੀ ਪੰਡਤ ਕੇਸ਼ਵ ਦਾਸ ਕ੍ਰੋਧਤ ਹੋ ਕੇ ਘਬਰਾ ਗਿਆ। ਰੋਜ਼ੀ ਦੇ ਆਸਰੇ ਲਗੇ ਹੋਏ ਮਿਸਰ ਜੀ, ਇਸਦੇ ਨਾਸ ਹੋ ਜਾਣ ਦੇ ਕਾਰਣ ਰੋ ਦਿੱਤਾ।) ਕੀ ਗੁਰੂ ਜੀ ਪੰਡਿਤ ਕੇਸਵ ਦਾਸ ਦੀ ਰੋਜੀ ਦਾ ਆਸਰਾ ਸਨ?
ਗੁਰੂ ਜੀ ਕੋਈ ਬ੍ਰਾਹਮਣੀ ਰਹੁ ਰੀਤ ਨਹੀਂ ਕਰਦੇ ਸਨ। ਬ੍ਰਾਹਮਣ ਖਤਰੀ ਸ਼ੂਦਰ, ਮੁਸਲਮਾਨ ਗੁਰੂ ਜੀ ਦੇ ਦਰਬਾਰ ਵਿੱਚ ਗੁਰਮਤਿ ਸਿਖਣ ਲਈ ਆਉਂਦੇ ਸਨ।
ਡਾ: ਗੁਰਮੁਖ ਸਿੰਘ